ਪੰਜਾਬ 'ਚ MC ਚੋਣਾਂ ਤੋਂ ਪਹਿਲਾਂ ਹਿੰਸਾ: ਦੋ ਅਕਾਲੀ ਸਮਰਥਕਾਂ ਦੀ ਮੌਤ, ਜਾਣੋ ਕੀ ਹੈ ਪੂਰਾ ਮਾਮਲਾ

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

ਪੰਜਾਬ ਵਿੱਚ 14 ਫਰਵਰੀ ਨੂੰ ਹੋਣ ਜਾ ਰਹੀਆਂ ਲੋਕਲ ਬਾਡੀਜ਼ ਚੋਣਾਂ ਤੋਂ ਪਹਿਲਾਂ ਹੋਈ ਹਿੰਸਾ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ।

ਪੰਜਾਬ ਦੇ ਮੋਗਾ ਸ਼ਹਿਰ 'ਚ ਅੱਧੀ ਰਾਤ ਦੇ ਕਰੀਬ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਰਮਿਆਨ ਵੋਟਾਂ ਨੂੰ ਲੈ ਕੇ ਤਕਰਾਰ ਹੋ ਗਿਆ, ਜਿਸ ਮਗਰੋਂ ਦੋ ਜਣਿਆਂ ਨੂੰ ਗੱਡੀ ਹੇਠ ਦਰੜਿਆ ਗਿਆ।

ਇਹ ਵੀ ਪੜ੍ਹੋ:

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਸ਼ਹਿਰ ਦੇ ਦੁਸਾਂਝ ਰੋਡ 'ਤੇ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰ ਦੇ ਹੱਕ ਵਿੱਚ ਘਰ-ਘਰ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਸੀ, ਜਦੋਂ ਇਹ ਘਟਨਾ ਵਾਪਰ ਗਈ।

''ਇਸ ਘਟਨਾ ਨੇ ਅਕਾਲੀ ਦਲ ਦੇ ਦੋ ਟਕਸਾਲੀ ਵਰਕਰਾਂ ਨੂੰ ਸਾਥੋਂ ਖੋਹ ਲਿਆ ਹੈ। ਇਹ ਕਾਂਗਰਸ ਪਾਰਟੀ ਦੀ ਬੌਖਲਾਹਟ ਦੀ ਨਿਸ਼ਾਨੀ ਹੈ ਕਿਉਂਕਿ ਕਾਂਗਰਸ ਨੂੰ ਸਥਾਨਕ ਚੋਣਾਂ ਵਿੱਚ ਆਪਣੀ ਹਾਰ ਸਪਸ਼ਟ ਨਜ਼ਰ ਆ ਰਹੀ ਹੈ।''

ਪੁਲਿਸ ਨੇ ਇਸ ਸਬੰਧ ਵਿੱਚ ਥਾਣਾ ਸਿਟੀ ਮੋਗਾ ਵਿਖੇ ਭਾਰਤੀ ਦੰਡ ਵਿਧਾਨ ਦੀਆਂ ਵੱਖ-ਵੱਖ ਧਾਰਾਵਾਂ ਹੇਠ 10 ਜਣਿਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਧੜਿਆਂ ਦੇ ਤਕਰਾਰ ਸਮੇਂ ਇੱਕ ਵਿਅਕਤੀ ਨੇ ਇੱਕ ਫਾਰਚੂਨਰ ਗੱਡੀ ਨਾਲ ਦੋ ਵਿਅਕਤੀਆਂ ਨੂੰ ਦਰੜ ਦਿੱਤਾ।

ਪੁਲਿਸ ਮੁਤਾਬਿਕ ਇਸ ਹਾਦਸੇ ਵਿੱਚ ਹਰਮਿੰਦਰ ਸਿੰਘ ਦੀ ਮੋਗਾ ਦੇ ਸਿਵਲ ਹਸਪਤਾਲ ਵਿਚ ਮੌਤ ਹੋ ਗਈ ਜਦੋਂ ਕਿ ਜਗਦੀਪ ਸਿੰਘ ਭੋਲਾ ਨਾਂ ਦੇ ਵਿਅਕਤੀ ਨੇ ਲੁਧਿਆਣਾ ਦੇ ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਦਮ ਤੋੜ ਦਿੱਤਾ।

ਅਸ਼ਵਨੀ ਸ਼ਰਮਾ ਦੇ ਕਾਫ਼ਲੇ ਤੇ ਹਮਲਾ

ਮੰਗਲਵਾਰ ਨੂੰ ਭਾਜਪਾ ਆਗੂਆਂ ਅਤੇ ਵਰਕਰਾਂ ਦਾ ਫਿਰੋਜ਼ਪੁਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸ਼ਹਿਰ ਦੀ ਮੱਲਵਾਲ ਰੋਡ ਸਥਿਤ ਸਿਟੀ ਪਲਾਜ਼ਾ ਪੈਲੇਸ ਅੱਗੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਮਹਿਮਾ ਦੀ ਅਗਵਾਈ ਹੇਠ ਕਿਸਾਨਾਂ ਨੇ ਕੇਂਦਰ ਸਰਕਾਰ ਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਇਸੇ ਦੌਰਾਨ ਕਿਸਾਨਾਂ ਨੇ ਅਸ਼ਵਨੀ ਸ਼ਰਮਾ ਦੀ ਗੱਡੀ ਉੱਪਰ ਹਮਲਾ ਕੀਤਾ ਅਤੇ ਪਿਛਲਾ ਸ਼ੀਸ਼ਾ ਤੋੜ ਦਿੱਤਾ। ਪੁਲਿਸ ਵੱਲੋਂ ਗੱਲ ਵਿਗੜਦੀ ਦੇਖ ਕੇ ਕਿਸਾਨਾਂ ਉੱਪਰ ਹਲਕੇ ਲਾਠੀਚਾਰਜ ਦਾ ਸਹਾਰਾ ਲਿਆ ਗਿਆ।

ਸੁਖਬੀਰ ਸਿੰਘ ਬਾਦਲ ਦੀ ਗੱਡੀ ’ਤੇ ਹਮਲਾ

ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਸੋਮਵਾਰ ਨੂੰ ਜਲਾਲਾਬਾਦ ਸਥਾਨਕ ਚੋਣਾਂ ਲਈ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਪਰਚੇ ਦਾਖ਼ਲ ਕਰਵਾਉਣ ਆਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਡੀ ਉਪਰ ਪਥਰਾਅ ਦੀ ਖ਼ਬਰ ਆਈ ਸੀ।

ਦੁਪਹਿਰ ਜ਼ਿਲ੍ਹਾ ਫਿਰੋਜ਼ਪੁਰ ਅਧੀਨ ਪੈਂਦੇ ਕਸਬਾ ਜਲਾਲਾਬਾਦ ਵਿਚ ਉਸ ਵੇਲੇ ਵਾਪਰੀ ਜਦੋਂ ਨਾਮਜ਼ਦਗੀਆਂ ਦਾਖ਼ਲ ਕਰਨ ਮੌਕੇ ਅਕਾਲੀ ਦਲ ਅਤੇ ਕਾਂਗਰਸ ਦੇ ਸਮਰਥਕ ਆਪਸ ਵਿਚ ਭਿੜ ਗਏ ਸਨ।

ਇਸ ਮੌਕੇ ਹੋਈ ਪੱਥਰਬਾਜ਼ੀ ਵਿੱਚ ਸੁਖਬੀਰ ਸਿੰਘ ਬਾਦਲ ਦੀ ਗੱਡੀ ਨੂੰ ਨੁਕਸਾਨ ਪਹੁੰਚਿਆ ਹੈ ਜਦਕਿ ਪੁਲਿਸ ਪ੍ਰਸ਼ਾਸਨ ਨੇ ਦਖ਼ਲਅੰਦਾਜ਼ੀ ਕਰਦੇ ਹੋਏ ਦੋਵਾਂ ਧਿਰਾਂ ਨੂੰ ਖਦੇੜ ਦਿੱਤਾ ਜਿਸ ਕਾਰਨ ਹੋਰ ਵੱਡਾ ਟਕਰਾਅ ਹੋਣ ਤੋਂ ਟਲ ਗਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)