ਡੌਨਲਡ ਟਰੰਪ ਨੂੰ ਕੀ ਰਾਸ਼ਟਰਪਤੀ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ, ਕੀ ਕਹਿੰਦਾ ਹੈ ਕਾਨੂੰਨ?

ਦੁਨੀਆਂ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਤਾਕਤਵਰ ਲੋਕਤੰਤਰ ਮੰਨੇ ਜਾਣ ਵਾਲੇ ਅਮਰੀਕਾ ਵਿੱਚ ਇਸ ਸਮੇਂ ਲੋਕਤੰਤਰਿਕ ਪ੍ਰੀਕਿਰਿਆ 'ਤੇ ਖ਼ਤਰੇ ਦੇ ਬੱਦਲ ਛਾਏ ਨਜ਼ਰ ਆ ਰਹੇ ਹਨ।

ਰਾਸ਼ਟਰਪਤੀ ਟਰੰਪ ਦੇ ਸਮਰਥਕਾਂ ਨੇ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਸਥਿਤ ਕੈਪੀਟਲ ਬਿਲਡਿੰਗ ਵਿੱਚ ਵੜ ਕੇ ਕਾਫ਼ੀ ਰੌਲਾ ਪਾਇਆ ਅਤੇ ਇਸ ਦੌਰਾਨ ਹਿੰਸਾ ਵੀ ਹੋਈ ਹੈ।

ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੇ ਪਹਿਲਾਂ ਤੋਂ ਲੈ ਕੇ ਚੋਣ ਨਤੀਜੇ ਆਉਣ ਦੇ ਬਾਅਦ ਤੱਕ ਰਾਸ਼ਟਰਪਤੀ ਡੌਨਲਡ ਟਰੰਪ ਲਗਾਤਾਰ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ। ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਜੇ ਉਹ ਹਾਰ ਗਏ, ਤਾਂ ਆਸਾਨੀ ਨਾਲ ਆਪਣੀ ਜਿੱਤ ਸਵਿਕਾਰ ਨਹੀਂ ਕਰਨਗੇ।

ਇਹ ਵੀ ਪੜ੍ਹੋ

ਹੁਣ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਅਤੇ ਜੋਅ ਬਾਇਡਨ ਦੀ ਜਿੱਤ ਦੇ ਅਧਿਕਾਰਿਤ ਐਲਾਨ ਦਾ ਸਮਾਂ ਨੇੜੇ ਆਉਣ 'ਤੇ ਵੀ ਟਰੰਪ ਆਪਣੀ ਜ਼ਿੱਦ 'ਤੇ ਅੜੇ ਹੋਏ ਹਨ।

ਉਹ ਵਾਰ ਵਾਰ ਦੁਹਰਾ ਰਹੇ ਹਨ ਕਿ ਚੋਣਾਂ ਵਿੱਚ ਧੋਖਾਧੜੀ ਅਤੇ ਧਾਂਦਲੀ ਹੋਈ ਹੈ।

ਹਾਲਾਂਕਿ ਆਪਣੇ ਦਾਅਵਿਆਂ ਦੀ ਪੁਸ਼ਟੀ ਕਰਨ ਲਈ ਉਨ੍ਹਾਂ ਨੇ ਹਾਲੇ ਤੱਕ ਇੱਕ ਵੀ ਸਬੂਤ ਨਹੀਂ ਦਿੱਤਾ।

ਕੈਪੀਟਲ ਬਿਲਡਿੰਗ ਵਿੱਚ ਹੰਗਾਮੇ ਅਤੇ ਹਿੰਸਾ ਦੇ ਬਾਵਜੂਦ ਵੀ ਟਰੰਪ ਆਪਣੇ ਰੁਖ਼ 'ਤੇ ਕਾਇਮ ਹਨ। ਦੁਨੀਆਂ ਭਰ ਵਿੱਚ ਟਰੰਪ ਦੇ ਰਵੱਈਏ ਦੀ ਅਲੋਚਨਾ ਹੋ ਰਹੀ ਹੈ ਅਤੇ ਅਮਰੀਕਾ ਵਿੱਚ ਮੌਜੂਦਾ ਹਾਲਾਤ 'ਤੇ ਵੀ ਚਿੰਤਾ ਜਤਾਈ ਜਾ ਰਹੀ ਹੈ।

ਇੱਕ ਪਾਸੇ ਨਵੇਂ ਚੁਣੇ ਗਏ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ 20 ਜਨਵਰੀ ਨੂੰ ਆਹੁਦੇ ਦੀ ਸਹੁੰ ਚੁੱਕਣੀ ਹੈ ਅਤੇ ਦੂਸਰੇ ਪਾਸੇ, ਅਮਰੀਕਾ ਵਿੱਚ ਹਫ਼ੜਾ-ਦਫ਼ੜੀ ਦਾ ਮਾਹੌਲ ਹੈ।

ਅਜਿਹੇ ਵਿੱਚ ਸਵਾਲ ਉੱਠ ਰਹੇ ਹਨ ਕਿ ਕੀ 20 ਜਨਵਰੀ ਨੂੰ ਟਰੰਪ ਦਾ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ?

ਇਸ ਗੱਲ 'ਤੇ ਵੀ ਚਰਚਾ ਹੋ ਰਹੀ ਹੈ ਕਿ ਕੀ ਟਰੰਪ ਨੂੰ ਅਮਰੀਕੀ ਸੰਵਿਧਾਨ ਦੀ 25ਵੀਂ ਸੋਧ ਦਾ ਸਹਾਰਾ ਲੈ ਕੇ ਹਟਾਉਣਾ ਮੁਮਕਿਨ ਹੈ?

ਆਮ ਤੌਰ 'ਤੇ ਅਸੀਂ ਮਹਾਂ ਅਭੀਯੋਗ ਦੀ ਪ੍ਰੀਕਿਰਿਆ ਬਾਰੇ ਸੁਣਦੇ ਹਾਂ, ਜਿਸ ਦੇ ਜ਼ਰੀਏ ਅਮਰੀਕੀ ਸੰਸਦ ਰਾਸ਼ਟਰਪਤੀ ਨੂੰ ਅਹੁਦੇ ਤੋਂ ਲਾਹ ਸਕਦੀ ਹੈ।

ਉੱਥੇ ਵੀ 25ਵੀਂ ਸੋਧ ਦੀ ਮਦਦ ਨਾਲ ਰਾਸ਼ਟਰਪਤੀ ਦੀ ਆਪਣੀ ਹੀ ਕੈਬਨਿਟ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਸਕਦੀ ਹੈ।

ਅਮਰੀਕਾ ਨੂੰ 25ਵੀਂ ਸੋਧ ਦੀ ਲੋੜ ਕਿਉਂ ਪਈ?

ਅਮਰੀਕੀ ਸੰਵਿਧਾਨ ਨਾਲ ਜੁੜੇ ਵਿਸ਼ਿਆਂ 'ਤੇ ਕੰਮ ਕਰਨ ਵਾਲੀ ਵੈੱਬਸਾਈਟ 'ਕਾਨਸਟੀਟਿਊਸ਼ਨ ਡੇਲੀ' ਦੇ ਮੁਤਾਬਿਕ ਅਮਰੀਕਾ ਦੇ ਸੰਵਿਧਾਨ ਵਿੱਚ 25ਵੀਂ ਸੋਧ ਦੀ ਲੋੜ ਸਾਲ 1963 ਵਿੱਚ ਉਸ ਸਮੇਂ ਪਈ, ਜਦੋਂ ਤਤਕਾਲੀ ਰਾਸ਼ਟਰਪਤੀ ਜੌਨ ਐਫ਼ ਕਨੇਡੀ ਦਾ ਅਚਾਨਕ ਕਤਲ ਕਰ ਦਿੱਤਾ ਗਿਆ।

ਜੌਨ ਐਫ਼ ਕਨੇਡੀ ਦੇ ਅਚਾਨਕ ਹੋਏ ਕਤਲ ਨਾਲ ਇਹ ਖ਼ਬਰ ਵੀ ਆਈ ਕਿ ਉਪ-ਰਾਸ਼ਟਰਪਤੀ ਲਿੰਡਨ ਜੌਨਸਨ ਵੀ ਜਖ਼ਮੀ ਹੋ ਗਏ ਹਨ। ਇਸ ਦੇ ਬਾਅਦ ਅਮਰੀਕਾ ਵਿੱਚ ਸ਼ੋਕ ਦੇ ਨਾਲ ਨਾਲ ਕੁਝ ਸਮੇਂ ਲਈ ਸਿਆਸੀ ਸੰਕਟ ਦੀ ਸਥਿਤੀ ਵੀ ਪੈਦਾ ਹੋ ਗਈ।

ਹਾਲਾਕਿ, ਕਨੇਡੀ ਦੀ ਹੱਤਿਆ ਦੇ ਦੋ ਘੰਟੇ ਦੇ ਅੰਦਰ ਲਿੰਡਨ ਜੌਨਸਨ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ। ਇਸ ਦੇ ਨਾਲ ਹੀ ਅਮਰੀਕੀ ਸੰਵਿਧਾਨ ਵਿੱਚ 25ਵੀਂ ਸੋਧ ਦੀ ਸ਼ੁਰੂਆਤ ਹੋਈ।

ਕਨੇਡੀ ਦੇ ਕਤਲ ਦੇ ਦੋ ਸਾਲ ਬਾਅਦ 1965 ਵਿੱਚ ਅਮਰੀਕੀ ਸੰਸਦ ਨੇ 25ਵੀਂ ਸੋਧ ਦਾ ਪ੍ਰਸਤਾਵ ਰੱਖਿਆ ਅਤੇ ਫ਼ਿਰ ਦੋ ਸਾਲ ਬਾਅਦ 1967 ਵਿੱਚ ਇਸ ਨੂੰ ਮਨਜ਼ੂਰੀ ਮਿਲੀ।

ਇਸ ਤੋਂ ਪਹਿਲਾਂ ਤੱਕ ਅਮਰੀਕੀ ਸੰਵਿਧਾਨ ਵਿੱਚ ਅਜਿਹੀ ਕੋਈ ਵਿਵਸਥਾ ਨਹੀਂ ਸੀ ਕਿ ਰਾਸ਼ਟਰਪਤੀ ਦੀ ਅਚਾਨਕ ਮੌਤ, ਕਤਲ, ਅਸਤੀਫ਼ੇ ਜਾਂ ਉਨ੍ਹਾਂ ਦੇ ਆਹੁਦਾ ਸੰਭਾਲਣ ਦੇ ਅਸਮਰੱਥ ਹੋ ਜਾਣ 'ਤੇ ਉਨ੍ਹਾਂ ਦਾ ਉਤਰਾਧਿਕਾਰੀ ਕੋਣ ਹੋਵੇਗਾ।

25 ਵੀਂ ਸੋਧ ਇੰਨਾਂ ਨੁਕਤਿਆਂ 'ਤੇ ਹੀ ਚਰਚਾ ਕਰਦੀ ਹੈ।

ਕੀ ਕਹਿੰਦੀ ਹੈ 25ਵੀਂ ਸੋਧ?

25ਵੀਂ ਸੋਧ ਦੀ ਮਦਦ ਨਾਲ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣ ਲਈ ਮੰਤਰੀ ਮੰਡਲ ਨੂੰ ਬਹੁਮਤ ਨਾਲ ਅਤੇ ਉਪ-ਰਾਸ਼ਟਰਪਤੀ ਦੇ ਨਾਲ ਮਿਲ ਕੇ ਇਸ ਮਤ ਪੱਤਰ 'ਤੇ ਦਸਤਖ਼ਤ ਕਰਨੇ ਹੋਣਗੇ ਕਿ ਮੌਜੂਦਾ ਰਾਸ਼ਟਰਪਤੀ ਆਪਣੇ ਫਰਜ਼ਾਂ ਦਾ ਪਾਲਣ ਕਰਨ ਦੇ ਅਸਮਰੱਥ ਹਨ।

ਅਧਿਕਾਰਿਤ ਸ਼ਬਦਾਂ ਵਿੱਚ ਕਹੀਏ ਤਾਂ ਕੈਬਨਿਟ ਅਤੇ ਉਪ-ਰਾਸ਼ਟਰਪਤੀ ਨੂੰ ਐਲਾਨ ਕਰਨਾ ਪਵੇਗਾ ਕਿ ਰਾਸ਼ਟਰਪਤੀ ਆਪਣੇ ਆਹੁਦੇ ਦੀਆਂ ਸੰਵਿਧਾਨਿਕ ਸ਼ਕਤੀਆਂ ਦਾ ਇਸਤੇਮਾਲ ਕਰਨ ਅਤੇ ਸੰਵਿਧਾਨਿਕ ਕਰਤਵਾਂ ਦਾ ਪਾਲਣ ਕਰਨ ਦੇ ਅਸਮਰੱਥ ਹਨ।

25ਵੀਂ ਸੋਧ ਦਾ ਸੈਕਸ਼ਨ-4 ਅਮਰੀਕਾ ਵਿੱਚ ਉਨ੍ਹਾਂ ਸਥਿਤੀਆਂ ਬਾਰੇ ਹੈ ਜਦੋਂ ਕੋਈ ਰਾਸ਼ਟਰਪਤੀ ਆਪਣਾ ਕੰਮਕਾਜ ਚਲਾਉਣ ਦੇ ਅਸਮਰਥ ਹੋ ਜਾਵੇ, ਪਰ ਅਹੁਦਾ ਛੱਡਣ ਲਈ ਸਵੈ-ਇੱਛਾ ਨਾਲ ਕਦਮ ਨਾ ਚੁੱਕੇ।

ਇਸ ਨੂੰ ਲੈ ਕੇ ਕੁਝ ਸੰਵਿਧਾਨਕ ਮਾਹਰਾਂ ਦਾ ਕਹਿਣਾ ਹੈ ਕਿ ਸੈਕਸ਼ਨ-4 ਨੂੰ ਰਾਸ਼ਟਰਪਤੀ ਦੀ ਮਾਨਸਿਕ ਜਾਂ ਸਰੀਰਕ ਅਪਾਹਜਤਾ (ਅਸਮਰੱਥਾ) ਨਾਲ ਜੋੜੀਆਂ ਸਥਿਤੀਆਂ ਦੇ ਸੰਦਰਭ ਵਿੱਚ ਹੀ ਦੇਖਿਆ ਜਾਣਾ ਚਾਹੀਦਾ ਹੈ।

ਉੱਥੇ ਹੀ ਕੁਝ ਜਾਣਕਾਰਾਂ ਦਾ ਕਹਿਣਾ ਹੈ ਕਿ ਸੈਕਸ਼ਨ-4 ਨੂੰ ਰਾਸ਼ਟਰਪਤੀ ਦੀ ਸਰੀਰਕ ਅਤੇ ਮਾਨਸਿਕ ਅਪਾਹਜਤਾ ਤੋਂ ਅੱਗੇ ਵੱਧ ਕੇ ਜ਼ਿਆਦਾ ਵਿਆਪਕ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ।

ਜਿਵੇਂ ਕਿ, ਜੇ ਕੋਈ ਰਾਸ਼ਟਰਪਤੀ ਸਰੀਰਕ ਜਾਂ ਮਾਨਸਿਕ ਰੂਪ ਵਿੱਚ ਅਸਮਰੱਥ ਨਾ ਹੋਣ ਦੇ ਬਾਵਜੂਦ ਅਹੁਦੇ ਲਈ ਖ਼ਤਰਨਾਕ ਰੂਪ ਵਿੱਚ ਅਣਉੱਚਿਤ ਹੋਵੇ ਤਾਂ ਉਸ ਨੂੰ ਸੈਕਸ਼ਨ-4 ਦੇ ਪ੍ਰਬੰਧਾਂ ਦੇ ਦਾਇਰੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ।

ਇੰਨ੍ਹਾਂ ਪ੍ਰਬੰਧਾਂ ਦੀ ਵੱਖ-ਵੱਖ ਹਾਲਾਤਾਂ ਦੇ ਮੁਤਾਬਕ ਵਿਆਖਿਆ ਕੀਤੀ ਜਾ ਸਕਦੀ ਹੈ।

ਕੀ ਹੈ ਰਾਸ਼ਟਰਪਤੀ ਨੂੰ ਹਟਾਉਣ ਦੀ ਪੂਰੀ ਪ੍ਰੀਕਿਰਿਆ?

ਕੈਬਿਨਟ ਦੇ ਬਹੁਮਤ ਅਤੇ ਉਪ-ਰਾਸ਼ਟਰਪਤੀ ਦੇ ਮਨਜ਼ੂਰੀ ਦੇ ਨਾਲ ਪੱਤਰ 'ਤੇ ਦਸਤਖ਼ਤ ਹੋਣ ਤੋਂ ਬਾਅਦ ਉੱਪ ਰਾਸ਼ਟਰਪਤੀ ਹੀ ਕਾਰਜਕਾਰੀ ਰਾਸ਼ਟਰਪਤੀ ਬਣ ਜਾਂਦਾ ਹੈ।

ਇਸ ਸਭ ਦਰਮਿਆਨ ਰਾਸ਼ਟਰਪਤੀ ਨੂੰ ਵੀ ਇੱਕ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਲਿਖਤੀ ਰੂਪ ਵਿੱਚ ਆਪਣਾ ਬਚਾਅ ਕਰ ਸਕੇ।

ਹਾਲਾਂਕਿ, ਜੇ ਰਾਸ਼ਟਰਪਤੀ ਆਪਣੇ ਬਚਾਅ ਵਿੱਚ ਇਸ ਫ਼ੈਸਲੇ ਨੂੰ ਚੁਣੌਤੀ ਦਿੰਦਾ ਹੈ, ਤਾਂ ਵੀ ਇਸ ਨਾਲ ਜੁੜਿਆ ਆਖ਼ਰੀ ਫ਼ੈਸਲਾ ਕੈਬਨਿਟ ਹੀ ਕਰਦੀ ਹੈ।

ਸੱਤਾ ਦੇ ਤਬਾਦਲੇ ਲਈ ਅੱਗੇ ਵੱਧਣ ਤੋਂ ਪਹਿਲਾਂ ਸੈਨਟ ਅਤੇ ਪ੍ਰਤੀਨਿਧੀ ਸਭਾ ਵਿੱਚ ਦੋ-ਤਿਹਾਈ ਬਹੁਮਤ ਦੀ ਵੋਟਿੰਗ ਦਾ ਫ਼ਾਰਮੂਲਾ ਅਪਣਾਇਆ ਜਾਂਦਾ ਹੈ। ਪਰ ਇਸ ਸਭ ਦੇ ਵਿੱਚ ਉਪ-ਰਾਸ਼ਟਰਪਤੀ ਕਾਰਜਕਾਰੀ ਰਾਸ਼ਟਰਪਤੀ ਵਜੋਂ ਆਪਣਾ ਕੰਮ ਜਾਰੀ ਰੱਖਦਾ ਹੈ।

ਤਾਂ ਕੀ ਟਰੰਪ ਨੂੰ ਇਸ ਪ੍ਰਕਿਰਿਆ ਜ਼ਰੀਏ ਹਟਾਇਆ ਜਾ ਸਕਦਾ ਹੈ?

ਪਹਿਲਾਂ ਇਸ ਦੀਆਂ ਸੰਭਾਵਨਾਵਾਂ ਘੱਟ ਨਜ਼ਰ ਆ ਰਹੀਆਂ ਸਨ ਕਿਉਂਕਿ ਅਜਿਹਾ ਮੰਨਿਆ ਜਾ ਰਿਹਾ ਸੀ ਕਿ ਉਪ-ਰਾਸ਼ਟਰਪਤੀ ਮਾਈਕ ਪੈਂਸ ਕਦੀ ਵੀ ਡੌਨਲਡ ਟਰੰਪ ਵਿਰੁੱਧ ਨਹੀਂ ਜਾਣਗੇ।

ਪਰ ਹੁਣ ਪੈਂਸ ਨੇ ਖੁੱਲ੍ਹਕੇ ਕਿਹਾ ਹੈ ਕਿ ਜੋਅ ਬਾਇਡਨ ਅਤੇ ਕਮਲਾ ਹੈਰਿਸ ਨੂੰ ਅਮਰੀਕਾ ਦੇ ਲੋਕਾਂ ਨੇ ਚੁਣਿਆ ਹੈ। ਪੈਂਸ ਨੇ ਕਿਹਾ ਹੈ ਕਿ ਉਹ ਟਰੰਪ ਦੇ ਦਬਾਅ ਦੇ ਬਾਵਜੂਦ ਅਮਰੀਕੀ ਜਨ ਆਦੇਸ਼ ਦੇ ਖ਼ਿਲਾਫ਼ ਨਹੀਂ ਜਾ ਸਕਦੇ।

ਅਜਿਹੇ ਵਿੱਚ 25ਵੀਂ ਸੋਧ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਜੇ ਇਸਦੀ ਵਰਤੋਂ ਹੋਈ ਤਾਂ ਡੌਨਲਡ ਟਰੰਪ ਅਮਰੀਕੀ ਇਤਿਹਾਸ ਵਿੱਚ ਅਜਿਹੇ ਪਹਿਲੇ ਰਾਸ਼ਟਰਪਤੀ ਹੋਣਗੇ, ਜਿਨ੍ਹਾਂ ਨੂੰ ਸੰਵਿਧਾਨ ਦੀ 25ਵੀਂ ਸੋਧ ਤਹਿਤ ਆਹੁਦੇ ਤੋਂ ਹਟਾਇਆ ਜਾਵੇਗਾ ਕਿਉਂਕਿ ਇਸ ਤੋਂ ਪਹਿਲਾਂ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਦੇ ਨਾਲ ਅਜਿਹਾ ਨਹੀਂ ਹੋਇਆ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)