ਪਾਕਿਸਤਾਨ: ਸ਼ਿਆ ਹਜ਼ਾਰਾ ਭਾਈਚਾਰੇ ਦੇ 11 ਲੋਕਾਂ ਦੇ ਕਤਲ ਦੀ ਜ਼ਿੰਮੇਵਾਰੀ IS ਨੇ ਲਈ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਘੱਟ ਗਿਣਤੀਆਂ ਸ਼ਿਆ ਹਜ਼ਾਰਾ ਭਾਈਚਾਰੇ 'ਤੇ ਹੋਏ ਹਮਲੇ ਵਿੱਚ 11 ਲੋਕਾਂ ਦੀ ਜਾਨ ਚਲੀ ਗਈ ਹੈ।

ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਕੱਟੜਪੰਥੀ ਸੰਗਠਨ ਇਸਲਾਮਿਕ ਸਟੇਟ ਨੇ ਇਸਦੀ ਜ਼ਿੰਮੇਵਾਰੀ ਲਈ ਹੈ।

ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਇਸਲਾਮਿਕ ਸਟੇਟ ਨੇ ਅਮਾਕ ਸਮਾਚਾਰ ਏਜੰਸੀ ਨੂੰ ਇੱਕ ਚਿੱਠੀ ਭੇਜ ਕੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਇਹ ਹਮਲਾ ਬਲੋਚਿਸਤਾਨ ਦੀ ਰਾਜਧਾਨੀ ਕੁਏਟਾ ਤੋਂ ਕਰੀਬ 100 ਕਿੱਲੋਮੀਟਰ ਦੱਖਣੀ ਪੂਰਬ ਵਿੱਚ ਸਥਿਤ ਬੋਲਾਨ ਜ਼ਿਲ੍ਹੇ ਦੇ ਮੱਛ ਇਲਾਕੇ ਵਿੱਚ ਐਤਵਾਰ ਸਵੇਰ ਨੂੰ ਵਾਪਰੀ।

ਅਧਿਕਾਰੀਆਂ ਮੁਤਾਬਕ ਇਸ ਹਮਲੇ ਵਿੱਚ ਕੋਲੇ ਦੀ ਖਾਣ ਵਿੱਚ ਕੰਮ ਕਰਨ ਵਾਲੇ ਘੱਟੋ ਘੱਟ 11 ਕਾਮਿਆਂ ਦਾ ਕਤਲ ਕਰ ਦਿੱਤਾ ਗਿਆ। ਉਸ ਵੇਲੇ ਕਾਮੇ ਖਾਣ ਦੇ ਕੋਲ ਬਣੇ ਆਪਣੇ ਕਮਰੇ ਵਿੱਚ ਸਨ।

ਇਹ ਵੀ ਪੜ੍ਹੋ:

ਇੱਕ ਸੁਰੱਖਿਆ ਅਧਿਕਾਰੀ ਨੇ ਪਛਾਣ ਲੁਕਾਉਣ ਦੀ ਸ਼ਰਤ 'ਤੇ ਨਿਊਜ਼ ਏਜੰਸੀ ਰਾਇਟਰਸ ਨੂੰ ਦੱਸਿਆ,''ਸਾਰੇ ਕਾਮਿਆਂ ਦੇ ਗਲੇ ਕੱਟੇ ਗਏ ਹਨ। ਉਨ੍ਹਾਂ ਦੇ ਹੱਥ ਪਿੱਛੇ ਬੰਨੇ ਹਨ ਅਤੇ ਅੱਖਾਂ 'ਤੇ ਪੱਟੀ ਬੰਨੀ ਹੋਈ ਹੈ।''

ਸੂਬਾਈ ਅਸੈਂਬਲੀ ਦੇ ਮੈਂਬਰ ਕਾਦਿਰ ਨਿਆਲ ਜੋ ਕਿ ਹਜ਼ਾਰਾ ਬਿਰਾਦਰੀ ਨਾਲ ਤਾਲੁਕ ਰੱਖਦੇ ਹਨ। ਉਨ੍ਹਾਂ ਨੇ ਲਾਸ਼ਾਂ ਹਜ਼ਾਰਾ ਟਾਊਨ ਦੇ ਵਲੀ-ਉਲ-ਅਸਰ ਇਮਾਮਬਾੜਾ ਪਹੁੰਚਾਵਾ ਦਿੱਤੀਆਂ ਹਨ।

ਇੰਤਜ਼ਾਮੀਆ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਅਤੇ ਬੀਬੀਸੀ ਨੂੰ ਫ਼ੋਨ ਉੱਪਰ ਦੱਸਿਆ ਕਿ ਲੰਘੀ ਰਾਤ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਮੱਛ ਇਲਾਕੇ ਦੇ ਗੈਸ਼ਤਰੀ ਇਲਾਕੇ ਵਿੱਚ ਖਾਣ ਮਜ਼ਦੂਰਾਂ ਉੱਪਰ ਹਮਲਾ ਕੀਤਾ।

ਅਧਿਕਾਰੀ ਨੇ ਦੱਸਿਆ ਕਿ ਬੰਦੂਕ ਧਾਰੀਆਂ ਨੇ ਮਜ਼ਦੂਰਾਂ ਦੀਆਂ ਅੱਖਾਂ ਉੱਪਰ ਪੱਟੀ ਬੰਨ੍ਹੀ ਅਤੇ ਫਿਰ ਉਨ੍ਹਾਂ ਦੇ ਹੱਥ ਪਿੱਛੇ ਬੰਨ੍ਹੇ ਕੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਦਸ ਲੋਕਾਂ ਦੀ ਮੌਤ ਹੋ ਗਈ ਹੈ।

ਜ਼ਖ਼ਮੀਆਂ ਨੂੰ ਮੱਛ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਸ ਤੋਂ ਇਲਾਵਾ ਮਰਨ ਵਾਲਿਆਂ ਦੀਆਂ ਲਾਸ਼ਾਂ ਵੀ ਉਸੇ ਹਸਪਤਾਲ ਵਿੱਚ ਭੇਜੀਆਂ ਗਈਆਂ ਹਨ।

ਅਧਿਕਾਰੀ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਮਿਲੇ ਸਬੂਤਾਂ ਦੇ ਅਧਾਰ ’ਤੇ ਇਹ ਮਾਮਲਾ ਨਿਸ਼ਾਨਾ ਬਣਾ ਕੇ ਕਤਲ ਕੀਤੇ ਜਾਣ ਦਾ ਮਾਮਲਾ ਜਾਪਦਾ ਹੈ।

ਬਲੋਚਿਸਤਾਨ ਦੇ ਗ੍ਰਹਿ ਸਕੱਤਰ ਨੇ ਦੱਸਿਆ ਹੈ ਕਿ ਮਰਨ ਵਾਲਿਆਂ ਵਿੱਚ ਨੌਂ ਜਣਿਆਂ ਦੀ ਸ਼ਨਾਖ਼ਤ ਹੋ ਗਈ ਹੈ ਤੇ ਉਹ ਅਫ਼ਗਾਨਿਸਤਾਨ ਨਾਲ ਸੰਬੰਧਿਤ ਸਨ।

ਬਲੋਚਿਸਤਾਨ ਦੇ ਮੁੱਖ ਮੰਤਰੀ ਜਾਮ ਕਮਾਲ ਖ਼ਾਨ ਨੇ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਉਨ੍ਹਾਂ ਨੇ ਗਈਆਂ ਕੀਮਤੀ ਮਨੁੱਖੀ ਜਾਨਾਂ ਬਾਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਸੰਬੰਧਿਤ ਅਮਲੇ ਤੋਂ ਘਟਨਾ ਦੀ ਫ਼ੌਰੀ ਰਿਪੋਰਟ ਤਲਬ ਕੀਤੀ ਹੈ।

ਮੁੱਖ ਮੰਤਰੀ ਨੇ ਮੁਲਜ਼ਮਾਂ ਨੂੰ ਹਰ ਹੀਲਾ ਵਰਤ ਕੇ ਗ੍ਰਿਫ਼ਤਾਰ ਕਰਨ ਅਤੇ ਪੀੜਤਾ ਨੂੰ ਯਥਾ ਸੰਭਵ ਮਦਦ ਪਹੁੰਚਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਮਾਸੂਮ ਕਾਮਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਿਸੇ ਨਰਮੀ ਦੇ ਹੱਕਦਾਰ ਨਹੀਂ ਹਨ ਅਤੇ ਦਹਿਸ਼ਤਗਰਦ ਸਰਗਰਮੀਆਂ ਵਿੱਚ ਸ਼ਾਮਲ ਲੋਕਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

ਬਲੋਚਿਸਤਾਨ ਦੇ ਗ੍ਰਹਿ ਮੰਤਰੀ ਮੀਰ ਜ਼ੀਆਉੱਲ ਲੰਘੂ ਨੇ ਵੀ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਲਈ ਹਰ ਸੰਭਵ ਵਸੀਲਾ ਵਰਤਿਆ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਇਹ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਦੀ ਇੱਕ ਕੋਝੀ ਕੋਸ਼ਿਸ਼ ਹੈ।

ਮੱਛ ਇਲਾਕਾ ਕਿੱਥੇ ਸਥਿਤ ਹੈ?

ਮੱਛ ਕੁਏਟਾ ਤੋਂ 60 ਕਿੱਲੋਮੀਟਰ ਦੱਖਣ-ਪੂਰਬ ਵਾਲੇ ਪਾਸੇ ਕੱਛੀ ਜ਼ਿਲ੍ਹੇ ਵਿੱਚ ਬੋਲਨ ਦੱਰੇ ਵਿੱਚ ਸਥਿਤ ਹੈ। ਉੱਚੀਆਂ ਨੀਵੀਆਂ ਪਹਾੜੀਆਂ ਵਾਲੇ ਇਸ ਇਲਾਕੇ ਵਿੱਚ ਕੋਲੇ ਦੀਆਂ ਕਈ ਖਾਣਾਂ ਹਨ।

ਖਾਣ ਮਜ਼ਦੂਰ ਯੂਨੀਅਨ ਦੇ ਆਗੂ ਰਕ਼ਬਾਲ ਯੂਸਫ਼ਜ਼ਈ ਨੇ ਬੀਬੀਸੀ ਨੂੰ ਫ਼ੋਨ ਉੱਪਰ ਦੱਸਿਆ ਕਿ ਇਲਾਕੇ ਦੀਆਂ 62 ਵਿੱਚੋਂ 52 ਖਾਣਾਂ ਵਿੱਚੋਂ ਕੋਲਾ ਕੱਢਿਆ ਜਾਂਦਾ ਹੈ।

ਉਨ੍ਹਾਂ ਨੇ ਦੱਸਿਆ ਕਿ 2018 ਵਿੱਚ ਇਕੱਠੇ ਕੀਤੇ ਗਏ ਡੇਟਾ ਮੁਤਾਬਕ ਇੱਥੇ ਕੋਈ 17,000 ਮਜ਼ਦੂਰ ਕੰਮ ਕਰਦੇ ਹਨ। ਜਦਕਿ ਕੁੱਲ 35,000 ਲੋਕ ਇਨ੍ਹਾਂ ਖਾਣਾਂ ਵਿੱਚ ਕੰਮ ਕਰਦੇ ਹਨ।

ਮੱਛ ਅਤੇ ਬੋਲਨ ਦੱਰਾ ਬਲੋਚਿਸਤਾਨ ਦੇ ਕੁਝ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਸ਼ੁਮਾਰ ਹਨ। ਇੱਥੇ ਟਾਰਗੇਟਿਡ ਕਤਲਾਂ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ।

ਯੂਸਫ਼ਜ਼ਈ ਨੇ ਦੱਸਿਆ ਕਿ ਜੇ ਸੁਰੱਖਿਆ ਦੇ ਢੁਕਵੇਂ ਬੰਦੋਬਸਤ ਕੀਤੇ ਗਏ ਹੁੰਦੇ ਤਾਂ ਇਹ ਹਾਦਸਾ ਟਾਲਿਆ ਜਾ ਸਕਦਾ ਸੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)