'ਮੌਤ ਦਾ ਸੌਦਾਗਰ' ਜਿਸ ਨੂੰ ਬਰਤਾਨੀਆਂ ਨੇ ਨਾਈਟ ਦੀ ਉਪਾਧੀ ਦਿੱਤੀ, ਦੀ ਰਹੱਸਮਈ ਜ਼ਿੰਦਗੀ

ਤਸਵੀਰ ਸਰੋਤ, Getty Images
ਬੇਸਿਲ ਜ਼ਾਹਰਾਫ਼ ਨੂੰ ‘ਮੌਤ ਦਾ ਸੌਦਾਗਰ’ ਕਿਹਾ ਜਾਂਦਾ ਸੀ। ਲੋਕ ਉਨ੍ਹਾਂ ਨੂੰ ਆਪਣੇ ਸਮੇਂ ਦੇ ਸਭ ਤੋਂ ਤਾਕਤਵਰ ਲੋਕਾਂ ਵਿੱਚ ਸ਼ੁਮਾਰ ਕਰਦੇ ਸਨ।
ਪਰ ਦੁਨੀਆਂ ਨੂੰ ਹੁਣ ਤੱਕ 1900 ਦੀ ਸ਼ੁਰੂਆਤ ਵਿੱਚ ਦੁਨੀਆਂ ਦੇ ਸਭ ਤੋਂ ਵੱਡੇ ਹਥਿਆਰਾਂ ਦੇ ਸੌਦਾਗਰ ਰਹੇ ਬੇਸਿਲ ਜ਼ਾਹਰਾਫ਼ ਦੀ ਜ਼ਿੰਦਗੀ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ।
ਜ਼ਾਹਰਾਫ਼ ਆਪਣੇ ਸਮੇਂ ਦੇ ਸਭ ਤੋਂ ਧਨੀ ਲੋਕਾਂ ਵਿੱਚ ਸ਼ੁਮਾਰ ਸਨ ਪਰ ਉਨ੍ਹਾਂ ਦੀ ਜ਼ਿੰਦਗੀ ਇਸ ਕਦਰ ਰਹੱਸਮਈ ਸੀ ਕਿ ਹੁਣ ਤੱਕ ਇਹ ਵੀ ਪੱਕੇ ਤੌਰ 'ਤੇ ਨਹੀਂ ਪਤਾ ਕਿ ਉਹ ਕਿਸ ਮੁਲਕ ਦੇ ਨਾਗਰਿਕ ਸਨ।
ਉਨ੍ਹਾਂ ਬਾਰੇ ਵਿੱਚ ਜੋ ਬਹੁਤਾ ਕਰਕੇ ਧਾਰਨਾ ਹੈ, ਉਸ ਮੁਤਾਬਿਕ ਜ਼ਾਹਰਾਫ਼ ਯੂਨਾਨ ਦੇ ਸਨ।
ਇਹ ਵੀ ਪੜ੍ਹੋ
ਸਾਲ 1948 ਦੀ 6 ਅਕਤੂਬਰ ਨੂੰ ਆਟੋਮਨ ਸਾਮਰਾਜ ਵਿੱਚ ਉਨ੍ਹਾਂ ਦਾ ਜਨਮ ਹੋਇਆ ਸੀ। ਜਨਮ ਸਮੇਂ ਉਨ੍ਹਾਂ ਦਾ ਨਾਮ ਵਾਸਿਲੇਓਨ ਜ਼ਕਾਰਿਆਸ ਰੱਖਿਆ ਗਿਆ ਸੀ। ਮੰਨਿਆਂ ਜਾਂਦਾ ਹੈ ਕਿ ਉਨ੍ਹਾਂ ਦੇ ਪਿਤਾ ਵਪਾਰੀ ਹੋਣਗੇ।
ਉਨ੍ਹਾਂ ਦੇ ਪਰਿਵਾਰ ਬਾਰੇ ਇਹ ਵੀ ਮੰਨਿਆ ਜਾਂਦਾ ਹੈ ਕਿ ਸਾਲ 1820 ਤੋਂ 1850 ਦੇ ਦਹਾਕਿਆਂ ਦਰਮਿਆਨ ਯੂਨਾਨੀਆਂ ਦੇ ਖ਼ਿਲਾਫ਼ ਸ਼ੁਰੂ ਹੋਏ ਵਿਆਪਕ ਤਸ਼ੱਦਦ ਦੌਰਾਨ ਉਨ੍ਹਾਂ ਨੂੰ ਰੂਸ ਵਿੱਚ ਜ਼ਬਰੀ ਪਰਵਾਸ ਭਰੀ ਜ਼ਿੰਦਗੀ ਜਿਊਣੀ ਪਈ। ਸ਼ਾਇਦ ਇਸੇ ਕਰਕੇ ਕੁਝ ਜਾਣਕਾਰਾਂ ਦੀ ਦਲੀਲ ਹੈ ਕਿ ਜ਼ਾਹਰਾਫ਼ ਅਸਲ ਵਿੱਚ ਰੂਸੀ ਨਾਗਰਿਕ ਸਨ।
ਉਸ ਸਮੇਂ ਮਾਮਲਾ ਜੋ ਵੀ ਰਿਹਾ ਹੋਵੇ, ਆਮ ਧਾਰਨਾ ਇਹ ਹੀ ਹੈ ਕਿ ਆਟੋਮਨ ਸਾਮਰਾਜ ਵਿੱਚ ਵਾਪਸ ਆਉਣ ਤੋਂ ਪਹਿਲਾਂ ਪਰਿਵਾਰ ਨੇ ਆਪਣਾ ਗੋਤ (ਸਰਨੇਮ) ਜ਼ਕਾਰਿਆਸ ਤੋਂ ਬਦਲ ਕੇ ਜ਼ਾਹਰਾਫ਼ ਰੱਖ ਲਿਆ ਸੀ। ਇਹ ਪਰਿਵਾਰ ਆਪਣੇ ਦੇਸ ਵਾਪਸ ਆ ਕੇ ਉਸ ਦੌਰ ਦੇ ਕੁਸਤੂਨਤੁਨੀਆ (ਅੱਜ ਦੇ ਇਸਤਾਬੁਲ) ਦੀ ਯੂਨਾਨੀ ਬਸਤੀ ਦੇ ਨੇੜੇ ਤਾਤਾਲਵਾ ਵਿੱਚ ਵਸ ਗਿਆ।

ਤਸਵੀਰ ਸਰੋਤ, Getty Images
ਬੇਸਿਲ ਦਾ ਪਹਿਲਾਂ ਕੰਮ
ਪਰਿਵਾਰ ਬਾਰੇ ਹੁਣ ਤੱਕ ਜਿੰਨੀ ਜਾਣਕਾਰੀ ਉਪਲੱਬਧ ਹੈ ਉਸ ਮੁਤਾਬਿਕ ਇਹ ਇੱਕ ਬੇਹੱਦ ਗਰੀਬ ਪਰਿਵਾਰ ਸੀ। ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਬੇਸਿਲ ਜ਼ਾਹਰਾਫ਼ ਨੂੰ ਉਹ ਕੰਮ ਕਰਨੇ ਪੈਂਦੇ ਸਨ ਜੋ ਉਸ ਸਮੇਂ ਬੱਚਿਆਂ ਲਈ ਠੀਕ ਨਹੀਂ ਸਨ ਮੰਨੇ ਜਾਂਦੇ।
ਛੋਟੀ ਉਮਰ ਵਿੱਚ ਹੀ ਆਪਣੀਆਂ ਹਰਕਤਾਂ ਕਰਕੇ ਬੇਸਿਲ ਵਿਵਾਦਾਂ ਵਿੱਚ ਰਹਿਣ ਲੱਗੇ। ਜੋ ਪਹਿਲਾ ਕੰਮ ਬੇਸਿਲ ਨੇ ਕੀਤਾ ਉਨਾਂ ਵਿਚੋਂ ਇੱਕ ਸੀ ਸੈਰਸਪਾਟੇ 'ਤੇ ਆਏ ਲੋਕਾਂ ਨੂੰ ਕੁਸਤੁਨਤੁਨੀਆ ਦੇ ਰੈਡ ਲਾਈਟ ਏਰੀਆ ਯਾਨੀ ਵੇਸਵਾਵਾਂ ਦੇ ਇਲਾਕੇ ਵਿੱਚ ਲੈ ਕੇ ਜਾਣਾ।
ਇਥੇ ਲੋਕ ਵੇਸਵਾਵਾਂ ਦੀ ਤਲਾਸ਼ ਕਰਦੇ ਰਹਿੰਦੇ ਸਨ। ਇਸ ਤੋਂ ਬਾਅਦ ਉਹ ਅੱਗ ਬੁਝਾਉਣ ਵਾਲੇ ਕਰਮਚਾਰੀ ਬਣ ਗਏ।
ਪਰ ਉਨ੍ਹਾਂ ਦੀ ਜੀਵਨੀ ਲਿਖਣ ਵਾਲਿਆਂ ਵਿੱਚੋਂ ਇੱਕ ਰਿਚਰਡ ਡੇਵਨਪੋਰਟ-ਹਾਈਂਸ ਮੁਤਾਬਿਕ ਬੇਸਿਲ ਅੱਗ ਲਗਾਉਣ ਦਾ ਕੰਮ ਕਰਦੇ ਸਨ।
ਅਜਿਹਾ ਇਸ ਲਈ ਕਿਉਂਕਿ ਉਸ ਦੌਰ ਵਿੱਚ ਅੱਗ ਲਗਾਉਣ ਦੇ ਮਾਮਲਿਆਂ ਵਿੱਚ ਅਮੀਰ ਲੋਕ ਆਪਣੀਆਂ ਕੀਮਤੀ ਚੀਜ਼ਾਂ ਬਚਾਉਣ ਲਈ ਅੱਗ ਬੁਝਾਉਣ ਵਾਲੇ ਲੋਕਾਂ ਨੂੰ ਪੈਸੇ ਦਿੰਦੇ ਸਨ।
ਇਸ ਤੋਂ ਬਾਅਦ ਉਹ ਮੁਦਰਾ ਵਟਾਂਦਰੇ (ਕਰੰਸੀ ਇਕਸਚੇਂਜ) ਦਾ ਕੰਮ ਕਰਨ ਲੱਗੇ ਅਤੇ ਦੇਸ ਦੇ ਬਾਹਰ ਜਾਣ ਵਾਲਿਆਂ ਲਈ ਉਹ ਦੂਸਰੇ ਦੇਸ ਦੀ ਮੁਦਰਾ ਦਾ ਪ੍ਰਬੰਧ ਕਰਨ ਲੱਗੇ।
ਇਸ ਗੱਲ ਦੀ ਹੁਣ ਤੱਕ ਪੁਸ਼ਟੀ ਨਹੀਂ ਹੋਈ ਪਰ ਕਿਹਾ ਜਾਂਦਾ ਹੈ ਕਿ ਉਹ ਕੁਸਤੁਨਤੁਨੀਆ ਦੇ ਬਾਹਰ ਜਾਣ ਵਾਲਿਆਂ ਨੂੰ ਅਤੇ ਸੈਰ ਸਪਾਟੇ 'ਤੇ ਆਉਣ ਵਾਲਿਆਂ ਨੂੰ ਜਾਅਲੀ ਪੈਸੇ ਦੇ ਦਿੰਦੇ ਸਨ।
ਬ੍ਰਿਟਾਨੀਆ ਇੰਸਾਈਕਲੋਪੀਡੀਆ ਮੁਤਾਬਿਕ ਉਨ੍ਹਾਂ ਦੇ ਪਰਿਵਾਰ ਵਿੱਚ ਵੀ ਜ਼ਾਹਰਾਫ਼ ਨੂੰ ਲੈ ਕੇ ਇੱਕ ਵਾਰ ਵਿਵਾਦ ਪੈਦਾ ਹੋ ਗਿਆ ਸੀ। ਬੇਸਿਲ ਉਸ ਸਮੇਂ 21 ਸਾਲਾਂ ਦੇ ਸਨ ਅਤੇ ਇੰਗਲੈਂਡ ਤੋਂ ਆਪਣੀ ਪੜ੍ਹਾਈ ਪੂਰੀ ਕਰਕੇ ਵਾਪਸ ਆਏ ਸਨ। ਵਾਪਸ ਆਉਣ ਤੋਂ ਬਾਅਦ ਉਹ ਆਪਣੇ ਚਾਚਾ ਨਾਲ ਕੰਮ ਕਰਨ ਲੱਗੇ।

ਤਸਵੀਰ ਸਰੋਤ, Getty Images
ਹਥਿਆਰਾਂ ਦਾ ਵਪਾਰ
ਇਸਤਾਨਬੁਲ ਵਿੱਚ ਚਾਚਾ ਦਾ ਕੱਪੜਿਆਂ ਦਾ ਚੰਗਾ ਕਾਰੋਬਾਰ ਸੀ। ਉਨ੍ਹਾਂ ਨੇ ਬੇਸਿਲ ਨੂੰ ਲੰਡਨ ਵਿੱਚ ਆਪਣੀ ਕੰਪਨੀ ਦਾ ਨੁਮਾਇੰਦਾ ਬਣਾ ਕੇ ਭੇਜਿਆ।
ਪਰ ਦੋ ਸਾਲ ਬਾਅਦ ਬੇਸਿਲ ਦੇ ਚਾਚਾ ਨੇ ਉਨ੍ਹਾਂ 'ਤੇ ਗ਼ਬਨ ਦੇ ਇਲਜ਼ਾਮ ਲਗਾਏ। ਵਿਵਾਦ ਵਧਿਆ ਬੇਸਿਲ ਗ੍ਰਿਫ਼ਤਾਰ ਹੋਏ ਅਤੇ ਮਾਮਲਾ ਮੁਕੱਦਮੇ ਤੱਕ ਪਹੁੰਚ ਗਿਆ।
ਉਸ ਦੌਰ ਵਿੱਚ ਯੂਨਾਨੀ ਭਾਈਚਾਰੇ ਦਾ ਮੰਨਣਾ ਸੀ ਕਿ ਪਰਿਵਾਰ ਅੰਦਰ ਹੋਏ ਵਿਵਾਦ ਨੂੰ ਅੰਗਰੇਜ਼ਾਂ ਦੀ ਅਦਾਲਤ ਤੱਕ ਨਹੀਂ ਲੈ ਜਾਣਾ ਚਾਹੀਦਾ।
ਅਜਿਹੇ ਵਿੱਚ ਬੇਸਿਲ ਨੂੰ ਇਸ ਸ਼ਰਤ 'ਤੇ ਰਿਹਾਅ ਕਰ ਦਿੱਤਾ ਗਿਆ ਕਿ ਉਹ ਅਦਾਲਤ ਦੇ ਅਧਿਕਾਰਿਕ ਇਲਾਕੇ ਵਿੱਚ ਰਹਿਣਗੇ ਅਤੇ ਗ਼ਬਨ ਦੀ ਰਕਮ ਦਾ ਭੁਗਤਾਨ ਕਰਦੇ ਰਹਿਣਗੇ।
ਪਰ ਆਜ਼ਾਦ ਹੁੰਦੇ ਹੀ ਜ਼ਾਹਰਾਫ਼ ਨੇ ਆਪਣਾ ਨਾਮ ਬਦਲਿਆ ਅਤੇ ਭੱਜ ਕੇ ਯੂਨਾਨ ਦੀ ਰਾਜਧਾਨੀ ਏਥੇਂਸ ਆ ਗਏ। ਹਥਿਆਰ ਵੇਚਣ ਦੇ ਕਾਰੋਬਾਰ ਵਿੱਚ ਉਨ੍ਹਾਂ ਦਾ ਪੈਰ ਰੱਖਣਾ ਇੱਕ ਸਬੱਬ ਹੀ ਸੀ।
ਰਾਜਧਾਨੀ ਏਥੇਂਸ ਵਿੱਚ ਬੇਸਿਲ ਦੀ ਮੁਲਾਕਾਤ ਸਥਾਨਕ ਫ਼ਾਇਨਾਂਸਰ ਅਤੇ ਸਿਆਸਤਦਾਨ ਸਟੇਫ਼ਾਨੋਸ ਸਕੋਲੋਡਿਸ ਨਾਲ ਹੋਈ। ਦੋਵਾਂ ਦਰਮਿਆਨ ਗਹਿਰੀ ਮਿੱਤਰਤਾ ਹੋ ਗਈ।
ਸਕੋਲੋਡਿਸ ਦੇ ਇੱਕ ਸਵੀਡਿਸ਼ ਮਿੱਤਰ ਸਨ ਜੋ ਸਵੀਡਨ ਵਿੱਚ ਹਥਿਆਰ ਬਣਾਉਣ ਵਾਲੀ ਕੰਪਨੀ ਥੌਸਰਟਨ ਨਾਰਦਨ ਫੇਲਟ ਵਿੱਚ ਕੰਮ ਕਰਦੇ ਸਨ।
ਉਹ ਨੌਕਰੀ ਛੱਡ ਕੇ ਜਾਣਾ ਚਹੁੰਦੇ ਸਨ, ਇਸ ਲਈ ਉਨ੍ਹਾਂ ਨੇ ਆਪਣੀ ਜਗ੍ਹਾ 'ਤੇ ਕੰਮ ਕਰਨ ਲਈ ਜ਼ਾਹਰਾਫ਼ ਦੀ ਸ਼ਿਫ਼ਾਰਿਸ਼ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਹਥਿਆਰ ਬਣਾਉਣ ਵਾਲੀ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਤਸਵੀਰ ਸਰੋਤ, ULLSTEIN BILD/ULLSTEIN BILD VIA GETTY IMAGES
ਸਾਲ 1877 ਵਿੱਚ ਉਹ ਯੂਨਾਨੀ ਰੂਸੀ ਵਿਅਕਤੀ ਬਾਲਕਾਨ ਖੇਤਰ ਲਈ ਥਾਸਰਟਨ ਨਾਰਦਨਫੇਲਟ ਦੇ ਏਜੰਟ ਬਣ ਗਏ। ਜਿਵੇਂ ਜਿਵੇਂ ਕੰਪਨੀ ਦਾ ਵਿਸਥਾਰ ਹੁੰਦਾ ਗਿਆ ਜ਼ਾਹਰਾਫ਼ ਦਾ ਦਬਦਬਾ ਵੀ ਵੱਧਦਾ ਗਿਆ।
ਸਾਲ 1888 ਵਿੱਚ ਹੀਰਮ ਸਟੀਵੰਸ ਮੈਕਸਿਮ (ਆਟੋਮੈਟਿਕ ਮਸ਼ੀਨ ਗੰਨ ਦੀ ਖੋਜ ਕਰਨ ਵਾਲੇ) ਨੇ ਆਪਣੀ ਕੰਪਨੀ ਮੈਕਸਿਮ ਗੰਨ ਕੰਪਨੀ ਨੂੰ ਨਾਰਦਨਫੇਲਟ ਨਾਲ ਇਕੱਠਾ ਕਰ ਲਿਆ। ਜ਼ਾਹਰਾਫ਼ ਦਾ ਰੁਤਬਾ ਵਧਿਆ ਅਤੇ ਨਵੀਂ ਮੈਕਸਿਮ ਨਾਰਦਨਫੇਲਟ ਗੰਨ ਐਂਡ ਇਮੂਨਿਸ਼ਨ ਕੰਪਨੀ ਲਿਮਿਟਡ ਵਿੱਚ ਯੂਰਪ ਅਤੇ ਰੂਸ ਲਈ ਉਹ ਕੰਪਨੀ ਦੇ ਨੁਮਾਇੰਦੇ ਬਣ ਗਏ।
ਉਸ ਦੌਰ ਵਿੱਚ ਬਾਲਕਾਨ ਦੇਸਾਂ ਤੁਰਕੀ ਅਤੇ ਰੂਸ ਦਰਮਿਆਨ ਸੈਨਿਕ ਤਣਾਅ ਆਪਣੇ ਸਿਖ਼ਰ 'ਤੇ ਸੀ। ਸਾਰੇ ਦੇਸ ਆਪਣੇ ਗੁਆਂਢੀ ਦੇਸਾਂ ਤੋਂ ਹਮਲਿਆਂ ਤੋਂ ਬਚਣ ਲਈ ਆਪਣੀ ਸੁਰੱਖਿਆ ਵਧਾਉਣਾ ਚਾਹੁੰਦੇ ਸਨ।
ਅਜਿਹੀ ਸਥਿਤੀ ਵਿੱਚ ਬੇਸਿਲ ਨੂੰ ਹਥਿਆਰਾਂ ਦੀ ਵਿਕਰੀ ਵਧਾਉਣ ਦਾ ਸੁਨਿਹਰੀ ਮੌਕਾ ਮਿਲਿਆ ਜਿਸਦਾ ਉਨ੍ਹਾਂ ਨੇ ਭਰਪੂਰ ਫ਼ਾਇਦਾ ਚੁੱਕਿਆ।
ਸਾਲ 1897 ਵਿੱਚ ਬਰਤਾਨਵੀ ਕੰਪਨੀ ਵਿਕਰਸ ਸੰਨਜ਼ ਐਂਡ ਕੰਪਨੀ ਨੇ ਮੈਕਸਿਮ ਨਾਰਦਨਫੇਲਟ ਨੂੰ ਖ਼ਰੀਦ ਲਿਆ ਅਤੇ ਇਸ ਦੇ ਨਾਲ ਹੀ ਬੇਸਿਲ ਦੇ ਕੰਮ ਦਾ ਦਾਇਰਾ ਵਧਿਆ ਅਤੇ ਨਾਲ ਹੀ ਉਨ੍ਹਾਂ ਦੇ ਦਬਦਬੇ ਦਾ ਵੀ ਦਾਇਰਾ ਵਧਿਆ।

ਤਸਵੀਰ ਸਰੋਤ, Getty Images
ਗ਼ਲਤ ਢੰਗ ਤਰੀਕੇ
ਕਾਰੋਬਾਰ ਦੇ ਖੇਤਰ ਵਿੱਚ ਨਵੀਂ ਕੰਪਨੀ ਵਿਕਰਸ ਸੰਨਜ਼ ਐਂਡ ਮੈਕਸਿਮ (1911 ਵਿੱਚ ਕੰਪਨੀ ਦਾ ਨਾਮ ਬਦਲ ਕੇ ਵਿਕਰਸ ਲਿਮਟਿਡ ਕਰ ਦਿੱਤਾ ਗਿਆ) ਨੂੰ ਸਫ਼ਲ ਬਣਾਉਣ ਵਿੱਚ ਬੇਸਿਲ ਨੇ ਅਹਿਮ ਭੂਮਿਕਾ ਨਿਭਾਈ। ਸਾਲ 1927 ਤੱਕ ਉਨ੍ਹਾਂ ਨੇ ਕੰਪਨੀ ਵਿੱਚ ਕੰਮ ਕੀਤਾ।
ਹਥਿਆਰ ਵੇਚਣਾ ਉਨ੍ਹਾਂ ਦੀ ਇੱਕ ਪਾਪੂਲਰ ਤਰਕੀਬ ਸੀ, ਤਣਾਅਪੂਰਣ ਸੰਬੰਧਾਂ ਵਾਲੇ ਦੋ ਦੇਸਾਂ ਦਰਮਿਆਨ ਦੁਸ਼ਮਣੀ ਨੂੰ ਵਧਾਉਣਾ ਅਤੇ ਫ਼ਿਰ ਦੋਵਾਂ ਦੇਸਾਂ ਨੂੰ ਸੈਨਿਕ ਸਾਜੋਸਮਾਨ ਅਤੇ ਸੈਨਾ ਦੀਆਂ ਗੱਡੀਆਂ ਵੇਚਣਾ। ਇਸ ਦੀ ਇੱਕ ਮਸ਼ਹੂਰ ਉਦਾਹਰਣ ਨਾਰਦਨਫੇਲਟ ਪਣਡੁੱਬੀ ਦੀ ਹੈ।
ਉਧਾਰ ਭੁਗਤਾਨ ਦੀਆਂ ਸ਼ਰਤਾਂ ਦੇ ਵਾਅਦੇ ਨਾਲ ਜ਼ਾਹਰਾਫ਼ ਯੂਨਾਨੀਆਂ ਨੂੰ ਇਸ ਦਾ ਪਹਿਲਾ ਮਾਡਲ ਵੇਚਣ ਵਿੱਚ ਕਾਮਯਾਬ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਤੁਰਕੀ ਨੂੰ ਕਿਹਾ ਕਿ ਯੂਨਾਨ ਕੋਲ ਜਿਹੜੀ ਪਣਡੁੱਬੀ ਹੈ ਉਸ ਨਾਲ ਉਨ੍ਹਾਂ ਦੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ।
ਇਸ ਤਰ੍ਹਾਂ ਉਨ੍ਹਾਂ ਨੇ ਤੁਰਕੀ ਨੂੰ ਦੋ ਪਣਡੁੱਬੀਆ ਖ਼ਰਦੀਣ ਲਈ ਮਨਾ ਲਿਆ।
ਇਹ ਵੀ ਪੜ੍ਹੋ
ਇਸ ਤੋਂ ਬਾਅਦ ਉਨ੍ਹਾਂ ਨੇ ਰੂਸੀਆਂ ਨੂੰ ਮਨਾਇਆ ਅਤੇ ਤਿੰਨ ਪਣਡੁੱਬੀਆਂ ਨਾਲ ਕਾਲੇ ਸਾਗਰ ਦੇ ਇਲਾਕੇ ਵਿੱਚ ਸੁਰੱਖਿਆ ਲਈ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ।
ਇਸ ਤਰ੍ਹਾਂ ਉਨ੍ਹਾਂ ਨੇ ਰੂਸ ਨੂੰ ਦੋ ਹੋਰ ਪਣਡੁੱਬੀਆਂ ਵੇਚੀਆਂ।
ਇਨਾਂ ਵਿੱਚ ਕੋਈ ਵੀ ਪਣਡੁੱਬੀ ਕਦੀ ਵੀ ਇਸਤੇਮਾਲ ਵਿੱਚ ਨਹੀਂ ਲਿਆਂਦੀ ਜਾ ਸਕੀ ਪਰ ਇਨਾਂ ਨੂੰ ਤੈਣਾਤ ਜ਼ਰੂਰ ਕੀਤਾ ਗਿਆ। ਹਾਲਾਂਕਿ ਜਾਣਕਾਰ ਮੰਨਦੇ ਹਨ ਕਿ ਪਣਡੁੱਬੀ ਦਾ ਇਹ ਮਾਡਲ ਸਹੀ ਨਹੀਂ ਸੀ।

ਤਸਵੀਰ ਸਰੋਤ, Getty Images
ਜੰਗ
ਜ਼ਾਹਰਾਫ਼ ਨੂੰ ਇੱਕ ਦੇਸ ਨੂੰ ਦੂਸਰੇ ਦੇਸ ਵਿਰੁੱਧ ਭੜਕਾਉਣ ਵਾਲਾ ਮੰਨਿਆ ਜਾਂਦਾ ਸੀ। ਇਸ ਕਰਕੇ ਉਨ੍ਹਾਂ 'ਤੇ ਇਲਜ਼ਾਮ ਲੱਗੇ ਕਿ ਉਸ ਦੌਰ ਵਿੱਚ ਹੋਈਆਂ ਕਈ ਜੰਗਾਂ ਪਿੱਛੇ ਉਨ੍ਹਾਂ ਦਾ ਹੀ ਹੱਥ ਸੀ।
"ਦਾ ਐਡਵੈਂਚਰ ਆਫ਼ ਟਿਨਟਿਨ" ਕਾਰਟੂਨ ਸਟ੍ਰਿਪ ਬਣਾਉਣ ਵਾਲੇ ਬੈਲਜ਼ੀਅਮ ਦੇ ਕਾਰਟੂਨਿਸਟ ਜੌਰਜੇਸ ਰੇਮੀ ਨੇ ਜ਼ਾਹਰਾਫ਼ ਤੋਂ ਪ੍ਰੇਰਿਤ ਹੋ ਕਿ ਇੱਕ ਕਿਰਦਾਰ ਬਣਾਇਆ ਜਿਸਦਾ ਨਾਮ ਸੀ ਬੇਸਿਲ ਬਾਜ਼ਾਰਾਫ਼। ਇਸ ਕਿਰਦਾਰ ਨੂੰ ਉਨ੍ਹਾਂ ਨੇ ਸਾਲ 1937 ਵਿੱਚ ਪ੍ਰਕਾਸ਼ਿਤ ਹੋਈ ਕਿਤਾਬ "ਦਾ ਬ੍ਰੋਕੇਨ ਈਅਰ" ਵਿੱਚ ਜਗ੍ਹਾ ਦਿੱਤੀ।
ਕਿਤਾਬ ਵਿੱਚ ਬਾਜ਼ਾਰਾਫ਼ ਆਪਸ ਵਿੱਚ ਹਮੇਸ਼ਾਂ ਲੜਦੇ ਰਹਿਣ ਵਾਲੇ ਦੋ ਦੇਸਾਂ ਸੈਨ ਥਿਓਡੋਰਸ ਅੇਤ ਨਿਊਵੋਰਿਕੋ (ਕਾਲਪਨਿਕ ਨਾਮ) ਨੂੰ ਜੰਗ ਲਈ ਹਥਿਆਰ ਵੇਚਦੇ ਸਨ।
ਮੰਨਿਆ ਜਾਂਦਾ ਹੈ ਕਿ ਜੌਰਜੇਸ ਰੇਮੀ ਅਸਲ ਵਿੱਚ ਚਾਕੋ ਜੰਗ ਤੋਂ ਬੇਹੱਦ ਪ੍ਰਭਾਵਿਤ ਸੀ ਜੋ 1932 ਅਤੇ 1935 ਵਿੱਚ ਪਾਰਾਗਵੇ ਅਤੇ ਬੋਲੀਵੀਆ ਵਿੱਚ ਦਰਮਿਆਨ ਹੋਇਆ ਸੀ।
ਹਾਲ ਹੀ ਵਿੱਚ ਜ਼ਾਹਰਾਫ਼ ਦੀ ਜ਼ਿੰਦਗੀ ਬਾਰੇ 'ਦਾ ਮਰਚੈਂਟ ਆਫ਼ ਡੈਥ' ਨਾਮ ਦੀ ਕਿਤਾਬ ਲਿਖਣ ਵਾਲੇ ਉਰਗਵੇ ਦੇ ਲੇਖਕ ਡੇਰਵਾਸਿਓ ਪੋਸਾਦਾ ਦੱਸਦੇ ਹਨ ਕਿ ਇਹ ਉਨਾਂ ਜੰਗਾਂ ਵਿੱਚੋਂ ਇੱਕ ਸੀ ਜਿਨਾਂ ਲਈ ਜ਼ਾਹਰਾਫ਼ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ।
ਇਸ ਤੋਂ ਇਲਾਵਾ 1904 ਅਤੇ 1905 ਵਿੱਚ ਹੋਈ ਰੂਸ ਜਪਾਨ ਜੰਗ, ਏਸ਼ੀਆ ਅਤੇ ਅਫ਼ਰੀਕਾ ਵਿੱਚ ਬਰਤਾਨਵੀ ਉਪਨਿਵੇਸ਼ਵਾਦ ਖ਼ਿਲਾਫ਼ ਹੋਏ ਵਿਰੋਧ ਦੇ ਇਲਜ਼ਾਮ ਵੀ ਜ਼ਾਹਰਾਫ਼ ਸਿਰ ਹਨ।
ਸੱਚ ਹੋਵੇ ਜਾਂ ਨਾ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਉਸ ਦੌਰ ਵਿੱਚ ਹੋਈਆਂ ਲੜਾਈਆਂ ਦਾ ਜ਼ਾਹਰਾਫ਼ ਨੂੰ ਬਹੁਤ ਫ਼ਾਇਦਾ ਹੋਇਆ ਅਤੇ ਉਨ੍ਹਾਂ ਨੇ ਇਸ ਤੋਂ ਖ਼ੂਬ ਦੌਲਤ ਕਮਾਈ।
ਬਿਰਟਾਨਿਕਾ ਇਨਸਾਕਲੋਪੀਡੀਆ ਅਨੁਸਾਰ ਉਹ "ਹਥਿਆਰ ਵੇਚ ਕੇ ਕਰੋੜਪਤੀ ਬਣ ਗਏ"।

ਤਸਵੀਰ ਸਰੋਤ, Getty Images
ਨਿੱਜੀ ਜ਼ਿੰਦਗੀ
ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਵਿਵਾਦਾਂ ਤੋਂ ਬਚੀ ਨਾ ਰਹੀ। ਉਨ੍ਹਾਂ ਨੇ ਆਪਣੀ ਪਹਿਲਾ ਪਤਨੀ ਨੂੰ ਯੂਕੇ ਵਿੱਚ ਛੱਡ ਦਿੱਤਾ ਅਤੇ ਬਿਨ੍ਹਾਂ ਤਲਾਕ ਲਏ ਅਮਰੀਕਾ ਵਿੱਚ ਦੂਸਰਾ ਵਿਆਹ ਕਰ ਲਿਆ।
ਉਨ੍ਹਾਂ ਦੀ ਤੀਸਰੀ ਪਤਨੀ ਮਾਰੀਆ ਦੇ ਪਿਲਾਰ ਮੁਗੁਰਿਓ ਯੀ ਬਿਰੂਤੇ ਡਚੈਸ ਆਫ਼ ਵਿੱਲਾਫ਼ਰੈਕਸਾ ਸੀ ਅਤੇ ਸਪੇਨ ਦੀਆਂ ਸਭ ਤੋਂ ਅਮੀਰ ਔਰਤਾਂ ਵਿੱਚੋਂ ਇੱਕ ਸੀ। ਉਨ੍ਹਾਂ ਦਾ ਵਿਆਹ ਸਪੇਨ ਦੀ ਰਾਜ ਘਰਾਨੇ ਦੇ ਇੱਕ ਮੈਂਬਰ ਨਾਲ ਹੋਇਆ ਸੀ।
ਮਾਰੀਆ ਅਤੇ ਜ਼ਾਹਰਾਫ਼ ਦਰਮਿਆਨ ਵਿਆਹ ਬਾਹਰੇ ਸੰਬੰਧ ਸਨ। ਸਾਲ 1923 ਵਿੱਚ ਮਾਰੀਆ ਵਿਧਵਾ ਹੋ ਗਈ। ਜਿਸਤੋਂ ਬਾਅਦ ਦੋਵਾਂ ਨੇ ਵਿਆਹ ਕਰ ਲਿਆ।
ਪਰ ਵਿਆਹ ਤੋਂ ਤਿੰਨ ਸਾਲ ਬਾਅਦ ਮਾਰੀਆ ਦੀ ਮੌਤ ਹੋ ਗਈ।
ਇਸ ਤੋਂ ਬਾਅਦ ਜ਼ਾਹਰਾਫ਼ ਆਪਣਾ ਕੰਮ ਛੱਡ ਕੇ ਸੇਵਾਮੁਕਤ ਹੋ ਗਏ ਅਤੇ ਮੌਂਟੇ ਕਾਰਲੋ ਦੇ ਮੋਨੈਕੋ ਵਿੱਚ ਆ ਕੇ ਵਸ ਗਏ। ਇਥੇ ਉਹ ਇੱਕ ਕੈਸੀਨੋ ਚਲਾਉਂਦੇ ਸਨ। ਹਾਲਾਂਕਿ ਉਨ੍ਹਾਂ ਨੇ ਆਪ ਕਦੀ ਵੀ ਜੁਆ ਨਹੀਂ ਖੇਲਿਆ। 27 ਨਵੰਬਰ 1936 ਵਿੱਚ 87 ਸਾਲ ਦੀ ਉਮਰ ਵਿੱਚ ਜ਼ਾਹਰਾਫ਼ ਦੀ ਮੌਤ ਹੋ ਗਈ।

ਤਸਵੀਰ ਸਰੋਤ, Getty Images
ਸਨਮਾਨ
ਇਤਿਹਾਸ ਵਿੱਚ ਆਪਣੇ ਕਾਲੇ ਅਕਸ ਲਈ ਯਾਦ ਕੀਤੇ ਜਾਣ ਵਾਲੇ ਜ਼ਾਹਰਾਫ਼ ਨੂੰ ਪਹਿਲੀ ਵਿਸ਼ਵ ਜੰਗ ਵਿੱਚ ਉਨ੍ਹਾਂ ਦੇ ਅਹਿਮ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।
ਮਿੱਤਰ ਦੇਸਾਂ ਦੇ ਉੱਚ ਸ਼੍ਰੇਣੀ ਦੇ ਏਜੰਟ ਵਜੋਂ ਉਨ੍ਹਾਂ ਨੇ ਯੂਨਾਨ ਨੂੰ ਮਿੱਤਰ ਦੇਸਾਂ ਵੱਲ ਲੈ ਜਾਣ ਵਿੱਚ ਅਹਿਮ ਭੂਮਿਕਾ ਨਿਭਾਈ।
ਜੰਗ ਤੋਂ ਬਾਅਦ ਫ਼ਰਾਂਸ ਨੇ ਉਨ੍ਹਾਂ ਨੂੰ ਦੇਸ ਦੀ ਮਾਣ ਵਾਲੀ ਲੀਜ਼ਨ ਆਫ਼ ਆਨਰ ਵਿੱਚ ਇੱਕ ਵੱਡਾ ਅਧਿਕਾਰੀ ਬਣਾ ਕੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਮਾਨਤਾ ਦਿੱਤੀ।
ਬਰਤਾਨੀਆ ਨੇ ਵੀ ਉਨ੍ਹਾਂ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਨਾਈਟ ਦੀ ਉਪਾਧੀ ਨਾਲ ਨਵਾਜ਼ਿਆ, ਇਸ ਕਰਕੇ ਉਨ੍ਹਾਂ ਨੂੰ ਸਰ ਬੇਸਿਲ ਜ਼ਾਹਰਾਫ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












