ਇਸ ਦੇਸ਼ ਵਿੱਚ ਅਗਲੇ ਸਾਲ ਪੈਦਾ ਹੋਣਗੇ ਦੋ ਲੱਖ ਤੋਂ ਵੀ ਵੱਧ ਬੱਚੇ

- ਲੇਖਕ, ਹੌਵਰਡ ਜੌਨਸਨ, ਵਿਰਮਾ ਸਿਮੋਨੈਟ ਅਤੇ ਫ਼ਲੋਰਾ ਡਰੋਰੀ
- ਰੋਲ, ਬੀਬੀਸੀ ਨਿਊਜ਼
ਰੋਵੇਲੀ ਜ਼ਬਾਲਾ ਆਪਣੇ 10ਵੇਂ ਬੱਚੇ ਨਾਲ ਗਰਭਵਤੀ ਹਨ।
ਜਦੋਂ ਅਸੀਂ 41 ਸਾਲਾ ਰੋਵੇਲੀ ਨਾਲ ਗੱਲ ਕਰਦੇ ਹਾਂ ਉਹ ਅਜੀਬ ਜਿਹੇ ਤਰੀਕੇ ਨਾਲ ਝੁੱਕਦੇ ਹਨ ਅਤੇ ਪੂਰੀ ਤਾਕਤ ਲਾ ਕੇ ਆਪਣੇ ਨੌਂ ਸਾਲਾਂ ਦੇ ਬੱਚੇ ਨੂੰ ਗੋਦੀ ਵਿੱਚ ਚੁੱਕਦੇ ਹਨ।
ਜਦੋਂ ਰੋਵੇਲੀ ਆਪਣੇ ਬੱਚਿਆਂ ਦੇ ਨਾਮ ਦੱਸਦੇ ਹਨ, "ਕਰਲ, ਜੈਵਲ, ਜੋਆਇਸ…" ਛੇ ਸਾਲਾਂ ਦਾ ਚਾਰਲੀ ਆਪਣੀ ਮਾਂ ਵੱਲ ਘੂਰਦਾ ਹੈ। ਰੋਵੇਲੀ ਮਸੂਮੀਅਤ ਨਾਲ ਕਹਿੰਦੇ ਹਨ, "ਮੁਆਫ਼ ਕਰਨਾ, ਉਸ ਦਾ ਨਾਮ ਚਾਰਲੀ ਹੈ।"
ਇਹ ਵੀ ਪੜ੍ਹੋ
ਰੋਵੇਲੀ ਨੂੰ ਪਰਿਵਾਰ ਨਿਯੋਜਨ ਬਾਰੇ ਪਤਾ ਲੱਗਣ ਤੋਂ ਪਹਿਲਾਂ ਉਨ੍ਹਾਂ ਦੇ ਸੱਤ ਬੱਚੇ ਸਨ। ਪਰ ਹੁਣ ਉਹ ਦੁਨੀਆਂ ਦੇ ਸਭ ਤੋਂ ਸਖ਼ਤ ਲੌਕਡਾਊਨ ਦੌਰਾਨ ਗਰਭਵਤੀ ਹੋਏ, ਜਦੋਂ ਸੈਨਿਕਾਂ ਨੂੰ ਬਖ਼ਤਰਬੰਦ ਕਰਮੀਆਂ ਦੇ ਵਾਹਨਾਂ ਵਿੱਚ ਗਲੀਆਂ ਵਿੱਚ ਗ਼ਸ਼ਤ ਕਰਦੇ ਦੇਖਿਆ ਗਿਆ।
ਪੁਲਿਸ ਚੌਂਕੀਆਂ ਲੋਕਾਂ ਦੇ ਆਉਣ ਜਾਣ 'ਤੇ ਪਾਬੰਦੀ ਲਾ ਰਹੀਆਂ ਸਨ ਅਤੇ ਰਾਸ਼ਨ ਦੀ ਦੁਕਾਨ ਤੋਂ ਸਾਮਾਨ ਲਿਆਉਣ ਲਈ ਪਰਿਵਾਰ ਦੇ ਸਿਰਫ਼ ਇੱਕ ਮੈਂਬਰ ਨੂੰ ਘਰ ਤੋਂ ਬਾਹਰ ਜਾਣ ਦੀ ਆਗਿਆ ਸੀ।
ਲੌਕਡਾਊਨ ਦਾ ਮਤਲਬ ਇਹ ਵੀ ਸੀ ਕਿ ਹਜ਼ਾਰਾਂ ਔਰਤਾਂ ਗਰਭ ਨਿਰੋਧਕਾਂ ਤੱਕ ਪਹੁੰਚ ਕਰਨ ਵਿੱਚ ਅਸਮਰੱਥ ਹੋ ਗਈਆਂ, ਨਤੀਜਾ ਇਹ ਹੋਇਆ ਕਿ ਦੇਸ ਵਿੱਚ ਰੋਵੇਲੀ ਵਾਂਗ ਬਗ਼ੈਰ ਯੋਜਨਾ ਦੇ ਗਰਭਧਾਰਨ ਦੀ ਕਹਾਣੀ ਦੁਹਰਾਈ ਗਈ।
ਖ਼ੈਰ, ਯੂਨੀਵਰਸਿਟੀ ਆਫ਼ ਫ਼ਿਲੀਪਾਈਨਜ਼ ਪਾਪੁਲੇਸ਼ਨ ਇੰਸਟੀਚਿਊਟ ਅਤੇ ਯੂਨਾਈਟਿਡ ਨੇਸ਼ਨਜ਼ ਪਾਪੁਲੇਸ਼ਨ ਫ਼ੰਡ ਦੇ ਕਿਆਸਿਆਂ ਮੁਤਾਬਿਕ ਅਗਲੇ ਸਾਲ ਅੰਦਾਜ਼ਨ 2,14000 ਗ਼ੈਰ ਯੋਜਨਾਬੱਧ ਬੱਚਿਆਂ ਦਾ ਜਨਮ ਹੋਵੇਗਾ।
ਇਨ੍ਹਾਂ ਬੱਚਿਆਂ ਦਾ ਜਨਮ ਵੀ ਪਹਿਲਾਂ ਤੋਂ ਹਰ ਸਾਲ 17 ਲੱਖ ਬੱਚਿਆਂ ਦੇ ਜਨਮ ਦਾ ਬੋਝ ਝੱਲਦੇ ਹਸਪਤਾਲਾਂ ਵਿੱਚ ਹੋਵੇਗਾ, ਬਹੁਤਾ ਕਰਕੇ ਉਨ੍ਹਾਂ ਪਰਿਵਾਰਾਂ ਵਿੱਚ ਜਿਹੜੇ ਪਹਿਲਾਂ ਹੀ ਜ਼ਰੂਰਤਾਂ ਪੂਰੀਆਂ ਕਰਨ ਲਈ ਜਦੋਜਹਿਦ ਕਰ ਰਹੇ ਹਨ ਅਤੇ ਇਹ ਮਹਿਜ਼ ਸ਼ੁਰੂਆਤ ਹੈ।
ਕਿਉਂਕਿ ਸਿਰਫ਼ ਮਾਹਾਮਾਰੀ ਫ਼ਿਲੀਪਾਈਨਜ਼ ਦੀ ਜਨਸੰਖਿਆ ਸਮੱਸਿਆ ਦਾ ਇੱਕੋ ਇੱਕ ਕਾਰਨ ਨਹੀਂ ਹੈ, ਨੇੜਿਓਂ ਦੇਖਣ 'ਤੇ ਸਮੱਸਿਆਂ ਪੈਦਾ ਹੋਣ ਦੀ ਕਹਾਣੀ ਸਮਝ ਆਉਂਦੀ ਹੈ।

ਤਸਵੀਰ ਸਰੋਤ, AFP
ਇੱਕ ਮਜ਼ਬੂਤ ਪਕੜ
ਫ਼ਿਲੀਪਾਈਨਜ਼ ਦੀ ਰਾਜਧਾਨੀ ਇੱਕ ਸ਼ਹਿਰ ਹੈ ਜੋ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਸ਼ਹਿਰ ਪਹਿਲਾਂ ਹੀ 1.3 ਕਰੋੜ ਆਬਾਦੀ ਨਾਲ ਮਨੀਲਾ ਦੀ ਖਾੜੀ ਤੋਂ ਲੈ ਕੇ ਸਿਏਰਾ ਮੈਡਰੇ ਪਹਾੜ੍ਹੀ ਖੇਤਰ ਤੱਕ ਫ਼ੈਲਿਆ ਹੋਇਆ ਹੈ।
ਸਾਲ 2015 ਦੇ ਅੰਕੜਿਆਂ ਮੁਤਾਬਿਕ ਔਸਤਨ ਹਰ ਵਰਗ ਕਿਲੋਮੀਟਰ ਵਿੱਚ 70,000 ਲੋਕਾਂ ਦਾ ਰੈਣ ਬਸਰ ਹੈ।
ਘੁਟਣ ਹਰ ਥਾਂ ਦੇਖੀ ਜਾ ਸਕਦੀ ਹੈ, ਸ਼ਹਿਰ ਦੇ ਟ੍ਰੈਫ਼ਿਕ ਜਾਮ ਤੋਂ ਲੈ ਕੇ ਜ਼ੇਲ ਤੱਕ ਹਰ ਜਗ੍ਹਾ। ਇਥੇ ਲੋਕ ਉਸ ਤਰ੍ਹਾਂ ਸੌਂਦੇ ਹਨ ਜਿਵੇਂ ਛੋਟੀਆਂ ਮੱਛੀਆਂ ਆਪਣੇ ਘੁਰਣਿਆਂ ਵਿੱਚ ਸੌਂਦੀਆਂ ਹਨ, ਸਮਰੱਥਾਂ ਤੋਂ 300 ਫ਼ੀਸਦ ਵੱਧ।
ਇਹ ਗ਼ਰੀਬ ਲੋਕ ਹਨ ਜੋ ਵੱਧ ਭੀੜ ਭਾੜ ਵਾਲੇ ਇਲਾਕਿਆਂ ਵਿੱਚ ਰਹਿੰਦੇ ਹਨ। ਜਿਥੇ ਕਈ ਲੋਕ ਇੰਨੀ ਗਰੀਬੀ ਵਿੱਚ ਰਹਿੰਦੇ ਹਨ ਕਿ ਕੂੜੇਦਾਨਾਂ ਵਿੱਚ ਸੁੱਟਿਆ ਮੀਟ ਚੁੱਕ ਕੇ ਖਾਂਦੇ ਹਨ।
ਮਾਹਰ ਤਰਕ ਦਿੰਦੇ ਹਨ ਕਿ ਕੁਝ ਹੱਦ ਤੱਕ ਗ਼ਰੀਬੀ ਦੇਸ ਦੀ ਵੱਧ ਜਨਮ ਦਰ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ। ਜਿਵੇਂ ਕਿ ਅਧਿਐਨ ਵਿੱਚ ਦਿਖਾਇਆ ਗਿਆ ਹੈ ਜਨਮ ਦਰ ਦੋ ਬੱਚਿਆਂ ਨੇ ਨੇੜੇ ਰਹੇ ਤਾਂ ਕਿ ਜਨਸੰਖਿਆ ਨਾ ਵੱਧੇ ਨਾ ਘਟੇ, ਅਤੇ ਗ਼ਰੀਬੀ ਵਿੱਚ ਜਨਮ ਲੈਣ ਵਾਲੇ ਬੱਚਿਆਂ ਦੀ ਗਿਣਤੀ ਵਿੱਚ ਕਮੀ ਹੋਣ ਨਾਲ ਦੇਸ ਦੀ ਤਰੱਕੀ ਦੀ ਦਰ ਵਧੇ।
ਇਹ ਵੀ ਪੜ੍ਹੋ
ਬਦਲੇ ਵਿੱਚ, ਘਟੀ ਹੋਈ ਆਬਾਦੀ ਨੂੰ ਕੌਮੀ ਬਜਟ ਦਾ ਵੱਡਾ ਭਾਗ ਮਿਲੇਗਾ, ਜੋ ਸਥਾਈ ਸਾਧਨਾਂ ਦੀ ਵਰਤੋਂ ਅਤੇ ਜ਼ਿੰਗਦੀ ਦੇ ਮੌਕੇ ਬਹਿਤਰ ਬਣਾਵੇਗਾ।
ਫ਼ਿਲਪਾਈਨਜ਼ ਸਰਕਾਰ ਵੀ ਇਸ ਬਾਰੇ ਜਾਣਦੀ ਹੈ। ਸਾਲ 1960 ਤੋਂ ਇਹ ਦੇਸ ਦੀ ਜਨਮ ਦਰ ਨੂੰ ਘੱਟ ਕਰਨ 'ਤੇ ਕੰਮ ਕਰ ਰਹੀ ਹੈ ਅਤੇ ਸਰਕਾਰ ਨੂੰ ਇਸ ਪੱਖੋਂ ਥੋੜ੍ਹੀ ਬਹੁਤ ਕਾਮਯਾਬੀ ਵੀ ਮਿਲੀ।
ਇਸ ਤਰ੍ਹਾਂ ਭਾਵੇਂ ਜਣਸੰਖਿਆ ਤਕਰੀਬਨ ਤਿੰਨ ਗੁਣਾ ਵਧੀ ਹੈ, 3.5 ਕਰੋੜ ਤੋਂ ਵੱਧ ਕੇ 11 ਕਰੋੜ ਹੋ ਗਈ ਹੈ। ਇਸ ਦੀ ਜਨਮ ਦਰ ਵਿੱਚ ਮੁਕਾਬਲਤਨ ਕਮੀ ਆਈ ਹੈ ਅਤੇ ਇਹ ਸਾਲ 1969 ਵਿੱਚ 6.4 ਦੇ ਮੁਕਾਬਲੇ 2.75 ਹੋਈ ਹੈ।
ਉਹ ਇਸ ਸਮੇਂ ਵਿੱਚ ਆਪਣੇ ਨਾਲ ਦੇ ਦੂਸਰੇ ਦੇਸਾਂ ਦੱਖਣ-ਪੂਰਬੀ ਏਸ਼ਿਆਈ ਮੁਲਕ ਥਾਈਲੈਂਡ ਦੇ ਮੁਕਾਬਲੇ ਕਿਤੇ ਘੱਟ ਕਾਮਯਾਬ ਹੋਏ ਹਨ।
ਯੂਐਨ ਦੇ ਅੰਕੜਿਆਂ ਮੁਤਬਿਕ ਬੋਧੀ ਦੇਸ ਨੇ ਜਨਮ ਦਰ ਸਾਲ 1960 ਦੀ 5.8 ਬੱਚੇ ਪ੍ਰਤੀ ਮਾਂ ਤੋਂ ਘੱਟ ਕੇ ਸਾਲ 2020 ਵਿੱਚ 1.5 ਰਹਿ ਗਈ ਹੈ।

ਇਥੇ ਗਰੀਬੀ ਦੀ ਦਰ ਵੀ ਫ਼ਿਲੀਪਾਈਨਜ਼ ਦੀ 17ਫ਼ੀਸਦ ਦੇ ਮੁਕਾਬਲੇ ਹੁਣ 10ਫ਼ੀਸਦ ਹੈ।
ਪਰ ਇਹ ਫ਼ਰਕ ਕਿਉਂ? ਕੁੱਝ ਹੱਦ ਤੱਕ, ਫ਼ਿਲੀਪਾਈਨਜ਼ ਦੀ ਬਹੁਤ ਹੀ ਪ੍ਰਭਾਵਸ਼ਾਲੀ ਕੈਥੋਲਿਕ ਚਰਚ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ, ਜਿਸ 'ਤੇ ਗਰਭ ਨਿਰੋਧਕਾਂ ਦੇ ਵਿਰੋਧ ਵਿੱਚ, ਇੱਕ ਆਇਤ "ਫ਼ਲਦਾਰ ਬਣੋ, ਅਤੇ ਗੁਣਨ ਕਰੋ" ਨਾਲ ਜਨਮ ਦਰ ਵਧਾਉਣ ਲਈ ਉਤਸ਼ਾਹਿਤ ਕਰਨ ਦੇ ਇਲਜ਼ਾਮ ਲੱਗੇ ਹਨ।
ਕੈਥੋਲਿਕ ਬਿਸ਼ਪਾਂ ਦੀ ਕਾਂਵਫ਼ਰੈਂਸ ਆਫ਼ ਫ਼ਿਲੀਪਾਈਨਜ਼ ਦੇ ਫ਼ਾਦਰ ਜੈਰੋਮ ਸੈਕੀਲਾਨੋ ਨੇ ਇੱਕ ਵੀਡੀਓ ਕਾਲ ਜ਼ਰੀਏ ਮੈਨੂੰ ਕਿਹਾ, "ਬੇਸ਼ੱਕ ਅਸੀਂ ਇਸ ਦਾ (ਗਰਭ ਨਿਰੋਧਕਾਂ ਦਾ) ਵਿਰੋਧ ਕਰਾਂਗੇ।"
ਇਹ ਫ਼ਤਵੇ ਦਾ ਹਿੱਸਾ ਹੈ ਕਿ ਇਨਾਂ ਅਖੌਤੀ ਜਣਨ ਗੋਲੀਆਂ ਦੀ ਇਜ਼ਾਜਤ ਨਾ ਦੇਣਾ...ਇਹ ਅਖੌਤੀ ਨੈਤਿਕ ਬੇਨਤੀ ਸਿਰਫ਼ ਲੋਕਾਂ ਨੂੰ ਇਸ ਦੇ ਨੈਤਿਕ ਪ੍ਰਭਾਵਾਂ ਬਾਰੇ ਯਾਦ ਕਰਵਾਉਣ ਲਈ ਹੈ, ਇਸ ਦੇ ਸਾਡੇ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ। ਪਰ ਜੇ ਲੋਕ ਸਾਡੇ ਕਹੇ ਦੀ ਪਾਲਣਾ ਨਹੀਂ ਕਰਨਗੇ, ਤਾਂ ਅਜਿਹਾ ਹੀ ਹੋਵੇਗਾ।"
ਚਰਚ ਦੀਆਂ ਗ਼ਲਤਫ਼ਹਿਮੀਆਂ ਦੇ ਬਾਵਜੂਦ ਫ਼ਿਲੀਪਾਈਨ ਇਸ 'ਤੇ ਕਾਬੂ ਪਾ ਰਿਹਾ ਹੈ। ਰਾਸ਼ਟਰਪਤੀ ਰੋਡਰੀਗੋ ਡੁਟਰਟੇ ਦੇ ਸਾਬਕਾ ਸਮਾਜਿਕ-ਅਰਥਸ਼ਾਸਤਰ ਮੰਤਰੀ ਅਰਨੈਸਟੋ ਪਰਨੀਆ ਤਰਕ ਦਿੰਦੇ ਹਨ, ਮੌਜੂਦਾ ਘਟੀ ਹੋਈ ਗ਼ਰੀਬੀ ਨੂੰ ਸਿੱਧੇ ਤੌਰ 'ਤੇ ਸਰਕਾਰ ਵਲੋਂ ਰੀਪ੍ਰੋਡਕਸ਼ਨ ਹੈਲਥ ਲਾਅ (ਆਰਐਚਐਲ) ਅਧੀਨ ਕੀਤੇ ਕੰਮਾਂ ਨਾਲ ਜੋੜਿਆ ਜਾ ਸਕਦਾ ਹੈ ਜਿਸ ਤਹਿਤ ਸੈਕਸ ਸਿੱਖਿਆ ਅਤੇ ਗਰਭ ਨਿਰੋਧਕਾਂ ਨੂੰ ਗਰੀਬਾਂ ਲਈ ਮੁਫ਼ਤ ਮੁਹੱਈਆ ਕਰਵਾਇਆ ਗਿਆ।
ਕੋਵਿਡ-10 ਭਾਵੇਂ, ਇਨਾਂ ਮੁਸ਼ਕਿਲ ਨਾਲ ਪ੍ਰਾਪਤ ਕੀਤੇ ਨਤੀਜਿਆਂ ਨੂੰ ਮਿਟਾ ਸਕਦਾ ਹੈ।
ਕਮਿਸ਼ਨ ਔਨ ਪਾਪੋਲੇਸ਼ਨ ਐਂਡ ਡੀਵੈਲਪਮੈਂਟ ਦੇ ਐਗਜ਼ੀਕਿਊਟਿਵ ਡਾਇਰੈਕਟਰ, ਜੌਨ ਐਨਟੋਨੀਓ ਪਰੇਜ਼ ਕਹਿੰਦੇ ਹਨ, "ਅਸੀਂ ਮੁਕੰਮਲ ਚਾਰ ਸਾਲ ਗੁਆ ਦੇਵਾਂਗੇ ਜਿਹੜੇ ਅਸੀਂ ਇਸ ਪ੍ਰੋਗਰਾਮ 'ਤੇ ਕੰਮ ਕਰ ਰਹੇ ਸਨ।"
"ਸਾਡੇ ਕੋਲ ਵਧੇਰੇ ਯੋਜਨਾਰਹਿਤ ਗਰਭ ਧਾਰਨ ਹੋਣਗੇ, ਇਸ ਸਮੇਂ ਜੋ ਦਰ ਹੈ ਉਸ ਮੁਤਬਿਕ ਦਸਾਂ ਵਿੱਚੋਂ ਹਰ ਤੀਜਾ ਬੱਚਾ ਗ਼ੈਰ ਯੋਜਨਾਬੱਧ ਹੈ। ਇਹ ਦਰ ਸੰਭਾਵਿਤ ਤੌਰ 'ਤੇ ਇੰਨੀ ਜ਼ਿਆਦਾ ਹੋ ਸਕਦੀ ਹੈ ਕਿ ਅਗਲੇ ਸਾਲ ਤਕਰੀਬਨ ਅੱਧੇ ਗਰਭ ਧਾਰਨ ਗ਼ੈਰਯੋਜਨਾਬੱਧ ਹੋਣ, ਸਭ ਤੋਂ ਮਾੜੇ ਹਾਲਾਤ ਵਿੱਚ।"

ਬੱਚਿਆਂ ਦੀ ਫ਼ੈਕਟਰੀ
ਡਾਯ ਜੋਸ ਫਾਬੇਲਾ ਮੈਮੋਰੀਅਲ ਮੈਡੀਕਲ ਹਸਪਤਾਲ ਦਾ ਸਟਾਫ਼ ਵਿਅਸਤ ਰਹਿਣ ਦਾ ਆਦੀ ਹੈ। ਸਾਲ 2012 ਵਿੱਚ ਹਸਪਤਾਲ ਵਿੱਚ ਹਰ ਦਿਨ 120 ਬੱਚਿਆਂ ਦਾ ਜਨਮ ਹੁੰਦਾ ਸੀ, ਵੱਧਦੇ ਸਾਲਾਂ ਨਾਲ ਅਮਰੀਕਨ ਬਸਤੀਵਾਦ ਦੌਰ ਦੇ ਜਣੇਪਾ ਵਾਰਡ ਨੂੰ "ਦਾ ਬੇਬੀ ਫ਼ੈਕਟਰੀ" ਕਿਹਾ ਜਾਣ ਲੱਗਿਆ।
ਸਾਲ 2013 ਵਿੱਚ ਐਚਆਰਐਲ ਨੂੰ ਮਾਨਤਾ ਮਿਲਣ ਤੋਂ ਬਾਅਦ ਗਿਣਤੀ ਤਰੀਬਨ ਅੱਧੀ ਰਹਿਣ ਨਾਲ ਸਥਿਤੀਆਂ ਵਿੱਚ ਸੁਧਾਰ ਆਇਆ ਹੈ।
ਪਰ ਹੁਣ ਉਹ ਆਪਣੇ ਆਪ ਨੂੰ "ਬੇਬੀ ਬੂਮ" ਲਈ ਤਿਆਰ ਕਰ ਰਹੇ ਹਨ।
ਜਿਵੇਂ ਹੀ ਵਾਰਡ ਇੱਕ ਵਿੱਚ ਦਾਖ਼ਲ ਹੁੰਦੇ ਹਾਂ ਸਾਨੂੰ ਬੱਚਿਆਂ ਦੇ ਰੋਣ ਦੀ ਆਵਾਜ਼ ਆਉਂਦੀ ਹੈ।
ਫ਼ੁੱਟਬਾਲ ਦੀ ਪਿਚ ਤੋਂ ਅੱਧੇ ਸਾਈਜ਼ ਦੇ ਕਮਰੇ ਵਿੱਚ, ਮੈਟਲ ਫ਼ਰੇਮ ਦੇ ਸਿੰਗਲ ਬੈਡ ਜੋੜਿਆਂ ਵਿੱਚ ਇੱਕ ਦੂਸਰੇ ਦੇ ਨੇੜੇ ਧੱਕੇ ਹੋਏ, ਇੱਕ ਸਾਫ਼ ਕਤਾਰ ਵਿੱਚ ਲੱਗੇ ਹੋਏ ਹਨ।
ਪੱਖੇ ਦੂਰ ਚੱਲ ਰਹੇ ਹਨ, ਸ਼ਾਇਦ ਹੀ ਗਰਮੀ ਅਤੇ ਭੜਾਸ ਨੂੰ ਘਟਾਉਣ 'ਤੇ ਕੋਈ ਅਸਰ ਪਾਉਂਦੇ ਹੋਣ।
ਡੀਲਵਰੀ ਗਾਊਨ ਪਹਿਨੀ ਅਤੇ ਚਿਹਰੇ 'ਤੇ ਮਾਸਕ ਤੇ ਸ਼ੀਲਡ ਲਾਈ ਮਾਂਵਾਂ ਬੈਠੀਆਂ ਆਪਣੇ ਨਵਜੰਮੇਂ ਬੱਚਿਆਂ ਦੇ ਪੰਘੂੜਿਆਂ ਨੂੰ ਹੁਲਾਰੇ ਦਿੰਦੀਆਂ ਹਨ।
ਡਾ. ਡਿਆਨਾ ਕੈਜ਼ੀਪੇ ਕਹਿੰਦੇ ਹਨ, "ਹਾਲੇ ਤੁਹਾਡੇ ਕੋਲ ਦੋ ਬੈਡਾਂ 'ਤੇ ਸਿਰਫ਼ ਤਿੰਨ ਜਾਂ ਚਾਰ ਮਰੀਜ਼ ਹੀ ਹਨ। ਮਾੜੀ ਕਿਸਮਤ ਨੂੰ ਸਾਡੇ ਕੋਲ ਜਗ੍ਹਾ ਨਹੀਂ ਹੈ, ਹਾਲੇ ਵੀ ਬਹੁਤ ਸਾਰੇ ਮਰੀਜ਼ ਆਉਣਗੇ।"
"ਇਹ ਪਹਿਲਾਂ ਹੀ ਹਸਤਪਾਲ ਦੀ ਸਮਰੱਥਾਂ ਤੋਂ ਕਿਤੇ ਵੱਧ ਹੈ। ਇਹ ਗਿਣਤੀ ਦੋ ਇਕੱਠੇ ਰੱਖੇ ਬੈਡਾਂ 'ਤੇ ਛੇ ਤੋਂ ਸੱਤ ਮਰੀਜ਼ਾਂ ਤੱਕ ਪਹੁੰਚ ਜਾਂਦੀ ਹੈ।"
ਵਾਇਰਸ ਸਿਰਫ਼ ਗਿਣਤੀ ਦੀ ਸਮੱਸਿਆ ਹੀ ਪੈਦਾ ਨਹੀਂ ਕਰ ਰਿਹਾ, ਪਿਛਲੇ ਮਹੀਨੇ ਹਸਪਤਾਲ ਨੂੰ ਅਸਥਾਈ ਤੌਰ 'ਤੇ ਬੰਦ ਕਰਨਾ ਪਿਆ ਜਦੋਂ ਸੱਤ ਰਹਇਸ਼ੀ ਅਤੇ ਇੱਕ ਨਰਸ ਨੂੰ ਕੋਰੋਨਾ ਲਾਗ਼ ਲੱਗ ਗਈ ਸੀ।
ਅਜਿਹੀਆਂ ਬੰਦ ਥਾਵਾਂ 'ਤੇ ਇਹ ਸੋਚਣਾ ਔਖਾ ਨਹੀਂ ਕਿ ਵਾਇਰਸ ਕਿੰਨੀ ਤੇਜ਼ੀ ਨਾਲ ਫ਼ੈਲ ਸਕਦਾ ਹੈ।
ਹਸਪਤਾਲ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਨਵੀਂ ਬਿਲਡਿੰਗ ਨਾਲ ਬੈਡਾਂ ਲਈ ਵੱਧ ਜਗ੍ਹਾ ਮਿਲੇਗੀ, ਪਰ ਹਾਲੇ ਇਹ ਮੁਕੰਮਲ ਨਹੀਂ ਹੈ।

ਤਸਵੀਰ ਸਰੋਤ, AFP
'ਕਾਫ਼ਰ'
ਪਰਨੀਆ ਦੀ ਨਿਗ੍ਹਾ ਵਿੱਚ ਇਸ ਗੱਲ ਲਈ ਕੋਈ ਸ਼ੱਕ ਨਹੀਂ ਕਿ ਬੇਬੀ ਬੂਮ ਦਾ ਲੰਬੇ ਸਮੇਂ ਦਾ ਮੁੱਲ ਕਈ ਪੁਸ਼ਤਾਂ ਤੱਕ ਵਧੇਰੇ ਗਰੀਬੀ ਹੋਵੇਗਾ, ਗਰੀਬ ਉਨ੍ਹਾਂ ਬੱਚਿਆਂ ਨੂੰ ਜਨਮ ਦੇ ਰਹੇ ਹਨ ਜਿਨ੍ਹਾਂ ਨੂੰ ਸਿਸਟਮ ਸੰਭਾਲ ਨਹੀਂ ਸਕਦਾ।
ਪਰ ਕੋਵਿਡ-19 ਨੇ ਪਹਿਲਾਂ ਤੋਂ ਹੀ ਖਿੱਚੇ ਹੋਏ ਕੌਮੀ ਬਜਟ ਨੂੰ ਹੋਰ ਵੱਡਾ ਝਟਕਾ ਦਿੱਤਾ ਹੈ, ਜਿਹੜਾ ਕਿ ਹੋਰ ਸਮੱਸਿਆਂਵਾਂ ਪੈਦਾ ਕਰੇਗਾ।
ਪਰਨੀਆ ਕਹਿੰਦੇ ਹਨ, "ਮੈਂ ਕਹਿੰਦਾ ਸੀ ਸਾਨੂੰ ਜਨਸੰਖਿਆ ਪ੍ਰੋਗਰਾਮ ਨੂੰ ਅਸਲ 'ਚ ਪੂਰੀ ਤਰ੍ਹਾਂ ਲਾਗੂ ਕਰਨ ਲਈ ਘੱਟੋ ਘੱਟ 200 ਕਰੋੜ ਪੀਸੋਜ਼ (4.15 ਕਰੋੜ ਡਾਲਰ) ਦੀ ਹਰ ਸਾਲ ਲੋੜ ਹੈ।"
"ਪਰ ਜਿਹੜਾ ਬਜਟ ਜਨਸੰਖਿਆ ਕਮਿਸ਼ਨ ਨੂੰ ਦਿੱਤਾ ਗਿਆ ਉਹ ਕਰੀਬ 50 ਕਰੋੜ ਪੀਸੋਜ਼ (1.04 ਕਰੋੜ ਡਾਲਰ) ਹੈ, ਜਿੰਨਾਂ ਚਾਹੀਦਾ ਹੈ ਉਸਦਾ ਤਕਰੀਬਨ ਚੌਥਾ ਹਿੱਸਾ।"
ਪਰਨੀਆ ਕਹਿੰਦੇ ਹਨ, ਰਾਸ਼ਟਰਪਤੀ ਡੋਟਰਟੇ ਪਰਿਵਾਰ ਨਿਯੋਜਨ ਦੇ ਚੰਗੇ ਹਮਾਇਤੀ ਹਨ ਪਰ ਉਨ੍ਹਾਂ ਦਾ ਧਿਆਨ ਡਰੱਗ ਅਤੇ ਭ੍ਰਿਸ਼ਟਾਚਾਰ ਵੱਲ ਵਧੇਰੇ ਕੇਂਦਰਿਤ ਹਨ।"
ਉਨ੍ਹਾਂ ਦਾ ਇਸ਼ਾਰਾ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਖ਼ੂਨੀ ਅਤੇ ਹਿੰਸਕ ਡੀਲਰਾਂ ਤੇ ਇਸਤੇਮਾਲ ਕਰਨ ਵਾਲਿਆਂ ਵੱਲ ਸੀ।
ਆਰਐਚਐਲ ਨੂੰ ਕੈਥੌਲਿਕ ਚਰਚ ਨਾਲ ਜੁੜੇ ਚੈਰਿਟੀ ਸੰਸਥਾਨਾਂ ਵਲੋਂ ਮੁਕੱਦਮੇਬਾਜ਼ੀ ਦਾ ਵੀ ਸਾਹਮਣਾ ਕਰਨਾ ਪਿਆ, ਨਤੀਜੇ ਵਲੋਂ ਸਵੇਰ ਦੀ ਗੋਲੀ ਗ਼ੈਰ ਕਾਨੂੰਨੀ ਬਣ ਗਈ ਨਾਬਾਲਗਾਂ ਲਈ ਪਰਿਵਾਰ ਨਿਯੋਜਨ ਤੋਂ ਮਨਾਹੀ ਹੋ ਗਈ, ਜਦੋਂ ਤੱਕ ਉਨ੍ਹਾਂ ਕੱਲ ਮਾਪਿਆਂ ਵਲੋਂ ਸਹਿਮਤੀ ਨਾ ਹੋਵੇ।
ਇਹ ਧਿਆਨ ਦੇਣ ਯੋਗ ਗੱਲ ਹੈ ਕਿ ਫ਼ਿਲੀਪਾਈਨਜ਼ ਵਿੱਚ ਅਲੱੜ੍ਹ ਉਮਰ ਦੇ ਗਰਭਧਾਰਨ ਦੀ ਦਰ ਦੱਖਣ ਪੂਰਬੀ ਏਸ਼ੀਆਂ ਵਿੱਚ ਦੂਸਰੇ ਨੰਬਰ 'ਤੇ ਸਭ ਤੋਂ ਵੱਧ ਹੈ।
ਪੋਪਕੋਮ ਵਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਇਹ ਦਰ 20ਫ਼ੀਸਦ ਤੱਕ ਵੱਧ ਸਕਦੀ ਹੈ।
ਕੈਥੋਲਿਕ ਚਰਚ ਨੇ ਇਸ ਵਿਰੁੱਧ ਕੀਤੇ ਗਏ ਦਾਅਵਿਆਂ ਤੋਂ ਇਨਕਾਰ ਕੀਤਾ ਹੈ। ਅਤੇ ਸਰਕਾਰ ਨੂੰ ਦੇਸ ਵਿੱਚ ਗ਼ਰੀਬੀ-ਅਮੀਰੀ ਦੇ ਪਾੜੇ ਨਾਲ ਨਜਿੱਠਣ ਦੀ ਤਾਕੀਦ ਕੀਤੀ ਹੈ।
ਫ਼ਾਦਰ ਜੇਰੋਮ ਸੈਕੀਲਾਨੋ ਨੇ ਕਿਹਾ, " ਇਨ੍ਹਾਂ ਅਖੌਤੀ ਲੋਕਾਂ ਲਈ ਇਸ ਅਖੌਤੀ ਪ੍ਰਜਣਨ ਸਿਹਤ ਪ੍ਰਣਆਲੀ ਦੀ ਨਾਕਾਮੀ ਲਈ ਚਰਚ ਨੂੰ ਜ਼ਿੰਮੇਵਾਰ ਠਹਿਰਾਉਣਾ, ਹਮੇਸ਼ਾਂ ਚੰਗਾ ਹੁੰਦਾ ਹੈ।"
"ਜੋ ਸਾਡੀ ਹੁਣ ਸਥਿਤੀ ਹੈ, ਉਸ ਵਿੱਚ ਕੋਂਡੰਮ ਉਨ੍ਹਾਂ ਲੋਕਾਂ ਲਈ ਕੀ ਕਰਨਗੇ ਜਿਹੜੇ ਗ਼ਰੀਬੀ ਵਿੱਚ ਡੁੱਬੇ ਹੋਏ ਹਨ? ਇਹ ਗੋਲੀਆਂ ਉਨ੍ਹਾਂ ਲੋਕਾਂ ਲਈ ਕੀ ਕਰਨਗੀਆਂ ਜੋ ਭੁੱਖੇ ਹਨ? ਇਹ ਮਸਲਾ ਉਸ ਗੱਲ ਨੂੰ ਤਰਜੀਹ ਦੇਣ ਦਾ ਹੈ ਜੋ ਲੋਕਾਂ ਨੂੰ ਅਸਲ ਵਿੱਚ ਹੁਣ ਚਾਹੀਦਾ ਹੈ।"

'ਅੰਕੜੇ ਇੱਕ ਚਿੰਤਾ ਹਨ'
ਰੋਵੇਲੀ ਉਸ ਗ਼ਰੀਬੀ ਬਾਰੇ ਕੁਝ ਨਹੀਂ ਜਾਣਦੇ ਜਿਸ ਬਾਰੇ ਇਹ ਵਿਅਕਤੀ ਗੱਲ ਕਰ ਰਹੇ ਹਨ। ਉਹ ਟੋਡੋਨੋ ਦੇ ਬਸੈਕੋ ਵਿੱਚ ਰਹਿੰਦੇ ਹਨ, ਦੁਨੀਆਂ ਦਾ ਇੱਕ ਬਹੁਤ ਦੀ ਸੰਘਣੀ ਆਬਾਦੀ ਵਾਲਾ ਇਲਾਕਾ।
ਪਰ ਉਹ ਕੈਥੋਲਿਕ ਚਰਚ ਬਾਰੇ ਜਾਣਦੇ ਹਨ ਅਤੇ ਇਸ ਦੀਆਂ ਗਰਭ ਨਿਰੋਧਕਾਂ ਅਤੇ ਗਰਭਪਾਤ ਸੰਬੰਧੀ ਸਿੱਖਿਆਵਾਂ ਬਾਰੇ ਵੀ।
ਜਦੋਂ ਅਸੀਂ ਇੱਕ ਪ੍ਰਸਿੱਧ ਨਦੀ ਦੇ ਹੜ੍ਹ ਮੈਦਾਨ ਵਿੱਚ ਬੈਠੇ ਸਾਂ, ਅਜਿਹੀਆਂ ਥਾਂਵਾਂ ਵਿੱਚੋਂ ਇੱਕ ਜਿਥੇ ਤੁਸੀਂ ਇਸ ਭੀੜਭਾੜ ਭਰੇ ਭਾਈਚਾਰੇ ਵਿੱਚ ਥੋੜ੍ਹੀ ਜਿਹੀ ਸ਼ਾਂਤੀ ਮਹਿਸੂਸ ਕਰ ਸਕਦੇ ਹੋ। ਉਨ੍ਹਾਂ ਨੇ ਸਾਡੇ ਕੋਲ ਮੰਨਿਆ, "ਜਦੋਂ ਮੈਂ ਸਿਰਫ਼ ਇੱਕ ਮਹੀਨੇ ਲਈ ਗਰਭਵਤੀ ਸੀ ਮੈਂ ਆਪਣੇ ਸਾਥੀ ਨੂੰ ਦੱਸਿਆ ਕਿ ਮੈਂ ਗਰਭਪਾਤ ਕਰਵਾਉਣਾ ਚਾਹੁੰਦੀ ਹਾਂ ਕਿਉਂਕਿ ਜ਼ਿੰਦਗੀ ਮੁਸ਼ਕਿਲ ਸੀ।"
"ਪਰ ਉਸਨੇ ਕਿਹਾ ਅਸੀਂ ਇਸ ਸਭ ਵਿੱਚੋਂ ਨਹੀਂ ਗੁਜ਼ਰ ਸਕਦੇ। ਮੈਂ ਪਾਪ ਕਰਨ ਦੀ ਬਜਾਇ ਇਹ ਜਾਰੀ ਰੱਖਿਆ।"
"ਸਾਨੂੰ ਅਲੱਗ ਹੋਇਆਂ ਤਕਰੀਬਨ ਤਿੰਨ ਮਹੀਨੇ ਹੋ ਚੁੱਕੇ ਹਨ।"
ਆਪਣੇ ਹੰਝੂ ਪੂੰਝਦਿਆਂ ਰੋਵੇਲੀ ਕਹਿੰਦੇ ਹਨ, ਉਹ ਆਪਣੇ ਬੱਚਿਆਂ ਦੀਆਂ ਭਵਿੱਖੀ ਸੰਭਾਵਨਾਵਾਂ ਲਈ ਚਿੰਤਤ ਹਨ।
ਜਦੋਂ ਅਸੀਂ ਗੱਲ ਕਰ ਰਹੇ ਸਾਂ, ਲੋਕ ਖਿੰਡਣਾ ਸ਼ੁਰੂ ਹੋ ਗਏ ਕਿਉਂਕਿ ਇੱਕ ਪੁਲਿਸ ਦੀ ਗਸ਼ਤ ਕਾਰ ਇੱਕ ਡਰੱਗ ਡੀਲਰ ਦੀ ਭਾਲ ਵਿੱਚ ਚਿੱਕੜ ਭਰੀ ਸੜਕ 'ਤੇ ਆ ਕੇ ਖੜੀ ਹੋ ਗਈ।
ਰੋਵੇਲੀ ਧਿਆਨ ਦਿਵਾਉਂਦੇ ਹਨ, ਭੱਜਣ (ਹਾਲਾਤ ਤੋਂ ਲੁਕਣ)ਦਾ ਇਕੋਂ ਤਰੀਕਾ ਹੈ ਡਰੱਗ ਵੇਚਣਾ। ਹੁਣ ਕੋਵਿਡ-19 ਨੇ ਫ਼ਿਲੀਪਾਈਨ ਦੀ ਅਰਥ ਵਿਵਸਥਾ ਨੂੰ ਮੰਦੀ ਵੱਲ ਧੱਕਿਆ ਹੈ, ਮੌਕੇ ਪਹਿਲਾਂ ਨਾਲੋਂ ਕਿਤੇ ਘੱਟ ਹਨ।
ਰੋਵੇਲੀ ਕਹਿੰਦੇ ਹਨ, "ਮੇਰੀ ਪਹਿਲੀ ਚਿੰਤਾ ਹੈ ਕਿ ਕੀ ਮੈਂ ਉਨ੍ਹਾਂ ਦੀ ਸਿੱਖਿਆ ਲਈ ਹਾਲੇ ਵੀ ਮਦਦ ਕਰ ਸਕਾਂਗੀ?"
"ਕਈ ਵਾਰ ਜਦੋਂ ਮੈਨੂੰ ਗੁੱਸਾ ਆਉਂਦਾ ਹੈ ਮੈਂ ਆਪਣਾ ਆਪ ਗੁਆ ਬੈਠਦੀ ਹਾਂ, ਮੈਂ ਉਨ੍ਹਾਂ ਨੂੰ ਕਹਿੰਦੀ ਹਾਂ ਕਿ ਜੇ ਮੈਂ ਬਸ ਉਨ੍ਹਾਂ ਨੂੰ ਅਮੀਰ ਲੋਕਾਂ ਨੂੰ ਗੋਦ ਦੇ ਦੇਵਾਂ ਤਾਂ ਕਿ ਉਹ ਸਹੀ ਸਕੂਲੀ ਸਿੱਖਿਆ ਦੇ ਸਮਰੱਥ ਹੋ ਸਕਣ। ਪਰ ਫ਼ਿਰ ਮੈਂ ਆਪਣੇ ਆਪ ਨੂੰ ਕਹਿੰਦੀ ਹਾਂ ਸ਼ਾਇਦ ਮੈਂ ਇਸ ਦਾ ਪ੍ਰਬੰਧ ਕਰ ਲਵਾਂਗੀ।"
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












