You’re viewing a text-only version of this website that uses less data. View the main version of the website including all images and videos.
ਪਾਕਿਸਤਾਨ ਵਿੱਚ ਇੱਕ ਕਿੱਨਰ ਨੇ ਮਦਰੱਸਾ ਕਿਉਂ ਸ਼ੁਰੂ ਕੀਤਾ
- ਲੇਖਕ, ਸ਼ਹਿਜ਼ਾਦ ਮਲਿਕ
- ਰੋਲ, ਬੀਬੀਸੀ ਉਰਦੂ ਪੱਤਰਕਾਰ
ਤਕਰੀਬਨ ਇੱਕ ਸਾਲ ਪਹਿਲਾਂ ਤੱਕ ਰਾਣੀ ਖ਼ਾਨ ਆਪਣੇ ਵਰਗੇ ਕਿੱਨਰਾਂ ਵਾਂਗ ਨਿੱਜੀ ਸਮਾਗਮਾਂ ਵਿੱਚ ਡਾਂਸ ਕਰਕੇ ਜ਼ਿੰਦਗੀ ਜਿਉਣ ਦਾ ਹੀਲਾ ਵਸੀਲਾ ਕਰ ਰਹੇ ਸਨ।
ਰਾਣੀ ਦੀ ਬਚਪਨ ਤੋਂ ਇਸਲਾਮ ਵਿੱਚ ਥੋੜ੍ਹੀ ਜਿਹੀ ਵੀ ਦਿਲਚਸਪੀ ਨਹੀਂ ਸੀ। ਪਰ ਫ਼ਿਰ ਉਨ੍ਹਾਂ ਦੀ ਜ਼ਿੰਦਗੀ ਵਿੱਚ ਅਜਿਹੀ ਘਟਨਾ ਘਟੀ ਜਿਸਨੇ ਉਨ੍ਹਾਂ ਦਾ ਜ਼ਿੰਦਗੀ ਜਿਊਣ ਦਾ ਤਕੀਕਾ ਅਤੇ ਆਚਰਣ ਹੀ ਬਦਲ ਕੇ ਰੱਖ ਦਿੱਤਾ।
ਰਾਣੀ ਦੱਸਦੇ ਹਨ ਕਿ ਉਨ੍ਹਾਂ ਦੀ ਇੱਕ ਸਹੇਲੀ ਵੀ ਉਨ੍ਹਾਂ ਵਾਂਗ ਹੀ ਡਾਂਸਰ ਸੀ ਅਤੇ ਉਹ ਇੱਕ ਸਮਾਗਮ ਤੋਂ ਵਾਪਸ ਆ ਰਹੀ ਸੀ ਜਦੋਂ ਸੜਕ ਦੁਰਘਟਨਾ ਵਿੱਚ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ
ਉਹ ਦੱਸਦੇ ਹਨ, "ਉਸ ਦੀ ਮੌਤ ਤੋਂ ਕੁਝ ਦਿਨ ਬਾਅਦ ਮੈਂ ਇੱਕ ਸੁਪਨਾ ਦੇਖਿਆ। ਸੁਪਨੇ ਵਿੱਚ ਮੇਰੀ ਸਹੇਲੀ ਦਾ ਚਹਿਰਾ ਵਿਗੜਿਆ ਹੋਇਆ ਸੀ ਅਤੇ ਉਹ ਕਹਿ ਰਹੀ ਸੀ ਕਿ ਇਹ ਡਾਂਸ ਛੱਡ ਦੇਵੇ।"
ਰਾਣੀ ਦਾ ਕਹਿਣਾ ਹੈ ਕਿ ਉਸ ਸੁਪਨੇ ਨੇ ਉਨ੍ਹਾਂ ਦੀ ਜ਼ਿੰਦਗੀ 'ਤੇ ਗਹਿਰਾ ਅਸਰ ਪਾਇਆ ਅਤੇ ਧਰਮ ਵੱਲ ਉਨ੍ਹਾਂ ਦਾ ਰੁਝਾਨ ਵੱਧਣ ਲੱਗਿਆ।
'ਨਮਾਜ਼ ਸਮੇਂ ਲੋਕ ਦੂਰ ਖੜੇ ਹੋ ਜਾਂਦੇ ਸਨ'
ਸੋਚਿਆ ਕਿਉਂ ਨਾ ਉਹ ਕੁਰਾਨ ਦੀ ਸਿੱਖਿਆ ਹਾਸਿਲ ਕਰਨ ਅਤੇ ਇਸੇ ਸਿਲਸਿਲੇ ਵਿੱਚ ਉਨ੍ਹਾਂ ਨੇ ਇੱਕ ਧਾਰਮਿਕ ਮਦਰੱਸੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੇ ਦੱਸਿਆ, "ਉਥੋਂ ਦੇ ਦੂਸਰੇ ਵਿਦਿਆਰਥੀ ਮੈਨੂੰ ਅਜੀਬ ਨਿਗ੍ਹਾ ਨਾਲ ਦੇਖਦੇ ਸਨ। ਇਸ ਕਰਕੇ ਮੈਂ ਉਥੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀ ਸੀ। ਕੁਝ ਸਮਾਂ ਤਾਂ ਮੈਂ ਮਦਰੱਸੇ ਜਾਂਦੀ ਰਹੀ ਪਰ ਉਥੇ ਲੋਕਾਂ ਦੇ ਰਵੱਈਏ ਕਰਕੇ ਮੈਂ ਉਥੇ ਜਾਣਾ ਛੱਡ ਦਿੱਤਾ ਅਤੇ ਆਪਣੀ ਮਾਂ ਤੋਂ ਕੁਰਾਨ ਪੜ੍ਹਨ ਲੱਗੀ।"
ਰਾਣੀ ਦੱਸਦੇ ਹਨ ਕਿ ਉਸ ਸਮੇਂ ਦੌਰਾਨ ਜਦੋਂ ਉਹ ਮੁਹੱਲੇ ਦੀ ਮਸਜਿਦ ਵਿੱਚ ਕੁਰਾਨ ਪੜ੍ਹਨ ਲਈ ਮਰਦਾਨਾ ਕੱਪੜੇ ਪਹਿਨ ਕੇ ਜਾਂਦੀ ਸੀ ਤਾਂ ਮੁਹੱਲੇ ਦੇ ਲੋਕ, ਜੋ ਉਨ੍ਹਾਂ ਨੂੰ ਜਾਣਦੇ ਵੀ ਸਨ, ਉਨ੍ਹਾਂ ਦੇ ਨਾਲ ਨਮਾਜ਼ ਲਈ ਇੱਕ ਲਾਈਨ ਵਿੱਚ ਖੜ੍ਹਾ ਹੋਣਾ ਪਸੰਦ ਨਹੀਂ ਸਨ ਕਰਦੇ।
ਉਹ ਯਾਦ ਕਰਦੇ ਹਨ, "ਅਕਸਰ ਅਜਿਹਾ ਵੀ ਹੁੰਦਾ ਸੀ ਕਿ ਜਦੋਂ ਨਮਾਜ਼ ਲਈ ਇੱਕ ਕਤਾਰ ਵਿੱਚ ਖੜ੍ਹੇ ਹੁੰਦੇ ਸਾਂ ਤਾਂ ਲੋਕ ਮੇਰੇ ਤੋਂ 10 ਕਦਮਾਂ ਤੱਕ ਦੂਰੀ ਬਣਾ ਲੈਂਦੇ ਸਨ।"
ਰਾਣੀ ਕਹਿੰਦੇ ਹਨ ਕਿ ਮਸਜਿਦ ਵਿੱਚ ਲੋਕਾਂ ਦੇ ਇਸ ਰਵੱਈਏ ਨੇ ਉਨ੍ਹਾਂ ਵਿੱਚ ਅਸੁਰੱਖਿਆ ਦੀ ਭਾਵਨਾ ਨੂੰ ਵਧਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਪੈਸੇ ਇਕੱਠੇ ਕਰਨਗੇ ਅਤੇ ਇੱਕ ਧਾਰਮਿਕ ਮਦਰੱਸਾ ਕਾਇਮ ਕਰਨਗੇ ਜਿਥੇ ਕਿੱਨਰਾਂ ਨੂੰ ਧਾਰਿਮਕ ਸਿੱਖਿਆ ਦਿੱਤੀ ਜਾਵੇਗੀ।
ਅੱਜ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਤ ਵਿੱਚ ਇੱਕ ਅਜਿਹਾ ਮਦਰੱਸਾ ਹੈ ਜਿਸ ਨੂੰ ਨਾ ਤਾਂ ਕੋਈ ਮੌਲਾਨਾ ਚਲਾਉਂਦਾ ਹੈ ਨਾ ਹੀ ਧਾਰਮਿਕ ਮਾਮਲਿਆਂ ਦੀ ਜਾਣਕਾਰ ਕੋਈ ਮਹਿਲਾ ਚਲਾ ਰਹੀ ਹੈ ਬਲਕਿ ਉਸ ਧਾਰਮਿਕ ਮਦਰੱਸੇ ਦੀ ਪੂਰੀ ਜ਼ਿੰਮੇਵਾਰੀ ਰਾਣੀ ਦੇ ਹੱਥਾਂ ਵਿੱਚ ਹੈ।
ਇਸ ਮਦਰੱਸੇ ਵਿੱਚ ਸਿੱਖਿਆ ਹਾਸਿਲ ਕਰਨ ਵਾਲੇ ਨਾ ਹੀ ਮਰਦ ਹਨ ਅਤੇ ਨਾ ਹੀ ਔਰਤਾਂ ਬਲਕਿ ਉਹ ਕਿੱਨਰ ਹਨ ਜੋ ਆਪਣੀ ਪੇਸ਼ੇਵਰ ਜ਼ਿੰਦਗੀ ਦੇ ਨਾਲ ਨਾਲ ਧਰਮ ਨੂੰ ਵੀ ਸਮਾਂ ਦੇਣਾ ਚਾਹੁੰਦੇ ਹਨ।
'ਲੋਕ ਕਿਨਰਾਂ ਨੂੰ ਮੁਸਲਮਾਨ ਨਹੀਂ ਸਮਝਦੇ'
ਰਾਣੀ ਲਈ ਮਦਰੱਸਾ ਬਣਾਉਣਾ ਅਤੇ ਇਸ ਲਈ ਜਗ੍ਹਾ ਮਿਲਣਾ ਸੌਖਾ ਨਹੀਂ ਸੀ।
ਉਨ੍ਹਾਂ ਨੂੰ ਮਦਰੱਸੇ ਲਈ ਇੱਕ ਘਰ ਦੀ ਲੋੜ ਸੀ ਜਿਸ ਨੂੰ ਉਨ੍ਹਾਂ ਨੇ ਕਾਫ਼ੀ ਪਹਿਲਾਂ ਲੱਭਣਾ ਸ਼ੁਰੂ ਕਰ ਦਿੱਤਾ ਸੀ।
ਉਨ੍ਹਾਂ ਨੇ ਦੱਸਿਆ, "ਮੈਂ ਕਈ ਇਲਾਕਿਆਂ ਵਿੱਚ ਗਈ ਜਿਥੇ ਮੈਨੂੰ ਕੋਈ ਵੀ ਘਰ ਦੇਣ ਲਈ ਤਿਆਰ ਨਹੀਂ ਸੀ। ਕਾਫ਼ੀ ਜੱਦੋ ਜਹਿਦ ਤੋਂ ਬਾਅਦ ਇਸਲਾਮਾਬਾਦ ਦੇ ਇੱਕ ਉੱਪਨਗਰ ਵਿੱਚ ਮੈਂ ਇੱਕ ਘਰ ਕਿਰਾਏ 'ਤੇ ਲੈਣ ਵਿੱਚ ਕਾਮਯਾਬ ਹੋਈ।"
ਰਾਣੀ ਦੱਸਦੇ ਹਨ ਕਿ ਉਸ ਤੋਂ ਬਾਅਦ ਉਨ੍ਹਾਂ ਨੂੰ ਕਿਨਰਾਂ ਨੂੰ ਇਸ ਮਦਰੱਸੇ ਵਿੱਚ ਸਿੱਖਣ ਆਉਣ ਲਈ ਲਿਆਉਣ ਵਿੱਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਹ ਇਸਲਾਮਾਬਾਦ ਦੀਆਂ ਉਨਾਂ ਸੜਕਾਂ ਅਤੇ ਚੌਰਾਹਿਆਂ 'ਤੇ ਗਏ ਜਿਥੇ ਕਿਨਰ ਭੀਖ ਮੰਗਦੇ ਸਨ।
ਉਹ ਦੱਸਦੇ ਹਨ, "ਮੈਂ ਉਨ੍ਹਾਂ ਨੂੰ ਮਦਰੱਸੇ ਵਿੱਚ ਧਾਰਮਿਕ ਸਿੱਖਿਆ ਦਾ ਪ੍ਰਸਤਾਵ ਦਿੱਤਾ ਪਰ ਸ਼ੁਰੂ ਵਿੱਚ ਕੋਈ ਵੀ ਆਉਣ ਲਈ ਤਿਆਰ ਨਾ ਹੋਇਆ।"
ਰਾਣੀ ਮੁਤਾਬਕ, ਪਾਕਿਸਤਾਨ ਵਿੱਚ ਕਿਨਰ ਨਾਚ-ਗਾਣੇ ਲਈ ਜਾਂ ਸੈਕਸ ਵਰਕਰ ਵਜੋਂ ਹੀ ਜਾਣੇ ਜਾਂਦੇ ਹਨ। ਉਨ੍ਹਾਂ ਦਾ ਧਰਮ ਵੱਲ ਰੁਝਾਨ ਨਾ ਦੇ ਬਰਾਬਰ ਹੀ ਹੁੰਦਾ ਹੈ।
ਉਹ ਕਹਿੰਦੇ ਹਨ, ''ਪਾਕਿਸਤਾਨੀ ਸਮਾਜ ਵਿੱਚ ਅਕਸਰ ਲੋਕਾਂ ਦੀ ਸੋਚ ਇਹ ਹੁੰਦੀ ਹੈ ਕਿ ਸ਼ਾਇਦ ਕਿਨਰ ਮੁਸਲਮਾਨ ਨਹੀਂ ਹੁੰਦੇ ਅਤੇ ਉਨ੍ਹਾਂ ਦਾ ਦੀਨ ਧਰਮ ਵੱਲ ਕੋਈ ਰੁਝਾਨ ਨਹੀਂ ਹੁੰਦਾ ਜਦੋਂ ਕਿ ਅਜਿਹਾ ਬਿਲਕੁਲ ਨਹੀਂ ਹੈ।''
ਇਹ ਵੀ ਪੜ੍ਹੋ
ਮਦਰੱਸੇ ਵਿੱਚ ਕਿਵੇਂ ਆਉਣ ਲੱਗੇ ਕਿੱਨਰ?
ਰਾਣੀ ਕਿਨਰਾਂ ਦੇ ਮਦਰੱਸੇ ਵਿੱਚ ਆਉਣ ਦੀ ਘਟਨਾ ਦੱਸਦੇ ਹਨ। ਉਨ੍ਹਾਂ ਨੇ ਕਿਨਰਾਂ ਸਾਹਮਣੇ ਇੱਕ ਪ੍ਰਸਤਾਵ ਰੱਖਿਆ ਕਿ ਜੋ ਇਸ ਮਦਰੱਸੇ ਵਿੱਚ ਪੜ੍ਹਨ ਆਵੇਗਾ ਉਸਨੂੰ ਹਰ ਮਹੀਨੇ ਰਾਸ਼ਨ ਦਿੱਤਾ ਜਾਵੇਗਾ।
ਉਹ ਦੱਸਦੇ ਹਨ ਕਿ ਇਸ ਪ੍ਰਸਤਾਵ ਤੋਂ ਬਾਅਦ 40 ਕਿੱਨਰ ਮਦਰੱਸੇ ਵਿੱਚ ਆ ਕੇ ਸਿੱਖਿਆ ਲੈਣ ਲੱਗੇ ਪਰ ਦੋ ਮਹੀਨੇ ਬਾਅਦ ਉਨ੍ਹਾਂ ਵਿੱਚੋਂ ਅੱਧੇ ਵਾਪਸ ਭੱਜ ਗਏ ਅਤੇ ਚੌਰਾਹਿਆਂ 'ਤੇ ਫ਼ਿਰ ਤੋਂ ਭੀਖ ਮੰਗਣ ਲੱਗੇ।
ਰਾਣੀ ਦੱਸਦੇ ਹਨ ਕਿ ਹੁਣ ਜਿੰਨੇ ਵੀ ਕਿੱਨਰ ਉਨ੍ਹਾਂ ਦੇ ਮਦਰੱਸੇ ਵਿੱਚ ਆਉਂਦੇ ਹਨ ਉਨ੍ਹਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਉਨ੍ਹਾਂ ਦਾ ਖ਼ਰਚਾ ਉਹ ਖ਼ੁਦ ਚੁੱਕਦੇ ਹਨ। ਕਿੱਨਰਾਂ ਦੇ ਸ਼ੌਕ ਨੂੰ ਮੱਦੇਨਜ਼ਰ ਰੱਖਦੇ ਹੋਏ ਹਰ ਮਹੀਨੇ ਉਨ੍ਹਾਂ ਨੂੰ ਮੇਕਅੱਪ ਦਾ ਸਮਾਨ ਵੀ ਦਿੱਤਾ ਜਾਂਦਾ ਹੈ।
ਮਦਰੱਸੇ ਦੇ ਨਾਲ ਨਾਲ ਸਿਰ ਢਕਣ ਦੀ ਜਗ੍ਹਾ
ਇਸ ਮਦਰੱਸੇ ਵਿੱਚ ਬੌਬੀ (ਬਦਲਿਆ ਹੋਇਆ ਨਾਮ) ਵੀ ਸਿੱਖਿਆ ਲੈ ਰਹੇ ਹਨ।
ਬੀਬੀਸੀ ਉਰਦੂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਕਿੱਨਰ ਹੋਣ ਦਾ ਪਤਾ ਲੱਗਿਆ, ਸਮਾਜ ਵਿੱਚ ਬਦਨਾਮੀ ਦੇ ਡਰ ਤੋਂ ਉਨ੍ਹਾਂ ਨੇ ਬੌਬੀ ਨੂੰ ਘਰੋ ਕੱਢ ਦਿੱਤਾ।
ਉਹ ਯਾਦ ਕਰਦੇ ਹਨ, "ਘਰੋਂ ਕੱਢੇ ਜਾਣ ਤੋਂ ਬਾਅਦ ਮੇਰੇ ਕੋਲ ਰਹਿਣ ਲਈ ਕੋਈ ਜਗ੍ਹਾ ਨਹੀਂ ਸੀ। ਮੇਰਾ ਰੰਗ ਕਣਕਵੰਨਾ ਹੈ ਅਤੇ ਚਿਹਰੇ 'ਤੇ ਚੇਚਕ ਦੇ ਦਾਗ਼ ਹਨ। ਇਸ ਕਰਕੇ ਮੈਨੂੰ ਕੋਈ ਸਮਾਗਮ ਵਿੱਚ ਨਹੀਂ ਬਲਾਉਂਦਾ ਸੀ ਅਤੇ ਸੈਕਸ ਵਰਕਰ ਦਾ ਕੰਮ ਵੀ ਨਾ ਦੇ ਬਰਾਬਰ ਸੀ।"
ਬੌਬੀ ਦੱਸਦੇ ਹਨ ਕਿ ਥੋੜ੍ਹੇ ਦਿਨ ਇੱਧਰ ਉੱਧਰ ਠੋਕਰਾਂ ਖਾਣ ਤੋਂ ਬਾਅਦ ਇੱਕ ਦਿਨ ਉਹ ਰਾਵਲਪਿੰਡੀ ਵਿੱਚ ਸਰਕਾਰ ਵਲੋਂ ਬਣਾਏ ਰੈਣ ਬਸੇਰੇ ਵਿੱਚ ਰਾਤ ਕੱਟਣ ਗਏ।
ਉਹ ਦੱਸਦੇ ਹਨ, "ਉਥੇ ਮੌਜੂਦ ਲੋਕ ਮੈਨੂੰ ਬੇਹੱਦ ਅਜੀਬ ਤਰੀਕੇ ਨਾਲ ਦੇਖ ਰਹੇ ਸਨ ਜਿਸ ਕਰਕੇ ਮੈਂ ਡਰ ਗਈ ਅਤੇ ਪੂਰੀ ਰਾਤ ਮੈਂ ਡਰਦਿਆਂ ਗੁਜ਼ਾਰੀ।"
ਬੌਬੀ ਨੇ ਅਗਲੇ ਦਿਨ ਇਸ ਘਟਨਾ ਦਾ ਜ਼ਿਕਰ ਇੱਕ ਹੋਰ ਕਿੱਨਰ ਨਾਲ ਕੀਤਾ ਅਤੇ ਉਨ੍ਹਾਂ ਨੇ ਬੌਬੀ ਨੂੰ ਇਸ ਮਦਰੱਸੇ ਦਾ ਪਤਾ ਦਿੱਤਾ ਜੋ ਧਾਰਮਿਕ ਸਿੱਖਿਆ ਦੇ ਨਾਲ ਨਾਲ ਰਾਸ਼ਨ ਵੀ ਦਿੰਦਾ ਹੈ।
ਉਹ ਯਾਦ ਕਰਦੇ ਹਨ, "ਜਦੋਂ ਮੈਂ ਇਸ ਮਦਰੱਸੇ ਵਿੱਚ ਪਹੁੰਚੀ ਤਾਂ ਕਿਸੇ ਵੀ ਕਿਨਰ ਨੇ ਮੇਰੇ ਰੰਗ ਅਤੇ ਚਿਹਰੇ 'ਤੇ ਦਾਗ਼ਾਂ ਦਾ ਮਜ਼ਾਕ ਨਹੀਂ ਉਡਾਇਆ ਬਲਕਿ ਸਭ ਨੇ ਬਹੁਤ ਚੰਗੇ ਅੰਦਾਜ਼ ਵਿੱਚ ਮੇਰਾ ਸਵਾਗਤ ਕੀਤਾ।"
ਇਸ ਮਦਰੱਸੇ ਵਿੱਚ ਆ ਕੇ ਬੌਬੀ ਨੇ ਪਹਿਲੀ ਵਾਰ ਧਰਮ ਅਤੇ ਪੈਗੰਬਰ-ਏ-ਇਸਲਾਮ ਬਾਰੇ ਵਿਸਥਾਰ ਵਿੱਚ ਜਾਣਿਆ।
ਇਸ ਧਾਰਮਿਕ ਮਦਰੱਸੇ ਵਿੱਚ ਸੁਰੱਈਆ (ਬਦਲਿਆ ਹੋਇਆ ਨਾਮ) ਵੀ ਰਹਿੰਦੇ ਹਨ।
ਉਹ ਦੱਸਦੇ ਹਨ, "ਪੁਲਿਸ ਨੇ ਭੀਖ ਮੰਗਣ ਲਈ ਮੈਨੂੰ ਗ੍ਰਿਫ਼ਤਾਰ ਕਰ ਲਿਆ ਤਾਂ ਪੂਰੇ ਸ਼ਹਿਰ ਵਿੱਚ ਮੇਰੀ ਜ਼ਮਾਨਤ ਦੇਣ ਲਈ ਕਈ ਵਿਅਕਤੀ ਨਹੀਂ ਸੀ।"
"ਫ਼ਿਰ ਕਿਸੇ ਨੇ ਰਾਣੀ ਨੂੰ ਸੂਚਿਤ ਕੀਤਾ ਕਿ ਮੈਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਜ਼ਮਾਨਤ ਨਾ ਹੋਣ ਕਰਕੇ ਪੁਲਿਸ ਮੈਨੂੰ ਰਿਹਾਅ ਨਹੀਂ ਕਰ ਰਹੀ ਹੈ। ਰਾਣੀ ਇਸ ਤੋਂ ਬਾਅਦ ਥਾਣੇ ਆਈ ਅਤੇ ਉਨ੍ਹਾਂ ਨੇ ਉਸਦੀ ਜ਼ਮਾਨਤ ਕਰਵਾਈ।''
ਸੁਰੱਈਆ ਦੱਸਦੇ ਹਨ, "ਜਿਸ ਚੌਕ ਵਿੱਚ ਉਹ ਭੀਖ ਮੰਗਦੀ ਸੀ ਰਾਣੀ ਉਥੇ ਪਹਿਲਾਂ ਵੀ ਆ ਚੁੱਕੀ ਸੀ। ਉਨ੍ਹਾਂ ਨੇ ਮੈਨੂੰ ਭੀਖ ਮੰਗਣ ਤੋਂ ਮਨ੍ਹਾਂ ਕੀਤਾ ਅਤੇ ਮਦਰੱਸੇ ਵਿੱਚ ਆਉਣ ਲਈ ਕਿਹਾ ਸੀ ਪਰ ਮੈਂ ਉਸ ਸਮੇਂ ਉਨ੍ਹਾਂ ਦੀ ਗੱਲ ਨਹੀਂ ਮੰਨੀ ਸੀ।"
ਸੁਰੱਈਆ ਕਹਿੰਦੇ ਹਨ ਕਿ ਹੁਣ ਇਸ ਮਦਰੱਸੇ ਵਿੱਚ ਆ ਕੇ ਉਹ ਖ਼ੁਸ਼ ਹਨ ਅਤੇ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ।
ਉਹ ਕਹਿੰਦੇ ਹਨ, "ਹੁਣ ਮੈਂ ਸਾਰਾ ਦਿਨ ਮਦਰੱਸੇ ਵਿੱਚ ਰਹਿੰਦੀ ਹਾਂ। ਇਸ ਦੀ ਸਾਫ਼ ਸਫ਼ਾਈ ਕਰਦੀ ਹਾਂ ਅਤੇ ਧਾਰਮਿਕ ਸਿੱਖਿਆ ਲੈਣ ਆਉਣ ਵਾਲੇ ਕਿੱਨਰਾਂ ਦੀ ਸੇਵਾ ਕਰਦੀ ਹਾਂ।"
ਲੋਕ ਮਦਰੱਸੇ ਨੂੰ ਅਜੀਬ ਤਰੀਕੇ ਨਾਲ ਦੇਖਦੇ ਹਨ
ਮਦਰੱਸੇ ਦੇ ਸੰਸਥਾਪਕ ਰਾਣੀ ਕਹਿੰਦੇ ਹਨ ਕਿ ਉਨ੍ਹਾਂ ਨੇ ਇਸ ਮਦਰੱਸੇ ਨੂੰ ਸਿਰਫ਼ ਕਿੱਨਰਾਂ ਲਈ ਨਹੀਂ ਬਣਵਾਇਆ ਅਤੇ ਇਥੇ ਹੋਰ ਲੋਕਾਂ ਦੇ ਆਉਣ ਜਾਣ ਦੀ ਮਨਾਹੀ ਨਹੀਂ ਹੈ।
ਉਹ ਕਹਿੰਦੇ ਹਨ, "ਇਸ ਮਦਰੱਸੇ ਵਿੱਚ ਕਿਸੇ ਲੜਕੇ ਜਾਂ ਲੜਕੀ ਨੂੰ ਧਾਰਮਿਕ ਸਿੱਖਿਆ ਦੇਣ 'ਤੇ ਪਾਬੰਦੀ ਨਹੀਂ ਹੈ ਪਰ ਜਿਸ ਇਲਾਕੇ ਵਿੱਚ ਇਹ ਮਦਰੱਸਾ ਹੈ ਉਥੋਂ ਦੇ ਲੋਕ ਆਪਣੇ ਬੱਚਿਆਂ ਨੂੰ ਇਸ ਮਦਰੱਸੇ ਵਿੱਚ ਭੇਜਣ ਦਾ ਸੋਚਦੇ ਵੀ ਨਹੀਂ ਹਨ।"
ਇੱਕ ਸਵਾਲ ਦੇ ਜੁਆਬ ਵਿੱਚ ਰਾਣੀ ਕਹਿੰਦੇ ਹਨ ਕਿ ਹਾਲੇ ਤੱਕ ਕਿਸੇ ਵੀ ਕੱਟੜਪੰਥੀ ਸਮੂਹ ਵਲੋਂ ਉਨ੍ਹਾਂ ਨੂੰ ਇਹ ਮਦਰੱਸਾ ਬੰਦ ਕਰਨ ਦੀ ਧਮਕੀ ਨਹੀਂ ਮਿਲੀ ਪਰ ਮਦਰੱਸੇ ਦੇ ਮੂਹਰਿਓਂ ਗੁਜ਼ਰਨ ਵਾਲੇ ਰਾਹਗੀਰ ਇਸ ਮਦਰੱਸੇ ਨੂੰ ਅਤੇ ਇਥੇ ਰਹਿਣ ਵਾਲੇ ਲੋਕਾਂ ਨੂੰ ਬੜੀ ਅਜੀਬ ਨਿਗ੍ਹਾ ਨਾਲ ਦੇਖਦੇ ਹਨ।
ਰਾਣੀ ਨੇ ਸਿਰਫ਼ ਪ੍ਰਾਇਮਰੀ ਸਕੂਲ ਤੱਕ ਸਿੱਖਿਆ ਹਾਸਿਲ ਕੀਤੀ ਹੈ ਪਰ ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਉਦੇਸ਼ ਧਾਰਮਿਕ ਸਿੱਖਿਆ ਤੋਂ ਬਾਅਦ ਇਥੇ ਪੜ੍ਹਨ ਵਾਲੇ ਲੋਕਾਂ ਨੂੰ ਅੱਗੇ ਆਧੁਨਿਕ ਸਿੱਖਿਆ ਦਿਵਾਉਣਾ ਹੈ।
ਰਾਣੀ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਜੋ ਕਿੱਨਰ ਹਾਲੇ ਜਵਾਨ ਹਨ ਉਹ ਆਧੁਨਿਕ ਸਿੱਖਿਆ ਹਾਸਿਲ ਕਰਨ ਤਾਂਕਿ ਕੱਲ੍ਹ ਨੂੰ ਉਨ੍ਹਾਂ ਨੂੰ ਪਛਤਾਉਣਾ ਨਾ ਪਵੇ।
ਬਜ਼ੁਰਗ ਕਿਨਰਾਂ ਲਈ ਮਦਦ ਦੀ ਅਪੀਲ
ਰਾਣੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਕਿਨਰਾਂ ਨੂੰ ਵੀ 'ਅਹਿਸਾਸ ਪ੍ਰੋਗਰਾਮ' ਵਿੱਚ ਸ਼ਾਮਿਲ ਕੀਤਾ ਜਾਵੇ, ਜਿਸ ਤਹਿਤ ਗ਼ਰੀਬਾਂ ਅਤੇ ਘੱਟ ਆਮਦਨ ਵਾਲੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ।
ਉਨ੍ਹਾਂ ਨੇ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਕਿ ਉਨ੍ਹਾਂ ਬਜ਼ੁਰਗ ਕਿਨਰਾਂ ਦੀ ਮਦਦ ਕੀਤੀ ਜਾਵੇ ਜਿਹੜੇ ਹੁਣ ਡਾਂਸ ਕਰਕੇ ਰੁਜ਼ਗਾਰ ਕਮਾਉਣ ਦੀ ਸਥਿਤੀ ਵਿੱਚ ਨਹੀਂ ਹਨ ਅਤੇ ਨਾ ਹੀ ਕੋਈ ਹੋਰ ਕੰਮ ਕਰ ਸਕਦੇ ਹਨ।
ਬੀਬੀਸੀ ਉਰਦੂ ਨਾਲ ਗੱਲ ਕਰਦਿਆਂ ਇਸਲਾਮਾਬਾਦ ਦੇ ਡਿਪਟੀ ਕਮਿਸ਼ਨਰ ਹਮਜ਼ਾ ਅਫ਼ਕਾਤ ਨੇ ਕਿਹਾ ਕਿ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਸਥਾਨਕ ਪੁਲਿਸ ਨੂੰ ਇਹ ਆਦੇਸ਼ ਦਿੱਤੇ ਗਏ ਹਨ ਕਿ ਉਹ ਇਸ ਮਦਰੱਸੇ ਦੀ ਸੁਰੱਖਿਆ ਵਧਾਏ।
ਉਨ੍ਹਾਂ ਨੇ ਕਿਹਾ ਕਿ ਜੇ ਇਸ ਮਦਰੱਸੇ ਦੇ ਸੰਸਥਾਪਕ ਇਸ ਦੀ ਰਜ਼ਿਸਟ੍ਰੇਸ਼ਨ ਲਈ ਅਰਜ਼ੀ ਦੇਣਗੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੀ ਹਰ ਸੰਭਵ ਮਦਦ ਕਰੇਗਾ।
ਜ਼ਿਲ੍ਹਾ ਪ੍ਰਸ਼ਾਸਨ ਦੇ ਰਿਕਾਰਡ ਮੁਤਾਬਕ, ਇਸਲਾਮਾਬਾਦ ਵਿੱਚ ਮਦਰੱਸਿਆਂ ਦੀ ਗਿਣਤੀ 1100 ਤੋਂ ਵੱਧ ਹੈ ਜਿਨਾਂ ਵਿੱਚੋਂ ਸਿਰਫ਼ 450 ਦੇ ਕਰੀਬ ਮਦਰੱਸੇ ਰਜਿਸਟਰ ਕੀਤੇ ਗਏ ਹਨ ਜਦੋਂ ਕਿ ਬਾਕੀਆਂ ਦੀ ਰਜਿਸਟ੍ਰੇਸ਼ਨ ਹਾਲੇ ਤੱਕ ਨਹੀਂ ਹੋਈ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: