You’re viewing a text-only version of this website that uses less data. View the main version of the website including all images and videos.
ਕੀ ਵਾਕਈ 2020 ਹੁਣ ਤੱਕ ਦਾ ਸਭ ਤੋਂ ਬੁਰਾ ਸਾਲ ਸੀ
ਸਾਡੇ ਵਿਚੋਂ ਕਈਆਂ ਲਈ ਇਹ ਸਾਲ ਕਿਆਮਤ ਲਿਆਉਣ ਵਾਲਾ ਅਤੇ ਉਦਾਸੀ ਭਰਿਆ ਰਿਹਾ ਹੈ ਤਾਂ ਕਈਆਂ ਲਈ ਬੇਅੰਤ ਵੀਡੀਓ ਕਾਲਾਂ ਵਾਲਾ, ਜੋ ਕਦੇ ਖ਼ਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ।
ਮਹਾਂਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਇਸ ਸਾਲ ਨੂੰ ਕਈ ਲੋਕ, 'ਹੁਣ ਤੱਕ ਦਾ ਸਭ ਤੋਂ ਮਾੜਾ ਸਾਲ' ਮੰਨ ਰਹੇ ਹਨ ਪਰ ਜੇ ਇਤਿਹਾਸ ਵੱਲ ਨਜ਼ਰ ਮਾਰੀਏ ਅਤੇ ਇਤਿਹਾਸ ਦੇ ਸਭ ਤੋਂ ਮਾੜੇ ਸਾਲ, ਜਿਨ੍ਹਾਂ ਬਾਰੇ ਤੁਹਾਨੂੰ ਪਤਾ ਨਹੀਂ ਹੈ, ਨਾਲ 2020 ਦੀ ਤੁਲਣਾ ਕਰੀਏ ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਇਸ ਸਾਲ ਨੂੰ ਘੱਟੋ-ਘੱਟ ਸਭ ਤੋਂ ਬੁਰਾ ਤਾਂ ਨਹੀਂ ਕਿਹਾ ਜਾ ਸਕਦਾ।
ਸਾਲ 2020 ਵਿੱਚ ਕੋਵਿਡ-19 ਤੋਂ ਹੋਣ ਵਾਲੀਆਂ ਮੌਤਾਂ
ਜੌਨਜ਼ ਹਾਪਕਿੰਜ਼ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ 17 ਦਸੰਬਰ ਤੱਕ ਕੋਵਿਡ-19 ਕਰਕੇ ਦੁਨੀਆਂ ਭਰ 'ਚ 7.45 ਕਰੋੜ ਲੋਕ ਕੋਵਿਡ-19 ਦੀ ਲਾਗ਼ ਤੋਂ ਪ੍ਰਭਾਵਿਤ ਹੋ ਚੁੱਕੇ ਸਨ ਅਤੇ ਪੂਰੀ ਦੁਨੀਆਂ ਵਿੱਚ ਇਸ ਨਾਲ 16 ਲੱਖ ਲੋਕਾਂ ਦੀ ਜਾਨ ਜਾ ਚੁੱਕੀ ਸੀ।
ਇਹ ਵੀ ਪੜ੍ਹੋ:
ਪਰ ਇਹ ਦੁਨੀਆਂ ਦੀ ਸਭ ਤੋਂ ਬੁਰੀ ਮਹਾਂਮਾਰੀ ਨਹੀਂ ਹੈ। ਇਸ ਤੋਂ ਵੀ ਕਿਤੇ ਵੱਧ ਬੁਰੀਆਂ ਮਹਾਂਮਾਰੀਆਂ ਦੁਨੀਆਂ ਝੱਲ ਚੁੱਕੀ ਹੈ।
ਇੰਨਾਂ ਮਹਾਂਮਾਰੀਆਂ ਵਿੱਚੋਂ ਹੀ ਇੱਕ 'ਬਲੈਕ ਡੈਥ' ਹੈ। ਯੂਰਪ ਵਿੱਚ ਇਸ ਬੀਮਾਰੀ ਕਰਕੇ 1346 ਤੋਂ ਬਾਅਦ ਢਾਈ ਕਰੋੜ ਅਤੇ ਪੂਰੀ ਦੁਨੀਆਂ ਭਰ ਵਿੱਚ 20 ਕਰੋੜ ਲੋਕ ਮਾਰੇ ਗਏ ਸਨ।
ਸਪੈਨਿਸ਼ ਅਤੇ ਪੁਰਤਗਾਲੀ ਯਾਤਰੀਆਂ ਕਰਕੇ ਸਾਲ 1520 ਵਿੱਚ ਅਮਰੀਕਾ ਵਿੱਚ ਚੇਚਕ ਦੀ ਬੀਮਾਰੀ ਫ਼ੈਲੀ ਸੀ ਜਿਸ ਕਰਕੇ ਮਹਾਂਦੇਸ਼ ਦੇ ਮੂਲ ਵਾਸੀਆਂ ਦੀ 60 ਤੋਂ 90 ਫ਼ੀਸਦ ਆਬਾਦੀ ਦੀ ਮੌਤ ਹੋ ਗਈ ਸੀ।
ਦੂਜੀ ਵਿਸ਼ਵ ਜੰਗ ਤੋਂ ਵਾਪਸ ਆ ਰਹੇ ਫੌਜ ਦੇ ਜਵਾਨਾਂ ਤੋਂ ਫ਼ੈਲੇ ਸਪੈਨਿਸ਼ ਫ਼ਲੂ ਨੇ ਕਰੀਬ ਪੰਜ ਕਰੋੜ ਲੋਕਾਂ ਦੀ ਜਾਨ ਲੈ ਲਈ ਸੀ। ਇਹ ਉਸ ਸਮੇਂ ਦੁਨੀਆਂ ਦੀ ਕੁੱਲ ਆਬਾਦੀ ਦਾ ਤਿੰਨ ਤੋਂ ਪੰਜ ਫ਼ੀਸਦ ਹਿੱਸਾ ਸੀ।
1980 ਦੇ ਦਹਾਕੇ ਵਿੱਚ ਸ਼ੁਰੂ ਹੋਣ ਤੋਂ ਬਾਅਦ ਏਡਜ਼ ਨੇ ਹੁਣ ਤੱਕ 3.2 ਕਰੋੜ ਲੋਕਾਂ ਦੀ ਜਾਨ ਲੈ ਲਈ ਹੈ।
ਸਾਲ 2020 ਵਿੱਚ ਕਈਆਂ ਨੇ ਆਪਣੀਆਂ ਨੌਕਰੀਆਂ ਗਵਾਈਆਂ
ਮਹਾਂਮਾਰੀ ਕਰਕੇ ਬੇਹਾਲ ਹੋਈ ਅਰਥਵਿਵਸਥਾ ਨੇ ਦੁਨੀਆਂ ਭਰ ਵਿੱਚ ਕਈ ਲੋਕਾਂ ਦੀ ਰੋਜ਼ੀ ਰੋਟੀ ਖੋਹ ਲਈ। ਹਾਲਾਂਕਿ ਬੇਰੁਜ਼ਗਾਰੀ ਦਾ ਪੱਧਰ ਹਾਲੇ ਵੀ ਸਾਲ 1929 ਤੋਂ 1933 ਤੱਕ ਚੱਲੀ ਮੰਦੀ ਦੇ ਬਰਾਬਰ ਨਹੀਂ ਪਹੁੰਚਿਆ। ਬੇਰੁਜ਼ਗਾਰੀ ਦੇ ਲਿਹਾਜ਼ ਤੋਂ 1933 ਸਭ ਤੋਂ ਖ਼ਰਾਬ ਸਾਲ ਸੀ।
ਜਰਮਨੀ ਵਿੱਚ ਹਰ ਤਿੰਨ ਵਿਚੋਂ ਇੱਕ ਵਿਅਕਤੀ ਉਸ ਵੇਲੇ ਬੇਰੁਜ਼ਗਾਰ ਸੀ। ਉਸ ਸਮੇਂ ਇਨ੍ਹਾਂ ਹਲਾਤਾਂ ਵਿੱਚ ਲੋਕਾਂ ਨੂੰ ਲੁਭਾਉਣ ਵਾਲੇ ਵਾਅਦੇ ਕਰਨ ਵਾਲੇ ਇੱਕ ਆਗੂ ਅਡੋਲਫ਼ ਹਿਟਲਰ ਉੱਭਰ ਕੇ ਸਾਹਮਣੇ ਆਏ ਸਨ।
ਸਾਲ 2020 ਵਿੱਚ ਅਸੀਂ ਆਪਣੇ ਪਿਆਰਿਆਂ ਨੂੰ ਨਹੀਂ ਮਿਲ ਸਕੇ
ਇਹ ਸੱਚ ਹੈ ਕਿ ਇਸ ਸਾਲ ਅਸੀਂ ਜ਼ਿਆਦਾਤਰ ਸਮਾਂ ਘਰ ਵਿੱਚ ਹੀ ਬਿਤਾਇਆ ਹੈ। ਆਪਣੇ ਪਿਆਰਿਆਂ ਨੂੰ ਮਿਲ ਨਹੀਂ ਸਕੇ। ਪਰ 536 ਈਸਵੀ ਵਿੱਚ ਦੁਨੀਆਂ ਦੇ ਜ਼ਿਆਦਾਤਰ ਲੋਕ ਖੁੱਲ੍ਹਾ ਅਸਮਾਨ ਵੀ ਨਹੀਂ ਦੇਖ ਸਕੇ ਸਨ।
ਹਾਵਰਡ ਦੇ ਮੱਧਕਾਲੀਨ ਇਤਿਹਾਸਕਾਰ ਅਤੇ ਪੁਰਾਤੱਤਵ ਵਿਗਿਆਨੀ ਮਾਈਕਲ ਮੈਕਕਾਰਮਿਕ ਦੱਸਦੇ ਹਨ ਕਿ ਯੂਰਪ, ਮੱਧ ਪੂਰਵ ਅਤੇ ਏਸ਼ੀਆ ਦੇ ਕਈ ਹਿੱਸਿਆਂ ਵਿੱਚ ਰਹੱਸਮਈ ਧੁੰਦ ਕਰੀਬ 18 ਮਹੀਨਿਆਂ ਤੱਕ ਛਾਈ ਰਹੀ ਸੀ।
ਉਨ੍ਹਾਂ ਦਾ ਮੰਨਨਾ ਹੈ ਕਿ ਇਹ ਸਭ ਤੋਂ ਬੁਰਾ ਦੌਰ ਸੀ, ਚਾਹੇ ਸਭ ਤੋਂ ਮਾੜਾ ਸਾਲ ਨਾ ਵੀ ਹੋਏ।
ਇਹ ਪਿਛਲੇ 2300 ਸਾਲਾਂ ਦੇ ਸਭ ਤੋਂ ਠੰਡੇ ਦਹਾਕੇ ਦੀ ਸ਼ੁਰੂਆਤ ਸੀ। ਫ਼ਸਲਾਂ ਬਰਬਾਦ ਹੋ ਚੁੱਕੀਆਂ ਸਨ। ਲੋਕ ਭੁੱਖ ਨਾਲ ਮਰ ਰਹੇ ਸਨ।
ਸੰਭਾਵਨਾ ਹੈ ਕਿ ਇਹ ਆਈਸਲੈਂਡ ਜਾਂ ਫ਼ਿਰ ਉੱਤਰੀ ਅਮਰੀਕਾ ਵਿੱਚ ਹੋਏ ਜਵਾਲਾਮੁਖੀ ਧਮਾਕੇ ਕਰਕੇ ਹੋਇਆ ਹੋਵੇ। ਇਸ ਦਾ ਅਸਰ ਪੂਰੇ ਉੱਤਰੀ ਹੈਮੀਸਫ਼ੀਅਰ (ਉੱਤਰੀ ਗੋਲੇ) 'ਤੇ ਪਿਆ ਸੀ।
ਅਜਿਹਾ ਮੰਨਿਆ ਗਿਆ ਕਿ ਜਵਾਲਾਮੁਖੀ ਵਿਚੋਂ ਨਿਕਲਿਆਂ ਧੂੰਆ ਠੰਡੀ ਹਵਾ ਦੇ ਸਹਾਰੇ ਯੂਰਪ ਅਤੇ ਫ਼ਿਰ ਬਾਅਦ ਵਿੱਚ ਏਸ਼ੀਆ ਵਿੱਚ ਫ਼ੈਲ ਗਿਆ।
ਸਾਲ 2020 ਵਿੱਚ ਲੋਕ ਟਾਇਲਟ ਪੇਪਰ ਜਮ੍ਹਾ ਕਰਨ ਲਈ ਮਜ਼ਬੂਰ ਹੋਏ।
ਘੱਟੋ ਘੱਟ ਸਾਡੇ ਕੋਲ ਹਾਲੇ ਟਾਇਲਟ ਪੇਪਰ ਤਾਂ ਹਨ। ਤੁਸੀਂ ਉਸ ਸਮੇਂ ਬਾਰੇ ਸੋਚੋ ਜਦੋਂ ਰੋਮ ਵਿੱਚ ਪੈਖ਼ਾਨੇ ਤੋਂ ਬਾਅਦ ਸਾਫ਼ ਸਫ਼ਾਈ ਲ਼ਈ ਸਪੰਜ ਲੱਗੇ ਹੋਏ ਡੰਡਿਆਂ ਦਾ ਇਸਤੇਮਾਲ ਕੀਤਾ ਜਾਂਦਾ ਸੀ।
ਸਾਲ 2020 ਵਿੱਚ ਅਸੀਂ ਛੁੱਟੀ ਮਨਾਉਣ ਨਹੀਂ ਜਾ ਸਕੇ
ਇਹ ਸਾਲ ਪੱਕੇ ਤੌਰ 'ਤੇ ਦੁਨੀਆਂ ਭਰ ਵਿੱਚ ਸੈਰ-ਸਪਾਟੇ ਦੇ ਲਿਹਾਜ਼ ਨਾਲ ਬਹੁਤ ਮਾੜਾ ਰਿਹਾ। ਪਰ ਜੇ ਤੁਸੀਂ ਇਸ ਨੂੰ ਲੈ ਕੇ ਨਿਰਾਸ਼ ਹੋ ਤਾਂ ਫ਼ਿਰ ਆਪਣੇ ਪੁਰਖ਼ਿਆਂ ਬਾਰੇ ਸੋਚੋ।
1,95,000 ਸਾਲ ਪਹਿਲਾਂ ਮਨੁੱਖ ਯਾਤਰਾਵਾਂ ਨੂੰ ਲੈ ਕੇ ਪਾਬੰਦੀਆਂ ਨੂੰ ਝੇਲਦਾ ਰਿਹਾ ਹੈ। ਇਸ ਦੀ ਸ਼ੁਰੂਆਤ ਠੰਡੇ ਅਤੇ ਖ਼ੁਸ਼ਕ ਸਮੇਂ ਤੋਂ ਹੋਈ। ਜੋ ਦਸ ਹਜ਼ਾਰ ਸਾਲ ਪਹਿਲਾਂ ਤੱਕ ਰਿਹਾ ਸੀ। ਇਸ ਸਮੇਂ ਨੂੰ ਮੈਰੀਨ ਆਈਸੋਟੇਪ ਸਟੇਜ 6 ਦੇ ਨਾਮ ਨਾਲ ਜਾਣਿਆਂ ਜਾਂਦਾ ਹੈ।
ਇੰਸਟੀਚਿਊਟ ਆਫ਼ ਹਿਊਮਨ ਓਰੀਜ਼ਨ ਦੇ ਪੁਰਾਤੱਤਵ ਵਿਗਿਆਨੀ ਪ੍ਰੋਫ਼ੈਸਰ ਕਾਰਟਿਸ ਮੈਰੀਨ ਵਰਗੇ ਕੁਝ ਵਿਗਿਆਨਿਕਾਂ ਦਾ ਮੰਨਨਾ ਹੈ ਕਿ ਇਸ ਦੌਰ ਵਿੱਚ ਪੈਣ ਵਾਲਾ ਸੋਕਾ ਸਾਡੀ ਜਾਤੀ ਨੂੰ ਤਕਰੀਬਨ ਖ਼ਤਮ ਹੀ ਕਰ ਚੁੱਕਿਆ ਸੀ।
ਉਹ ਦੱਸਦੇ ਹਨ ਕਿ ਉਸ ਸਮੇਂ ਅਫ਼ਰੀਕਾ ਦੇ ਦੱਖਣੀ ਕੰਢੇ 'ਤੇ ਮਨੁੱਖ ਜਾਤੀ ਦੀ ਜਾਨ ਬਚ ਸਕੀ ਸੀ। ਇਸ ਖ਼ੇਤਰ ਨੂੰ ਗਾਰਡਨ ਆਫ਼ ਈਡੇਨ ਕਹਿੰਦੇ ਹਨ। ਇੱਥੇ ਮਨੁੱਖ ਨੇ ਸਮੁੰਦਰੀ ਭੋਜਨ ਸਹਾਰੇ ਜਿਉਣਾ ਸਿੱਖਿਆ।
ਸਾਲ 2020 ਵਿੱਚ ਪੁਲਿਸ ਵਲੋਂ ਤਸ਼ਦਦ ਸੁਰਖ਼ੀਆਂ 'ਚ ਰਿਹਾ
ਅਮਰੀਕਾ ਵਿੱਚ ਜਾਰਜ ਫਲਾਇਡ ਦੀ ਮੌਤ ਦੇ ਨਾਲ ਹੀ ਪੁਲਿਸ ਦੀ ਧੱਕੇਸ਼ਾਹੀ ਨੂੰ ਲੈ ਕੇ ਕਾਫ਼ੀ ਚਰਚਾ ਹੋਈ। ਪਰ ਮਾੜੀ ਕਿਸਮਤ ਨੂੰ ਇਹ ਕੋਈ ਨਵੀਂ ਗੱਲ ਨਹੀਂ ਹੈ।
ਸਾਲ 1992 ਦੀ ਅਪ੍ਰੈਲ ਵਿੱਚ ਲਾਸ ਏਂਜਲਸ ਵਿੱਚ ਚਾਰ ਗੋਰੇ ਪੁਲਿਸ ਵਾਲਿਆਂ ਨੂੰ ਇੱਕ ਕਾਲੇ ਮੋਟਰ ਚਾਲਕ ਰੌਡਨੀ ਕਿੰਗ ਦਾ ਕਤਲ ਕਰਨ ਦੇ ਇਲਜ਼ਾਮ ਵਿੱਚ ਰਿਹਾ ਕਰਨ ਤੋਂ ਬਾਅਦ, ਦੰਗੇ ਭੜਕ ਗਏ ਸਨ।
ਕਈ ਦਿਨਾਂ ਤੱਕ ਹੋਣ ਵਾਲੀ ਹਿੰਸਾ ਵਿੱਚ ਘੱਟੋ-ਘੱਟ 53 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਸ਼ਹਿਰ ਨੂੰ ਇੱਕ ਅਰਬ ਡਾਲਰ ਦਾ ਨੁਕਸਾਨ ਝੱਲਣਾ ਪਿਆ ਸੀ।
ਲਾਸ ਏਂਜਲਸ ਦੇ ਦੱਖਣੀ ਮੱਧ ਹਿੱਸੇ ਵਿੱਚ ਐਮਰਜੈਂਸੀ ਦਾ ਐਲਾਨ ਕਰਨਾ ਪਿਆ ਸੀ।
ਸਾਲ 2020 ਵਿੱਚ ਬੈਰੂਤ ਦੀ ਬੰਦਰਗਾਹ 'ਤੇ ਜ਼ਬਰਦਸਤ ਧਮਾਕਾ ਹੋਇਆ
ਬੈਰੂਤ ਦੀ ਬੰਦਰਗਾਹ 'ਤੇ 4 ਅਗਸਤ ਨੂੰ ਦੁਰਘਟਨਾਵਸ ਕਰੀਬ 2,750 ਟਨ ਅਮੋਨੀਆ ਨਾਈਟ੍ਰੇਟ ਗ਼ਲਤ ਤਰੀਕੇ ਨਾਲ ਰੱਖਣ ਕਰਕੇ ਜ਼ਬਰਦਸਤ ਧਮਾਕਾ ਹੋਇਆ।
ਇਸ ਧਮਾਕੇ ਵਿੱਚ ਕਰੀਬ 190 ਲੋਕ ਮਾਰੇ ਗਏ ਅਤੇ ਤਕਰੀਬਨ 6000 ਲੋਕ ਫ਼ੱਟੜ ਹੋਏ ਸਨ।
ਮਾਹਰਾਂ ਦਾ ਕਹਿਣਾ ਹੈ ਕਿ ਇਹ ਇਤਿਹਾਸ ਵਿੱਚ ਹੋਣ ਵਾਲਾ ਇੱਕ ਸਭ ਤੋਂ ਵੱਡਾ ਗ਼ੈਰ-ਪਰਮਾਣੂ ਧਮਾਕਾ ਸੀ। ਇਹ ਟੀਐਨਟੀ ਦੇ ਇੱਕ ਕਿੱਲੋ ਟਨ ਦੇ ਬਰਾਬਰ ਸੀ। ਹਿਰੋਸ਼ੀਮਾ 'ਤੇ ਸੁੱਟੇ ਗਏ ਬੰਬ ਦੇ ਵੀਹਵੇਂ ਹਿੱਸੇ ਬਰਾਬਰ।
ਪਰ ਦਸੰਬਰ, 1984 ਵਿੱਚ ਭਾਰਤ ਦੇ ਭੋਪਾਲ ਵਿੱਚ ਕੈਮੀਕਲ ਪਲਾਂਟ ਵਿੱਚ ਜੋ ਗੈਸ ਲੀਕ ਹੋਣ ਨਾਲ ਹਾਦਸਾ ਵਾਪਰਿਆ ਸੀ ਉਹ ਆਧੁਨਿਕ ਇਤਿਹਾਸ ਦੇ ਸਭ ਤੋਂ ਵੱਡੇ ਉਦਯੋਗਿਕ ਹਾਦਸਿਆਂ ਵਿੱਚੋਂ ਇੱਕ ਹੈ।
ਇਸ ਘਟਨਾ ਬਾਰੇ ਭਾਰਤ ਸਰਕਾਰ ਦਾ ਕਹਿਣਾ ਹੈ ਕਿ 3500 ਲੋਕ ਇਸ ਹਾਦਸੇ ਦੇ ਕੁਝ ਦਿਨਾਂ ਵਿੱਚ ਹੀ ਮਾਰੇ ਗਏ ਸਨ ਅਤੇ ਉਸ ਤੋਂ ਬਾਅਦ ਸਾਲਾਂ ਵਿੱਚ ਫ਼ੇਫੜਿਆਂ ਦੀਆਂ ਬੀਮਾਰੀ ਨਾਲ 15,000 ਤੋਂ ਵੀ ਵੱਧ ਲੋਕ ਮਾਰੇ ਗਏ ਸਨ।
ਇਸ ਹਾਦਸੇ ਦਾ ਦਹਾਕਿਆਂ ਤੱਕ ਅਸਰ ਰਿਹਾ।
ਸਾਲ 2020 ਵਿੱਚ ਜੰਗਲ ਵਿੱਚ ਲੱਗੀ ਅੱਗ ਕਾਰਨ ਅਰਬਾਂ ਜਾਨਵਰਾਂ ਦੀ ਮੌਤ
ਕਰੀਬ ਤਿੰਨ ਅਰਬ ਜਾਨਵਰ ਇਸ ਸਾਲ ਆਸਟਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਮਾਰੇ ਗਏ। (ਇਸਦੀ ਸ਼ੁਰੂਆਤ ਸਾਲ 2019 ਦੇ ਅੰਤ ਵਿੱਚ ਹੋਈ ਸੀ)।
ਘੱਟੋ-ਘੱਟ 33 ਲੋਕ ਵੀ ਇਸ ਅੱਗ ਵਿੱਚ ਮਾਰੇ ਗਏ। ਇਸ ਅੱਗ ਨੇ ਆਸਟ੍ਰੇਲੀਆ ਦੇ ਅਨੋਖੇ ਜੰਗਲੀ ਜੀਵਨ ਨੂੰ ਤਹਿਸ ਨਹਿਸ ਕਰ ਦਿੱਤਾ।
ਅੱਗ ਅਤੇ ਇਸ ਤੋਂ ਤਬਾਹ ਹੋਏ ਜਾਨਵਰਾਂ ਕਰਕੇ ਥਣਧਾਰੀ ਜਾਨਵਰਾਂ, ਸੱਪਾਂ ਦੀ ਕਿਸਮਾਂ, ਚਿੜੀਆਂ ਅਤੇ ਡੱਡੂਆਂ ਵਰਗੇ ਜਾਨਵਰਾਂ ਦਾ ਬਹੁਤ ਨੁਕਸਾਨ ਹੋਇਆ।
ਪਰ ਸਤੰਬਰ 1923 ਵਿੱਚ ਆਏ ਭੂਚਾਲ ਨਾਲ ਜਿਹੜੀ ਅੱਗ ਲੱਗੀ ਸੀ ਉਸ ਨਾਲ ਜਪਾਨ ਦੇ ਟੋਕੀਓ ਤੋਂ ਲੈ ਕੇ ਯੋਕੋਹਾਮਾ ਤੱਕ 1,40,000 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। ਸਹੀ ਪੜ੍ਹਿਆ ਤੁਸੀਂ, ਇਸ ਵਿੱਚ ਇੰਨੀ ਵੱਡੀ ਗਿਣਤੀ ਇਨਸਾਨਾਂ ਨੇ ਜਾਨ ਗੁਆਈ ਸੀ ਨਾ ਕਿ ਕਿਸੇ ਜਾਨਵਰ ਨੇ।
ਸਾਲ 2020 ਵਿੱਚ ਜੋ ਗੱਲਾਂ ਚੰਗੀਆਂ ਰਹੀਆਂ
ਕਈ ਅਰਥਾਂ ਵਿੱਚ ਸਾਲ 2020 ਇੱਕ ਬਹੁਤ ਹੀ ਮੁਸ਼ਕਿਲ ਸਾਲ ਰਿਹਾ ਪਰ ਇਸਦੇ ਬਾਵਜੂਦ ਅਸੀਂ ਕੁਝ ਸਕਾਰਾਤਮਕ ਪੱਖਾਂ ਵੱਲ ਧਿਆਨ ਕੇਂਦਰਿਤ ਕਰ ਸਕਦੇ ਹਾਂ। ਇਹ ਇੱਕ ਅਜਿਹਾ ਸਾਲ ਰਿਹਾ ਜਿਸ ਵਿੱਚ ਸਿਆਸਤ ਵਿੱਚ ਔਰਤਾਂ ਦੀ ਅਗਵਾਈ ਵਧੀ।
2020 ਵਿੱਚ ਉਨਾਂ ਦੇਸਾਂ ਦੀ ਗਿਣਤੀ 20 ਤੱਕ ਪਹੁੰਚੀ ਜਿਥੇ ਔਰਤਾਂ ਦੇਸ ਦੀ ਅਗਵਾਈ ਕਰ ਰਹੀਆਂ ਹਨ। ਸਾਲ 1995 ਵਿੱਚ ਅਜਿਹੇ ਦੇਸਾਂ ਦੀ ਗਿਣਤੀ 12 ਸੀ।
ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਸੰਸਦ ਵਿੱਚ ਔਰਤਾਂ ਦੀ ਪ੍ਰਤੀਨਿਧਤਾ 2020 ਵਿੱਚ ਦੁਗਣੇ ਤੋਂ ਵੀ ਵੱਧ ਹੋ ਗਈ। ਇਹ ਕੁੱਲ ਸੀਟਾਂ ਦੇ 25 ਫ਼ੀਸਦ ਤੱਕ ਪਹੁੰਚ ਚੁੱਕੀ ਹੈ।
ਕਮਲਾ ਹੈਰਿਸ ਦੇ ਰੂਪ ਵਿੱਚ ਪਹਿਲੀ ਵਾਰ ਕੋਈ ਔਰਤ ਅਮਰੀਕਾ ਦੀ ਉੱਪ ਰਾਸ਼ਟਰਪਤੀ ਬਣੀ। ਉਹ ਇਸ ਅਹੁਦੇ ਤੱਕ ਪਹੁੰਚਣ ਵਾਲੀ ਪਹਿਲੀ ਕਾਲੇ ਦੱਖਣ ਏਸ਼ੀਆਈ ਮੂਲ ਦੀ ਔਰਤ ਵੀ ਹੈ।
ਪੂਰੀ ਦੁਨੀਆਂ ਦੇ ਲੋਕਾਂ ਨੇ ਨਸਲੀ ਪੱਖਪਾਤ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ। ਇਸ ਨਾਲ ਭਵਿੱਖ ਲਈ ਉਮੀਦ ਬੱਝਦੀ ਹੈ।
ਇਹ ਵੀ ਪੜ੍ਹੋ:
ਵਾਤਾਵਰਣ ਲਈ ਵੀ ਇੱਕ ਚੰਗੀ ਖ਼ਬਰ ਆਈ। ਕਈ ਕੰਪਨੀਆਂ ਨੇ ਕਾਰਬਨ ਦਾ ਨਿਕਾਸ ਘੱਟ ਕਰਨ ਦਾ ਵਾਅਦਾ ਕੀਤਾ ਹੈ।
ਨਾਸਾ ਨੇ ਅਕਤੂਬਰ ਵਿੱਚ ਐਲਾਨ ਕੀਤਾ ਕਿ ਚੰਨ 'ਤੇ ਪਹਿਲਾਂ ਜਿੰਨੀ ਉਮੀਦ ਕੀਤੀ ਗਈ ਸੀ ਉਸ ਤੋਂ ਕਿਤੇ ਵੱਧ ਪਾਣੀ ਮੌਜੂਦ ਹੈ। ਇਸ ਨਾਲ ਭਵਿੱਖ ਦੇ ਮਿਸ਼ਨਾਂ ਵਿੱਚ ਮਦਦ ਮਿਲ ਸਕਦੀ ਹੈ।
ਪਰ ਇਸ ਸਾਲ ਅਸੀਂ ਇਸ ਮਹਾਂਮਾਰੀ ਤੋਂ ਕਈ ਸਬਕ ਸਿੱਖੇ। ਅਸੀਂ ਇੱਕ ਸਬਕ ਤਾਂ ਪੱਕਾ ਸਾਰਿਆਂ ਨੇ ਸਿੱਖਿਆ ਉਹ ਇਹ ਕਿ ਲੋਕ ਖ਼ੂਬ ਹੱਥ ਧੋ ਰਹੇ ਹਨ।
ਇਹ ਵੀਡੀਓ ਵੀ ਦੇਖੋ: