You’re viewing a text-only version of this website that uses less data. View the main version of the website including all images and videos.
ਕੀ ਕੋਵਿਡ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਭਾਰੀ ਮੁਨਾਫ਼ਾ ਕਮਾਉਣਗੀਆਂ
- ਲੇਖਕ, ਲੂਸੀ ਹੁਕਰ, ਡੇਨੀਅਲ ਪਾਲੁਮਬੋ
- ਰੋਲ, ਬੀਬੀਸੀ ਬਿਜ਼ਨੈਸ
ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਸਾਨੂੰ ਇਹ ਚੇਤਾਵਨੀ ਦਿੱਤੀ ਜਾ ਰਹੀ ਸੀ ਕਿ ਕਿਸੇ ਵੀ ਬੀਮਾਰੀ ਲਈ ਟੀਕਾ ਵਿਕਸਤ ਕਰਨ ਵਿੱਚ ਕਈ ਸਾਲ ਲੱਗਦੇ ਹਨ। ਇਸ ਲਈ ਟੀਕੇ ਦੀ ਬਹੁਤੀ ਆਸ ਨਾ ਰੱਖੋ।
ਪਰ ਹੁਣ ਦਸ ਮਹੀਨੇ ਬੀਤਦੇ ਬੀਤਦੇ ਹੀ ਕੋਰੋਨਾ ਮਹਾਂਮਾਰੀ ਦੇ ਟੀਕੇ ਲੱਗਣੇ ਵੀ ਸ਼ੁਰੂ ਹੋ ਗਏ ਹਨ ਅਤੇ ਇਨਾਂ ਟੀਕਿਆਂ ਨੂੰ ਬਣਾਉਣ ਵਾਲੀਆਂ ਜਿਹੜੀਆਂ ਕੰਪਨੀਆਂ ਅੱਗੇ ਹਨ ਉਨਾਂ ਵਿਚੋਂ ਕਈਆਂ ਦੇ ਪਿੱਛੇ ਘਰੇਲੂ ਕੰਪਨੀਆਂ ਹਨ।
ਨਤੀਜੇ ਵਜੋਂ ਨਿਵੇਸ਼ ਮਾਹਰਾਂ ਦਾ ਅੰਦਾਜ਼ਾ ਹੈ ਕਿ ਇਨਾਂ ਵਿੱਚੋਂ ਘੱਟੋ-ਘੱਟ ਦੋ ਕੰਪਨੀਆਂ (ਅਮਰੀਕੀ ਬਾਇਓਟੈਕ ਮੌਡਰਨਾ ਅਤੇ ਜਰਮਨੀ ਦਾ ਬਾਇਓ-ਐਨ-ਟੇਕ) ਆਪਣੀ ਭਾਈਵਾਲ ਕੰਪਨੀ, ਫ਼ਾਈਜ਼ਰ ਦੇ ਨਾਲ ਮਿਲਕੇ ਅਗ਼ਲੇ ਸਾਲ ਅਰਬਾਂ ਡਾਲਰਾਂ ਦਾ ਵਪਾਰ ਕਰਨਗੀਆਂ।
ਇਹ ਵੀ ਪੜ੍ਹੋ
ਪਰ ਇਹ ਸਪੱਸ਼ਟ ਨਹੀਂ ਹੈ ਕਿ ਅਸਲ ਵਿੱਚ ਵੈਕਸੀਨ ਬਣਾਉਣ ਵਾਲੇ ਇਸ ਤੋਂ ਇਲਾਵਾ ਕਿੰਨੇ ਰੁਪਏ ਦਾ ਵਪਾਰ ਕਰਨ ਵਾਲੇ ਹਨ।
ਜਿਸ ਤਰ੍ਹਾਂ ਇਨਾਂ ਟੀਕਿਆਂ ਨੂੰ ਬਣਾਉਣ ਲਈ ਫ਼ੰਡਿੰਗ ਕੀਤੀ ਗਈ ਹੈ ਅਤੇ ਜਿਸ ਤਰੀਕੇ ਨਾਲ ਵੱਡੀ ਗਿਣਤੀ ਵਿੱਚ ਕੰਪਨੀਆਂ ਵੈਕਸੀਨ ਨਿਰਮਾਣ ਵਿੱਚ ਸਾਹਮਣੇ ਆਈਆਂ ਹਨ, ਉਸ ਤੋਂ ਇਹ ਲੱਗਦਾ ਹੈ ਕਿ ਵੱਡਾ ਮੁਨਾਫ਼ਾ ਕਮਾਉਣ ਦਾ ਕੋਈ ਵੀ ਮੌਕਾ ਲੰਬੇ ਸਮੇਂ ਤੱਕ ਨਹੀਂ ਰਹੇਗਾ।
ਕਿਨ੍ਹਾਂ ਲੋਕਾਂ ਨੇ ਲਾਇਆ ਪੈਸਾ?
ਮਹਾਂਮਾਰੀ ਦੇ ਦੌਰ ਵਿੱਚ ਲੋੜ ਨੂੰ ਦੇਖਦਿਆਂ ਸਰਕਾਰ ਅਤੇ ਫ਼ੰਡ ਦੇਣ ਵਾਲਿਆਂ ਨੇ ਵੈਕਸੀਨ ਬਣਾਉਣ ਦੀ ਯੋਜਨਾ ਅਤੇ ਟੈਸਟਿੰਗ ਲਈ ਅਰਬਾਂ ਪੌਂਡਾਂ ਦੀ ਰਾਸ਼ੀ ਦਿੱਤੀ।
ਗੇਟਸ ਫ਼ਾਉਂਡੇਸ਼ਨ ਵਰਗੇ ਸੰਗਠਨਾਂ ਨੇ ਖੁੱਲ੍ਹੇ ਦਿਲ ਤੋਂ ਇਨਾਂ ਯੋਜਨਾਵਾਂ ਦਾ ਸਮਰਥਨ ਕੀਤਾ। ਇਸਤੋਂ ਇਲਾਵਾ ਕਈ ਲੋਕਾਂ ਨੇ ਆਪ ਹੀ ਅੱਗੇ ਆ ਕੇ ਇਨਾਂ ਯੋਜਨਾਵਾਂ ਦੀ ਹਮਾਇਤ ਕੀਤੀ।
ਅਲੀਬਾਬਾ ਫ਼ਾਉਂਡਰ ਜੈਕ ਮਾ ਅਤੇ ਸੰਗੀਤ ਸਟਾਰ ਡੌਲੀ ਪਾਰਟਨ ਨੇ ਵੀ ਅੱਗੇ ਆ ਕੇ ਇਨਾਂ ਯੋਜਨਾਵਾਂ ਲਈ ਫ਼ੰਡ ਦਿੱਤਾ।
ਸਾਇੰਸ ਡਾਟਾ ਐਨਾਲਿਟਿਕਸ ਕੰਪਨੀ ਏਅਰਫ਼ਿਨਿਟੀ ਮੁਤਾਬਿਕ,ਕੋਵਿਡ ਦਾ ਟੀਕਾ ਬਣਾਉਣ ਅਤੇ ਟੈਸਟਿੰਗ ਲਈ ਸਰਕਾਰਾਂ ਵਲੋਂ 65 ਲੱਖ ਪੌਂਡ ਦਿੱਤੇ ਗਏ। ਉਥੇ ਹੀ ਗ਼ੈਰ-ਮੁਨਾਫ਼ਾ ਸੰਗਠਨਾਂ ਵਲੋਂ 15 ਲੱਖ ਪੌਂਡ ਦਿੱਤੇ ਗਏ।
ਕੰਪਨੀਆਂ ਦਾ ਆਪਣਾ ਖ਼ੁਦ ਦਾ ਨਿਵੇਸ਼ ਸਿਰਫ਼ 26 ਲੱਖ ਪੌਂਡ ਹੀ ਰਿਹਾ। ਇਨਾਂ ਵਿਚੋਂ ਕਈ ਕੰਪਨੀਆਂ ਬਾਹਰੀ ਫ਼ੰਡਿੰਗ ਉੱਪਰ ਬਹੁਤ ਨਿਰਭਰ ਕਰਦੀਆਂ ਹਨ।
ਇਹ ਇੱਕ ਬਹੁਤ ਵੱਡਾ ਕਾਰਨ ਹੈ ਕਿ ਵੱਡੀਆਂ ਕੰਪਨੀਆਂ ਨੇ ਵੈਕਸੀਨ ਦੀਆਂ ਯੋਜਨਾਵਾਂ ਨੂੰ ਫ਼ੰਡ ਦੇਣ ਵਿੱਚ ਬਹੁਤੀ ਜਲਦਬਾਜ਼ੀ ਨਹੀਂ ਦਿਖਾਈ।
ਬੀਤੇ ਸਮੇਂ ਵਿੱਚ ਇਸ ਤਰ੍ਹਾਂ ਦੀ ਆਪਾਤ ਸਥਿਤੀ ਵਿੱਚ ਟੀਕੇ ਦਾ ਨਿਰਮਾਣ ਕਰਨਾ ਬਹੁਤ ਜ਼ਿਆਦਾ ਲਾਭਦਾਇਕ ਸਾਬਿਤ ਨਹੀਂ ਹੋਇਆ। ਵੈਕਸੀਨ ਖੋਜਣ ਦੀ ਪ੍ਰੀਕਿਰਿਆ ਵਿੱਚ ਸਮਾਂ ਲੱਗਦਾ ਹੈ।
ਗ਼ਰੀਬ ਦੇਸਾਂ ਨੂੰ ਵੈਕਸੀਨ ਦੀ ਬਹੁਤ ਵੱਡੇ ਪੱਧਰ 'ਤੇ ਲੋੜ ਹੁੰਦੀ ਹੈ ਪਰ ਵੱਧ ਕੀਮਤਾਂ ਕਰਕੇ ਉਹ ਇਸ ਨੂੰ ਖ਼ਰੀਦ ਨਹੀਂ ਸਕਦੇ। ਅਮੀਰ ਦੇਸਾਂ ਵਿੱਚ ਰੋਜ਼ ਲਈਆਂ ਜਾਣ ਵਾਲੀਆਂ ਦਵਾਈਆਂ ਤੋਂ ਵੱਧ ਮੁਨਾਫ਼ਾ ਕਮਾਇਆ ਜਾਂਦਾ ਹੈ।
ਜ਼ੀਕਾ ਅਤੇ ਸਾਰਸ ਵਰਗੀਆਂ ਬੀਮਾਰੀਆਂ ਲਈ ਟੀਕੇ ਬਣਾਉਣ ਵਾਲੀਆਂ ਕੰਪਨੀਆਂ ਨੂੰ ਭਾਰੀ ਨੁਕਸਾਨ ਹੋਇਆ ਸੀ। ਉਥੇ ਹੀ ਦੂਸਰੇ ਪਾਸੇ ਫ਼ਲੂ ਵਰਗੀਆਂ ਬੀਮਾਰੀਆਂ ਦੇ ਲਈ ਵੈਕਸੀਨ ਦਾ ਬਾਜ਼ਾਰ ਅਰਬਾਂ ਦਾ ਹੈ।
ਅਜਿਹੇ ਵਿੱਚ ਜੇ ਕੋਵਿਡ-19 ਫ਼ਲੂ ਦੀ ਤਰ੍ਹਾਂ ਹੀ ਬਣਿਆ ਰਿਹਾ ਅਤੇ ਇਸ ਲਈ ਹਰ ਸਾਲ ਟੀਕਾ ਲਾਉਣ ਦੀ ਲੋੜ ਪੈਂਦੀ ਰਹੇਗੀ ਤਾਂ ਇਹ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਲਈ ਫ਼ਾਇਦੇਮੰਦ ਹੋ ਸਕਦਾ ਹੈ।
ਪਰ ਉਨਾਂ ਕੰਪਨੀਆਂ ਲਈ ਹੀ ਜਿਨਾਂ ਦੀ ਦਵਾਈ ਸਭ ਤੋਂ ਵੱਧ ਅਸਰਦਾਰ ਹੋਣ ਦੇ ਨਾਲ ਹੀ ਬਜਟ ਵਿੱਚ ਵੀ ਹੋਵੇਗੀ।
ਇਸ ਮੁੱਲ ਮਿਲ ਸਕਦੀ ਹੈ ਵੈਕਸੀਨ?
ਕਈ ਕੰਪਨੀਆਂ ਵਿਸ਼ਵ ਸੰਕਟ ਦੀ ਇਸ ਘੜੀ ਵਿੱਚ ਲਾਭ ਲੈਂਦੀਆਂ ਹੋਈਆਂ ਨਜ਼ਰ ਨਹੀਂ ਆਉਣਾ ਚਾਹੁੰਦੀਆਂ, ਖ਼ਾਸ ਤੌਰ 'ਤੇ ਬਾਹਰ ਤੋਂ ਵੱਧ ਫ਼ੰਡਿੰਗ ਮਿਲਣ ਤੋਂ ਬਾਅਦ।
ਅਮਰੀਕਾ ਦੀ ਵੱਡੀ ਦਵਾ ਨਿਰਮਾਤਾ ਕੰਪਨੀ ਜਿਵੇਂ ਜੌਨਸਨ ਐਂਡ ਜੌਨਸਨ ਅਤੇ ਯੂਕੇ ਦੀ ਐਸਟ੍ਰਾਜ਼ੇਨੇਕਾ ਆਕਸਫ਼ੋਰਡ ਯੂਨੀਵਰਸਿਟੀ ਸਥਿਤ ਬਾਇਓਟੈਕ ਕੰਪਨੀ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ।
ਉਨ੍ਹਾਂ ਨੇ ਆਪਣੇ ਵਲੋਂ ਇਹ ਦਾਅਵਾ ਕੀਤਾ ਹੈ ਕਿ ਆਪਣੀ ਵੈਕਸੀਨ ਦੀ ਕੀਮਤ ਉਨੀਂ ਹੀ ਰੱਖਣਗੇ ਜਿਸ ਨਾਲ ਸਿਰਫ਼ ਲਾਗਤ ਨਿਕਲ ਸਕੇ।
ਹਾਲੇ ਵੀ ਗੱਲ ਕਰੀਏ ਤਾਂ ਐਸਟ੍ਰਾਜ਼ੇਨੇਕਾ ਦੇ ਸੰਦਰਭ ਵਿੱਚ ਮੰਨਿਆ ਜਾ ਰਿਹਾ ਹੈ ਕਿ ਇਹ ਸਭ ਤੋਂ ਘੱਟ ਕੀਮਤ (4ਡਾਲਰ ਯਾਨੀ ਕਰੀਬ 300ਰੁਪਏ ਪ੍ਰਤੀ ਡੋਜ਼) 'ਤੇ ਉਪਲੱਬਧ ਹੋਵੇਗੀ।
ਮੌਡਰਨਾ ਇੱਕ ਛੋਟੀ ਬਾਇਓਟੈਕਨੋਲੋਜੀ ਕੰਪਨੀ ਹੈ ਜੋ ਕਿ ਸਾਲਾਂ ਤੋਂ ਆਰਐਨਏ ਵੈਕਸੀਨ ਦੇ ਪਿੱਛੇ ਦੀ ਤਕਨੀਕ 'ਤੇ ਕੰਮ ਕਰ ਰਹੀ ਹੈ।
ਉਨ੍ਹਾਂ ਦੀ ਪ੍ਰਤੀ ਡੋਜ਼ ਕੀਮਤ ਕਰੀਬ 37 ਡਾਲਰ ਯਾਨੀ 2 ਹਜ਼ਾਰ 7 ਰੁਪਏ ਤੋਂ ਕੁਝ ਵੱਧ ਹੋਵੇਗੀ। ਉਨ੍ਹਾਂ ਦਾ ਉਦੇਸ਼ ਕੰਪਨੀ ਦੇ ਸ਼ੇਅਰਧਾਰਕਾਂ ਲਈ ਮੁਨਾਫ਼ਾ ਕਮਾਉਣਾ ਹੈ।
ਹਾਲਾਂਕਿ ਇਸ ਦਾ ਇਹ ਮਤਲਬ ਨਹੀਂ ਕਿ ਇਹ ਕੀਮਤਾਂ ਤੈਅ ਕਰ ਦਿੱਤੀਆਂ ਗਈਆਂ ਹਨ।
ਆਮਤੌਰ 'ਤੇ ਦਵਾ ਕੰਪਨੀਆਂ ਅਲੱਗ ਅਲੱਗ ਦੇਸਾਂ ਵਿੱਚ ਵੱਖੋ ਵੱਖਰੇ ਤਰੀਕੇ ਨਾਲ ਫ਼ੀਸਾਂ ਦਿੰਦੀਆਂ ਹਨ। ਇਹ ਸਰਕਾਰਾਂ 'ਤੇ ਨਿਰਭਰ ਕਰਦਾ ਹੈ।
ਐਸਟ੍ਰਾਜ਼ੇਨੇਕਾ ਨੇ ਸਿਰਫ਼ ਮਹਾਂਮਾਰੀ ਤੱਕ ਲਈ ਕੀਮਤਾਂ ਘੱਟ ਰੱਖਣ ਦਾ ਦਾਅਵਾ ਕੀਤਾ ਹੈ। ਹੋ ਸਕਦਾ ਹੈ ਕਿ ਉਹ ਅਗਲੇ ਸਾਲ ਇਸਦੀ ਤੁਲਨਾਤਮਕ ਵਧੇਰੇ ਕੀਮਤ ਵਸੂਲਣ ਲੱਗੇ। ਇਹ ਪੂਰੀ ਤਰ੍ਹਾਂ ਮਹਾਂਮਾਰੀ ਦੀ ਪ੍ਰਕਿਰਤੀ 'ਤੇ ਨਿਰਭਰ ਕਰਦਾ ਹੈ।
ਬਾਰਕਲੇਜ਼ ਵਿੱਚ ਯੂਰਪੀਅਨ ਫ਼ਾਰਮਾਸਿਉਟੀਕਲ ਦੇ ਮੁਖੀ ਏਮਿਲੀ ਫ਼ੀਲਡ ਕਹਿੰਦੇ ਹਨ,"ਹਾਲੇ ਅਮੀਰ ਦੇਸਾਂ ਦੀਆਂ ਸਰਕਾਰਾਂ ਵੱਧ ਕੀਮਤਾਂ ਦੇਣਗੀਆਂ। ਉਹ ਵੈਕਸੀਨ ਜਾਂ ਡੋਜ਼ ਨੂੰ ਲੈ ਕੇ ਇੰਨੇ ਕਾਹਲੇ ਹਨ ਕਿ ਬਸ ਕਿਸੇ ਵੀ ਤਰੀਕੇ ਮਹਾਂਮਾਰੀ ਖ਼ਤਮ ਕਰ ਸਕਣ।"
ਉਹ ਅੱਗੇ ਕਹਿੰਦੇ ਹਨ, "ਸੰਭਾਵਨਾ ਹੈ ਅਗਲੇ ਸਾਲ ਜਿਵੇਂ-ਜਿਵੇਂ ਬਾਜ਼ਾਰ ਵਿੱਚ ਹੋਰ ਵੱਧ ਵੈਕਸੀਨਾਂ ਆਉਣ ਲੱਗਣ, ਹੋ ਸਕਦਾ ਹੈ ਮੁਕਾਬਲੇ ਕਰਕੇ ਵੈਕਸੀਨ ਦੀ ਕੀਮਤ ਵੀ ਘੱਟ ਹੋ ਜਾਵੇ।"
ਇਹ ਵੀ ਪੜ੍ਹੋ
ਏਅਰਫ਼ਿਨੀਟੀ ਦੇ ਚੀਫ਼ ਐਗਜ਼ੀਕਿਊਟਿਵ ਰਾਸਮਸ ਬੇਕ ਹੈਨਸੇਨ ਕਹਿੰਦੇ ਹਨ, "ਇਸ ਦਰਮਿਆਨ ਸਾਨੂੰ ਨਿੱਜੀ ਕੰਪਨੀਆਂ ਤੋਂ ਵੀ ਉਮੀਦ ਨਹੀਂ ਰੱਖਣੀ ਚਾਹੀਦੀ। ਖ਼ਾਸ ਕਰਕੇ ਅਜਿਹੀਆਂ ਕੰਪਨੀਆਂ ਜੋ ਛੋਟੀਆਂ ਹਨ ਅਤੇ ਜੋ ਕੋਈ ਦੂਸਰਾ ਉਤਪਾਦ ਵੀ ਨਹੀਂ ਵੇਚਦੀਆਂ। ਅਜਿਹੇ ਵਿੱਚ ਉਨ੍ਹਾਂ ਤੋਂ ਉਮੀਦ ਨਹੀਂ ਕਰਨੀ ਚਾਹੀਦੀ ਕਿ ਉਹ ਮੁਨਾਫ਼ੇ ਬਾਰੇ ਸੋਚੇ ਬਗ਼ੈਰ ਵੈਕਸੀਨ ਵੇਚਣਗੀਆਂ।"
ਉਹ ਕਹਿੰਦੇ ਹਨ, "ਇਸ ਗੱਲ ਨੂੰ ਦਿਮਾਗ ਵਿੱਚ ਰੱਖਣਾ ਪਵੇਗਾ ਕਿ ਇਨਾਂ ਕੰਪਨੀਆਂ ਨੇ ਇੱਕ ਵੱਡਾ ਜੋਖ਼ਮ ਚੁੱਕਿਆ ਹੈ ਅਤੇ ਉਹ ਅਸਲ ਵਿੱਚ ਤੇਜ਼ੀ ਨਾਲ ਅੱਗੇ ਵੱਧੀਆਂ ਹਨ।"
ਉਹ ਅੱਗੇ ਕਹਿੰਦੇ ਹਨ,"ਅਤੇ ਜੇ ਤੁਸੀਂ ਚਾਹੁੰਦੇ ਹੋ ਇਹ ਛੋਟੀਆਂ ਕੰਪਨੀਆਂ ਭਵਿੱਖ ਵਿੱਚ ਵੀ ਕਾਮਯਾਬ ਹੋਣ ਤਾਂ ਉਨਾਂ ਨੂੰ ਇਸ ਲਿਹਾਜ਼ ਨਾਲ ਸਨਮਾਨਿਤ ਕੀਤੇ ਜਾਣ ਦੀ ਲੋੜ ਹੈ।"
ਕੁਝ ਲੋਕ ਮਾਨਵਵਾਦੀ ਸੰਕਟ ਦੀ ਸਥਿਤੀ ਅਤੇ ਜਨਤਕ ਵਿੱਤੀ ਸਹਾਇਤਾ ਨੂੰ ਲੈ ਕੇ ਵੱਖੋ ਵੱਖਰੀ ਧਾਰਨਾ ਰੱਖਦੇ ਹਨ। ਉਨ੍ਹਾਂ ਮੁਤਾਬਿਕ, ਇਹ ਹਮੇਸ਼ਾਂ ਦੀ ਤਰ੍ਹਾਂ ਵਪਾਰ ਦਾ ਸਮਾਂ ਨਹੀਂ ਹੈ।
ਕੀ ਉਨ੍ਹਾਂ ਨੂੰ ਆਪਣੀ ਤਕਨੀਕ ਸਾਂਝੀ ਕਰਨੀ ਚਾਹੀਦੀ ਹੈ?
ਹੁਣ ਜਦੋਂ ਇੰਨਾ ਕੁਝ ਦਾਅ 'ਤੇ ਲੱਗਿਆ ਹੋਇਆ ਹੈ ਤਾਂ ਇਸ ਤਰ੍ਹਾਂ ਦੀ ਮੰਗ ਖੜੀ ਹੋ ਰਹੀ ਹੈ ਕਿ ਇੰਨ੍ਹਾਂ ਵੈਕਸੀਨ ਦੇ ਪਿੱਛੇ ਦੀ ਪੂਰੀ ਤਕਨੀਕ ਅਤੇ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਕਿ ਦੂਸਰੇ ਦੇਸ ਉਦਾਹਰਣ ਵਜੋਂ ਜਿਹੜੀਆਂ ਕੰਪਨੀਆਂ ਭਾਰਤ ਅਤੇ ਦੱਖਣੀ ਅਫ਼ਰੀਕਾ ਵਿੱਚ ਹਨ, ਉਹ ਵੈਕਸੀਨ ਨੂੰ ਆਪਣੇ ਘਰੇਲੂ ਬਜ਼ਾਰਾਂ ਵਿੱਚ ਬਣਾ ਸਕਣ।
ਮੈਡੀਸਨ ਲਾਅ ਐਂਡ ਪਾਲਿਸੀ ਦੇ ਏਲੇਨ ਟੀ ਹੋਏਨ ਕਹਿੰਦੇ ਹਨ, "ਜਨਤਕ ਫ਼ੰਡਿੰਗ ਪ੍ਰਾਪਤ ਕਰਨ ਲਈ ਇਹ ਇੱਕ ਸ਼ਰਤ ਹੋਣੀ ਚਾਹੀਦੀ ਹੈ।"
ਉਹ ਦੱਸਦੇ ਹਨ, "ਜਦੋਂ ਮਹਾਂਮਾਰੀ ਦੀ ਸ਼ੁਰੂਆਤ ਹੋਈ ਸੀ ਤਾਂ ਵੱਡੀਆਂ ਫ਼ਾਰਮਾ ਕੰਪਨੀਆਂ ਨੇ ਵੈਕਸੀਨ ਨੂੰ ਲੈ ਕੇ ਬਹੁਤਾ ਉਤਸ਼ਾਹ ਨਹੀਂ ਸੀ ਦਿਖਾਇਆ। ਪਰ ਜਦੋਂ ਸਰਕਾਰ ਅਤੇ ਏਜੰਸੀਆਂ ਫ਼ੰਡਿੰਗ ਨਾਲ ਆਈਆਂ ਤਾਂ ਉਨ੍ਹਾਂ ਨੂੰ ਇਸ 'ਤੇ ਕੰਮ ਕਰਨਾ ਪਿਆ।"
ਹੋਏਨ ਕਹਿੰਦੇ ਹਨ,"ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਕਿਉਂ ਨਤੀਜਿਆਂ ਤੋਂ ਲਾਭ ਪਾਉਣ ਦਾ ਵਿਸ਼ੇਸ਼ ਅਧਿਕਾਰ ਉਨ੍ਹਾਂ ਕੋਲ ਹੀ ਹੋਵੇ।"
ਉਹ ਕਹਿੰਦੇ ਹਨ,"ਇਹ ਨਵੀਆਂ ਖੋਜਾਂ ਅੱਗੇ ਚੱਲ ਕੇ ਇਨਾਂ ਵਪਾਰਕ ਸੰਗਠਨਾਂ ਦੀ ਨਿੱਜੀ ਸੰਪਤੀ ਬਣ ਜਾਂਦੀਆਂ ਹਨ।"
ਹਾਲਾਂਕਿ ਬੌਧਿਕ ਪੱਧਰ ¦ਤੇ ਲੋਕ ਇੱਕ ਦੂਸਰੇ ਨਾਲ ਕੁਝ ਚੀਜ਼ਾਂ ਸਾਂਝੀਆਂ ਕਰ ਰਹੇ ਹਨ, ਪਰ ਇਹ ਕਿਸੇ ਵੀ ਹਾਲਤ ਵਿੱਚ ਕਾਫ਼ੀ ਨਹੀਂ ਹਨ।
ਤਾਂ ਕੀ ਫ਼ਰਮਾਂ ਕੰਪਨੀਆਂ ਬੰਪਰ ਮੁਨਾਫ਼ਾ ਕਮਾਉਣਗੀਆਂ?
ਸਰਕਾਰਾਂ ਅਤੇ ਬਹੁਪੱਖੀ ਸੰਸਥਾਵਾਂ ਨੇ ਪਹਿਲਾਂ ਹੀ ਨਿਰਧਾਰਿਤ ਮੁੱਲ 'ਤੇ ਅਰਬਾਂ ਖ਼ੁਰਾਕਾਂ ਖ਼ਰੀਦਨ ਦਾ ਫ਼ੈਸਲਾ ਲਿਆ ਹੈ।
ਅਜਿਹੇ ਵਿੱਚ ਅਗਲੇ ਕੁਝ ਮਹੀਨਿਆਂ ਤੱਕ ਤਾਂ ਕੰਪਨੀਆਂ ਉਨਾਂ ਆਰਡਰਜ਼ ਨੂੰ ਜਿੰਨੀ ਜਲਦੀ ਹੋ ਸਕੇਗਾ ਉਨੀਂ ਜਲਦੀ ਮੁਕੰਮਲ ਕਰਨ ਵਿੱਚ ਰੁਝੀਆਂ ਰਹਿਣਗੀਆਂ।
ਜੋ ਲੋਕ ਵੈਕਸੀਨ ਦੀਆਂ ਖ਼ੁਰਾਕਾਂ ਨੂੰ ਅਮੀਰ ਦੇਸਾਂ ਨੂੰ ਵੇਚ ਰਹੇ ਹਨ ਉਹ ਆਪਣੇ ਨਿਵੇਸ਼ 'ਤੇ ਮੁਨਾਫ਼ੇ ਦੀ ਉਮੀਦ ਵੀ ਕਰਨ ਲੱਗੇ ਹਨ। ਹਾਲਾਂਕਿ ਐਸਟ੍ਰਾਜ਼ੇਨੇਕਾ ਨੇ ਸਭ ਤੋਂ ਵੱਧ ਖ਼ੁਰਾਕਾਂ ਦੀ ਸਪਲਾਈ ਕਰਨੀ ਹੈ ਬਾਵਜੂਦ ਇਸਦੇ ਕਿ ਉਹ ਹੁਣ ਸਿਰਫ਼ ਲਾਗਤ ਨੂੰ ਪੂਰਾ ਕਰਨ 'ਤੇ ਧਿਆਨ ਦੇਵੇਗਾ।
ਪਹਿਲੀ ਮੰਗ ਦੀ ਸਪਲਾਈ ਹੋ ਜਾਣ ਤੋਂ ਬਾਅਦ, ਹਾਲੇ ਇਹ ਅੰਦਾਜ਼ਾ ਲਾਇਆ ਜਾਣਾ ਥੋੜਾ ਔਖਾ ਹੈ ਕਿ ਵੈਕਸੀਨ ਨੂੰ ਲੈ ਕੇ ਅੱਗੇ ਸਥਿਤੀ ਕਿਸ ਤਰ੍ਹਾਂ ਦੀ ਹੋਵੇਗੀ।
ਕਿਉਂਕਿ ਇਹ ਕਈ ਚੀਜ਼ਾਂ 'ਤੇ ਨਿਰਭਰ ਕਰਦਾ ਹੈ। ਜਿਵੇਂ ਕਿ, ਜਿਨ੍ਹਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ ਉਨ੍ਹਾਂ ਨੂੰ ਕੋਰੋਨਾ ਕਿੰਨੀ ਦੇਰ ਤੱਕ ਪ੍ਰਭਾਵਿਤ ਨਹੀਂ ਕਰਦਾ। ਕਿੰਨਾ ਟੀਕਾਕਰਨ ਸਫ਼ਲ ਹੋ ਪਾਉਂਦਾ ਹੈ ਅਤੇ ਵੈਕਸੀਨ ਨਿਰਮਾਣ ਅਤੇ ਫ਼ਿਰ ਵੰਡ ਕਿੰਨੇ ਸੁਚਾਰੂ ਤਰੀਕੇ ਨਾਲ ਹੋ ਪਾਉਂਦੀ ਹੈ।
ਬਾਰਕਲੇਜ ਦੇ ਏਮਿਲੀ ਫ਼ੀਲਡ ਮੁਤਾਬਿਕ, "ਮੁਨਾਫ਼ਾ ਕਮਾਉਣ ਦੇ ਮੌਕੇ ਬਹੁਤ ਅਸਥਾਈ ਹੋਣਗੇ।"
ਚਾਹੇ ਜਿਹੜੇ ਲੋਕ ਵੈਕਸੀਨ ਬਣਾਉਣ ਦੀ ਦੌੜ ਵਿੱਚ ਹਾਲੇ ਅੱਗੇ ਹਨ ਅਤੇ ਆਪਣੀ ਬੌਧਿਕ ਸੰਪਤੀ ਨੂੰ ਦੂਸਰਿਆਂ ਨਾਲ ਸਾਂਝਾ ਨਹੀਂ ਕਰ ਰਹੇ, ਬਾਵਜੂਦ ਇਸਦੇ ਦੁਨੀਆਂ ਭਰ ਵਿੱਚ 50 ਅਜਿਹੀਆਂ ਵੈਕਸੀਨ ਬਣਾਈਆਂ ਜਾ ਰਹੀਆ ਹਨ ਜੋ ਟਰਾਇਲ ਦੇ ਦੌਰ ਵਿੱਚ ਹਨ।
ਏਮਿਲੀ ਫ਼ੀਲਡ ਮੁਤਾਬਿਕ, "ਆਉਣ ਵਾਲੇ ਦੋ ਸਾਲਾਂ ਵਿੱਚ ਹੋ ਸਕਦਾ ਹੈ ਕਿ ਬਾਜ਼ਾਰ ਵਿੱਚ 20 ਟੀਕੇ ਹੋਣ। ਅਜਿਹੀ ਹਾਲਤ ਵਿੱਚ ਵੈਕਸੀਨ ਲਈ ਬਹੁਤ ਜ਼ਿਆਦਾ ਕੀਮਤ ਵਸੂਲ ਸਕਣਾ ਔਖਾ ਹੋ ਜਾਂਦਾ ਰਿਹਾ ਹੈ।"
ਉਹ ਮੰਨਦੇ ਹਨ ਕਿ ਲੰਬੇ ਸਮੇਂ ਵਿੱਚ ਇਸ ਦਾ ਅਸਰ ਕੰਪਨੀ ਦੇ ਅਕਸ 'ਤੇ ਪੈ ਸਕਦਾ ਹੈ। ਜੇ ਕੋਈ ਵੈਕਸੀਨ ਸਫ਼ਲ ਹੋ ਜਾਂਦੀ ਹੈ ਤਾਂ ਕੰਪਨੀ ਲਈ ਕੋਵਿਡ ਇਲਾਜ਼ ਜਾਂ ਇਸ ਨਾਲ ਜੁੜੇ ਹੋਰ ਉਤਪਾਦਾਂ ਲਈ ਵਿਕਰੀ ਦੇ ਦਰਵਾਜ਼ੇ ਖੋਲ੍ਹਣ ਵਿੱਚ ਮਦਦਗਾਰ ਸਾਬਿਤ ਹੋ ਸਕਦਾ ਹੈ।
ਏਅਰਫ਼ਿਨਿਟੀ ਦੇ ਹੈਨਸੈਨ ਕਹਿੰਦੇ ਹਨ ਕਿ ਜੇ ਅਜਿਹਾ ਹੁੰਦਾ ਹੈ ਤਾਂ ਇਹ ਮਹਾਂਮਾਰੀ ਦੇ ਔਖੇ ਦੌਰ ਵਿੱਚੋਂ ਨਿਕਲੀ ਰਾਹਤ ਦੇਣ ਵਾਲੀ ਗੱਲ ਹੋ ਸਕਦੀ ਹੈ।
ਸਰਕਾਰਾਂ ਨੂੰ ਕੰਮ ਕਰਨ ਦੀ ਲੋੜ
ਇਹ ਸਰਕਾਰਾਂ ਤੋਂ ਉਮੀਦ ਕਰਦਿਆਂ ਕਹਿੰਦੇ ਹਨ ਕਿ ਸਰਕਾਰਾਂ ਨੂੰ ਮਹਾਂਮਾਰੀ ਦੇ ਸੰਦਰਭ ਵਿੱਚ ਰਣਨੀਤੀ ਬਣਾਉਣ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਉਹ ਹੁਣ ਸੁਰੱਖਿਆ ਅਤੇ ਬਚਾਅ ਲਈ ਕਰ ਰਹੀ ਹੈ।
ਇਨਾਂ ਸਭ ਵਿੱਚ ਸਭ ਤੋਂ ਵੱਧ ਧਿਆਨ ਦੇਣ ਵਾਲੀ ਅਤੇ ਪ੍ਰਭਾਵਿਤ ਕਰਨ ਵਾਲੀ ਗੱਲ ਇਹ ਹੈ ਕਿ ਆਖ਼ਰ ਬਾਇਓ-ਐਨ-ਟੇਕ ਅਤੇ ਮੌਡਰਮਾ ਦੀ ਬਾਜ਼ਾਰ ਵਿੱਚ ਕੀਮਤ ਅਚਾਨਕ ਉੱਪਰ ਕਿਵੇਂ ਪਹੁੰਚ ਗਈ।
ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਦੇ ਟੀਕੇ ਉਨ੍ਹਾਂ ਦੀ ਆਰਐਨਏ ਤਕਨੀਕ ਦੀ ਧਾਰਨਾ ਦਾ ਸਬੂਤ ਦਿੰਦੇ ਹਨ।
ਕੋਵਿਡ ਤੋਂ ਪਹਿਲਾਂ ਤੱਕ ਬਾਇਓ ਐਨ ਟੇਕ ਚਮੜੀ ਕੈਂਸਰ ਲਈ ਇੱਕ ਟੀਕੇ 'ਤੇ ਕੰਮ ਕਰ ਰਹੀ ਸੀ ਅਤੇ ਮੌਡਰਮਾ ਓਵੇਰੀਅਨ ਕੈਂਸਲ ਲਈ ਇੱਕ ਆਰਐਨਏ ਅਧਾਰਿਤ ਵੈਕਸੀਨ 'ਤੇ ਕੰਮ ਕਰ ਰਹੀ ਸੀ।
ਜੇ ਇਨਾਂ ਵਿਚੋਂ ਕੋਈ ਵੀ ਸਫ਼ਲ ਹੁੰਦਾ ਹੈ ਤਾਂ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੋਵੇਗੀ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: