ਕੋਰੋਨਾ ਵੈਕਸੀਨ: ਭਾਰਤ ਵਿੱਚ ਜਨਵਰੀ ਤੋਂ ਲੱਗੇਗਾ ਟੀਕਾ, ਇਹ ਹੈ ਸਰਕਾਰ ਦਾ ਪੂਰਾ ਪਲਾਨ

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਭਾਰਤ ਵਿੱਚ ਜਨਵਰੀ ਮਹੀਨੇ ਤੋਂ ਕੋਰੋਨਾ ਦਾ ਟੀਕਾ ਲੱਗਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।

ਨਾਮ ਨਾ ਜ਼ਾਹਰ ਕਰਨ ਦੀ ਸ਼ਰਤ 'ਤੇ ਇੱਕ ਅਧਿਕਾਰੀ ਨੇ ਦੱਸਿਆ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਵੈਕਸੀਨ ਬਣਾਉਣ ਵਾਲੀਆਂ ਕੁਝ ਕੰਪਨੀਆਂ ਨੂੰ ਮਨਜ਼ੂਰੀ ਦੇਣ ਵਾਲੀ ਸੰਸਥਾ ਤੋਂ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਦੀ ਇਜਾਜ਼ਤ ਮਿਲ ਸਕਦੀ ਹੈ।

ਦੋ ਕੰਪਨੀਆਂ ਨੇ ਪਹਿਲਾਂ ਹੀ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਦੀ ਅਰਜ਼ੀ ਦਿੱਤੀ ਹੋਈ ਹੈ ਅਤੇ 6 ਹੋਰ ਕੰਪਨੀਆਂ ਵੈਕਸੀਨ ਦੇ ਕਲੀਨੀਕਲ ਟ੍ਰਾਇਲ ਦੇ ਦੌਰ ਵਿੱਚ ਹਨ।

ਇਹ ਵੀ ਪੜ੍ਹੋ-

ਟੀਕਾਕਰਣ ਯੋਜਨਾ ਦੇ ਤਹਿਤ ਅਗਸਤ ਮਹੀਨੇ ਤੱਕ 30 ਕਰੋੜ ਲੋਕਾਂ ਦਾ ਟੀਕਾਕਰਣ ਕੀਤਾ ਜਾਵੇਗਾ।

ਭਾਰਤ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਕੁੱਲ ਮਾਮਲੇ ਇੱਕ ਕਰੋੜ ਤੱਕ ਪਹੁੰਚਣ ਵਾਲੇ ਹਨ ਤੇ ਹੁਣ ਤੱਕ ਕਰੀਬ 1 ਲੱਖ 44 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਭਾਵੇਂ ਹੁਣ ਭਾਰਤ ਵਿੱਚ ਲਾਗ ਦੇ ਨਵੇਂ ਮਾਮਲਿਆਂ ਵਿੱਚ ਗਿਰਾਵਟ ਆਈ ਹੈ ਪਰ ਅਜਿਹੇ ਵਕਤ ਵਿੱਚ ਵੀ ਟੀਕਾਕਰਣ ਦੀ ਪ੍ਰਕਿਰਿਆ ਕੀ ਹੋਵੇਗੀ ਅਤੇ ਕਿਸ ਨੂੰ ਪਹਿਲਾਂ ਮਿਲੇਗੀ ਇਸ ਦੀ ਇੱਕ ਯੋਜਨਾ ਤਿਆਰ ਕੀਤੀ ਗਈ ਹੈ।

ਕਿਹੜੀਆਂ ਵੈਕਸੀਨਾਂ ਬਾਰੇ ਹੋ ਰਹੀ ਹੈ ਚਰਚਾ?

ਭਾਰਤ ਵਿੱਚ ਸੀਰਮ ਇੰਸਟੀਚਿਊਟ ਅਤੇ ਬਰਤਾਨਵੀ ਕੰਪਨੀ ਐਸਟ੍ਰਾਜੈਨੇਕਾ ਦੇ ਸਹਿਯੋਗ ਨਾਲ ਬਣੀ ਕੋਵਿਸ਼ੀਲਡ ਵੈਕਸੀਨ ਅਤੇ ਕੋਵੈਕਸੀਨ ਜਿਸ ਨੂੰ ਭਾਰਤ ਬਾਇਓਟੈਕ ਅਤੇ ਆਈਸੀਐੱਮਆਰ ਨੇ ਬਣਾਇਆ ਹੈ, ਦੀ ਖੂਬ ਚਰਚਾ ਹੈ।

ਦੋਵੇਂ ਹੀ ਵੈਕਸੀਨ ਕੰਪਨੀਆਂ ਨੇ ਐਮਰਜੈਂਸੀ ਇਸਤੇਮਾਲ ਲਈ ਅਰਜ਼ੀ ਪਾਈ ਹੈ।

ਇਸ ਤੋਂ ਇਲਾਵਾ ਕੁਝ ਹੋਰ ਵੈਕਸਨੀਜ਼ ਹਨ ਜੋ ਅਜੇ ਟ੍ਰਾਇਲ ਦੇ ਦੌਰ ਵਿੱਚ ਹਨ

  • ਜਾਈਕੋਵ-ਡੀ, ਇਸ ਨੂੰ ਅਹਿਮਦਾਬਾਦ ਦੀ ਕੰਪਨੀ ਜਾਇਡਸ ਕੈਡਿਲਾ ਬਣਾ ਰਹੀ ਹੈ।
  • ਹੈਦਰਾਬਾਦ ਦੀ ਕੰਪਨੀ ਬਾਇਓਲੌਜਿਕਲ ਈ, ਐੱਮਆਈਟੀ ਦੇ ਨਾਲ ਮਿਲ ਦੇ ਵੈਕਸੀਨ ਤਿਆਰ ਕਰ ਰਹੀ ਹੈ।
  • -HGCO19 ਪੁਣੇ ਦੀ ਕੰਪਨੀ ਜੇਨੋਵਾ, ਸਿਏਟਲ ਦੀ ਕੰਪਨੀ ਐੱਚਡੀਟੀ ਬਾਇਓਟੈਕ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਭਾਰਤ ਦੀ ਪਹਿਲੀ mRNA ਵੈਕਸੀਨ ਬਣਾ ਰਹੀ ਹੈ।
  • -ਭਾਰਤ ਬਾਇਓਟੈਕ ਦੀ ਨਜ਼ਲ ਵੈਕਸੀਨ
  • ਰੂਸ ਦੇ ਜੇਮੇਲੀਆ ਨੈਸ਼ਨਲ ਸੈਂਟਰ ਤੇ ਡਾਕਟਰ ਰੇੱਡੀ ਲੈਬ ਵੱਲੋਂ ਤਿਆਰ ਕੀਤੀ ਗਈ ਸਪੁਤਨੀਕ ਵੀ ਵੈਕਸੀਨ।
  • ਅਮਰੀਕਾ ਦੀ ਵੈਕਸੀਨ ਬਣਾਉਣ ਵਾਲੀ ਕੰਪਨੀ ਨੋਵਾਵਾਕਸ ਤੇ ਸੀਰਮ ਇੰਸਟੀਚਿਊਟ ਵੱਲੋਂ ਤਿਆਰ ਕੀਤੀ ਗਈ ਦੂਜੀ ਵੈਕਸੀਨ

'ਭਾਰਤ ਵਿੱਚ ਵੈਕਸੀਨ ਦਾ ਕਾਫੀ ਸਟਾਕ'

ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਇਨ੍ਹਾਂ ਵਿੱਚ ਚਾਰ ਵੈਕਸੀਨ ਪੂਰੇ ਤਰੀਕੇ ਨਾਲ ਸਵਦੇਸ਼ੀ ਹਨ।

ਅਧਿਕਾਰੀ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਵੀ ਖਾਰਜ ਕੀਤਾ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਭਾਰਤ ਨੇ ਪੂਰੀ ਦੁਨੀਆਂ ਦੀ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਲੱਖਾਂ ਖੁਰਾਕਾਂ ਦਾ ਪ੍ਰੀ-ਆਡਰ ਦਿੱਤਾ ਹੈ।

ਉਨ੍ਹਾਂ ਦਾ ਕਹਿਣਾ ਸੀ ਕਿ ਭਾਰਤ ਵਿੱਚ ਵੈਕਸੀਨ ਦਾ ਸਟੌਕ 'ਸੰਤੋਖਜਨਕ ਮਾਤਰਾ' ਵਿੱਚ ਉਪਲਬਧ ਹੈ।

ਅਧਿਕਾਰੀ ਨੇ ਇਹ ਵੀ ਦੱਸਿਆ ਕਿ ਭਾਰਤ ਸਰਕਾਰ ਕੁਝ ਸਥਾਨਕ ਅਤੇ ਵਿਦੇਸ਼ੀ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਦੇ ਸੰਪਰਕ ਵਿੱਚ ਸੀ ਤਾਂ ਜੋ ਉਨ੍ਹਾਂ ਨੂੰ ਆਪਣੀਆਂ ਜ਼ਰੂਰਤਾਂ ਦੱਸੀਆਂ ਜਾ ਸਕਣ।

ਇਸ ਦੇ ਨਾਲ ਹੀ ਉਨ੍ਹਾਂ ਦੇ ਉਤਪਾਦਨ ਦੀ ਸਮਰੱਥਾ ਬਾਰੇ ਵੀ ਜਾਣਿਆ ਜਾ ਸਕੇ।

ਉਨ੍ਹਾਂ ਕਿਹਾ, "ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈਕ ਇਨ੍ਹਾਂ ਦੋ ਕੰਪਨੀਆਂ ਕੋਲ ਮਿਲਾ ਕੇ ਇੱਕ ਮਹੀਨੇ ਵਿੱਚ 6.5 ਕਰੋੜ ਖੁਰਾਕ ਵੈਕਸੀਨ ਬਣਾਉਣ ਦੀ ਸਮਰੱਥਾ ਹੈ। ਜੇ ਵੈਕਸੀਨ ਕੰਪਨੀਆਂ ਨੂੰ ਇਜਾਜ਼ਤ ਮਿਲ ਜਾਂਦੀ ਹੈ ਤਾਂ ਭਾਰਤ ਕੋਲ ਵੈਕਸੀਨ ਦਾ ਬਿਹਤਰ ਸਟੌਕ ਹੋਵੇਗਾ।"

ਵੈਕਸੀਨ ਲੋਕਾਂ ਤੱਕ ਪਹੁੰਚਾਉਣ ਦੀ ਕੀ ਯੋਜਨਾ ਹੈ?

ਅਧਿਕਾਰੀ ਨੇ ਦੱਸਿਆ ਕਿ ਅਗਲੇ ਸਾਲ ਜਨਵਰੀ ਤੋਂ ਅਗਸਤ ਮਹੀਨੇ ਤੱਕ ਤਕਰੀਬਨ 30 ਕਰੋੜ ਲੋਕਾਂ ਨੂੰ ਕੋਰੋਨਾ ਦੇ ਟੀਕੇ ਲਗਾਏ ਜਾਣਗੇ।

ਇਸ ਪ੍ਰਕਿਰਿਆ ਵਿੱਚ ਇੱਕ ਕਰੋੜ ਸਿਹਤ ਮੁਲਾਜ਼ਮ ਸ਼ਾਮਿਲ ਹੋਣਗੇ, ਜਿਨ੍ਹਾਂ ਵਿੱਚ ਪੁਲਿਸ ਮੁਲਾਜ਼ਮ ਤੇ ਨਗਰ ਨਿਗਮ ਦੇ ਮੁਲਾਜ਼ਮਾਂ ਸਣੇ ਫਰੰਟ ਲਾਈਨ 'ਤੇ ਕੰਮ ਕਰਨ ਵਾਲੇ ਲੋਕ ਸ਼ਾਮਲ ਹੋਣਗੇ।

ਇਸ ਮਗਰੋਂ ਉਨ੍ਹਾਂ ਲੋਕਾਂ ਤੱਕ ਟੀਕਾ ਪਹੁੰਚਾਇਆ ਜਾਵੇਗਾ ਜਿਨ੍ਹਾਂ ਦੀ ਉਮਰ 50 ਸਾਲ ਤੋਂ ਵੱਧ ਹੈ ਜਾਂ ਜਿਨ੍ਹਾਂ ਨੂੰ ਦੂਜੀ ਹੋਰ ਕਈ ਬਿਮਾਰੀਆਂ (ਕੋ-ਮੌਬਿਡਿਟੀਜ਼) ਹਨ।

ਭਾਰਤ ਪਹਿਲਾਂ ਤੋਂ ਹੀ ਤਕਰੀਬਨ 4 ਕਰੋੜ ਗਰਭਵਤੀ ਔਰਤਾਂ ਤੇ ਨਵਜੰਮੇਂ ਬੱਚਿਆਂ ਨੂੰ 12 ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਣ ਯੋਜਨਾ ਚਲਾਉਂਦਾ ਹੈ।

ਭਾਰਤ ਕੋਲ ਅਜਿਹੇ ਵੈਕਸੀਨ ਨੂੰ ਸਟੋਰ ਕਰਨ ਦੀ ਵੀ ਬਿਹਤਰ ਸਮਰੱਥਾ ਹੈ।

ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਰਤ ਵਿੱਚ ਕੁੱਲ 2 ਲੱਖ 23 ਹਜ਼ਾਰ ਨਰਸਾਂ ਤੇ ਦਾਈਆਂ ਵਿੱਚੋਂ 1 ਲੱਖ 54 ਹਜ਼ਾਰ ਨਰਸਾਂ ਤੇ ਦਾਈਆਂ ਨੂੰ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇਗਾ।

ਇਹ ਨਰਸਾਂ ਤੇ ਦਾਈਆਂ ਕੋਰੋਨਾ ਵੈਕਸੀਨ ਨੂੰ ਲੋਕਾਂ ਤੱਕ ਪਹੁੰਚਾਉਣਗੀਆਂ। ਇਸ ਤੋਂ ਇਲਾਵਾ ਨਰਸਿੰਗ ਦੀ ਪੜ੍ਹਾਈ ਕਰਨ ਵਾਲੇ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਵੀ ਵਲੰਟੀਅਰਸ਼ਿਪ ਲਈ ਸੱਦਿਆ ਜਾਵੇਗਾ।

ਵੈਕਸੀਨ ਦੇ ਸਾਈਡ ਇਫੈਕਟ ਨਾਲ ਕਿਵੇਂ ਨਜਿੱਠੇਗੀ ਸਰਕਾਰ?

ਮੌਜੂਦਾ 29 ਹਜ਼ਾਰ ਕੋਲਡ ਸਟੋਰੇਜ ਨੂੰ ਵੈਕਸੀਨ ਸੁਰੱਖਿਅਤ ਰੱਖਣ ਲਈ ਇਸਤੇਮਾਲ ਕੀਤਾ ਜਾਵੇਗਾ ਕਿਉਂਕਿ ਇਹ ਵੈਕਸੀਨ 2 ਡਿਗਰੀ ਸੈਲਸੀਅਸ ਤੋਂ ਲੈ ਕੇ 8 ਡਿਗਰੀ ਸੈਲੀਸੀਅਸ ਤਾਪਮਾਨ ਵਿੱਚ ਹੀ ਵੰਡੀ ਜਾ ਸਕਦੀ ਹੈ।

ਅਜਿਹੇ ਵਿੱਚ ਵੈਕਸੀਨ ਲਈ ਇੱਕ ਕੋਲਡ-ਚੇਨ ਬਣਾਉਣੀ ਹੋਵੇਗੀ।

ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਵਿੱਚ -80 ਡਿਗਰੀ ਤੱਕ ਦੇ ਬੇਹਦ ਠੰਢੇ ਕੋਲਡ-ਸਟੋਰੇਜ ਵੀ ਉਪਲਬਧ ਹਨ ਜੋ ਹਰਿਆਣਾ ਦੇ ਪਸ਼ੂਆਂ ਤੇ ਖੇਤੀ ਨਾਲ ਜੁੜੇ ਰਿਸਰਚ ਸੈਂਟਰ ਬਣਾਏ ਗਏ ਹਨ।

ਇੱਕ ਵੱਡਾ ਸਵਾਲ ਇਹ ਵੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਵੈਕਸੀਨ ਦਿੱਤੀ ਜਾਵੇਗੀ ਉਸ ਤੋਂ ਬਾਅਦ ਉਨ੍ਹਾਂ 'ਤੇ ਪੈਣ ਵਾਲੇ ਅਸਰ ਨੂੰ ਕਿਵੇਂ ਸਰਕਾਰ ਮੌਨੀਟਰਿੰਗ ਕਰੇਗੀ?

ਇਹ ਸਵਾਲ ਇਸ ਲਈ ਵੀ ਅਹਿਮ ਹੈ ਕਿਉਂਕਿ ਹਾਲ ਹੀ ਵਿੱਚ ਸੀਰਮ ਇੰਸਟੀਚਿਊਟ ਦੀ ਵੈਕਸੀਨ ਦਾ ਇਸਤੇਮਾਲ ਕਰਨ ਮਗਰੋਂ ਇੱਕ ਵਲੰਟੀਅਰ ਨੇ ਇਹ ਦਾਅਵਾ ਕਰਦੇ ਹੋਏ ਕੰਪਨੀ 'ਤੇ ਮੁਕੱਦਮਾ ਦਾਇਰ ਕੀਤਾ ਕਿ ਵੈਕਸੀਨ ਲੈਣ ਮਗਰੋਂ ਉਸ ਦੀ ਤਬੀਅਤ ਖ਼ਰਾਬ ਹੋ ਗਈ।

ਇਸ ਦੇ ਜਵਾਬ ਵਿੱਚ ਅਧਿਕਾਰੀ ਨੇ ਕਿਹਾ, "ਸਾਨੂੰ ਹੋਰ ਪਾਰਦਰਸ਼ੀ ਹੋਣਾ ਪਵੇਗਾ ਅਤੇ ਅਜਿਹੇ ਸਾਈਡ ਇਫੈਕਟਸ ਵਰਗੇ ਮਾਮਲਿਆਂ ਨਾਲ ਸਹੀ ਤਰੀਕੇ ਨਾਲ ਨਜਿੱਠਣਾ ਹੋਵੇਗਾ।। ਇਸ ਦੇ ਲਈ ਇੱਕ ਯੋਜਨਾ ਵੀ ਤਿਆਰ ਕੀਤੀ ਗਈ ਹੈ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)