ਨੈਨੋ ਤਕਨੀਕ ਜੋ ਮਾਰੂਥਲ ਨੂੰ ਉਪਜਾਊ ਖੇਤ ਵਿੱਚ ਬਦਲ ਸਕਦੀ ਹੈ

    • ਲੇਖਕ, ਰੈਚੇਲ ਲੌਵੇਲ
    • ਰੋਲ, ਬੀਬੀਸੀ ਫ਼ਿਊਚਰ

ਇਸ ਸਾਲ ਮਾਰਚ ਵਿੱਚ ਜਦੋਂ ਦੁਨੀਆਂ ਭਰ ਵਿੱਚ ਲੌਕਡਾਊਨ ਲਗ ਰਿਹਾ ਸੀ, ਸੰਯੁਕਤ ਅਰਬ ਅਮੀਰਾਤ ਵਿੱਚ ਇੱਕ ਵੱਡਾ ਪ੍ਰਯੋਗ ਹੋ ਰਿਹਾ ਸੀ।

ਸਿਰਫ਼ 40 ਦਿਨਾਂ ਦੇ ਅੰਦਰ ਹੀ ਇੱਥੇ ਬੰਜਰ ਜ਼ਮੀਨ ਦਾ ਇੱਕ ਟੁਕੜਾ ਮਿੱਠੇ ਰਸ ਭਰੇ ਹਦਵਾਣਿਆਂ ਨਾਲ ਭਰ ਗਿਆ।

ਇੱਕ ਅਜਿਹੇ ਦੇਸ ਲਈ ਜਿਹੜਾ ਆਪਣੀ ਲੋੜ ਦੇ ਤਾਜ਼ੇ ਫ਼ਲ ਅਤੇ ਸਬਜ਼ੀਆਂ ਦਾ 90 ਫ਼ੀਸਦ ਹਿੱਸਾ ਦਰਆਮਦ ਕਰਦਾ ਹੈ, ਇਹ ਅਸਧਾਰਣ ਪ੍ਰਾਪਤੀ ਹੈ। ਸਿਰਫ਼ ਮਿੱਟੀ ਅਤੇ ਪਾਣੀ ਮਿਲਾਉਣ ਨਾਲ ਅਰਬ ਦਾ ਸੁੱਕਾ, ਤਪਦਾ ਮਾਰੂਥਲ ਰਸ ਭਰੇ ਫ਼ਲਾਂ ਦੇ ਖੇਤਾਂ 'ਚ ਬਦਲ ਗਿਆ।

ਇਹ ਵੀ ਪੜ੍ਹੋ

ਇਹ ਇੰਨਾਂ ਸੌਖਾ ਨਹੀਂ ਸੀ। ਇਹ ਹਦਵਾਣੇ ਉਗਾਉਣ ਦਾ ਕੰਮ, ਤਰਲ "ਨੈਨੋ ਕਲੇ" ਦੀ ਮਦਦ ਨਾਲ ਮੁਮਕਿਨ ਹੋ ਸਕਿਆ ਹੈ।

ਮਿੱਟੀ ਨੂੰ ਦੁਬਾਰਾ ਉਪਜਾਊ ਬਣਾਉਣ ਦੀ ਇਸ ਤਕਨੀਕ ਦੀ ਕਹਾਣੀ, ਇਥੋਂ 1500 ਮੀਲ (2400 ਕਿਲੋਮੀਟਰ) ਪੱਛਮ ਵਿੱਚ ਦੋ ਦਹਾਕੇ ਪਹਿਲਾਂ ਸ਼ੁਰੂ ਹੋਈ ਸੀ।

1980 ਵਿੱਚ ਮਿਸਰ ਦੇ ਨੀਲ ਡੈਲਟਾ ਦੇ ਇੱਕ ਹਿੱਸੇ ਵਿੱਚ ਪੈਦਾਵਰ ਘਟਨ ਲੱਗੀ ਸੀ। ਮਾਰੂਥਲ ਦੇ ਨੇੜੇ ਹੋਣ ਦੇ ਬਾਵਜੂਦ ਇੱਥੇ ਹਜ਼ਾਰਾਂ ਸਾਲਾਂ ਤੋਂ ਖੇਤੀ ਹੋ ਰਹੀ ਹੈ।

ਇਥੋਂ ਦੇ ਬੇਜੋੜ ਉਪਜਾਊਪਣ ਕਰਕੇ ਹੀ ਪੁਰਾਤਣ ਮਿਸਰ ਵਾਸੀਆਂ ਨੇ ਆਪਣੀ ਸਮਰੱਥਾ ਇੱਕ ਤਾਕਤਵਰ ਸੱਭਿਅਤਾ ਵਿਕਸਿਤ ਕਰਨ ਵਿੱਚ ਲਾਈ ਜਿਸ ਦੀ ਤਰੱਕੀ ਦੇਖ ਕੇ ਹਜ਼ਾਰਾਂ ਸਾਲ ਬਾਅਦ, ਅੱਜ ਵੀ ਦੁਨੀਆਂ ਦੰਗ ਰਹਿ ਜਾਂਦੀ ਹੈ।

ਸਦੀਆਂ ਤੱਕ ਇਥੋਂ ਦੇ ਭਾਈਚਾਰਿਆਂ ਦੀ ਭੁੱਖ ਮਿਟਾਉਣ ਵਾਲੇ ਖੇਤਾਂ ਦੀ ਪੈਦਾਵਰ, 10 ਸਾਲਾਂ ਦੇ ਅੰਦਰ ਅੰਦਰ ਘੱਟ ਗਈ।

ਕਿਉਂ ਘਟੀ ਪੈਦਾਵਰ

ਹਰ ਸਾਲ ਗਰਮੀਆਂ ਦੇ ਆਖ਼ੀਰ ਵਿੱਚ ਨੀਲ ਨਦੀ ਵਿੱਚ ਹੜ੍ਹ ਆਉਂਦੇ, ਜੋ ਮਿਸਰ ਦੇ ਡੈਲਟਾ ਤੱਕ ਫ਼ੈਲ ਜਾਂਦੇ ਸਨ।

ਵਿਗਿਆਨੀਆਂ ਨੇ ਜਦੋਂ ਪੈਦਾਵਰ ਘਟਨ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਹੜ੍ਹਾਂ ਦਾ ਪਾਣੀ ਆਪਣੇ ਨਾਲ ਖਣਿਜ, ਪੋਸ਼ਕ ਤੱਤ ਅਤੇ ਪੂਰਵੀ ਅਫ਼ਰੀਕਾ ਦੇ ਬੇਸਿਨ ਦੇ ਕੱਚੀ ਮਿੱਟੀ ਦੇ ਕਣ ਵੀ ਲੈ ਕੇ ਆਉਂਦਾ ਸੀ ਜੋ ਪੂਰੇ ਡੈਲਟਾ ਦੇ ਖੇਤਰ ਵਿੱਚ ਫ਼ੈਲ ਜਾਂਦੇ ਸਨ।

ਚਿੱਕੜ ਦੇ ਇਹ ਬਾਰੀਕ ਕਣ ਹੀ ਉਥੋਂ ਦੀ ਜ਼ਮੀਨ ਨੂੰ ਉਪਜਾਊ ਬਣਾਉਂਦੇ ਸਨ। ਪਰ ਫ਼ਿਰ ਕੀ ਉਹ ਕਣ ਕਿਤੇ ਗਵਾਚ ਗਏ?

1960 ਦੇ ਦਹਾਕੇ ਵਿੱਚ ਦੱਖਣੀ ਮਿਸਰ ਵਿੱਚ ਨੀਲ ਨਦੀ 'ਤੇ ਅਸਵਾਨ ਡੈਮ ਬੰਨ ਗਿਆ ਸੀ। ਢਾਈ ਮੀਲ (4ਕਿਲੋਮੀਟਰ) ਚੌੜ੍ਹਾ ਇਹ ਵਿਸ਼ਾਲ ਢਾਂਚਾ ਪਣਬਿਜਲੀ ਬਣਾਉਣ ਅਤੇ ਹੜ੍ਹਾਂ ਨੂੰ ਨਿਯੰਤਰਿਤ ਕਰਨ ਲਈ ਬਣਾਇਆ ਗਿਆ ਸੀ ਤਾਂ ਕਿ ਪ੍ਰਬੰਧ ਵੀ ਸੌਖਾ ਹੋ ਜਾਵੇ ਅਤੇ ਫ਼ਸਲਾਂ ਵੀ ਬਰਬਾਦ ਨਾ ਹੋਣ।

ਇਸ ਬੰਨ ਨੇ ਹੜ੍ਹ ਦੇ ਨਾਲ ਰੁੜ ਕੇ ਆਉਣ ਵਾਲੇ ਪੋਸ਼ਕ ਤੱਤਾਂ ਨੂੰ ਵੀ ਰੋਕ ਦਿੱਤਾ। ਇੱਕ ਦਹਾਕੇ ਦੇ ਅੰਦਰ ਅੰਦਰ ਡੈਲਟਾ ਵਿੱਚ ਪੈਦਾਵਰ ਘੱਟ ਗਈ। ਜਦੋਂ ਮਿੱਟੀ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੇ ਸਮੱਸਿਆ ਦਾ ਪਤਾ ਲਾਇਆ ਤਾਂ ਇਸ ਦਾ ਹੱਲ ਲੱਭਿਆ ਜਾਣ ਲੱਗਿਆ।

ਕੀ ਹੈ ਨੈਨੋ ਕਲੇ ਤਕਨੀਕ?

ਨੈਨੋ ਕਲੇ ਤਕਨੀਕ ਦਾ ਵਿਕਾਸ ਕਰਨ ਵਾਲੀ ਨਾਰਵੇ ਦੀ ਕੰਪਨੀ ਡੇਜ਼ਰਟ ਕੰਟਰੋਲ ਦੇ ਮੁੱਖ ਕਾਰਜਕਾਰੀ ਔਲੇ ਸਿਵਤਸਰੇਨ ਕਹਿੰਦੇ ਹਨ, "ਇਹ ਅਜਿਹੇ ਹੀ ਹੈ ਜਿਸ ਤਰ੍ਹਾਂ ਦੇ ਤੁਸੀਂ ਆਪਣੇ ਬਗ਼ੀਚੇ ਵਿੱਚ ਦੇਖ ਸਕਦੇ ਹੋ।"

"ਰੇਤਲੀ ਮਿੱਟੀ ਪੌਦਿਆਂ ਲਈ ਜ਼ਰੂਰੀ ਨਮੀਂ ਬਰਕਰਾਰ ਨਹੀਂ ਰੱਖ ਪਾਉਂਦੀ। ਕੱਚੀ ਮਿੱਟੀ ਸਹੀ ਅਨੁਪਾਤ ਵਿੱਚ ਮਿਲਾਉਣ ਨਾਲ ਇਹ ਸਥਿਤੀ ਨਾਟਕੀ ਰੂਪ ਵਿੱਚ ਬਦਲ ਜਾਂਦੀ ਹੈ।"

ਸਿਵਤਸਰੇਨ ਦੇ ਸ਼ਬਦਾਂ ਵਿੱਚ, ਉਨ੍ਹਾਂ ਦੀ ਯੋਜਨਾ ਨੈਨੋ ਕਲੇ ਦੇ ਇਸਤੇਮਾਲ ਨਾਲ ਬੰਜਰ ਮਾਰੂਥਲੀ ਜ਼ਮੀਨ ਨੂੰ "ਰੇਤ ਤੋਂ ਆਸ" ਵੱਲ ਲੈ ਜਾਣ ਦੀ ਹੈ।

ਚਿੱਕੜ ਦੀ ਵਰਤੋਂ ਕਰਕੇ ਪੈਦਾਵਰ ਵਧਾਉਣਾ ਕੋਈ ਨਵੀਂ ਗੱਲ ਨਹੀਂ ਹੈ। ਕਿਸਾਨ ਹਜ਼ਾਰਾਂ ਸਾਲਾਂ ਤੋਂ ਅਜਿਹਾ ਕਰ ਰਹੇ ਹਨ। ਪਰ ਭਾਰੀ, ਮੋਟੀ ਮਿੱਟੀ ਦੇ ਨਾਲ ਕੰਮ ਕਰਨਾ ਇਤਿਹਾਸਿਕ ਰੂਪ ਵਿੱਚ ਬਹੁਤ ਮਿਹਨਤ ਭਰਿਆ ਸਾਧਨ ਰਿਹਾ ਹੈ ਅਤੇ ਇਸ ਨਾਲ ਭੂਮੀਗਤ ਵਾਤਾਵਰਣ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।

ਹਲ੍ਹ ਜੋਤਣ, ਖੁਦਾਈ ਕਰਨ ਅਤੇ ਮਿੱਟੀ ਉਲਟਾਉਣ ਨਾਲ ਵੀ ਵਾਤਾਵਰਣ ਨੂੰ ਨੁਕਸਾਨ ਹੁੰਦਾ ਹੈ। ਮਿੱਟੀ ਵਿੱਚ ਦੱਬੇ ਹੋਏ ਜੈਵਿਕ ਤੱਤ ਆਕਸੀਜਨ ਦੇ ਸੰਪਰਕ ਵਿੱਚ ਆ ਜਾਂਦੇ ਹਨ ਅਤੇ ਕਾਰਬਨ ਡਾਈ-ਆਕਸਾਈਡ ਵਿੱਚ ਬਦਲ ਕੇ ਵਾਯੂਮੰਡਲ ਵਿੱਚ ਮਿਲ ਜਾਂਦੇ ਹਨ।

ਐਡਿਨਬਰਾ ਯੂਨੀਵਰਸਿਟੀ ਦੇ ਮਿੱਟੀ ਵਿਗਿਆਨਿਕ ਸਰਨ ਸੋਹੀ ਦਾ ਕਹਿਣਾ ਹੈ ਕਿ ਖੇਤੀ ਨਾਲ ਮਿੱਟੀ ਦੇ ਗੁੰਝਲਦਾਰ ਬਾਇਓਮ 'ਤੇ ਵੀ ਅਸਰ ਪੈਂਦਾ ਹੈ।

"ਮਿਟੀ ਜੀਵਨ ਵਿਗਿਆਨ ਦਾ ਇੱਕ ਅਹਿਮ ਹਿੱਸਾ ਪੌਦਿਆਂ ਅਤੇ ਉੱਲ੍ਹੀ ਵਿਚਲਾ ਸਹਿਜ ਸੰਬੰਧ ਦਾ ਹੈ ਜੋ ਪੌਦਿਆਂ ਦੀ ਜੜ੍ਹ ਪ੍ਰਣਾਲੀ ਦੇ ਵਿਸਥਾਰ ਦੇ ਰੂਪ ਵਿੱਚ ਕੰਮ ਕਰਦਾ ਹੈ।"

ਇਹ ਵੀ ਪੜ੍ਹੋ

ਜੜ੍ਹਾਂ ਕੋਲ ਜ਼ਿੰਦਗੀ ਹੈ

ਸੋਹੀ ਕਹਿੰਦੇ ਹਨ, " ਵਾਲ ਤੋਂ ਵੀ ਬਾਰੀਕ ਢਾਂਚੇ ਹਨ ਜਿਨ੍ਹਾਂ ਨੂੰ ਹਾਈਫੇ ਕਿਹਾ ਜਂਦਾ ਹੈ, ਉਹ ਪੋਸ਼ਕ ਤੱਤਾਂ ਨੂੰ ਪੋਦਿਆਂ ਦੀਆਂ ਜੜ੍ਹਾਂ ਤੱਕ ਪਹੁੰਚਾਉਣ ਵਿੱਚ ਮਦਦਗਾਰ ਹੁੰਦੇ ਹਨ।"

ਇਸ ਪ੍ਰਕਿਰਿਆ ਵਿੱਚ ਉੱਲ੍ਹੀ ਮਿੱਟੀ ਦੇ ਖਣਿਜ ਕਣਾਂ ਨਾਲ ਜੋੜੀ ਜਾਂਦੀ ਹੈ। ਉਹ ਮਿੱਟੀ ਦੀ ਬਣਤਰ ਬਣਾਈ ਰੱਖਦੀ ਹੈ ਅਤੇ ਖੁਰਣਾ ਘੱਟ ਕਰਦੀ ਹੈ।

ਮਿੱਟੀ ਖੋਦਣ ਜਾਂ ਖੇਤੀ ਕਰਨ ਨਾਲ ਇਹ ਬਣਤਰ ਟੁੱਟ ਜਾਂਦੀ ਹੈ। ਇਸ ਦੇ ਦੁਬਾਰਾ ਤਿਆਰ ਹੋਣ ਵਿੱਚ ਸਮਾਂ ਲੱਗਦਾ ਹੈ। ਉਸ ਸਮੇਂ ਤੱਕ ਮਿੱਟੀ ਨੂੰ ਨੁਕਸਾਨ ਪਹੁੰਚਣ ਅਤੇ ਪੋਸ਼ਟਿਕ ਤੱਤ ਖ਼ਤਮ ਹੋਣ ਦਾ ਖਦਸ਼ਾ ਰਹਿੰਦਾ ਹੈ।

ਰੇਤ ਵਿੱਚ ਕੱਚੀ ਮਿੱਟੀ ਦਾ ਘੋਲ ਬਹੁਤ ਘੱਟ ਮਿਲਾਈਏ ਤਾਂ ਉਸਦਾ ਪ੍ਰਭਾਵ ਨਹੀਂ ਪੈਂਦਾ। ਜੇ ਇਸ ਨੂੰ ਵੱਧ ਮਿਲਾ ਦਿੱਤਾ ਜਾਵੇ ਤਾਂ ਮਿੱਟੀ ਸਤਹ ਤੇ ਜਮ੍ਹਾਂ ਹੋ ਸਕਦੀ ਹੈ।

ਸਾਲਾਂ ਦੀ ਜਾਂਚ ਤੋਂ ਬਾਅਦ ਨਾਰਵੇ ਦੇ ਫ਼ਲੂਡ ਡਾਈਨੇਮਿਕਸ ਇੰਜੀਨੀਅਰ ਕ੍ਰਿਸਟੀਅਨ ਪੀ ਓਲਸੇਨ ਨੇ ਇੱਕ ਸਹੀ ਮਿਸ਼ਰਣ ਤਿਆਰ ਕੀਤਾ ਜਿਸ ਨੂੰ ਰੇਤ ਵਿੱਚ ਮਿਲਾਉਣ ਨਾਲ ਉਹ ਜ਼ਿੰਦਗੀ ਦੇਣ ਵਾਲੀ ਮਿੱਟੀ ਵਿੱਚ ਬਦਲ ਜਾਂਦੀ ਹੈ।

ਉਹ ਕਹਿੰਦੇ ਹਨ, "ਹਰ ਜਗ੍ਹਾ ਇੱਕ ਹੀ ਫ਼ਾਰਮੂਲਾ ਨਹੀਂ ਚੱਲਦਾ। ਚੀਨ, ਮਿਸਰ,ਸੰਯੁਕਤ ਅਰਬ ਅਮੀਰਾਤ ਅਤੇ ਪਾਕਿਸਤਾਨ ਵਿੱਚ 10 ਸਾਲਾਂ ਦੀ ਜਾਂਚ ਵਿੱਚ ਅਸੀਂ ਸਿੱਖਿਆ ਹੈ ਕਿ ਹਰ ਮਿੱਟੀ ਦੀ ਜਾਂਚ ਜ਼ਰੂਰੀ ਹੈ, ਜਿਸ ਨਾਲ ਅਸੀਂ ਸਹੀ ਨੈਨੋ ਕਲੇ ਨੁਸਖ਼ਾ ਅਜਮਾ ਸਕੀਏ।"

ਮਿੱਟੀ ਦੇ ਘੋਲ ਦਾ ਸੰਤੁਲਣ

ਨੈਨੋ ਕਲੇ ਖੋਜ ਅਤੇ ਵਿਕਾਸ ਦਾ ਵੱਡਾ ਹਿੱਸਾ ਅਜਿਹਾ ਸੰਤੁਲਿਤ ਤਰਲ ਫ਼ਾਰਮੂਲਾ ਤਿਆਰ ਕਰਨ ਵਿੱਚ ਲੱਗਿਆ ਜਿਹੜਾ ਸਥਾਈ ਮਿੱਟੀ ਦੇ ਬਾਰੀਕ ਕਣਾਂ (ਨੈਨੋ ਕਣ)ਵਿੱਚ ਰਿਸ ਕੇ ਪਹੁੰਚ ਸਕੇ,ਪਰ ਇਹ ਇੰਨੀ ਤੇਜ਼ੀ ਨਾਲ ਨਾ ਬਹਿ ਜਾਏ ਕਿ ਕਣ ਪੂਰੀ ਤਰ੍ਹਾਂ ਗਵਾਚ ਜਾਣ।

ਇਸ ਦਾ ਉਦੇਸ਼ ਪੌਦਿਆਂ ਦੀ ਜੜ੍ਹ ਤੋਂ ਹੇਠਾਂ 10 ਤੋਂ 20 ਸੈਂਟੀਮੀਟਰ ਤੱਕ ਮਿੱਟੀ ਵਿੱਚ ਜਾਦੂ ਦਾ ਅਸਰ ਪਾਉਣਾ ਸੀ।

ਚੰਗੇ ਭਾਗਾਂ ਨੂੰ, ਜਦੋਂ ਰੇਤ ਵਿੱਚ ਚਿੱਕੜ ਮਿਲਾਉਣ ਦੀ ਵਾਰੀ ਆਉਂਦੀ ਹੈ ਤਾਂ ਮਿੱਟੀ ਰਿਸਾਇਣ ਵਿਗਿਆਨ ਦਾ ਇੱਕ ਨਿਯਮ ਕੰਮ ਆਉਂਦਾ ਹੈ, ਜਿਸ ਨੂੰ ਮਿੱਟੀ ਦੀ ਕੈਟੀਓਨਿਕ ਬਦਲਾਅ ਸਮਰੱਥਾ (Cationic Exchange Capacity) ਕਿਹਾ ਜਾਂਦਾ ਹੈ।

ਸਿਵਤਸਰੇਨ ਕਹਿੰਦੇ ਹਨ, "ਚਿੱਕੜ ਦੇ ਕਣ ਨੈਗੇਟਿਵ ਚਾਰਜ ਹੁੰਦੇ ਹਨ, ਜਦੋਂਕਿ ਰੇਤ ਦੇ ਕਣ ਪਾਜ਼ੇਟਿਵ ਚਾਰਜ ਹੁੰਦੇ ਹਨ। ਜਦੋਂ ਉਹ ਮਿਲਦੇ ਹਨ ਤਾਂ ਇੱਕ ਦੂਸਰੇ ਨਾਲ ਜੁੜ ਜਾਂਦੇ ਹਨ।"

ਰੇਤ ਦੇ ਹਰ ਕਣ ਦੇ ਚਾਰੇ ਪਾਸੇ ਮਿੱਟੀ ਦੀ 200 ਤੋਂ 300 ਨੈਨੋਮੀਟਰ ਮੋਟੀ ਪਰਤ ਚੜ ਜਾਂਦੀ ਹੈ। ਰੇਤ ਕਣਾਂ ਦਾ ਇਹ ਫ਼ੈਲਿਆ ਹੋਇਆ ਹਿੱਸਾ, ਪਾਣੀ ਅਤੇ ਪੋਸ਼ਟਿਕ ਤੱਤਾਂ ਨੂੰ ਉਸ ਨਾਲ ਚਿਪਕਾਈ ਰੱਖਦਾ ਹੈ।

ਸਿਵਤਸਰੇਨ ਕਹਿੰਦੇ ਹਨ, "ਕੱਚੀ ਮਿੱਟੀ ਜੈਵਿਕ ਤੱਤਾਂ ਦੀ ਕਮੀ ਘੱਟ ਕਰਦੀ ਹੈ। ਇਹ ਨਮੀ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ। ਜਦੋਂ ਇਹ ਕਣ ਸਥਿਰ ਹੋ ਜਾਂਦੇ ਹਨ ਅਤੇ ਪੋਸ਼ਕ ਤੱਤ ਮੁਹੱਈਆ ਕਰਵਾਉਣ ਵਿੱਚ ਸਹਾਇਕ ਹੋਣ ਲੱਗਦੇ ਹਨ, ਤਦ ਤੁਸੀਂ ਸੱਤ ਘੰਟਿਆਂ ਦਰਮਿਆਨ ਫ਼ਸਲ ਬੀਜ ਸਕਦੇ ਹੋ।"

ਇਹ ਤਕਨੀਕ ਕਰੀਬ 15 ਸਾਲਾਂ ਤੋਂ ਵਿਕਸਿਤ ਹੋ ਰਹੀ ਹੈ, ਪਰ ਪੇਸ਼ੇਵਰ ਪੱਧਰ 'ਤੇ ਪਿਛਲੇ 12 ਮਹੀਨਿਆਂ ਤੋਂ ਹੀ ਇਸ 'ਤੇ ਕੰਮ ਹੋਇਆ ਹੈ, ਜਦੋਂ ਦੁਬਈ ਦੇ ਇੰਟਰਨੈਸ਼ਨਲ ਸੈਂਟਰ ਫ਼ਾਰ ਬਾਇਓਸੇਲਾਈਨ ਐਗ੍ਰੀਕਲਚਰ (ICBA) ਨੇ ਸੁਤੰਤਰ ਰੂਪ ਵਿੱਚ ਇਸਦੀ ਜਾਂਚ ਸ਼ੁਰੂ ਕੀਤੀ।

ਸਿਵਤਸਰੇਨ ਕਹਿੰਦੇ ਹਨ, "ਹੁਣ ਸਾਡੇ ਕੋਲ ਇਸ ਦੇ ਅਸਰਦਾਰ ਹੋਣ ਦਾ ਵਿਗਿਆਨਿਕ ਸਬੂਤ ਹਨ। ਅਸੀਂ 40 ਫ਼ੁੱਟ (13 ਮੀਟਰ) ਦੇ ਕਨਟੇਨਰ ਵਿੱਚ ਕਈ ਮੋਬਾਈਲ ਮਿੰਨੀ ਫ਼ੈਕਟਰੀਆਂ ਬਣਾਉਣਾ ਚਾਹੁੰਦੇ ਹਾਂ ਤਾਂ ਕਿ ਅਸੀਂ ਜਿੰਨੀ ਸੰਭਵ ਹੋਵੇ ਉਨੀਂ ਤਬਦੀਲੀ ਲਿਆ ਸਕੀਏ।"

"ਇਹ ਮੋਬਾਈਲ ਇਕਾਈਆਂ ਜਿਥੇ ਜ਼ਰੂਰਤ ਹੋਵੇਗੀ ਉਥੇ ਸਥਾਨਕ ਤੌਰ 'ਤੇ ਨੈਨੋਕਲੇ ਤਿਆਰ ਕਰਨਗੀਆਂ। ਅਸੀਂ ਉਸੇ ਦੇਸ ਦੀ ਮਿੱਟੀ ਦਾ ਇਸਤੇਮਾਲ ਕਰਾਂਗੇ ਅਤੇ ਉਸੇ ਖੇਤਰ ਦੇ ਲੋਕਾਂ ਨੂੰ ਕੰਮ 'ਤੇ ਰੱਖਾਂਗੇ।"

ਇਸ ਤਰ੍ਹਾਂ ਦੀ ਪਹਿਲੀ ਫ਼ੈਕਟਰੀ ਇੱਕ ਘੰਟੇ ਵਿੱਚ 40 ਹਜ਼ਾਰ ਲੀਟਰ ਤਰਲ ਨੈਨੋ ਕਲੇ ਤਿਆਰ ਕਰ ਦੇਵੇਗੀ ਜਿਸ ਦੀ ਵਰਤੋਂ ਸੰਯੁਕਤ ਅਰਬ ਅਮੀਰਾਤ ਦੇ ਸਿਟੀ ਪਾਰਕਲੈਂਡ ਵਿੱਚ ਹੋਵੇਗੀ। ਇਸ ਤਕਨੀਕ ਜ਼ਰੀਏ 47 ਫ਼ੀਸਦ ਤੱਕ ਪਾਣੀ ਦੀ ਬਚਤ ਹੋਵੇਗੀ।

ਲਾਗਤ ਘਟਾਉਣਾ, ਇੱਕ ਚੁਣੌਤੀ

ਹਾਲ ਦੀ ਘੜੀ ਪ੍ਰਤੀ ਵਰਗ ਮੀਟਰ ਕਰੀਬ 2 ਡਾਲਰ (1.50 ਪੌਂਡ) ਦੀ ਲਾਗਤ ਆਉਂਦੀ ਹੈ ਜੋ ਖ਼ੁਸ਼ਹਾਲ ਯੂਏਈ ਦੇ ਛੋਟੇ ਖੇਤਾਂ ਲਈ ਸਹੀ ਹੈ।

ਪਰ ਸਬ-ਸਹਾਰਾ ਅਫ਼ਰੀਕਾ ਵਿੱਚ ਜਿਥੇ ਅਸਲ ਵਿੱਚ ਇਸ ਦਾ ਕੋਈ ਮਤਲਬ ਹੈ, ਉਥੇ ਇਸ ਨੂੰ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਲਾਗਤ ਘਟਾਉਣ ਦੀ ਲੋੜ ਹੈ।

ਅਫ਼ਰੀਕਾ ਦੇ ਜ਼ਿਆਦਾਤਰ ਕਿਸਾਨਾਂ ਕੋਲ ਇੰਨਾਂ ਪੈਸਾ ਨਹੀਂ ਹੈ ਕਿ ਉਹ ਆਪਣੀ ਜ਼ਮੀਨ ਨੂੰ ਇਸ ਤਰੀਕੇ ਨਾਲ ਠੀਕ ਕਰ ਸਕਣ। ਇਸ ਤਰ੍ਹਾਂ ਨਾਲ ਜ਼ਮੀਨ ਠੀਕ ਕਰਨ ਦੇ ਤਰੀਕੇ ਦਾ ਅਸਰ ਤਕਰੀਬਨ 5 ਸਾਲਾਂ ਤੱਕ ਰਹਿੰਦਾ ਹੈ। ਉਸ ਤੋਂ ਬਾਅਦ ਮਿੱਟੀ ਦਾ ਘੋਲ ਦੁਬਾਰਾ ਪਾਉਣਾ ਪੈਂਦਾ ਹੈ।

ਸਿਵਤਸਰੇਨ ਨੂੰ ਲੱਗਦਾ ਹੈ ਕਿ ਵੱਡੇ ਪੈਮਾਨੇ 'ਤੇ ਕੰਮ ਕਰਨ ਨਾਲ ਲਾਗਤ ਘੱਟ ਹੋਵੇਗੀ। ਉਨ੍ਹਾਂ ਦਾ ਉਦੇਸ਼ ਪ੍ਰਤੀ ਵਰਗ ਮੀਟਰ ਜ਼ਮੀਨ ਲਈ ਲਾਗਤ 0.20 ਡਾਲਰ (0.15ਪੌਂਡ) ਤੱਕ ਲਿਆਉਣਾ ਹੈ।

ਇਸ ਦੀ ਜਗ੍ਹਾ ਉਪਜਾਊ ਜ਼ਮੀਨ ਖਰੀਦਣੀ ਪਵੇ ਤਾਂ ਉਸ ਦੀ ਲਾਗਤ 0.50 ਡਾਲਰ ਤੋਂ 3.50 ਡਾਲਰ ਪ੍ਰਤੀ ਵਰਗ ਮੀਟਰ ਤੱਕ ਆਉਂਦੀ ਹੈ। ਭਵਿੱਖ ਵਿੱਚ ਖੇਤ ਖਰੀਦਣ ਦੀ ਜਗ੍ਹਾ ਇਸ ਤਰ੍ਹਾਂ ਬੰਜਰ ਜ਼ਮੀਨ ਨੂੰ ਉਪਜਾਊ ਬਣਾਉਣਾ ਸਸਤਾ ਪਵੇਗਾ।

ਸਿਵਤਸਰੇਨ ਗ੍ਰੇਟ ਗ੍ਰਰੀਨ ਵਾਲ ਪ੍ਰੋਜੈਕਟ ਵਿੱਚ ਵੀ ਮਦਦ ਕਰ ਰਹੇ ਹਨ। ਇਸ ਲਈ ਉਹ ਯੂਐਨ ਕੰਨਵੈਂਸ਼ਨ ਟੂ ਕੰਮਬੈਟ ਡੈਜ਼ਰਟੀਫ਼ਿਕੇਸ਼ਨ ਨਾਲ ਕੰਮ ਕਰ ਰਹੇ ਹਨ। ਉੱਤਰੀ ਅਫ਼ਰੀਕਾ ਵਿੱਚ ਮਾਰੂਥਲ ਦਾ ਵਿਸਥਾਰ ਰੋਕਣ ਲਈ ਦਰਖ਼ਤਾਂ ਦੀ ਕੰਧ ਖੜੀ ਕੀਤੀ ਜਾ ਰਹੀ ਹੈ।

ਪੈਦਾਵਰ ਵਧਾਉਣ ਦੇ ਹੋਰ ਤਰੀਕੇ

ਉੱਤਰੀ ਅਫ਼ਰੀਕਾ ਅਤੇ ਮੱਧ ਪੂਰਵ ਦੀ ਰੇਤਲੀ ਜ਼ਮੀਨ ਵਿੱਚ ਤਾਂ ਕੱਚੀ ਮਿੱਟੀ ਦਾ ਘੋਲ ਮਿਲਾ ਦਿੱਤਾ ਜਾਵੇਗਾ, ਪਰ ਬਾਕੀ ਦੁਨੀਆਂ ਵਿੱਚ ਕੀ ਹੋਵੇਗਾ?

ਵਿਸ਼ਵ ਪੱਧਰ 'ਤੇ ਮਿੱਟੀ ਵਿੱਚ ਜੈਵਿਕ ਤੱਤ 20 ਤੋਂ 60 ਫ਼ੀਸਦ ਤੱਕ ਘੱਟ ਗਏ ਹਨ। ਨੈਨੋ ਕਲੇ ਸਿਰਫ਼ ਰੇਤਲੀ ਮਿੱਟੀ ਨੂੰ ਉਪਜਾਊ ਬਣਾਉਣ ਦੇ ਅਨੁਕੂਲ ਹੈ।

ਜੇਕਰ ਤੁਹਾਡੇ ਕੋਲ ਖ਼ਾਰੀ, ਗ਼ੈਰ-ਰੇਤਲੀ ਮਿੱਟੀ ਹੋਵੇ ਤਾਂ ਤੁਸੀਂ ਕੀ ਕਰੋਂਗੇ? ਇਥੇ ਬਾਇਓਚਾਰ ਤੁਹਾਡੀ ਮਦਦ ਕਰ ਸਕਦਾ ਹੈ।

ਕਾਰਬਨ ਦਾ ਇਹ ਸਥਾਈ ਰੂਪ ਜੈਵਿਕ ਪਦਾਰਥਾਂ ਨੂੰ ਪਾਇਰੋਲਿਸਿਸ ਵਿਧੀ ਨਾਲ ਸਾੜ ਕੇ ਤਿਆਰ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਕਾਰਬਨ ਡਾਈ-ਆਕਸਾਈਡ ਵਰਗੇ ਪ੍ਰਦਸ਼ੂਕ ਬਹੁਤ ਘੱਟ ਨਿਕਲਦੇ ਹਨ ਕਿਉਂਕਿ ਬਲਣ ਪ੍ਰਕਿਰਿਆ ਵਿੱਚ ਆਕਸੀਜ਼ਨ ਨੂੰ ਬਾਹਰ ਰੱਖਿਆ ਜਾਂਦਾ ਹੈ।

ਇਹ ਇੱਕ ਹਲਕੇ ਛੇਕਦਾਰ ਅਤੇ ਹਲਕਾ ਚਾਰਕੋਲ ਵਰਗਾ ਪਦਾਰਥ ਬਣਦਾ ਹੈ। ਸੋਹੀ ਦਾ ਕਹਿਣਾ ਹੈ ਕਿ ਪੋਸ਼ਕ ਤੱਤਾਂ ਤੋਂ ਰਹਿਤ ਮਿੱਟੀ ਨੂੰ ਇਹ ਹੀ ਚਾਹੀਦਾ ਹੈ।

ਉਹ ਕਹਿੰਦੇ ਹਨ, "ਮਿੱਟੀ ਦੀ ਜੈਵਿਕ ਸਮੱਗਰੀ ਹਮੇਸ਼ਾਂ ਬਦਲਦੀ ਰਹਿੰਦੀ ਹੈ, ਪਰ ਤੰਦਰੁਸਤ ਮਿੱਟੀ ਵਿੱਚ ਸਥਾਈ ਕਾਰਬਨ ਇੱਕ ਨਿਸ਼ਚਿਤ ਪੱਧਰ 'ਤੇ ਮੌਜੂਦ ਰਹਿੰਦਾ ਹੈ।"

"ਬਾਇਓਚਾਰ ਸਥਾਈ ਕਾਰਬਨ ਹੈ ਜੋ ਪੌਦਿਆਂ ਦੇ ਵਿਕਾਸ ਲਈ ਅਹਿਮ ਪੋਸ਼ਿਕ ਤੱਤਾਂ 'ਤੇ ਪਕੜ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਮਿੱਟੀ ਵਿੱਚ ਸਥਾਈ ਕਾਰਬਨ ਤੱਤ ਵਿਕਸਿਤ ਹੋਣ ਵਿੱਚ ਦਹਾਕੇ ਲੱਗ ਜਾਂਦੇ ਹਨ, ਪਰ ਬਾਇਓਚਾਰ ਵਿੱਚ ਇਹ ਤੁਰੰਤ ਹੋ ਜਾਂਦਾ ਹੈ।"

"ਬਾਇਓਚਾਰ ਜੈਵਿਕ ਖ਼ਾਦ ਵਰਗੇ ਕਈ ਹੋਰ ਕਾਰਬਨਿਕ ਪਦਰਾਥਾਂ ਦੇ ਨਾਲ ਮਿਲਕੇ ਮਿੱਟੀ ਦੀ ਬਣਤਰ ਨੂੰ ਠੀਕ ਕਰ ਸਕਦਾ ਹੈ, ਜਿਵੇਂ ਪੌਦਿਆਂ ਦਾ ਵਿਕਾਸ ਹੁੰਦਾ ਹੈ।"

ਇਸ ਨਾਲ ਵੱਧ-ਖੇਤੀ ਜਾਂ ਖੁਦਾਈ ਕੀਤੀ ਜਾਂ ਗੰਦਗੀ ਕਰਕੇ ਜੀਵਕ ਤੱਤਾਂ ਦੀ ਕਮੀ ਵਾਲੀ ਮਿੱਟੀ ਨੂੰ ਦੁਬਾਰਾ ਬਹਾਲ ਕਰਨ ਵਿੱਚ ਮਦਦ ਮਿਲ ਸਕਦੀ ਹੈ, ਬਸ਼ਰਤੇ ਕਿ ਮਿੱਟੀ ਵਿੱਚ ਮੌਜੂਦ ਜ਼ਹਿਰੀਲੇ ਤੱਤਾਂ ਦਾ ਇਲਾਜ਼ ਕਰ ਲਿਆ ਜਾਵੇ।

ਮਿੱਟੀ ਸੁਧਾਰਣ ਦੀਆਂ ਕਈ ਹੋਰ ਤਕਨੀਕਾਂ ਵੀ ਸ਼ਾਮਿਲ ਹਨ, ਵਰਮੀਕਿਉਲਾਈਟ ਦਾ ਇਸਤੇਮਾਲ ਹੋ ਸਕਦਾ ਹੈ। ਇਹ ਇੱਕ ਫ਼ਾਇਲੋਸੀਲੀਕੇਟ ਖ਼ਣਿਜ ਹੈ ਜਿਸ ਨੂੰ ਚਟਾਨਾਂ ਵਿੱਚੋਂ ਕੱਢਿਆ ਜਾਂਦਾ ਹੈ। ਗਰਮ ਕਰਨ ਨਾਲ ਇਹ ਫ਼ੈਲ ਜਾਂਦਾ ਹੈ।

ਸਪੰਜ ਵਰਗਾ ਹੋਣ ਨਾਲ ਇਹ ਆਪਣੇ ਵਜਨ ਤੋਂ ਤਿੰਨ ਗੁਣਾ ਜ਼ਿਆਦਾ ਪਾਣੀ ਸੋਖ਼ ਸਕਦਾ ਹੈ ਅਤੇ ਉਸ ਨੂੰ ਲੰਬੇ ਸਮੇਂ ਤੱਕ ਬਣਾਈ ਰੱਖ ਸਕਦਾ ਹੈ।

ਪੌਦਿਆਂ ਦੀ ਜੜ੍ਹ ਦੇ ਕੋਲ ਇਸ ਨੂੰ ਪਾ ਦੇਣ ਨਾਲ ਉਥੇ ਨਮੀਂ ਬਣ ਜਾਂਦੀ ਹੈ, ਪਰ ਇਸ ਲਈ ਮਿੱਟੀ ਪੁੱਟਣੀ ਪੈਂਦੀ ਹੈ ਜੋ ਕਿ ਨਕਾਰਾਤਮਕ ਪੱਖ ਹੈ।

ਪੋਸ਼ਕ ਤੱਤਾਂ ਦੀ ਜਾਂਚ

ਸੰਯੁਕਤ ਅਰਬ ਅਮੀਰਾਤ ਵਿੱਚ ਸਥਾਨਕ ਭਾਈਚਾਰੇ ਦੇ ਲੋਕ ਮਾਰੂਥਲ ਨੂੰ ਉਪਜਾਉ ਜ਼ਮੀਨ ਵਿੱਚ ਬਦਲਣ ਦੇ ਫ਼ਾਇਦੇ ਚੁੱਕ ਰਹੇ ਹਨ।

ਨੈਨੋ ਕਲੇ ਦੇ ਸਹਾਰੇ ਬੀਜੀਆਂ ਗਈਆਂ ਸਬਜੀਆਂ ਅਤੇ ਫ਼ਲ ਕੋਵਿਡ-19 ਲੌਕਡਾਊਨ ਵਿੱਚ ਬਹੁਤ ਕੰਮ ਦੀਆਂ ਸਾਬਿਤ ਹੋਈਆਂ ਹਨ। 0.2 ਏਕੜ (1,000 ਵਰਗ ਮੀਟਰ) ਜ਼ਮੀਨ ਵਿੱਚ ਕਰੀਬ 200 ਕਿਲੋ ਹਦਵਾਣੇ, ਜ਼ਾਕੂਨੀ ਅਤੇ ਬਾਜਰੇ ਦੀ ਫ਼ਸਲ ਤਿਆਰ ਹੋਈ, ਜੋ ਇੱਕ ਘਰ ਲਈ ਕਾਫ਼ੀ ਹੈ।

ਸਿਵਤਸਰੇਨ ਕਹਿੰਦੇ ਹਨ, "ਸੰਯੁਕਤ ਅਰਬ ਅਮੀਰਾਤ ਵਿੱਚ ਲੌਕਡਾਊਨ ਬਹੁਤ ਸਖ਼ਤ ਸੀ ਜਿਸ ਵਿੱਚ ਅਯਾਤ ਘੱਟ ਗਿਆ ਸੀ। ਕਈ ਲੋਕਾਂ ਨੂੰ ਤਾਜ਼ੇ ਫ਼ਲ ਅਤੇ ਸਬਜ਼ੀਆਂ ਨਹੀਂ ਮਿਲ ਰਹੇ ਸਨ।"

"ਅਸੀਂ ਤਾਜ਼ੇ ਹਦਵਾਣੇ ਅਤੇ ਜ਼ੁਕੀਨੀ ਤਿਆਰ ਕਰਨ ਲਈ ICBA ਅਤੇ ਰੈਡ ਕ੍ਰੇਸੈਂਟ ਟੀਮ ਨਾਲ ਕੰਮ ਕੀਤਾ।"

ਸਿਵਤਸਰੇਨ ਇਸ ਤਰ੍ਹਾਂ ਤਿਆਰ ਕੀਤੀਆਂ ਫ਼ਸਲਾਂ ਵਿੱਚ ਪੋਸ਼ਕ ਤੱਤਾਂ ਦੀ ਜਾਂਚ ਵੀ ਕਰਨਾ ਚਾਹੁੰਦੇ ਹਨ, ਪਰ ਇਸ ਲਈ ਅਗਲੀ ਫ਼ਸਲ ਤੱਕ ਉਡੀਕ ਕਰਨੀ ਹੋਵੇਗੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)