ਚੀਨ ਨੇ ਕਿਹਾ- ਭਾਰਤ ਸਾਡੇ ਨਾਲ ਉਲਝਣਾ ਤੁਰੰਤ ਬੰਦ ਕਰੇ

ਚੀਨ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਗਲਤ ਹਰਕਤਾਂ ਨੂੰ ਤੁਰੰਤ ਸੁਧਾਰੇ ਅਤੇ ਜਲਦੀ ਤੋਂ ਜਲਦੀ ਚੀਨੀ ਫੌਜ ਨਾਲ ਉਲਝਣਾ ਬੰਦ ਕਰੇ।

ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਨੇ ਨਾਲ ਹੀ ਕਿਹਾ ਕਿ ਐੱਲਏਸੀ 'ਤੇ ਹਾਲ ਹੀ ਵਿੱਚ ਹੋਏ ਭਾਰਤ-ਚੀਨ ਵਿਵਾਦ ਲਈ ਭਾਰਤ ਜ਼ਿੰਮੇਵਾਰ ਹੈ।

ਚੀਨ ਦੀ ਹਾਕਮ ਧਿਰ ਪਾਰਟੀ ਦੇ ਅਖ਼ਬਾਰ ਦੇ ਗਲੋਬਲ ਟਾਈਮਜ਼ ਅਨੁਸਾਰ ਬੁਲਾਰੇ ਨੇ ਵਿਦੇਸ਼ ਮੰਤਰਾਲੇ ਦੀ ਰੋਜ਼ਾਨਾ ਬ੍ਰੀਫਿੰਗ ਦੌਰਾਨ ਕਿਹਾ, "ਪਹਿਲਾਂ ਭਾਰਤ ਨੇ ਦੁਵੱਲੇ ਸਮਝੌਤਿਆਂ ਦੀ ਉਲੰਘਣਾ ਕੀਤੀ। ਉਨ੍ਹਾਂ ਨੇ ਗਲਤ ਤਰੀਕੇ ਨਾਲ ਸਰਹੱਦ ਪਾਰ ਕਰਕੇ ਉਕਸਾਇਆ। ਇੱਕ ਪਾਸੜ ਕਾਰਵਾਈ ਕਰਦਿਆਂ ਸਰਹੱਦੀ ਖੇਤਰ ਵਿੱਚ ਸਥਿਤੀ ਬਦਲ ਦਿੱਤੀ ਅਤੇ ਚੀਨੀ ਜਵਾਨਾਂ ਨੂੰ ਧਮਕਾਉਣ ਲਈ ਗੋਲੀਆਂ ਚਲਾਈਆਂ।"

ਚੀਨ ਦੇ ਇਸ ਬਿਆਨ ਤੋਂ ਇੱਕ ਦਿਨ ਪਹਿਲਾਂ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ਵਿੱਚ ਭਾਰਤ-ਚੀਨ ਤਣਾਅ ਤੇ ਬਿਆਨ ਦਿੰਦੇ ਹੋਏ ਚੀਨ 'ਤੇ ਸਰਹੱਦ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਾਇਆ ਸੀ।

ਇਹ ਵੀ ਪੜ੍ਹੋ:

ਗਲੋਬਲ ਟਾਈਮਜ਼ ਦੇ ਸੰਪਾਦਕ ਹੂ ਸ਼ੀਜਿਨ ਨੇ ਇੱਕ ਲੇਖ ਵਿੱਚ ਲਿਖਿਆ ਕਿ ਚੀਨ ਸ਼ਾਂਤੀ ਅਤੇ ਜੰਗ ਦੋਵਾਂ ਲਈ ਤਿਆਰ ਹੈ ਅਤੇ ਭਾਰਤ ਨੂੰ ਉੱਥੇ ਕੰਮ ਕਰ ਰਹੀਆਂ ਅਤਿ-ਰਾਸ਼ਟਰਵਾਦੀ ਤਾਕਤਾਂ ਦੀ ਭਾਸ਼ਾ ਵਿੱਚ ਹੀ ਗੱਲ ਕਰਨੀ ਚਾਹੀਦੀ ਹੈ।

ਹੂ ਸ਼ਿਜਿਨ ਨੇ ਕਿਹਾ, "ਭਾਰਤ ਦੇ ਰੱਖਿਆ ਮੰਤਰੀ ਨੇ ਸੰਸਦ ਨੂੰ ਦੱਸਿਆ ਕਿ ਭਾਰਤੀ ਜਵਾਨ ਕਿੰਨੇ ਨੇਕ ਅਤੇ ਬਹਾਦਰ ਹਨ। ਉਨ੍ਹਾਂ ਨੇ ਚੀਨ-ਭਾਰਤ ਸੰਬੰਧਾਂ ਵਿੱਚ ਸ਼ਾਂਤੀ ਨਾਲ ਸਰਹੱਦੀ ਸੰਕਟ ਦੇ ਹੱਲ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ। ਉਨ੍ਹਾਂ ਦੀ ਕਹੀ ਇਹ ਦੂਜੀ ਗੱਲ ਉਨ੍ਹਾਂ ਦੇ ਭਾਸ਼ਨ ਦਾ ਮੁੱਖ ਹਿੱਸਾ ਸੀ।''

ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀ'ਤੇ ਇੰਝ ਦੇਖੋ:

ਅਖ਼ਬਾਰ ਲਿਖਦਾ ਹੈ ਕਿ ਇਨ੍ਹੀਂ ਦਿਨੀਂ ਭਾਰਤੀ ਫ਼ੌਜ ਨੇ ਸਰਹੱਦ 'ਤੇ ਨਰਮ ਰਵੱਈਆ ਅਪਣਾਇਆ ਹੈ, ਜਿਵੇਂ ਕਿ ਰਾਜਨਾਥ ਸਿੰਘ ਦੇ ਸੰਬੋਧਨ ਤੋਂ ਵੀ ਪਤਾ ਲੱਗਦਾ ਹੈ। ਇਹ ਨਰਮ ਰਵੱਈਆ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਦੇ ਜ਼ਬਰਦਸਤ ਦਬਾਅ ਕਾਰਨ ਅਪਣਾਇਆ ਗਿਆ ਹੈ।

ਸ਼ਿਜਿਨ ਨੇ ਕਿਹਾ ਕਿ ਪੀਐੱਲਏ ਚੀਨ-ਭਾਰਤ ਖੇਤਰ ਵਿੱਚ ਆਪਣੀ ਤਾਇਨਾਤੀ ਵਧਾ ਰਿਹਾ ਹੈ ਅਤੇ ਸਖ਼ਤ ਕਾਰਵਾਈ ਕਰ ਰਿਹਾ ਹੈ।

ਇਸ ਨਾਲ ਭਾਰਤੀ ਫ਼ੌਜ ਨੂੰ ਪਤਾ ਲੱਗ ਗਿਆ ਹੈ ਕਿ ਚੀਨ ਨਾਲ ਫ਼ੌਜੀ ਟਕਰਾਅ ਵਿੱਚ ਉਲਝਣਾ ਇੱਕ ਜੂਆ ਹੈ ਜੋ ਉਹ ਬਰਦਾਸ਼ਤ ਨਹੀਂ ਕਰ ਸਕਦੇ।

'ਭਾਰਤ ਵਿੱਚ ਅਤਿ-ਰਾਸ਼ਟਰਵਾ ਤਾਕਤਾਂ'

ਉਨ੍ਹਾਂ ਨੇ ਕਿਹਾ, "ਭਾਰਤ ਵਿੱਚ ਕਈ ਵੱਖ-ਵੱਖ ਤਾਕਤਾਂ ਹਨ। ਕੁਝ ਅਤਿ-ਰਾਸ਼ਟਰਵਾਦੀ ਹਨ ਜੋ ਸੌਖੇ ਰਾਹ 'ਤੇ ਜਾਣ ਤੋਂ ਇਨਕਾਰ ਕਰਦੀਆਂ ਹਨ ਅਤੇ ਸਖ਼ਤ ਰੁਖ ਲਈ ਅੜੀਆਂ ਰਹਿੰਦੀਆਂ ਹਨ।"

ਉਨ੍ਹਾਂ ਨੇ ਚੀਨੀ ਸਰਕਾਰ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਭਾਰਤ ਨਾਲ ਕੂਟਨੀਤਿਕ ਗੱਲਬਾਤ ਕਰਦੇ ਸਮੇਂ ਉਹੀ ਭਾਸ਼ਾ ਵਰਤਣੀ ਚਾਹੀਦੀ ਹੈ, ਜੋ ਉਹ ਤਾਕਤਾਂ ਸਮਝਦੀਆਂ ਹਨ- ਸਹਿਯੋਗ ਲੰਮੇਂ ਸਮੇਂ ਤੱਕ ਬਣਿਆ ਰਹਿੰਦਾ ਹੈ ਜਦੋਂ ਇਸ ਨੂੰ ਸੰਘਰਸ਼ ਨਾਲ ਹਾਸਿਲ ਕੀਤਾ ਜਾਂਦਾ ਹੈ।

ਹੂ ਸ਼ੀਜ਼ਿਨ ਕਹਿੰਦੇ ਹਨ ਕਿ ਚੀਨ ਨੂੰ ਭਾਰਤ-ਚੀਮ ਸਰਹੱਦ ਵਿਵਾਦਾਂ ਨੂੰ ਸ਼ਾਂਤੀ ਨਾਲ ਹੱਲ ਕਰਨ ਲਈ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਮਜ਼ਬੂਤ ਫੌਜੀ ਦਬਾਅ ਤੋਂ ਬਿਨਾ ਬਾਰਤ ਸਰਹੱਦੀ ਮੁੱਦਿਆਂ ਤੇ ਸਹੀ ਰਵੱਈਆ ਨਹੀਂ ਅਪਣਾਏਗਾ।

ਇਹ ਵੀ ਪੜ੍ਹੋ:

ਕੀ ਕਿਹਾ ਸੀ ਰਾਜਨਾਥ ਸਿੰਘ ਨੇ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਸੰਸਦ ਵਿੱਚ ਭਾਰਤ-ਚੀਨ ਵਿਵਾਦ ਬਾਰੇ ਬਿਆਨ ਦਿੱਤਾ ਸੀ। ਉਨ੍ਹਾਂ ਨੇ ਅਪ੍ਰੈਲ ਤੋਂ ਹੁਣ ਤੱਕ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਚੀਨ 'ਤੇ ਪਿਛਲੇ ਸਮਝੌਤਿਆਂ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਾਇਆ ਸੀ।

ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸੇ ਨੂੰ ਵੀ ਸਾਡੀ ਸਰਹੱਦੀ ਸੁਰੱਖਿਆ ਪ੍ਰਤੀ ਸਾਡੇ ਪੱਕੇ ਇਰਾਦੇ 'ਤੇ ਸ਼ੱਕ ਨਹੀਂ ਹੋਣਾ ਚਾਹੀਦਾ। ਭਾਰਤ ਇਹ ਵੀ ਮੰਨਦਾ ਹੈ ਕਿ ਗੁਆਂਢੀਆਂ ਨਾਲ ਸ਼ਾਂਤਮਈ ਸਬੰਧਾਂ ਲਈ ਆਪਸੀ ਸਤਿਕਾਰ ਅਤੇ ਸੰਵੇਦਨਸ਼ੀਲਤਾ ਜ਼ਰੂਰੀ ਹੈ।

ਹਾਲਾਂਕਿ ਰਾਜਨਾਥ ਸਿੰਘ ਨੇ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਸਰਹੱਦ 'ਤੇ ਤਣਾਅ ਦਾ ਅਸਰ ਦੁਵੱਲੇ ਸਬੰਧਾਂ 'ਤੇ ਪਏਗਾ। ਭਾਰਤ ਸਰਕਾਰ ਨੇ ਚੀਨ ਨਾਲ ਤਣਾਅ ਤੋਂ ਬਾਅਦ ਕਈ ਚੀਨੀ ਐਪਸ ਉੱਤੇ ਪਾਬੰਦੀ ਵੀ ਲਗਾ ਦਿੱਤੀ ਹੈ।

ਚਾਰ ਮਹੀਨਿਆਂ ਤੋਂ ਵਿਵਾਦ

ਲੱਦਾਖ ਵਿੱਚ ਐੱਲਏਸੀ ਦੇ ਨੇੜੇ ਪਿਛਲੇ ਚਾਰ ਮਹੀਨਿਆਂ ਤੋਂ ਭਾਰਤ ਅਤੇ ਚੀਨ ਵਿਚਾਲੇ ਟਕਰਾਅ ਵਾਲੇ ਹਾਲਾਤ ਬਣੇ ਹੋਏ ਹਨ।

ਇਸੇ ਦੇ ਹੱਲ ਲਈ ਰਾਜਨਾਥ ਸਿੰਘ ਨੇ 4 ਸਤੰਬਰ ਨੂੰ ਮਾਸਕੋ ਵਿੱਚ ਚੀਨ ਦੇ ਰੱਖਿਆ ਮੰਤਰੀ ਵੇਈ ਫੇਂਗੇ ਨਾਲ ਮੁਲਾਕਾਤ ਕੀਤੀ ਸੀ।

ਰਾਜਨਾਥ ਸਿੰਘ ਨੇ ਇਹ ਵੀ ਕਿਹਾ ਸੀ ਕਿ ਕਿਸੇ ਨੂੰ ਵੀ ਸਾਡੀ ਪ੍ਰਭੂਸੱਤਾ ਅਤੇ ਸਰਹੱਦ ਦੀ ਰਾਖੀ ਲਈ ਸਾਡੀ ਵਚਨਬੱਧਤਾ 'ਤੇ ਸ਼ੱਕ ਨਹੀਂ ਹੋਣਾ ਚਾਹੀਦਾ।

ਇਸ ਤੋਂ ਬਾਅਦ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੀ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਵੀ ਮਾਸਕੋ ਵਿੱਚ ਮੁਲਾਕਾਤ ਹੋਈ ਸੀ।

15 ਜੂਨ ਨੂੰ ਲੱਦਾਖ ਦੀ ਗਲਵਾਨ ਘਾਟੀ ਵਿੱਚ ਦੋਵਾਂ ਦੇਸਾਂ ਦੇ ਫੌਜੀਆਂ ਵਿਚਾਲੇ ਹਿੰਸਕ ਝੜਪ ਹੋਈ ਅਤੇ ਉਸ ਵਿੱਚ 20 ਭਾਰਤੀ ਜਵਾਨ ਮਾਰੇ ਗਏ ਸਨ। ਇਸ ਤੋਂ ਬਾਅਦ ਤੋਂ ਦੋਵਾਂ ਦੇਸਾਂ ਵਿਚਾਲੇ ਗੱਲਬਾਤ ਜਾਰੀ ਰਹੀ ਪਰ ਤਣਾਅ ਅਜੇ ਵੀ ਬਣਿਆ ਹੋਇਆ ਹੈ।

ਇਸ ਤੋਂ ਬਾਅਦ ਭਾਰਤ ਨੇ ਕਿਹਾ ਕਿ ਚੀਨ ਨੇ ਪੈਨਗੋਂਗ ਝੀਲ ਦੇ ਦੱਖਣੀ ਕੰਢੇ ਦੇ ਖੇਤਰ ਵਿੱਚ 29 ਅਤੇ 30 ਅਗਸਤ ਦੀ ਰਾਤ ਨੂੰ ਭੜਕਾਊ ਫ਼ੌਜੀ ਕਾਰਵਾਈ ਕਰਦੇ ਹੋਏ ਹਾਲਾਤ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਅਸਫ਼ਲ ਕਰ ਦਿੱਤਾ ਗਿਆ।

ਹਾਲਾਂਕਿ ਚੀਨ ਨੇ ਐੱਲਏਸੀ ਨੂੰ ਪਾਰ ਕਰਨ ਦੀਆਂ ਖ਼ਬਰਾਂ ਨੂੰ ਖਾਰਜ ਕੀਤਾ ਸੀ ਅਤੇ ਭਾਰਤ 'ਤੇ ਵੀ ਐੱਲਏਸੀ ਨੂੰ ਪਾਰ ਕਰਨ ਦਾ ਇਲਜ਼ਾਮ ਲਾਇਆ ਸੀ।

ਇਹ ਵੀ ਪੜ੍ਹੋ:

ਭਾਰਤ ਅਤੇ ਚੀਨ ਵਿਚਾਲੇ 3,500 ਕਿਲੋਮੀਟਰ ਦੀ ਸਰਹੱਦ ਹੈ ਅਤੇ ਦੋਵੇਂ ਦੇਸ ਸਰਹੱਦ ਦੀ ਮੌਜੂਦਾ ਸਥਿਤੀ 'ਤੇ ਸਹਿਮਤ ਨਹੀਂ ਹਨ।

ਇਸ ਸਬੰਧੀ ਦੋਹਾਂ ਦੇਸਾਂ ਵਿਚਾਲੇ ਸਾਲ 1962 ਵਿੱਚ ਜੰਗ ਵੀ ਹੋ ਚੁੱਕੀ ਹੈ।

ਜੈਸ਼ੰਕਰ ਅਤੇ ਵਾਂਗ ਯੀ ਦਰਮਿਆਨ ਹੋਈ ਬੈਠਕ ਵਿੱਚ ਵਿਵਾਦ ਨੂੰ ਖ਼ਤਮ ਕਰਨ ਲਈ ਪੰਜ-ਸੂਤਰੀ ਯੋਜਨਾ 'ਤੇ ਸਹਿਮਤੀ ਬਣੀ ਸੀ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)