You’re viewing a text-only version of this website that uses less data. View the main version of the website including all images and videos.
ਪੰਜਾਬ ਸਰਕਾਰ ਨੇ ਕਿਸਾਨਾਂ 'ਤੇ ਦਰਜ ਕੇਸ ਵਾਪਸ ਲਿਆ, ਕੈਪਟਨ ਨੇ ਕਿਸਾਨਾਂ ਨੂੰ ਕਿਹਾ 'ਚਲੋ ਦਿੱਲੀ ਅਸੀਂ ਨਾਲ ਹਾਂ'
ਪੰਜਾਬ ਸਰਕਾਰ ਨੇ ਕਿਸਾਨਾਂ ਖ਼ਿਲਾਫ਼ ਦਰਜ ਕੇਸ ਵਾਪਸ ਲੈਣ ਦਾ ਐਲਾਨ ਕੀਤਾ ਹੈ, ਅਤੇ ਹੁਣ ਕੋਈ ਨਵਾਂ ਕੇਸ ਵੀ ਦਰਜ ਨਹੀਂ ਹੋਵੇਗਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਕੇਂਦਰ ਦੇ ਖੇਤੀ ਆਰਡੀਨੈਂਸਾਂ ਖ਼ਿਲਾਫ਼ ਮੰਗ ਪੱਤਰ ਸੌਂਪਿਆ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਦਿੱਲੀ ਕੂਚ ਕਰਨ ਵੱਲ ਹਮਾਇਤ ਕੀਤੀ 'ਤੇ ਅਕਾਲੀ ਦਲ ਤੇ ਨਿਸ਼ਾਨਾ ਸਾਧਿਆ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਸ ਆਰਡੀਨੈਂਸ ਖ਼ਿਲਾਫ਼ ਤਿੰਨ ਵਾਰ ਕੇਂਦਰ ਨੂੰ ਚਿੱਠੀ ਲਿਖੀ ਸੀ ਪਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ।
ਪੰਜਾਬ ਸਰਕਾਰ ਨੇ ਕਿਸਾਨਾਂ ਖਿਲਾਫ ਦਰਜ ਕੇਸ ਵਾਪਸ ਲੈਣ ਦਾ ਐਲਾਨ ਕੀਤਾ ਹੈ।
ਇਸ ਤੋਂ ਇਲਾਵਾ ਕਿਸਾਨਾਂ ਖ਼ਿਲਾਫ਼ ਧਾਰਾ 144 ਦੀ ਉਲੰਘਣਾ ਦਾ ਕੋਈ ਨਵਾਂ ਕੇਸ ਦਰਜ ਨਹੀਂ ਹੋਵੇਗਾ
ਸਰਕਾਰ ਨੇ ਕਿਸਾਨਾਂ ਨੂੰ ਟ੍ਰੈਫਿਕ ਜਾਮ ਨਾ ਕਰਨ ਦੀ ਅਪੀਲ ਕੀਤੀ ਹੈ ਅਤੇ ਖੇਤੀ ਆਰਡੀਨੈਂਸਾਂ ਵਿਰੁੱਧ ਰੋਸ ਪ੍ਰਦਰਸ਼ਨ ਦਿੱਲੀ ਤੱਕ ਲਿਜਾਣ ਦੀ ਵੀ ਗੱਲ ਕਹੀ ਹੈ।
ਇਹ ਵੀ ਪੜ੍ਹੋ
ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ 'ਤੇ ਹੋਏ ਹਮਲੇ ਦੀ 'ਗੁੱਥੀ ਸੁਲਝੀ'
ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ਉੱਤੇ ਹੋਏ ਹਮਲੇ ਅਤੇ ਕਤਲ ਦੇ ਮਾਮਲੇ ਦੀ ਗੁਥੀ ਨੂੰ ਸੁਲਝਾਉਣ ਦਾ ਕੈਪਟਨ ਸਰਕਾਰ ਨੇ ਦਾਅਵਾ ਕੀਤਾ ਹੈ। ਵਾਰਦਾਤ 'ਚ ਸ਼ਾਮਲ ਗੈਂਗ ਦੇ ਤਿੰਨ ਮੈਂਬਰਾਂ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ 11 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨਾ ਅਜੇ ਬਾਕੀ ਹੈ।
ਪਠਾਨਕੋਟ ਦੇ ਪਿੰਡ ਥਰਿਆਲ 'ਚ 17 ਅਗਸਤ ਨੂੰ ਹੋਏ ਹਮਲੇ ਦੌਰਾਨ ਸੁਰੇਸ਼ ਰੈਨਾ ਦੇ ਫੁੱਫੜ ਅਸ਼ੋਕ ਕੁਮਾਰ ਜੋ ਕਿ ਇੱਕ ਠੇਕੇਦਾਰ ਸਨ, ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਉਨ੍ਹਾਂ ਦੇ ਬੇਟੇ ਕੌਸ਼ਲ ਕੁਮਾਰ ਨੇ 31 ਅਗਸਤ ਨੂੰ ਦਮ ਤੋੜਿਆ ਸੀ।
ਰੈਨਾ ਦੀ ਭੂਆ ਆਸ਼ਾ ਰਾਣੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਮਲੇ 'ਚ ਜ਼ਖਮੀ ਹੋਏ ਦੋ ਹੋਰ ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।
ਇਹ ਵੀ ਪੜ੍ਹੋ
ਐੱਸਆਈਟੀ ਦਾ ਹੋਇਆ ਸੀ ਗਠਨ
ਮੁੱਖ ਮੰਤਰੀ ਨੇ ਆਈਜੀਪੀ ਬਾਰਡਰ ਰੇਂਜ ਅੰਮ੍ਰਿਤਸਰ ਅਧੀਨ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕਰਨ ਦਾ ਆਦੇਸ਼ ਦਿੱਤਾ ਸੀ, ਜਿਸ ਵਿੱਚ ਐਸਐਸਪੀ ਪਠਾਨਕੋਟ, ਐਸਪੀ ਇਨਵੈਸਟੀਗੇਸ਼ਨ ਅਤੇ ਡੀਐਸਪੀ ਧਾਰ ਕਲਾਂ ਸ਼ਾਮਲ ਸਨ।
15 ਸਤੰਬਰ ਨੂੰ ਐਸ.ਆਈ.ਟੀ. ਨੂੰ ਸੂਚਨਾ ਮਿਲੀ ਕਿ ਤਿੰਨ ਸ਼ੱਕੀ, ਜਿਨ੍ਹਾਂ ਨੂੰ ਇਸ ਘਟਨਾ ਤੋਂ ਬਾਅਦ ਸਵੇਰੇ ਡਿਫੈਂਸ ਰੋਡ 'ਤੇ ਦੇਖਿਆ ਗਿਆ ਸੀ, ਪਠਾਨਕੋਟ ਰੇਲਵੇ ਸਟੇਸ਼ਨ ਨੇੜੇ ਝੁੱਗੀਆਂ ਵਿੱਚ ਠਹਿਰੇ ਹੋਏ ਸਨ। ਛਾਪਾ ਮਾਰਿਆ ਗਿਆ ਅਤੇ ਤਿੰਨਾਂ ਨੂੰ ਕਾਬੂ ਕਰ ਲਿਆ ਗਿਆ।
ਡੀਜੀਪੀ ਅਨੁਸਾਰ ਇਨ੍ਹਾਂ ਕੋਲੋ ਦੋ ਸੋਨੇ ਦੀਆਂ ਮੁੰਦਰੀਆਂ, ਇੱਕ ਗੋਲਡ ਚੇਨ ਅਤੇ 1530 ਰੁਪਏ ਨਕਦ ਮਿਲੇ ਹਨ। ਇਨ੍ਹਾਂ ਦੀ ਪਛਾਣ ਸਾਵਨ, ਮੁਹੋਬਤ ਅਤੇ ਸ਼ਾਹਰੁਖ ਖ਼ਾਨ ਵਜੋਂ ਕੀਤੀ ਗਈ ਹੈ, ਜੋ ਰਾਜਸਥਾਨ ਦੀਆਂ ਚਿਰਾਵਾ ਅਤੇ ਪਿਲਾਨੀ ਝੁੱਗੀਆਂ 'ਚ ਰਹਿੰਦੇ ਹਨ।
ਐੱਸਆਈਟੀ ਨੂੰ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ ਹੋਰਾਂ ਨਾਲ ਮਿਲ ਕੇ ਇੱਕ ਗਿਰੋਹ ਵਜੋਂ ਕੰਮ ਕਰ ਰਹੇ ਸਨ ਅਤੇ ਪਹਿਲਾਂ ਵੀ ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸਨ।
ਕਿਵੇਂ ਰਚੀ ਸਾਜ਼ਿਸ਼?
ਸਾਵਨ ਨੇ ਐਸਆਈਟੀ ਨੂੰ ਦੱਸਿਆ ਹੈ ਕਿ 12 ਅਗਸਤ ਨੂੰ ਉਹ ਚਿਰਾਵਾ ਅਤੇ ਪਿਲਾਨੀ ਤੋਂ ਜਗਰਾਉਂ ਪਹੁੰਚੇ ਸੀ ਜਿੱਥੇ ਤਿੰਨ ਹੋਰ ਲੋਕ - ਰੀਂਡਾ, ਗੋਲੂ ਅਤੇ ਸਾਜਨ ਸ਼ਾਮਲ ਹੋਏ। ਉਨ੍ਹਾਂ ਨੇ ਲੁਧਿਆਣਾ ਵਿੱਚ ਕੱਪੜੇ ਦੀ ਦੁਕਾਨ ਤੋਂ ਇੱਕ ਆਰੀ, 02 ਪਲਾਈਰ ਅਤੇ ਇਕ ਪੇਚਕਸ ਖਰੀਦਿਆ। ਉਹ 14 ਅਗਸਤ ਦੀ ਰਾਤ ਨੂੰ ਜਗਰਾਉਂ ਵਿੱਚ ਲੁੱਟ ਖੋਹ ਦੀ ਵਾਰਦਾਤ ਤੋਂ ਬਾਅਦ ਪਠਾਨਕੋਟ ਲਈ ਰਵਾਨਾ ਹੋਏ ਸਨ।
ਪਠਾਨਕੋਟ ਦੇ ਐਸਐਸਪੀ ਗੁਲਨੀਤ ਖੁਰਾਣਾ ਅਨੁਸਾਰ ਪਠਾਨਕੋਟ ਵਿੱਚ ਇੱਕ ਸੰਜੂ, ਜੋ ਇਲਾਕੇ ਨੂੰ ਚੰਗੀ ਤਰਾਂ ਜਾਣਦਾ ਸੀ, ਵੀ ਉਹਨਾਂ ਵਿੱਚ ਸ਼ਾਮਲ ਹੋ ਗਿਆ।
19 ਅਗਸਤ ਦੀ ਰਾਤ ਨੂੰ, ਤਕਰੀਬਨ 7-8 ਵਜੇ, ਉਹ ਵੱਖ-ਵੱਖ ਗਰੁੱਪ ਬਣਾ ਕੇ ਆਏ।
ਛੱਤੇ 'ਤੇ ਪਈ ਪੌੜੀ ਦੇ ਸਹਾਰੇ, ਉਹ ਰੈਨਾ ਦੀ ਭੂਆ ਦੇ ਘਰ ਵਿੱਚ ਦਾਖਲ ਹੋਏ, ਜਿਥੇ ਉਨ੍ਹਾਂ ਨੇ ਤਿੰਨ ਲੋਕਾਂ ਨੂੰ ਚਾਟਾਂ 'ਤੇ ਲੇਟੇ ਹੋਏ ਵੇਖਿਆ।
ਡੀਜੀਪੀ ਨੇ ਕਿਹਾ ਕਿ ਸ਼ੱਕੀ ਵਿਅਕਤੀਆਂ ਨੇ ਘਰ ਵਿੱਚ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਸਿਰ 'ਤੇ ਸੱਟ ਮਾਰੀ। ਫਿਰ ਉਨ੍ਹਾਂ ਨੇ ਨਕਦ ਅਤੇ ਸੋਨੇ ਦੇ ਗਹਿਣਿਆਂ ਸਮੇਤ ਫਰਾਰ ਹੋਣ ਤੋਂ ਪਹਿਲਾਂ ਦੋ ਹੋਰਾਂ ਉੱਤੇ ਹਮਲਾ ਕਰ ਦਿੱਤਾ।
ਉਹ ਉੱਥੋਂ ਭੱਜ ਨਿਕਲੇ ਅਤੇ ਸਮੂਹਾਂ ਵਿੱਚ ਵੱਖ ਹੋ ਗਏ ਅਤੇ ਰੇਲਵੇ ਸਟੇਸ਼ਨ ਤੱਕ ਪਹੁੰਚੇ। ਆਪਸ ਵਿੱਚ ਨਕਦ ਅਤੇ ਗਹਿਣੇ ਵੰਡਣ ਤੋਂ ਬਾਅਦ ਉਹ ਖਿੰਡ ਗਏ।
11 ਸ਼ੱਕੀ ਅਜੇ ਫਰਾਰ ਹਨ ਜਿਨ੍ਹਾਂ ਨੂੰ ਫੜਨ ਲਈ ਜਾਂਚ ਜਾਰੀ ਹੈ।
ਸੁਰੇਸ਼ ਰੈਨਾ ਨੇ ਮੁੱਖਮੰਤਰੀ ਦਾ ਕੀਤਾ ਧੰਨਵਾਦ
ਕ੍ਰਿਕਟ ਖਿਡਾਰੀ ਸੁਰੇਸ਼ ਰੈਨਾ ਆਪਣੇ ਪਰਿਵਾਰ ਦੇ ਨਾਲ ਪਠਾਨਕੋਟ ਵਿੱਚ ਪਿੰਡ ਥਰਿਆਲ 'ਚ ਆਪਣੀ ਭੂਆ ਦੇ ਘਰ ਪੁੱਜੇ।
ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਅਨੁਸਾਰ, ਸੁਰੇਸ਼ ਰੈਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਪੂਰੇ ਕੇਸ ਵਿੱਚ ਮੁੱਖਮੰਤਰੀ ਪੰਜਾਬ ਵੱਲੋਂ ਬਹੁਤ ਸਾਥ ਦਿੱਤਾ ਗਿਆ ਹੈ ਅਤੇ ਇਸ ਦੁੱਖ ਦੀ ਘੜੀ 'ਚ ਉਹ ਆਪਣੇ ਇਸ ਪਰਿਵਾਰ ਦੇ ਨਾਲ ਖੜੇ ਹਨ।
ਦੱਸ ਦੇਇਏ ਕਿ ਜਦੋਂ ਇਸ ਵਾਰਦਾਤ ਨੂੰ ਲੈ ਕੇ ਸੁਰੇਸ਼ ਰੈਨਾ ਨੇ ਟਵੀਟ ਕੀਤਾ ਸੀ ਤਾਂ ਪੰਜਾਬ ਸਰਕਾਰ ਨੇ ਇਕ ਹੀ ਦਿਨ 'ਚ ਐਸਆਈਟੀ ਦਾ ਗਠਨ ਕਰ ਦਿੱਤਾ ਸੀ।