ਬਿਹਾਰ ਦੇ ਨਵੇਂ ਮਾਊਂਟੇਨਮੈਨ ਲੌਂਗੀ ਭੁਈਂਆ: ਪਹਾੜ ਕੱਟ ਕੇ 3 ਕਿਲੋਮੀਟਰ ਲੰਬੀ ਨਹਿਰ ਬਣਾ ਦਿੱਤੀ

    • ਲੇਖਕ, ਨੀਰਜ ਪ੍ਰਿਆਦਰਸ਼ੀ
    • ਰੋਲ, ਬੀਬੀਸੀ ਲਈ

ਬਿਹਾਰ ਦੀ ਰਾਜਧਾਨੀ ਪਟਨਾ ਨਾਲ ਕਰੀਬ 200 ਕਿਲੋਮੀਟਰ ਦੂਰ ਗਯਾ ਜ਼ਿਲ੍ਹੇ ਦੇ ਬਾਂਕੇਬਾਜ਼ਾਰ ਬਲਾਕ ਦੇ ਲੋਕਾਂ ਦਾ ਮੁੱਖ ਪੇਸ਼ਾ ਖੇਤੀ ਹੈ। ਪਰ ਇੱਥੇ ਦੇ ਲੋਕ ਝੋਨੇ ਅਤੇ ਕਣਕ ਦੀ ਖੇਤੀ ਨਹੀਂ ਕਰ ਸਕਦੇ ਸਨ, ਕਿਉਂਕਿ ਸਿੰਜਾਈ ਦਾ ਜ਼ਰੀਆ ਨਹੀਂ ਸੀ।

ਇਸ ਕਰਕੇ ਇੱਥੇ ਦਾ ਨੌਜਵਾਨ ਵਰਗ ਰੋਜ਼ਗਾਰ ਲਈ ਦੂਜੇ ਸ਼ਹਿਰਾਂ ਵਿੱਚ ਹਿਜਰਤ ਕਰ ਰਿਹਾ ਹੈ। ਕੋਠਿਲਵਾ ਪਿੰਡ ਦੇ ਰਹਿਣ ਵਾਲੇ ਲੌਂਗੀ ਭੁਈਂਆ ਦੇ ਬੇਟੇ ਵੀ ਕੰਮ-ਧੰਦੇ ਦੀ ਭਾਲ ਵਿੱਚ ਘਰ ਛੱਡ ਕੇ ਚਲੇ ਗਏ ਹਨ।

ਆਪਣੇ ਪਿੰਡ ਨਾਲ ਲੱਗੇ ਬੰਗੇਠਾ ਪਹਾੜ 'ਤੇ ਬਕਰੀਆਂ ਚਰਾਉਂਦਿਆਂ ਲੌਂਗੀ ਭੁਈਂਆ ਦੇ ਮਨ ਵਿੱਚ ਇੱਕ ਦਿਨ ਇਹ ਖ਼ਿਆਲ ਆਇਆ ਕਿ ਜੇਕਰ ਪਿੰਡ ਵਿੱਚ ਪਾਣੀ ਆ ਜਾਵੇ ਤਾਂ ਹਿਜਰਤ ਰੁੱਕ ਸਕਦਾ ਹੈ। ਫ਼ਸਲ ਉਗਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ-

ਲੌਂਗੀ ਨੇ ਦੇਖਿਆ ਬਰਸਾਤ ਦੇ ਦਿਨਾਂ ਵਿੱਚ ਵਰਖਾ ਤਾਂ ਹੁੰਦੀ ਹੈ ਪਰ ਸਾਰਾ ਪਾਣੀ ਬੇਗੰਠ ਪਹਾੜ ਦੇ ਵਿਚਾਲੇ ਹੀ ਠਹਿਰ ਜਾਂਦਾ ਹੈ, ਉਨ੍ਹਾਂ ਨੇ ਇੱਥੋਂ ਇੱਕ ਰੌਸ਼ਨੀ ਦੀ ਆਸ ਦਿਖੀ।

ਫਿਰ ਪਧਰੇ ਇਲਾਕੇ ਵਿੱਚ ਘੁੰਮ ਕੇ ਪਹਾੜ 'ਤੇ ਠਹਿਰੇ ਪਾਣੀ ਨੂੰ ਖੇਤ ਤੱਕ ਲੈ ਜਾਣ ਦਾ ਨਕਸ਼ਾ ਤਿਆਰ ਕੀਤਾ ਅਤੇ ਫਿਰ ਪਹਾੜ ਨੂੰ ਕੱਟ ਕੇ ਨਹਿਰ ਬਣਾਉਣ ਦੇ ਕੰਮ ਵਿੱਚ ਜੁਟ ਗਏ।

ਇੱਕ, ਦੋ, ਤਿੰਨ ਨਹੀਂ ਨਾ ਹੀ 5 ਜਾਂ 10 ਸਾਲ, ਇਸ ਕੰਮ ਲਈ ਉਨ੍ਹਾਂ ਨੂੰ ਪੂਰੇ 30 ਸਾਲ ਲੱਗੇ ਅਤੇ ਲੰਬੀ ਮਿਹਨਤ ਤੋਂ ਬਾਅਦ ਉਨ੍ਹਾਂ ਨੂੰ ਪਹਾੜ ਦੇ ਪਾਣੀ ਨੂੰ ਪਿੰਡ ਤੱਕ ਪਹੁੰਚਾ ਦਿੱਤਾ।

ਇਕੱਲੇ ਹੀ ਕਹੀ ਚਲਾ ਕੇ ਤਿੰਨ ਕਿਲੋਮੀਟਰ ਲੰਬੀ, 5 ਫੁੱਟ ਚੌੜੀ ਅਤੇ 3 ਫੁੱਟ ਡੂੰਘੀ ਨਹਿਰ ਬਣਾ ਦਿੱਤੀ।

ਇਸੇ ਸਾਲ ਅਗਸਤ ਵਿੱਚ ਲੌਂਗੀ ਭੁਈਂਆ ਦਾ ਇਹ ਕੰਮ ਪੂਰਾ ਹੋਇਆ ਹੈ। ਇਸ ਵਾਰ ਦੀ ਬਰਸਾਤ ਵਿੱਚ ਉਨ੍ਹਾਂ ਦੀ ਮਿਹਨਤ ਦਾ ਅਸਰ ਦਿਖ ਰਿਹਾ ਹੈ।

ਨੇੜਲੇ ਤਿੰਨ ਪਿੰਡਾਂ ਦੇ ਕਿਸਾਨਾਂ ਨੂੰ ਇਸ ਦਾ ਫਾਇਦਾ ਮਿਲ ਰਿਹਾ ਹੈ, ਲੋਕਾਂ ਨੇ ਇਸ ਵਾਰ ਝੋਨੇ ਦੀ ਫ਼ਸਲ ਵੀ ਉਗਾਈ ਹੈ।

ਬੀਬੀਸੀ ਨਾਲ ਫੋਨ 'ਤੇ ਗੱਲ ਕਰਦਿਆਂ ਹੋਇਆ 70 ਸਾਲ ਦੇ ਲੌਂਗੀ ਭੁਈਂਆ ਕਹਿੰਦੇ ਹਨ, "ਅਸੀਂ ਇੱਕ ਵਾਰ ਮਨ ਬਣਾ ਲੈਂਦੇ ਹਾਂ ਤਾਂ ਪਿੱਛੇ ਨਹੀਂ ਹਟਦੇ।"

"ਆਪਣੇ ਕੰਮ ਤੋਂ ਜਦੋਂ-ਜਦੋਂ ਫੁਰਸਤ ਮਿਲਦੀ, ਉਸ ਵਿੱਚ ਨਹਿਰ ਕੱਟਣ ਦਾ ਕੰਮ ਕਰਦੇ ਸਨ। ਪਤਨੀ ਕਹਿੰਦੀ ਸੀ ਕਿ ਸਾਡੇ ਕੋਲੋਂ ਨਹੀਂ ਹੋ ਸਕੇਗਾ ਪਰ ਮੈਨੂੰ ਲਗਦਾ ਸੀ ਕਿ ਹੋ ਜਾਵੇਗਾ।"

ਨਵੇਂ ਮਾਊਂਟੇਨ ਮੈਨ ਦੇ ਨਾਮ ਨਾਲ ਚਰਚਾ

ਵੈਸੇ ਤਾਂ ਮਾਊਂਟੇਨ ਮੈਨ ਦੇ ਨਾਮ ਨਾਲ ਗਯਾ ਦੇ ਹੀ ਦਸ਼ਰਥ ਮਾਂਝੀ ਦੁਨੀਆਂ ਭਰ ਵਿੱਚ ਚਰਚਿਤ ਹਨ, ਜਿਨ੍ਹਾਂ ਨੇ ਪਹਾੜ ਕੱਟ ਕੇ ਰਸਤਾ ਬਣਾ ਦਿੱਤਾ ਸੀ।

ਪਰ ਹੁਣ ਲੌਂਗੀ ਭੁਈਂਆ ਨੂੰ ਨਵਾਂ ਮਾਊਂਟੇਨ ਮੈਨ ਕਹਿਣ ਲੱਗੇ ਹਨ।

ਲੌਂਗੀ ਭੁਈਂਆ ਦੱਸਦੇ ਹਨ, "ਦਸ਼ਰਥ ਮਾਂਝੀ ਬਾਰੇ ਬਾਅਦ ਵਿੱਚ ਜਾਣਨ ਨੂੰ ਮਿਲਿਆ। ਜਦੋਂ ਠਾਨੀ ਸੀ ਉਦੋਂ ਨਹੀਂ ਜਾਣਦਾ ਸੀ।"

ਉਨ੍ਹਾਂ ਨੇ ਕਿਹਾ, "ਮੇਰੇ ਦਿਮਾਗ਼ ਵਿੱਚ ਕੇਵਲ ਇੰਨਾ ਹੀ ਸੀ ਕਿ ਪਾਣੀ ਆ ਜਾਵੇਗਾ ਤਾਂ ਖੇਤੀ ਹੋਣ ਲੱਗੇਗੀ। ਬਾਲ-ਬੱਚੇ ਬਾਹਰ ਨਹੀਂ ਜਾਣਗੇ। ਅਨਾਜ ਹੋਵੇਗਾ ਤਾਂ ਘੱਟੋ-ਘੱਟ ਢਿੱਡ ਭਰਨ ਲਈ ਤਾਂ ਹੋ ਜਾਵੇਗਾ।"

ਲੌਂਗੀ ਭੁਈਂਆ ਦੇ ਚਾਰ ਬੇਟੇ ਹਨ, ਜਿਨ੍ਹਾਂ ਵਿੱਚੋਂ ਤਿੰਨ ਬਾਹਰ ਰਹਿੰਦੇ ਹਨ। ਘਰ 'ਚ ਪਤਨੀ, ਇੱਕ ਬੇਟਾ, ਨੂੰਹ ਅਤੇ ਬੱਚੇ ਹਨ ਪਰ ਹੁਣ ਉਨ੍ਹਾਂ ਨੂੰ ਆਸ ਹੈ ਕਿ ਬਾਕੀ ਬੇਟੇ ਵੀ ਵਾਪਸ ਘਰ ਆ ਜਾਣਗੇ। ਪੁੱਤਰਾਂ ਨੇ ਅਜਿਹਾ ਵਾਅਦਾ ਕੀਤਾ ਹੈ।

ਪਿੰਡ ਦੇ ਲੋਕਾਂ ਦੀ ਖੁਸ਼ੀ

ਪਹਾੜ ਕੱਟ ਨਹਿਰ ਬਣਾਉਣ ਵਾਲੇ ਲੌਂਗੀ ਭੁਈਂਆ ਦੇ ਕੰਮ ਤੋਂ ਜੇਕਰ ਕੋਈ ਸਭ ਤੋਂ ਖੁਸ਼ ਹੈ ਤਾਂ ਉਹ ਹਨ ਉਨ੍ਹਾਂ ਦੇ ਪਿੰਡ ਦੇ ਕਿਸਾਨ।

ਭੁਈਂਆ ਵੱਲੋਂ ਬਣਾਈ ਨਹਿਰ ਦਾ ਪਾਣੀ ਹੁਣ ਉਨ੍ਹਾਂ ਦੇ ਖੇਤਾਂ ਤੱਕ ਆ ਰਿਹਾ ਹੈ, ਹੁਣ ਉਨ੍ਹਾਂ ਨੂੰ ਲਗਦਾ ਹੈ ਕਿ ਹਰ ਤਰ੍ਹਾਂ ਦੀ ਖੇਤੀ ਕਰ ਸਕਦੇ।

ਸਥਾਨਕ ਨਿਵਾਸੀ ਉਮੇਸ਼ ਰਾਮ ਕਹਿੰਦੇ ਹਨ, "ਲੌਂਗੀ ਭੁਈਂਆ ਨੇ ਜੋ ਕੀਤਾ ਹੈ, ਉਹ ਕਿਸੇ ਅਜੂਬੇ ਤੋਂ ਘੱਟ ਨਹੀਂ। ਬਹੁਤ ਔਖਾ ਹੈ ਪਹਾੜ ਕੱਟ ਕੇ ਨਹਿਰ ਬਣਾਉਣਾ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਨੂੰ ਯਾਦ ਰੱਖਣਗੀਆਂ।"

ਕੋਠਿਲਵਾ ਪਿੰਡ ਦੇ ਹੀ ਜੀਵਨ ਮਾਂਝੀ ਨੇ ਕਿਹਾ, "ਲੌਂਗੀ ਜਦੋਂ ਕੰਮ ਵਿੱਚ ਲੱਗੇ ਸਨ ਉਦੋਂ ਅਸੀਂ ਇਨ੍ਹਾਂ ਦੀ ਮਿਹਨਤ ਦੇਖ ਕੇ ਸਥਾਨਕ ਪ੍ਰਸ਼ਾਸਨ ਅਤੇ ਲੋਕ ਨੁਮਾਇੰਦਿਆਂ ਨੂੰ ਵੀ ਕਈ ਵਾਰ ਸਮੱਸਿਆ ਤੋਂ ਜਾਣੂ ਕਰਵਾਇਆ, ਪਰ ਕਿਸੇ ਦੇ ਕੋਲ ਸਾਡੇ ਲਈ ਸਮਾਂ ਹੀ ਨਹੀਂ ਸੀ।"

"ਕਿਸੇ ਨੇ ਕੋਈ ਮਦਦ ਨਹੀਂ ਕੀਤੀ। ਅਸੀਂ ਵੀ ਕਈ ਵਾਰ ਲੌਂਗੀ ਨੂੰ ਟੋਕਿਆ ਕਿ ਉਹ ਕੰਮ ਅਸੰਭਵ ਹੈ। ਪਰ ਉਨ੍ਹਾਂ ਨੇ ਸਾਨੂੰ ਗ਼ਲਤ ਸਾਬਿਤ ਕਰ ਦਿੱਤਾ।"

ਲੌਂਗੀ ਭੁਈਂਆ ਦੇ ਕੰਮ ਦੀ ਚਰਚਾ ਹੁਣ ਬਾਹਰ ਵੀ ਹੋਣ ਲੱਗੀ ਹੈ। ਪਿੰਡ ਦੇ ਲੋਕ ਦੱਸਦੇ ਹਨ ਰੋਜ਼ ਕੋਈ ਨਾ ਕੋਈ ਲੌਂਗੀ ਨਾਲ ਮਿਲਣ ਆਉਂਦਾ ਹੈ।

ਲੌਂਗੀ ਭੁਈਂਆ ਅਤਿ ਪਿੱਛੜੇ ਮੁਸਹਰ ਸਮਾਜ ਨਾਲ ਸਬੰਧਤ ਹੈ। ਉਨ੍ਹਾਂ ਦੇ ਪਿੰਡ ਦੇ ਵੱਡੀ ਗਿਣਤੀ ਦੇ ਲੋਕ ਇਸੇ ਨਾਲ ਸਬੰਧਤ ਹਨ।

ਪ੍ਰਸ਼ਾਸਨ ਕੋਲੋਂ ਸਵਾਲ, ਕੋਈ ਮਦਦ ਕਿਉਂ ਨਹੀਂ?

ਲੌਂਗੀ ਭੁਈਂਆ ਅਤੇ ਉਨ੍ਹਾਂ ਦੇ ਪਿੰਡ ਵਾਲਿਆਂ ਨੂੰ ਇਸ ਗੱਲ ਦੀ ਤਾਂ ਬੇਹੱਦ ਖੁਸ਼ੀ ਹੈ ਕਿ ਪਹਾੜ ਦਾ ਪਾਣੀ ਉਨ੍ਹਾਂ ਖੇਤਾਂ ਤੱਕ ਆ ਗਿਆ, ਪਰ ਉਨ੍ਹਾਂ ਵਿੱਚ ਇਸ ਗੱਲ ਨੂੰ ਲੈ ਕੇ ਗੁੱਸਾ ਵੀ ਹੈ ਕਿ ਕਈ ਵਾਰ ਮਦਦ ਮੰਗਣ ਦੇ ਬਾਵਜੂਦ ਵੀ ਪ੍ਰਸ਼ਾਸਨ ਤੋਂ ਕੋਈ ਮਦਦ ਨਹੀਂ ਮਿਲੀ।

ਲੌਂਗੀ ਖ਼ੁਦ ਕਹਿੰਦੇ ਹਨ, "ਜਦੋਂ ਤਾਂ ਕੋਈ ਨਹੀਂ ਆਇਆ, ਹੁਣ ਵੀ ਆ ਰਿਹਾ ਹੈ ਕੋਈ ਤਾਂ ਸਿਰਫ਼ ਵਾਅਦੇ ਕਰ ਕੇ ਜਾ ਰਿਹਾ ਹੈ। ਮੇਰਾ ਕੰਮ ਤਾਂ ਪੂਰਾ ਹੋ ਗਿਆ, ਮੈਨੂੰ ਹੁਣ ਕੁਝ ਨਹੀਂ ਚਾਹੀਦਾ ਪਰ ਮੈਂ ਚਾਹੁੰਦਾ ਹਾਂ ਕਿ ਮੇਰੇ ਪਰਿਵਾਰ ਨੂੰ ਇੱਕ ਘਰ ਅਤੇ ਇੱਕ ਸ਼ੌਚਾਲਿਆ ਮਿਲ ਜਾਵੇ।"

"ਮੇਰਾ ਘਰ ਮਿੱਟੀ ਦਾ ਹੈ, ਹੁਣ ਢਹਿ ਰਿਹਾ ਹੈ, ਮੈਂ ਜੇਕਰ ਪਹਾੜ ਕੱਟਣ ਦਾ ਕੰਮ ਨਹੀਂ ਕੀਤਾ ਹੁੰਦਾ ਤਾਂ ਹੁਣ ਤੱਕ ਘਰ ਬਣਾ ਲੈਂਦਾ। ਮੈਨੂੰ ਮੈਡਲ ਨਹੀਂ ਚਾਹੀਦਾ ਇੱਕ ਟਰੈਕਟਰ ਚਾਹੀਦਾ ਹੈ ਤਾਂ ਜੋ ਖੇਤੀ ਸੁਖਾਲੀ ਹੋ ਸਕੇ।"

ਸਥਾਨਕ ਨਿਵਾਸੀ ਉਮੇਸ਼ ਰਾਮ ਨੇ ਦੱਸਿਆ ਹੈ ਕਿ ਇਲਾਕੇ ਦੇ ਐੱਸਡੀਓ ਜਾਣਕਾਰੀ ਮਿਲਣ 'ਤੇ ਲੌਂਗੀ ਭੁਈਂਆ ਨਾਲ ਮਿਲਣ ਅਤੇ ਉਨ੍ਹਾਂ ਦਾ ਕੰਮ ਦੇਖਣ ਆਏ ਸਨ।

ਉਨ੍ਹਾਂ ਨੇ ਵਾਅਦਾ ਕੀਤਾ ਹੈ ਕਿ ਉਹ ਲੌਂਗੀ ਦੀਆਂ ਮੰਗਾਂ ਨੂੰ ਪੂਰਾ ਕਰਨਗੇ।

ਲੌਂਗੀ ਭੁਈਂਆ ਦੀ ਖ਼ਬਰ ਚਰਚਾ ਵਿੱਚ ਆਉਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਆਇਆ ਹੈ। ਉਨ੍ਹਾਂ ਨੂੰ ਸਨਮਾਨਿਤ ਕਰ ਦੀ ਯੋਜਨਾ ਬਣਾਈ ਜਾ ਰਹੀ ਹੈ।

ਗਯਾ ਦੇ ਇਮਾਮਗੰਜ ਬਲਾਕ ਦੇ ਬੀਡੀਓ ਜਿਨ੍ਹਾਂ ਦੇ ਸੀਮਾ ਖੇਤਰ ਵਿੱਚ ਹੀ ਲੌਂਗੀ ਭੁਈਂਆ ਦੇ ਬਣਾਈ ਨਹਿਰ ਦਾ ਕੁੱਝ ਹਿੱਸਾ ਸਥਿਤ ਹੈ, ਕਹਿੰਦੇ ਹਨ, "ਲੌਂਗੀ ਭੁਈਂਆ ਨੇ ਵੀਰ ਪੁਰਸ਼ ਵਰਗਾ ਕੰਮ ਕੀਤਾ ਹੈ। ਉਹ ਵਧਾਈ ਦੇ ਪਾਤਰ ਹਨ।"

"ਲੋਕਾਂ ਨੂੰ ਉਨ੍ਹਾਂ ਕੋਲੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਅਜਿਹੇ ਪੁਰਸ਼ਾਂ ਨੂੰ ਸਨਮਾਨਿਤ ਕੀਤਾ ਹੀ ਜਾਣਾ ਚਾਹੀਦਾ ਹੈ। ਲੌਂਗੀ ਭੁਈਂਆ ਦਾ ਇਹ ਕੰਮ ਜਲ ਜੀਵਨ ਹਰਿਆਲੀ ਯੋਜਨਾ ਦੇ ਲਿਹਾਜ਼ ਨਾਲ ਵੀ ਕਾਫੀ ਮਹੱਤਵਪੂਰਨ ਅਤੇ ਪ੍ਰੇਰਕ ਹੈ।"

ਇਹ ਵੀ ਪੜ੍ਹੋ-

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)