ਜੰਮੂ ਕਸ਼ਮੀਰ ਵਿਚਾਲੇ ਪੰਜਾਬੀ ਭਾਸ਼ਾ ਦਾ ਮੁੱਦਾ ਪਹੁੰਚਿਆ ਲੋਕ ਸਭਾ 'ਚ - 5 ਅਹਿਮ ਖ਼ਬਰਾਂ

ਜੰਮੂ ਕਸ਼ਮੀਰ ਦੀਆਂ ਸਰਕਾਰੀ ਭਾਸ਼ਾਵਾਂ ਵਿੱਚ ਪੰਜਾਬੀ ਭਾਸ਼ਾ ਨੂੰ ਕੇਂਦਰ ਸਰਕਾਰ ਦੁਆਰਾ ਸ਼ਾਮਲ ਨਾ ਕਰਨ ਦਾ ਜਿੱਥੇ ਪੰਜਾਬ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਇਸ ਮੁੱਦੇ ਦੀ ਗੂੰਜ ਲੋਕ ਸਭਾ ਸਦਨ ਵਿੱਚ ਵੀ ਸੁਣਨ ਨੂੰ ਮਿਲੀ।

ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸਾਂਸਦ ਮਨੀਸ਼ ਤਿਵਾੜੀ ਨੇ ਪੰਜਾਬੀ ਭਾਸ਼ਾ ਨੂੰ ਜੰਮੂ ਕਸ਼ਮੀਰ ਦੀਆਂ ਰਾਜਭਾਸ਼ਾਵਾਂ ਵਿੱਚ ਸ਼ਾਮਲ ਨਾ ਕਰਨ ਨੂੰ ਮੰਦਭਾਗਾ ਦੱਸਿਆ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਭਾਸ਼ਾ ਨੂੰ ਜੰਮੂ ਕਸ਼ਮੀਰ ਦੀਆਂ ਸਰਕਾਰੀ ਭਾਸ਼ਾਵਾਂ ਵਿੱਚ ਸ਼ਾਮਲ ਕਰਨ।

ਲੋਕ ਸਭਾ ਦੀ ਕਾਰਵਾਈ ਦੌਰਾਨ ਸੰਸਦ ਵਿੱਚ ਬੋਲਦਿਆਂ ਸਾਂਸਦ ਮਨੀਸ਼ ਤਿਵਾੜੀ ਨੇ ਕਿਹਾ, "ਇਹ ਬਹੁਤ ਮੰਦਭਾਗੀ ਗੱਲ ਹੈ ਕਿ 2 ਸਤੰਬਰ 2020 ਨੂੰ ਸਰਕਾਰ ਨੇ ਜੰਮੂ ਕਸ਼ਮੀਰ ਅਧਿਕਾਰਕ ਭਾਸ਼ਾ ਬਿੱਲ ਨੂੰ ਮੰਜ਼ੂਰੀ ਦਿੱਤੀ ਹੈ, ਉਸ ਵਿੱਚ ਕੇਵਲ ਉਰਦੂ, ਕਸ਼ਮੀਰੀ, ਡੋਗਰੀ, ਹਿੰਦੀ ਅਤੇ ਅੰਗ੍ਰੇਜ਼ੀ ਨੂੰ ਅਧਿਕਾਰਕ ਭਾਸ਼ਾਵਾਂ ਦੇ ਤੌਰ ਉੱਤੇ ਸ਼ਾਮਲ ਕੀਤਾ ਗਿਆ ਹੈ।"

ਇਹ ਵੀ ਪੜ੍ਹੋ

ਉਨ੍ਹਾਂ ਅੱਗੇ ਕਿਹਾ, "ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਸ ਬਿੱਲ ਵਿੱਚ ਪੰਜਾਬੀ ਭਾਸ਼ਾ ਨੂੰ ਸ਼ਾਮਲ ਕੀਤਾ ਜਾਵੇ ਅਤੇ ਜਿਸ ਤਰ੍ਹਾਂ ਦਾ ਵਿਤਕਰਾ ਪੰਜਾਬੀ ਭਾਸ਼ਾ ਨਾਲ ਕੇਂਦਰ ਸਾਸ਼ਿਤ ਜੰਮੂ ਕਸ਼ਮੀਰ ਵਿੱਚ ਕੀਤਾ ਜਾ ਰਿਹਾ ਹੈ, ਇਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ"।

ਦਰਅਸਲ, ਜੰਮੂ ਵਿੱਚ 'ਜੇ ਐਂਡ ਕੇ ਆਫ਼ੀਸ਼ੀਅਲ ਲੈਂਗੁਏਜ ਬਿੱਲ 2020' ਵਿੱਚ ਪੰਜਾਬੀ ਭਾਸ਼ਾ ਨੂੰ ਸ਼ਾਮਿਲ ਨਹੀਂ ਕੀਤਾ ਗਿਆ, ਜਿਸ ਨੂੰ ਲੈ ਕੇ ਪੰਜਾਬ 'ਚ ਵਿਰੋਧ ਕੀਤਾ ਜਾ ਰਿਹਾ ਹੈ।

ਮਨੀਸ਼ ਤਿਵਾੜੀ ਨੇ ਸਦਨ 'ਚ ਕੀ ਕਿਹਾ, ਉਨ੍ਹਾਂ ਨੂੰ ਸੁਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਖੇਤੀ ਆਰਡੀਨੈਂਸਾਂ ਬਾਰੇ ਬੈਕਫੁੱਟ 'ਤੇ ਰਿਹਾ ਅਕਾਲੀ ਦਲ ਹੁਣ ਕੈਪਟਨ ਸਰਕਾਰ 'ਤੇ ਇਸ ਕਾਰਨ 'ਹਮਲਾਵਰ' ਹੋਇਆ

ਸੋਮਵਾਰ ਨੂੰ ਮਾਨਸੂਨ ਸੈਸ਼ਨ ਦੌਰਾਨ ਕੇਂਦਰੀ ਰਾਜ ਮੰਤਰੀ ਖੇਤੀ ਆਰਡੀਨੈਂਸਾਂ ਬਾਰੇ ਜਾਰੀ ਚਰਚਾ ਵਿੱਚ ਕੇਂਦਰੀ ਰਾਜ ਮੰਤਰੀ ਰਾਓ ਸਾਹਿਬ ਪਾਟਿਲ ਦਾਨਵੇ ਨੇ ਇਹ ਦਾਅਵਾ ਕੀਤਾ ਕਿ ਆਰਡੀਨੈਂਸਾਂ ਦੀ ਰੂਪਰੇਖਾ ਬਣਾਉਣ ਲਈ ਜੋ ਹਾਈ ਪਾਵਰ ਕਮੇਟੀ ਬਣਾਈ ਗਈ ਸੀ, ਉਸ ਵਿੱਚ ਕੈਪਟਨ ਅਮਰਿੰਦਰ ਵੀ ਸ਼ਾਮਿਲ ਸਨ।

ਅਕਾਲੀ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ, "ਜੇ ਇਨ੍ਹਾਂ ਆਰਡੀਨੈਂਸਾਂ ਬਾਰੇ ਬਣੀ ਕਮੇਟੀ ਵਿੱਚ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਸ਼ਾਮਿਲ ਸਨ ਤਾਂ ਹੁਣ ਉਹ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਦੋਗਲੀ ਨੀਤੀ ਨਾਲ ਗੁੰਮਰਾਹ ਕਰ ਰਹੇ ਹਨ।"

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਕਿਸਾਨਾਂ ਦੇ ਹੱਕ 'ਚ ਬੱਬੂ ਮਾਨ, ਦਿਲਜੀਤ ਤੇ ਮਨਮੋਹਨ ਵਾਰਿਸ ਨੇ ਮਿਲਾਇਆ ਸੁਰ

ਲੋਕਸਭਾ ਦੇ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ 'ਚ ਕਈ ਥਾਵਾਂ 'ਤੇ ਕਿਸਾਨਾਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ।

ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਤਾਂ ਮੈਦਾਨ 'ਚ ਹਨ ਹੀ, ਪਰ ਹੁਣ ਪੰਜਾਬੀ ਮਨੋਰੰਜਨ ਜਗਤ ਦੇ ਕਈ ਕਲਾਕਾਰ ਵੀ ਕਿਸਾਨਾਂ ਦੇ ਹੱਕ 'ਚ ਨਿਤਰ ਰਹੇ ਹਨ।

ਪੰਜਾਬੀ ਗਾਇਕ ਅਤੇ ਐਕਟਰ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ 'ਤੇ ਕਿਸਾਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਿਸਾਨਾਂ ਦੇ ਹੱਕ 'ਚ ਖੜ੍ਹੇ ਹੋਣ ਦੀ ਗੱਲ ਕਹੀ ਹੈ।

ਹੋਰ ਕਿੰਨ੍ਹੇ ਕੀ ਕਿਹਾ, ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀਪੜ੍ਹੋ:

ਨਨਕਾਣਾ ਸਾਹਿਬ 'ਚ ਬਣਨ ਵਾਲੀ ਬਾਬਾ ਨਾਨਕ ਯੂਨੀਵਰਸਿਟੀ ਦੇ ਵੀਸੀ ਦੀ ਨਿਯੁਕਤੀ ਹੋਈ

ਪੰਜਾਬ ਦੇ ਗਵਰਨਰ ਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਮੁਹੰਮਦ ਸਰਵਰ ਨੇ ਕਿਹਾ ਹੈ ਕਿ ਸਰਕਾਰ ਬਾਬਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਮੰਨੇ-ਪਰਮੰਨੇ ਸਿੱਖ ਵਿਦਵਾਨਾਂ ਤੋਂ ਮਦਦ ਲੈਣਗੇ।

ਗਵਰਨਰ ਹਾਊਸ ਦੇ ਪੀਆਰਓ ਪਵਨ ਸਿੰਘ ਅਰੋੜਾ ਨੇ ਦੱਸਿਆ ਕਿ ਗਵਰਨਰ ਸਰਵਰ ਨਵੇਂ ਨਿਯੁਕਤ ਵੀਸੀ ਨਾਲ ਮਿਲਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੂੰ ਨਨਕਾਣਾ ਸਾਹਿਬ ਵਿੱਚ ਬਣਾਇਆ ਜਾਵੇਗਾ।

ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣਨ ਮਗਰੋਂ ਡਾ. ਅਸਗਰ ਜ਼ੈਦੀ ਨੇ ਕਿਹਾ, "ਮੈਂ ਗੁਰੂ ਨਾਨਕ ਯੂਨੀਵਰਸਿਟੀ ਨੂੰ ਸਿੱਖੀ ਦਾ ਇੰਟਰਨੈਸ਼ਨਲ ਸੈਂਟਰ ਫਾਰ ਐਕਸੀਲੈਂਸ ਬਣਾਉਣ ਤੇ ਪੰਜਾਬੀ ਭਾਸ਼ਾ, ਸੱਭਿਆਚਾਰ ਤੇ ਸੰਗੀਤ ਦੇ ਪ੍ਰਸਾਰ ਲਈ ਕੰਮ ਕਰਾਂਗਾ।"

ਇਸ ਦੇ ਨਾਲ ਹੋਰ ਅਹਿਮ ਖ਼ਬਰਾਂ ਨੂੰ ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਭਾਰਤ ਚੀਨ ਸਰਹੱਦ ਵਿਵਾਦ: ਸਰਹੱਦ 'ਤੇ ਇੱਕ ਦੂਜੇ ਨਾਲ ਮੱਥਾ ਲਾ ਰਹੇ ਦੋਵੇਂ ਮੁਲਕਾਂ ਦੇ ਕਦਮ ਅਚਾਨਕ ਕਿਹੜੇ ਕਾਰਨਾਂ ਕਰਕੇ ਰੁਕੇ

ਹਿਮਾਲਿਆ ਦੀ ਸਰਹੱਦ 'ਤੇ ਕਈ ਮਹੀਨਿਆਂ ਤੋਂ ਵੱਧ ਰਹੇ ਤਣਾਅ ਦੇ ਬਾਅਦ, ਭਾਰਤ ਅਤੇ ਚੀਨ ਨੇ ਇਹ ਐਲਾਨ ਕਰਦਿਆਂ ਕਈਆਂ ਨੂੰ ਹੈਰਾਨ ਕਰ ਦਿੱਤਾ ਕਿ ਫੌਜਾਂ ਨੂੰ ਜਲਦੀ ਤੋਂ ਹਟਾ ਦਿੱਤਾ ਜਾਵੇਗਾ।

ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵੈਂਗ ਯੀ ਦਰਮਿਆਨ ਮਾਸਕੋ ਵਿਚ ਹੋਈ ਮੈਰਾਥਨ ਮੀਟਿੰਗ ਤੋਂ ਬਾਅਦ ਇਹ ਸਾਂਝਾ ਬਿਆਨ ਜਾਰੀ ਕੀਤਾ ਗਿਆ ਹੈ।

ਹਾਲਾਂਕਿ ਇਸ ਬਿਆਨ ਤੋਂ ਪਹਿਲਾਂ ਇਹ ਦੋਵਾਂ ਮੁਲਕਾਂ ਵਿੱਚ ਲਗਾਤਾਰ ਦੁਸ਼ਮਣੀ ਵੱਧ ਰਹੀ ਸੀ।

ਅਜਿਹੇ ਬਿਆਨ ਪਿੱਛੇ ਕੀ ਹੋ ਸਕਦੇ ਹਨ ਕਾਰਨ, ਇਹ ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)