ਭਾਰਤ ਚੀਨ ਸਰਹੱਦ ਵਿਵਾਦ: ਸਰਹੱਦ 'ਤੇ ਇੱਕ ਦੂਜੇ ਨਾਲ ਮੱਥਾ ਲਾ ਰਹੇ ਦੋਵੇਂ ਮੁਲਕਾਂ ਦੇ ਕਦਮ ਅਚਾਨਕ ਕਿਹੜੇ ਕਾਰਨਾਂ ਕਰਕੇ ਰੁਕੇ

    • ਲੇਖਕ, ਵਿਕਾਸ ਪਾਂਡੇ
    • ਰੋਲ, ਬੀਬੀਸੀ ਨਿਊਜ਼

ਹਿਮਾਲਿਆ ਦੀ ਸਰਹੱਦ 'ਤੇ ਕਈ ਮਹੀਨਿਆਂ ਤੋਂ ਵੱਧ ਰਹੇ ਤਣਾਅ ਦੇ ਬਾਅਦ, ਭਾਰਤ ਅਤੇ ਚੀਨ ਨੇ ਇਹ ਐਲਾਨ ਕਰਦਿਆਂ ਕਈਆਂ ਨੂੰ ਹੈਰਾਨ ਕਰ ਦਿੱਤਾ ਕਿ ਫੌਜਾਂ ਨੂੰ ਜਲਦੀ ਤੋਂ ਹਟਾ ਦਿੱਤਾ ਜਾਵੇਗਾ।

ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵੈਂਗ ਯੀ ਦਰਮਿਆਨ ਮਾਸਕੋ ਵਿਚ ਹੋਈ ਮੈਰਾਥਨ ਮੀਟਿੰਗ ਤੋਂ ਬਾਅਦ ਇਹ ਸਾਂਝਾ ਬਿਆਨ ਜਾਰੀ ਕੀਤਾ ਗਿਆ ਹੈ।

ਹਾਲਾਂਕਿ ਇਸ ਬਿਆਨ ਤੋਂ ਪਹਿਲਾਂ ਇਹ ਦੋਵਾਂ ਮੁਲਕਾਂ ਵਿੱਚ ਲਗਾਤਾਰ ਦੁਸ਼ਮਣੀ ਵੱਧ ਰਹੀ ਸੀ।

ਇਹ ਵੀ ਪੜ੍ਹੋ

ਹਫ਼ਤੇ ਦੇ ਸ਼ੁਰੂ ਵਿਚ, ਚੀਨ ਦੇ ਸਰਕਾਰੀ ਮੀਡੀਆ ਗਲੋਬਲ ਟਾਈਮਜ਼ ਨੇ ਕਿਹਾ ਸੀ ਕਿ ਚੀਨੀ ਫੌਜਾਂ 'ਜਲਦੀ ਹੀ ਭਾਰਤੀ ਸੈਨਿਕਾਂ ਨੂੰ ਭਾਰੀ ਝਟਕਾ ਦੇਣਗੀਆਂ ਅਤੇ ਜੇ ਦਿੱਲੀ ਨੇ ਯੁੱਧ ਲਈ ਭੜਕਾਇਆ ਤਾਂ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ'।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਵਲੋਂ ਆਪਣੀ ਖੇਤਰੀ ਅਖੰਡਤਾ ਨੂੰ ਬਚਾਉਣ ਦੇ ਇਰਾਦੇ ਬਾਰੇ "ਕੋਈ ਸ਼ੱਕ ਨਹੀਂ ਹੋਣਾ ਚਾਹੀਦਾ"।

ਇਹ ਬਿਆਨ ਉਸ ਵੇਲੇ ਦੀ ਜ਼ਮੀਨੀ ਹਕੀਕਤ ਨੂੰ ਦਰਸਾ ਰਹੇ ਹਨ ਯਾਨੀ ਕਿ 'ਫੌਜਾਂ ਵਿਚਾਲੇ ਦੁਸ਼ਮਣੀ'

ਜੂਨ ਵਿਚ, ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਤੇ ਭਾਰਤੀ ਫੌਜਾਂ ਵਿੱਚ ਝੜਪ ਹੋਈ ਸੀ ਜਿਸ ਵਿਚ 20 ਭਾਰਤੀ ਸੈਨਿਕ ਮਾਰੇ ਗਏ।

ਦੋਵਾਂ ਦੇਸ਼ਾਂ ਵਲੋ ਅਜੇ ਵੀ ਉਸ ਖਿੱਤੇ ਵਿੱਚ ਭਾਰੀ ਤਾਇਨਾਤੀ ਕੀਤੀ ਹੋਈ ਹੈ। ਦੋਵਾਂ ਦੇਸ਼ਾਂ ਦਰਮਿਆਨ ਚੱਲ ਰਹੇ ਮਤਭੇਦਾਂ ਨੂੰ ਪਾਰ ਕਰਨਾ ਸੌਖਾ ਨਹੀਂ ਹੋਵੇਗਾ।

ਦੋਵਾਂ ਦੇਸ਼ਾਂ ਸਾਹਮਣੇ ਕਈ ਚੁਣੌਤੀਆਂ

ਵੱਡਾ ਸਵਾਲ ਇਹ ਹੈ ਕਿ ਦੋਵੇਂ ਦੇਸ਼ ਪਿੱਛੇ ਹਟਣ ਲਈ ਸਹਿਮਤ ਕਿਵੇਂ ਹੋਏ ਜਦੋਂਕਿ ਬਹੁਤ ਘੱਟ ਲੋਕ ਅਜਿਹਾ ਕੁਝ ਹੋਣ ਦੀ ਉਮੀਦ ਕਰ ਰਹੇ ਸੀ।

ਵਿਲਸਨ ਸੈਂਟਰ ਥਿੰਕ-ਟੈਂਕ ਦੇ ਡਿਪਟੀ ਡਾਇਰੈਕਟਰ ਮਾਈਕਲ ਕੁਗੇਲਮੈਨ ਸਮੇਤ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਦੋਵੇਂ ਦੇਸ਼ ਟਕਰਾਅ ਲਈ ਤਿਆਰ ਸਨ, ਪਰ ਉਨ੍ਹਾਂ ਨੂੰ ਇਹ ਵੀ ਅਹਿਸਾਸ ਹੋਇਆ ਕਿ ਜੰਗ ਕੋਈ ਬਦਲ ਨਹੀਂ ਹੈ।

ਉਨ੍ਹਾਂ ਕਿਹਾ, "ਇਹ ਦੋਵਾਂ ਦੇਸ਼ਾਂ ਲਈ ਤਬਾਹ ਕਰ ਦੇਣ ਵਾਲਾ ਹੁੰਦਾ। ਆਰਥਿਕ ਪੱਖੋਂ ਵੀ ਲੜਾਈ ਦਾ ਜੋਖ਼ਮ ਇਸ ਵੇਲੇ ਬਹੁਤ ਜ਼ਿਆਦਾ ਹੁੰਦਾ।"

ਜੈਸ਼ੰਕਰ ਵਲੋਂ ਕਈ ਸਾਲਾਂ ਤੋਂ ਬੀਜਿੰਗ ਵਿਚ ਰਾਜਦੂਤ ਵਜੋਂ ਸੇਵਾ ਨਿਭਾਉਣਾ ਅਤੇ ਚੀਨੀ ਡਿਪਲੋਮੈਟਾਂ ਨਾਲ ਚੰਗੇ ਸੰਬੰਧ ਸਾਂਝੇ ਕਰਨਾ ਇਸ ਪੂਰੇ ਮੁੱਦੇ 'ਤੇ ਮਦਦਗਾਰ ਮੰਨਿਆ ਜਾ ਰਿਹਾ ਹੈ।

ਕੁਗੇਲਮੈਨ ਕਹਿੰਦੇ ਹਨ ਕਿ ਨਿੱਜੀ ਸੰਬੰਧ ਕੂਟਨੀਤਕ ਗੱਲਬਾਤ ਵਿਚ ਅਕਸਰ ਵੱਡੀ ਭੂਮਿਕਾ ਅਦਾ ਕਰਦੇ ਹਨ।

ਇੱਕ ਸੰਭਾਵਤ ਕਾਰਕ ਮੌਸਮ ਨੇ ਵੀ ਇੱਕ ਭੂਮਿਕਾ ਨਿਭਾਈ ਹੋ ਸਕਦੀ ਹੈ। ਗਲਵਾਨ ਘਾਟੀ ਦੀਆਂ ਸਰਦੀਆਂ ਸਹਿਣ ਕਰਨੀਆਂ ਹੋਰ ਔਖੀਆਂ ਹੋ ਜਾਂਦੀਆਂ ਹਨ।

ਇਹ ਵੀ ਪੜ੍ਹੋ

ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ (ਸੇਵਾਮੁਕਤ) ਵਿਨੋਦ ਭਾਟੀਆ ਦਾ ਕਹਿਣਾ ਹੈ ਕਿ ਸੈਨਿਕਾਂ ਨੂੰ ਸਖ਼ਤ ਹਾਲਾਤਾਂ ਵਿਚ ਕੰਮ ਕਰਨ ਦੀ ਆਦਤ ਹੁੰਦੀ ਹੈ, ਪਰ "ਮੌਕਾ ਮਿਲੇ ਤਾਂ ਦੋਵੇਂ ਫ਼ੌਜਾਂ ਇਸ ਤੋਂ ਬਚਣਾ ਚਾਹੁੰਦੀਆਂ ਹਨ।'

ਰਿਪੋਰਟਾਂ ਵਿਚ ਇਹ ਸਾਹਮਣੇ ਆਇਆ ਹੈ ਕਿ ਹਾਲ ਹੀ ਵਿਚ ਭਾਰਤੀ ਫੌਜਾਂ ਨੇ ਕੁਝ ਪੋਸਟਾਂ ਉੱਤੇ ਕਬਜ਼ਾ ਕਰ ਲਿਆ ਹੈ। ਕਿਸੇ ਵੀ ਦੇਸ਼ ਨੇ ਅਧਿਕਾਰਤ ਤੌਰ 'ਤੇ ਇਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਨਹੀਂ ਕੀਤੀ ਹੈ।

ਲੈਫਟੀਨੈਂਟ ਜਨਰਲ ਭਾਟੀਆ ਨੇ ਅੱਗੇ ਕਿਹਾ, ''ਭਾਰਤ ਨੇ ਸ਼ਾਇਦ ਇਸ ਗੱਲ ਦਾ ਫਾਇਦਾ ਚੁੱਕਿਆ ਹੈ।"

ਦੋਵਾਂ ਦੇਸ਼ਾਂ ਕੋਲ ਨਜਿੱਠਣ ਲਈ ਹੋਰ ਵੀ ਬਹੁਤ ਸਾਰੇ ਸੰਕਟ ਹਨ। ਭਾਰਤ ਵਿਚ ਕੋਵਿਡ-19 ਦੇ ਮਾਮਲੇ ਚਿੰਤਾਜਨਕ ਦਰ ਨਾਲ ਵੱਧਦੇ ਜਾ ਰਹੇ ਹਨ ਅਤੇ ਆਰਥਿਕਤਾ ਵੀ ਲਗਾਤਾਰ ਕਮਜ਼ੋਰ ਹੋ ਰਹੀ ਹੈ।

ਕੋਈ ਵੀ ਹਥਿਆਰਬੰਦ ਟਕਰਾਅ ਇਨ੍ਹਾਂ ਮੁੱਦਿਆਂ ਨਾਲ ਨਜਿੱਠਣ ਦੀ ਦੇਸ਼ ਦੀ ਯੋਗਤਾ ਨੂੰ ਪ੍ਰਭਾਵਤ ਕਰੇਗਾ।

ਇਸ ਦੌਰਾਨ ਚੀਨ ਦੀ ਅਮਰੀਕਾ ਅਤੇ ਹੋਰ ਦੇਸ਼ਾਂ ਨਾਲ ਵੀ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ ਅਤੇ ਨਾਲ ਹੀ ਹਾਂਗ ਕਾਂਗ ਵਿਚ ਵਿਵਾਦਪੂਰਨ ਸੁਰੱਖਿਆ ਕਾਨੂੰਨ ਦੀ ਵਿਸ਼ਵਵਿਆਪੀ ਨਿੰਦਾ ਕੀਤੀ ਜਾ ਰਹੀ ਹੈ।

ਕਿੰਨੀ ਜਲਦੀ ਸ਼ਾਂਤੀ ਬਹਾਲ ਹੋ ਸਕਦੀ ਹੈ?

ਵਿਸ਼ਲੇਸ਼ਕ ਕਹਿੰਦੇ ਹਨ ਕਿ ਇਸਦਾ ਅਨੁਮਾਨ ਲਗਾਉਣਾ ਮੁਸ਼ਕਲ ਹੈ।

ਵਾਸ਼ਿੰਗਟਨ ਦੇ ਸਟਿਮਸਨ ਸੈਂਟਰ ਥਿੰਕ-ਟੈਂਕ 'ਤੇ ਚਾਈਨਾ ਪ੍ਰੋਗਰਾਮ ਦੇ ਡਾਇਰੈਕਟਰ ਯੁਨ ਸਨ ਦਾ ਕਹਿਣਾ ਹੈ ਕਿ ਸੰਯੁਕਤ ਐਲਾਨਨਾਮੇ ਵਿਚ ਵੇਰਵਿਆਂ ਦੀ ਘਾਟ ਹੈ।

ਸਭ ਤੋਂ ਪਹਿਲਾਂ, ਇਹ ਅਸਲ ਕੰਟਰੋਲ ਰੇਖਾ (ਐਲਏਸੀ) ਦਾ ਜ਼ਿਕਰ ਨਹੀਂ ਕਰਦਾ ਹੈ - ਜੋ ਕਿ ਦੋਹਾਂ ਦੇਸ਼ਾਂ ਨੂੰ ਵੱਖ ਕਰਨ ਵਾਲੀ ਅਸਲ ਸੀਮਾ ਹੈ।

"ਐਲਏਸੀ ਦੇ ਕਈ ਨੁਕਤੇ ਵਿਵਾਦਪੂਰਨ ਹਨ, ਜਿਥੇ ਫੌਜ ਅਜੇ ਵੀ ਤਾਇਨਾਤ ਹੈ, ਇਸ ਲਈ ਇਨ੍ਹਾਂ ਮਸਲਿਆਂ ਦੇ ਹੱਲ ਲਈ ਕੋਈ ਸਪੱਸ਼ਟਤਾ ਨਹੀਂ ਹੈ।"

ਲੈਫਟਿਨੈਂਟ-ਜਨਰਲ ਭਾਟੀਆ ਕਹਿੰਦੇ ਹਨ ਕਿ ਪਿਛੇ ਹੱਟਣ ਵਿੱਚ ਸਮਾਂ ਲੱਗਦਾ ਹੈ, ਅਤੇ ਮੌਜੂਦਾ ਸਥਿਤੀ ਵਿੱਚ ਵਧੇਰੇ ਸਮਾਂ ਲੱਗੇਗਾ।

ਉਨ੍ਹਾਂ ਕਿਹਾ, "ਇਹ ਖੇਤਰ ਬਹੁਤ ਵੱਡਾ ਹੈ ਅਤੇ ਕਮਾਂਡਰਾਂ ਨੂੰ ਇਕ ਸਮਝੌਤੇ 'ਤੇ ਆਉਣ ਵਿਚ ਸਮਾਂ ਲੱਗੇਗਾ। ਸੈਨਿਕ ਪੱਧਰੀ ਗੱਲਬਾਤ ਉਦੋਂ ਹੋਵੇਗੀ ਜਦੋਂ ਤਣਾਅ ਜ਼ਿਆਦਾ ਰਹੇਗਾ ਅਤੇ ਭਾਵਨਾਤਮਕ ਤੌਰ 'ਤੇ ਅਸੀਂ ਕਮਜ਼ੋਰ ਹੋਵਾਂਗੇ।"

ਦੋਵੇਂ ਦੇਸ਼ ਸਥਿਤੀ ਨੂੰ ਕਾਇਮ ਰੱਖਣਾ ਚਾਹੁੰਦੇ ਹਨ। ਪਰ ਯੂਨ ਕਹਿੰਦੇ ਹਨ ਕਿ ਦੋਵੇਂ ਪੱਖ ਯਥਾਸਥਿਤੀ ਨੂੰ ਵੱਖੋ ਵੱਖਰੇ ਢੰਗ ਨਾਲ ਪਰਿਭਾਸ਼ਤ ਕਰ ਰਹੇ ਹਨ।

ਉਨ੍ਹਾਂ ਕਿਹਾ, "ਚੀਨੀ ਫੌਜਾਂ ਭਾਰਤ ਦੇ ਦਾਅਵੇ ਵਾਲੇ ਖੇਤਰ ਵਿੱਚ ਜਾ ਚੁਕੇ ਹਨ ਅਤੇ ਇਸ ਗੱਲ ਦੀ ਸਪੱਸ਼ਟਤਾ ਨਹੀਂ ਹੈ ਕਿ ਉਹ ਇਹ ਪੋਸਟ ਨੂੰ ਖਾਲੀ ਕਰ ਦੇਣਗੇ।"

ਯੂਨ ਦਾ ਮੰਨਣਾ ਹੈ ਕਿ ਸੜਕ ਇਕੋ ਇਕ ਸਰੋਤ ਨਹੀਂ ਹੋ ਸਕਦੀ, ਕਿਉਂਕਿ ਇਸ ਦੇ ਨਿਰਮਾਣ ਵਿਚ 20 ਸਾਲ ਲੱਗ ਗਏ ਸਨ ਅਤੇ "ਇਹ ਕੋਈ ਰਾਜ਼ ਨਹੀਂ ਸੀ"।

ਉਹ ਮੰਨਦੇ ਹਨ ਕਿ ਇਸ ਵਿਚ ਖੇਤਰ ਨੂੰ ਵਿਸ਼ੇਸ਼ ਰੁਤਬਾ ਦੇਣ ਵਾਲੇ ਕਾਨੂੰਨ ਨੂੰ ਰੱਦ ਕਰਨ ਦੇ ਭਾਰਤ ਦੇ ਵਿਵਾਦਪੂਰਨ ਫੈਸਲੇ ਸਮੇਤ ਕਈ ਕਾਰਕਾਂ ਨੇ ਭੂਮਿਕਾ ਨਿਭਾਈ।

ਉਨ੍ਹਾਂ ਕਿਹਾ, "ਬੀਜਿੰਗ ਨੂੰ ਮਹਿਸੂਸ ਹੋਇਆ ਕਿ ਭਾਰਤ ਨੂੰ ਸਜ਼ਾ ਦੇਣਾ, ਦਿੱਲੀ ਅਤੇ ਵਾਸ਼ਿੰਗਟਨ ਨੂੰ ਚੇਤਾਵਨੀ ਦੇਣਾ ਹੋਵੇਗਾ। ਪਰ ਉਨ੍ਹਾਂ ਨੇ ਜੋ ਹਿਸਾਬ ਨਹੀਂ ਲਗਾਇਆ ਉਹ ਇਹ ਸੀ ਕਿ ਭਾਰਤ ਪਿੱਛੇ ਹਟਣ ਤੋਂ ਇਨਕਾਰ ਕਰ ਦੇਵੇਗਾ।"

ਚੀਨ ਕਈ ਦੇਸ਼ਾਂ ਨਾਲ ਕੂਟਨੀਤਕ ਟਕਰਾਅ ਦਾ ਸਾਹਮਣਾ ਕਰ ਰਿਹਾ ਹੈ ਜਦੋਂ ਤੋਂ ਅਮਰੀਕੀ ਅਧਿਕਾਰੀਆਂ ਨੇ ਉਸ ਉੱਤੇ ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਯੰਤਰਣ ਨਾ ਕਰਨ ਦਾ ਇਲਜ਼ਾਮ ਲਗਾਇਆ ਹੈ।

ਦਿੱਲੀ ਅਤੇ ਬੀਜਿੰਗ ਦੇ ਅਧਿਕਾਰੀ ਜੂਨ ਅਤੇ ਜੁਲਾਈ ਵਿਚ ਆਪਣੀਆਂ ਟਿੱਪਣੀਆਂ ਦੇਣ ਤੋਂ ਬੱਚ ਰਹੇ ਸਨ, ਇਥੋਂ ਤਕ ਕਿ ਗਲਵਾਨ ਘਾਟੀ ਦੇ ਟਕਰਾਅ ਤੋਂ ਬਾਅਦ ਵੀ, ਜਿਸ ਵਿਚ ਭਾਰਤੀ ਸੈਨਿਕ ਮਾਰੇ ਗਏ ਸਨ।

ਕੁਗਲੇਮੈਨ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਹੈ ਕਿਉਂਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੰਬੰਧ ਸੁਧਾਰਨ ਦੇ ਯਤਨਾਂ ਨੂੰ ਨਸ਼ਟ ਨਹੀਂ ਕਰਨਾ ਚਾਹੁੰਦੇ ਸਨ। 2014 ਵਿੱਚ ਮੋਦੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਦੋਵੇਂ 18 ਵਾਰ ਮਿਲ ਚੁੱਕੇ ਹਨ।

ਉਨ੍ਹਾਂ ਕਿਹਾ, "ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਚੀਨ ਅਤੇ ਭਾਰਤ ਆਪਣੇ ਲੋਕਾਂ ਨੂੰ ਇਸ ਬਾਰੇ ਐਲਾਨ ਕਿਵੇਂ ਕਰਦੇ ਹਨ।"

ਇਨ੍ਹਾਂ ਮੁੱਦਿਆਂ ਦਾ ਹੱਲ, ਜਿਨ੍ਹਾਂ ਵਿੱਚ ਕਈ ਦਹਾਕਿਆਂ ਤੋਂ ਪਹਿਲਾਂ ਵਾਪਰ ਰਹੇ ਅਣਸੁਖਾਵੇਂ ਵਿਵਾਦਾਂ ਸਮੇਤ, ਐਲਏਸੀ ਦੇ ਨਾਲ ਦਾ ਖ਼ੇਤਰ, ਜੋ ਕਿ 3,440 ਕਿਲੋਮੀਟਰ (2,100 ਮੀਲ) ਤੱਕ ਫੈਲਿਆ ਹੈ, ਨੂੰ ਕੁਝ ਦਿਨਾਂ ਵਿੱਚ ਹੱਲ ਨਹੀਂ ਕੀਤਾ ਜਾ ਸਕਦਾ।

ਕੁਗਲੇਮੈਨ ਕਹਿੰਦੇ ਹਨ, "ਇਸ ਲਈ, ਇਹ ਚੰਗੀ ਸ਼ੁਰੂਆਤ ਹੈ। ਰਾਬਤਾ ਨਾ ਰੱਖਣ ਨਾਲੋ ਗੱਲਬਾਤ ਕਰਨਾ ਵਧੀਆ ਹੈ, ਪਰ ਸਾਨੂੰ ਸਾਵਧਾਨ ਹੋਣ ਦੇ ਨਾਲ-ਨਾਲ ਆਸ਼ਾਵਾਦੀ ਹੋਣਾ ਚਾਹੀਦਾ ਹੈ।"

ਇਹ ਵੀ ਪੜ੍ਹੋ

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)