ਕੈਪਟਨ, ਬਾਦਲ ਤੋਂ ਲੈ ਕੇ ਪੀਐੱਸ ਮੋਦੀ ਸਣੇ ਭਾਰਤ ਦੀਆਂ 10 ਹਜ਼ਾਰ ਹਸਤੀਆਂ 'ਤੇ ਚੀਨ ਨਾਲ ਜੁੜੀ ਟੈੱਕ ਕੰਪਨੀ ਦੀ ਨਜ਼ਰ - ਪ੍ਰੈਸ ਰਿਵੀਊ

ਚੀਨ ਨਾਲ ਜੁੜੀ ਇੱਕ ਟੈੱਕ ਕੰਪਨੀ ਨੇ ਭਾਰਤ ਦੇ ਰਾਸ਼ਟਪਰਤੀ, ਪੀਐੱਸ, ਮੁੱਖ ਮੰਤਰੀਆਂ, ਵਿਰੋਧੀ ਧਿਰ ਦੇ ਲੀਡਰਾਂ ਸਣੇ ਕਰੀਬ 10,000 ਲੋਕਾਂ ਅਤੇ ਸੰਸਥਾਵਾਂ 'ਤੇ ਆਪਣੀ ਨਜ਼ਰ ਬਣਾਈ ਹੋਈ ਹੈ।

ਇਹ ਦਾਅਵਾ ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਦੀ ਰਿਪੋਰਟ 'ਚ ਕੀਤਾ ਜਾ ਰਿਹਾ ਹੈ।

ਰਿਪੋਰਟ ਮੁਤਾਬਕ ਚੀਨੀ ਸਰਕਾਰ ਅਤੇ ਚੀਨ ਦੀ ਕਮਿਊਨਿਸਟ ਪਾਰਟੀ ਨਾਲ ਸੰਬੰਧਿਤ ਇਕ ਟੈਕਨੋਲੋਜੀ ਕੰਪਨੀ ਕਰੀਬ 10,000 ਲੋਕਾਂ ਅਤੇ ਸੰਸਥਾਵਾਂ ਦੀ ਨਿਗਰਾਨੀ ਕਰ ਰਹੀ ਹੈ ਅਤੇ ਵਿਸ਼ਵਵਿਆਪੀ ਡਾਟਾਬੇਸ ਇਕੱਠਾ ਕਰ ਰਹੀ ਹੈ।

ਅਖ਼ਬਾਰ ਦਾ ਦਾਅਵਾ ਹੈ ਕਿ ਜ਼ੁਨਖਵਾ ਇਨਫੋਰਮੇਸ਼ਨ ਟੈਕਨੋਲੋਜੀ ਨਾਂ ਦੀ ਕੰਪਨੀ ਨੇ ਭਾਰਤ ਵਿਚ ਕੁਝ ਲੋਕਾਂ ਅਤੇ ਸੰਸਥਾਵਾਂ ਦੀ ਨਿਸ਼ਾਨਦੇਹੀ ਕੀਤੀ ਹੈ।

ਇਹ ਵੀ ਪੜ੍ਹੋ

ਰਿਪੋਰਟ ਦਾ ਦਾਅਵਾ ਹੈ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪੀਐੱਮ ਨਰਿੰਦਰ ਮੋਦੀ, ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਉਨ੍ਹਾਂ ਦਾ ਪਰਿਵਾਰ, ਮਮਤਾ ਬੈਨਰਜੀ, ਅਸ਼ੋਕ ਗਹਿਲੌਤ, ਅਮਰਿੰਦਰ ਸਿੰਘ, ਬਾਦਲ ਪਰਿਵਾਰ, ਉੱਧਵ ਠਾਕਰੇ ਸਣੇ ਕਈ ਹਸਤੀਆਂ, ਸੁਰੱਖਿਆ ਏਜੰਸੀਆਂ ਅਤੇ ਆਰਮੀ ਦੇ ਕਰੀਬ 15 ਅਧਿਕਾਰੀਆਂ ਦੀ ਨਿਗਰਾਨੀ ਹੋਈ ਹੈ।

ਇਸ ਤੋਂ ਇਲਾਵਾ ਇਹ ਕੰਪਨੀ ਭਾਰਤ ਦੇ ਜੱਜਾਂ, ਵਿਗਿਆਨੀਆਂ, ਵਿਸ਼ਲੇਸ਼ਕਾਂ, ਪੱਤਰਕਾਰਾਂ, ਖਿਡਾਰੀਆਂ, ਅਦਾਕਾਰ, ਧਰਮ ਨਾਲ ਸੰਬੰਧਤ ਸਖ਼ਸੀਅਤਾਂ ਆਦਿ 'ਤੇ ਵੀ ਨਜ਼ਰ ਰੱਖੇ ਹੋਏ ਹਨ।

ਇਹ ਮੰਨਿਆ ਜਾ ਰਿਹਾ ਹੈ ਕਿ ਇਹ ਸਭ ਭਾਰਤ-ਚੀਨ ਸਰਹੱਦ 'ਤੇ ਹੋ ਰਹੀ ਘਟਨਾਵਾਂ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ।

ਸਰਹੱਦੀ ਤਣਾਅ ਨੂੰ ਘੱਟ ਕਰਨ ਲਈ ਭਾਰਤ-ਚੀਨ ਫੌਜਾਂ ਨੇ ਸਥਿਤੀ ਰਹੇਗੀ ‘ਜਿਉਂ ਦੀ ਤਿਊਂ’

ਭਾਰਤ ਅਤੇ ਚੀਨ ਦੇ ਵਿਦੇਸ਼ ਮੰਤਰੀਆਂ ਦੀ ਮਾਸਕੋ ਵਿਚ 10 ਸਤੰਬਰ ਨੂੰ ਹੋਈ ਮੁਲਾਕਾਤ ਤੋਂ ਬਾਅਦ ਪੂਰਬੀ ਲੱਦਾਖ ਵਿਚ ਸਰਹੱਦੀ ਤਣਾਅ ਨੂੰ ਘੱਟ ਕਰਨ ਲਈ ਅਸਲ ਕੰਟਰੋਲ ਰੇਖਾ ਦੇ ਨਾਲ ਲੱਗਦੀ ਹਰ ਮੂਵਮੇਂਟ ਅਤੇ ਗਤੀਵਿਧੀਆਂ ਨੂੰ ਰੋਕ ਦਿੱਤਾ ਗਿਆ ਹੈ। ਸਰਹੱਦੀ ਤਣਾਅ ਨੂੰ ਕਾਬੂ ਕਰਨ ਲਈ ਪੰਜ ਨੁਕਤਿਆਂ 'ਤੇ ਫੈਸਲਾ ਵੀ ਕੀਤਾ ਗਿਆ ਹੈ।

'ਦਿ ਹਿੰਦੂ' ਅਖ਼ਬਾਰ ਮੁਤਾਬ਼ਕ, ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਪੈਨਗੋਂਗ ਤਸੋ (ਝੀਲ) ਦੇ ਉੱਤਰੀ ਅਤੇ ਦੱਖਣੀ ਕੰਢਿਆਂ 'ਤੇ ਚੀਨ ਅਤੇ ਭਾਰਤੀ ਫੌਜਾ ਵਲੋਂ ਕਥਿਤ ਤੌਰ 'ਤੇ ਸਥਿਤੀ ਨੂੰ ਜਿਊਂ ਦਾ ਤਿਊਂ ਕਾਇਮ ਰੱਖਿਆ ਜਾ ਰਿਹਾ ਹੈ। ਇਸ ਤਹਿਤ, ਪਿਛਲੇ ਦਿਨਾਂ ਦੌਰਾਨ ਫੌਜਾਂ, ਵਾਹਨਾਂ ਅਤੇ ਹਥਿਆਰਾਂ ਦੀ ਗਤੀਵਿਧੀਆਂ ਦਾ ਨਵੀਨੀਕਰਣ ਕੀਤਾ ਗਿਆ ਹੈ।

ਦੱਖਣ ਕੰਢੇ 'ਤੇ 30 ਅਗਸਤ ਅਤੇ 7 ਸਤੰਬਰ ਨੂੰ ਗੋਲੀਬਾਰੀ ਕੀਤੀ ਗਈ ਸੀ। 1975 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਸੀ ਕਿ ਐਲਏਸੀ 'ਤੇ ਗੋਲੀਆਂ ਚਲਾਈਆਂ ਗਈਆਂ ਸਨ।

2021 'ਚ ਆਵੇਗੀ ਕੋਰੋਨਾ ਵੈਕਸੀਨ, ਲੋੜ ਪਈ ਤਾਂ ਮੈਂ ਖ਼ੁਦ 'ਤੇ ਇਸ ਦਾ ਟੈਸਟ ਕਰਾਂਗਾ - ਡਾ. ਹਰਸ਼ਵਰਧਨ

ਭਾਰਤ ਦੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਇਲਾਜ ਲਈ ਵੈਕਸੀਨ ਸਾਲ 2021 ਦੀ ਪਹਿਲੀ ਤਿਮਾਹੀ 'ਚ ਆ ਸਕਦੀ ਹੈ ਅਤੇ ਸਰਕਾਰ ਉਸ ਦੀ ਐਮਰਜੇਂਸੀ ਅਥਰਾਈਜ਼ੇਸ਼ਨ 'ਤੇ ਵਿਚਾਰ ਕਰ ਰਹੀ ਹੈ।

'ਦਿ ਟ੍ਰਿਬਿਊਨ' ਅਖ਼ਬਾਰ ਮੁਤਾਬ਼ਕ, ਸਿਹਤ ਮੰਤਰੀ ਹਰਸ਼ਵਰਧਨ ਨੇ ਇਕ ਆਨਲਾਈਨ ਗੱਲਬਾਤ ਦੌਰਾਨ ਕਿਹਾ ਕਿ ਜਦੋ ਵੈਕਸੀਨ ਆਵੇਗੀ ਤਾਂ ਉਹ ਸਭ ਤੋਂ ਪਹਿਲਾਂ ਉਸ ਨੂੰ ਲੈਣਗੇ ਤਾਂਕਿ ਲੋਕਾਂ 'ਚ ਇਸ ਵੈਕਸੀਨ ਸੰਬੰਧੀ ਵਿਸ਼ਵਾਸ ਬਣਿਆ ਰਹੇ।

ਉਨ੍ਹਾਂ ਕਿਹਾ, "ਵੈਕਸੀਨ ਦੇ ਲਾਂਚ ਲਈ ਕੋਈ ਤਰੀਖ਼ ਮੁਕੱਰਰ ਨਹੀਂ ਕੀਤੀ ਗਈ, ਪਰ ਇਹ 2021 ਦੀ ਪਹਿਲੀ ਤਿਮਾਹੀ ਦੌਰਾਨ ਤਿਆਰ ਹੋ ਸਕਦੀ ਹੈ।

ਉਨ੍ਹਾਂ ਕਿਹਾ ਕਿ ਇਸ ਦਾ ਸਭ ਤੋਂ ਪਹਿਲਾਂ ਫਾਇਦਾ ਬਜ਼ੁਰਗਾਂ ਅਤੇ ਬੀਮਾਰ ਲੋਕਾਂ ਨੂੰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ

ਖ਼ੇਤੀ ਆਰਡੀਨੇਂਸਾਂ ਦਾ ਵਿਰੋਧ- ਕਿਸਾਨਾਂ ਦੀ ਕੇਂਦਰ ਨੂੰ 'ਲਲਕਾਰ'

ਕੇਂਦਰ ਦੇ ਮੌਨਸੂਨ ਇਜਲਾਸ ਦੀ ਸ਼ੁਰੂਆਤ ਤੋਂ ਪਹਿਲਾਂ ਖੇਤੀ ਆਰਡੀਨੈਂਸਾਂ ਖ਼ਿਲਾਫ਼ ਅੱਜ ਸਮੁੱਚੇ ਪੰਜਾਬ 'ਚ ਸੰਘਰਸ਼ ਦੀ ਸ਼ੁਰੂਆਤ ਕਿਸਾਨ ਕਰਨਗੇ।

'ਦਿ ਟ੍ਰਿਬਿਊਨ' ਅਖ਼ਬਾਰ ਮੁਤਾਬ਼ਕ, ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸੋਮਵਾਰ ਨੂੰ ਹਰੀਕੇ ਹੈੱਡ, ਬਿਆਸ ਪੁਲ ਅਤੇ ਟਾਂਡਾ ਹਰਗੋਬਿੰਦਪੁਰ ਪੁਲ 'ਤੇ ਸੰਕੇਤਕ ਰੂਪ ਵਿਚ ਜਾਮ ਲਾਏ ਜਾਣਗੇ। ਕਮੇਟੀ ਨੇ ਹੁਣ ਛੇ ਦੀ ਬਜਾਏ ਤਿੰਨ ਜ਼ਿਲ੍ਹਿਆਂ ਵਿਚ ਮੋਰਚਾ ਭਖਾ ਲਿਆ ਹੈ।

ਮਾਝੇ ਤੇ ਦੁਆਬੇ ਦੇ ਦਰਿਆਈ ਪੁਲ ਜਾਮ ਹੋਣ ਦੀ ਸੂਰਤ ਵਿਚ ਲੋਕਾਂ ਨੂੰ ਦਿੱਕਤਾਂ ਆ ਸਕਦੀਆਂ ਹਨ ਜਿਸ ਕਰ ਕੇ ਪੁਲੀਸ ਨੇ ਬਦਲਵੇਂ ਰਸਤੇ ਤਲਾਸ਼ ਲਏ ਹਨ ਤਾਂ ਜੋ ਟਰੈਫ਼ਿਕ ਵਿਚ ਕੋਈ ਵਿਘਨ ਨਾ ਪਵੇ।

ਭਾਰਤੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਆਲ ਇੰਡੀਆ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸਮੇਤ ਦਸ ਕਿਸਾਨ ਧਿਰਾਂ ਵੱਲੋਂ 14 ਸਤੰਬਰ ਨੂੰ ਬਰਨਾਲਾ, ਮੋਗਾ, ਫਗਵਾੜਾ, ਪਟਿਆਲਾ ਅਤੇ ਅੰਮ੍ਰਿਤਸਰ 'ਚ ਖੇਤੀ ਆਰਡੀਨੈਂਸਾਂ ਖ਼ਿਲਾਫ਼ 'ਲਲਕਾਰ ਰੈਲੀਆਂ' ਕੀਤੀਆਂ ਜਾਣਗੀਆਂ।

ਵੇਰਵਿਆਂ ਅਨੁਸਾਰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ 15 ਸਤੰਬਰ ਨੂੰ ਪਿੰਡ ਬਾਦਲ ਅਤੇ ਪਟਿਆਲਾ 'ਚ ਕਿਸਾਨ ਮੋਰਚਾ ਲਾਇਆ ਜਾ ਰਿਹਾ ਹੈ, ਜੋ ਛੇ ਦਿਨ ਚੱਲੇਗਾ। ਮਲਵਈ ਪਿੰਡਾਂ ਵਿਚ ਵੀ ਮੋਰਚੇ ਲਈ ਵੱਡੇ ਪੱਧਰ 'ਤੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

ਇਹ ਵੀ ਪੜ੍ਹੋ

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)