ਖੇਤੀ ਕਾਨੂੰਨਾਂ ਬਾਰੇ ਪਾਰਲੀਮੈਂਟ ਸੈਸ਼ਨ ਤੋਂ ਪਹਿਲਾਂ ਬਦਲਿਆ ਅਕਾਲੀ ਦਲ ਦਾ ਸਟੈਂਡ

ਭਾਰਤੀ ਸੰਸਦ ਦੇ 14 ਸਤੰਬਰ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਕਿਸਾਨ ਆਰਡੀਨੈਂਸਾ ਦਾ ਸਮਰਥਨ ਕਰਨ ਵਾਲੀ ਅਕਾਲੀ ਦਲ ਨੇ ਆਪਣਾ ਸਟੈਂਡ ਬਦਲ ਲਿਆ ਹੈ। ਇਸ ਮੁੱਦੇ 'ਤੇ ਸਿਆਸਤ ਵੀ ਸ਼ੁਰੂ ਹੋਈ ਗਈ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੇ ਸੁਖਬੀਰ ਬਾਦਲ ਖੇਤੀ ਆਰਡੀਨੈਂਸਾਂ ਦੇ ਮਸਲੇ 'ਤੇ ਸੰਜੀਦਾ ਹਨ ਤਾਂ ਉਹ ਐੱਨਡੀਏ ਗਠਜੋੜ ਨੂੰ ਛੱਡ ਦੇਣ।

ਕੈਪਟਨ ਅਮਰਿੰਦਰ ਨੇ ਇਸ ਮਸਲੇ 'ਤੇ ਅਕਾਲੀ ਦਲ ਦੇ ਯੂ-ਟਰਨ ਨੂੰ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਤਰੀਕਾ ਦੱਸਿਆ ਹੈ।

ਅਕਾਲੀ ਦਲ ਨੇ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਕਿਹਾ ਸੀ ਕਿ ਉਹ ਕੇਂਦਰ ਸਰਕਾਰ ਨੂੰ ਖੇਤੀ ਆਰਡੀਨੈਂਸਾਂ ਬਾਰੇ ਸਾਰੇ ਖਦਸ਼ੇ ਦੂਰ ਕਰਨ ਵਾਸਤੇ ਕਹਿਣਗੇ।

ਸੋਮਵਾਰ ਨੂੰ ਅਕਾਲੀ ਦਲ ਇਸ ਮਸਲੇ 'ਤੇ ਕੇਂਦਰ ਸਰਕਾਰ ਨੂੰ ਮਿਲਣ ਵਾਸਤੇ ਇੱਕ ਟੀਮ ਦਿੱਲੀ ਵੀ ਭੇਜ ਰਿਹਾ ਹੈ।

ਇਹ ਵੀ ਪੜ੍ਹੋ

ਇਸ ਤੋਂ ਪਹਿਲਾਂ ਅਕਾਲੀ ਦਲ ਲਗਾਤਾਰ ਖੇਤੀ ਆਰਡੀਨੈਂਸਾਂ ਦੀ ਹਮਾਇਤ ਵਿੱਚ ਨਜ਼ਰ ਆ ਰਿਹਾ ਸੀ। ਬੀਤੇ ਸੋਮਵਾਰ ਨੂੰ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਪੰਜਾਬ ਸਰਕਾਰ ਕਿਸਾਨਾਂ ਦੇ ਆਰਡੀਨੈਂਸਾਂ ਬਾਰੇ ਸੂਬੇ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ।

ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਪੂਰਾ ਦੇਸ ਪ੍ਰਕਾਸ਼ ਸਿੰਘ ਬਾਦਲ ਦੇ ਕਿਸਾਨਾਂ ਲਈ ਕੀਤੇ ਕੰਮਾਂ ਨੂੰ ਜਾਣਦਾ ਹੈ ਤੇ ਉਨ੍ਹਾਂ ਨੇ ਇਨ੍ਹਾਂ ਆਰਡੀਨੈਂਸਾਂ ਕਿਸਾਨਾਂ ਦੇ ਹੱਕ ਵਿੱਚ ਦੱਸਿਆ ਹੈ।

ਕਿਉਂ ਬਦਲਿਆ ਅਕਾਲੀ ਦਲ ਦਾ ਸਟੈਂਡ?

ਕਿਸਾਨਾਂ ਦੇ ਖੇਤੀ ਆਰਡੀਨੈਂਸਾਂ ਦਾ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਵੱਲੋਂ ਤਿੱਖਾ ਵਿਰੋਧ ਹੋ ਰਿਹਾ ਹੈ। ਪੰਜਾਬ ਵਿੱਚ ਕਈ ਥਾਂਵਾਂ 'ਤੇ ਇਸ ਨੂੰ ਲੈ ਕੇ ਪ੍ਰਦਰਸ਼ਨ ਹੋ ਚੁੱਕੇ ਹਨ।

ਬੀਤੇ ਦਿਨਾਂ ਵਿੱਚ ਹਰਿਆਣਾ ਦੇ ਕਿਸਾਨਾਂ ਨੇ ਵੀ ਇਨ੍ਹਾਂ ਆਰਡਨੈਂਸਾਂ ਖਿਲਾਫ਼ ਤਿੱਖਾ ਪ੍ਰਦਰਸ਼ਨ ਕੀਤਾ ਸੀ।

ਕੋਰ ਕਮੇਟੀ ਦੀ ਮੀਟਿੰਗ ਮਗਰੋਂ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਕਿਹਾ, "ਬੀਤੇ ਦਿਨਾਂ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਹੈ।"

"ਫਿਰ ਕੋਰ ਕਮੇਟੀ ਦੀ ਮੀਟਿੰਗ ਵਿੱਚ ਇਹ ਤੈਅ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਨੂੰ ਇਨ੍ਹਾਂ ਆਰਡੀਨੈਂਸਾਂ ਬਾਰੇ ਮੁੜ ਵਿਚਾਰ ਕਰਨ ਨੂੰ ਕਿਹਾ ਜਾਵੇਗਾ ਤਾਂ ਜੋ ਸਾਰੇ ਸ਼ੰਕੇ ਮਿਟਾਏ ਜਾ ਸਕਣ।"ਕਿਸਾਨਾਂ ਦੀ ਮੰਗ ਹੈ ਕਿ ਇਨ੍ਹਾਂ ਆਰਡੀਨੈਂਸਾਂ ਨੂੰ ਵਾਪਲ ਲਿਆ ਜਾਵੇ।

ਕਿਸਾਨਾਂ ਦੇ ਵਿਰੋਧ ਵਿਚਾਲੇ ਅਕਾਲੀ ਦਲ ਦੀ ਲੀਡਰਸ਼ਿਪ ਉੱਤੇ ਵੀ ਇਸ ਬਾਰੇ ਸਟੈਂਡ ਬਦਲਣ ਦਾ ਦਬਾਅ ਵਧਿਆ ਸੀ।

ਇਬ ਵੀ ਪੜ੍ਹੋ

ਕੈਪਟਨ ਦਾ ਸੁਖਬੀਰ 'ਤੇ ਨਿਸ਼ਾਨਾ

ਕੈਪਟਨ ਅਮਰਿੰਦਰ ਨੇ ਕਿਹਾ, "ਕੇਂਦਰ ਸਰਕਾਰ ਵਿੱਚ ਭਾਈਵਾਲ ਪਾਰਟੀ ਵਜੋਂ ਅਕਾਲੀ ਦਲ ਬਿਨਾਂ ਕਿਸੇ ਸ਼ਰਤ 'ਤੇ ਇਨ੍ਹਾਂ ਆਰਡੀਨੈਂਸਾਂ ਦੀ ਹਮਾਇਤ ਕਰ ਰਿਹਾ ਹੈ।"

"ਮੈਂ ਅਕਾਲੀ ਦਲ ਨੂੰ ਪੁੱਛਦਾ ਹਾਂ ਕਿ ਜੇ ਪਾਰਲੀਮੈਂਟ ਵਿੱਚ ਜੇ ਇਨ੍ਹਾਂ ਆਰਡੀਨੈਂਸਾਂ 'ਤੇ ਵੋਟਿੰਗ ਹੁੰਦੀ ਹੈ ਤਾਂ ਕੀ ਅਕਾਲੀ ਦਲ ਇਸ ਦੇ ਖਿਲਾਫ਼ ਵੋਟ ਕਰੇਗੀ।"

ਇਸ ਮਸਲੇ ਬਾਰੇ ਅਕਾਲੀ ਦਲ ਦੇ ਯੂ-ਟਰਨ ਬਾਰੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਅਕਾਲੀ ਦਲ ਅਜਿਹਾ ਕਰਕੇ ਕਿਸਾਨਾਂ ਦੀਆਂ ਨਜ਼ਰਾਂ ਵਿੱਚ ਅਕਸ ਸੁਧਾਰਨਾ ਚਾਹੁੰਦਾ ਹੈ।

ਅਕਾਲੀ ਦਲ ਦੇ ਵਫ਼ਦ ਵੱਲੋਂ ਕੇਂਦਰ ਸਰਕਾਰ ਨੂੰ ਮਿਲਣ ਨੂੰ ਵੀ ਕੈਪਟਨ ਅਮਰਿੰਦਰ ਨੇ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੂਨ ਵਿੱਚ ਹੋਈ ਸਰਬ ਪਾਰਟੀ ਮੀਟਿੰਗ ਵਿੱਚ ਹੀ ਅਜਿਹਾ ਵਫਦ ਭੇਜਣ ਬਾਰੇ ਫੈਸਲਾ ਕਰ ਲਿਆ ਗਿਆ ਸੀ।

ਕੈਪਟਨ ਅਮਰਿੰਦਰ ਨੇ ਅਕਾਲੀ ਦਲ ਵੱਲੋਂ ਕਿਸਾਨਾਂ ਲਈ ਕਿਸੇ ਵੀ ਤਰੀਕੇ ਦੀ ਕੁਰਬਾਨੀ ਦੇਣ ਦੇ ਦਾਅਵੇ ਨੂੰ ਵੀ ਝੂਠਾ ਕਰਾਰ ਦਿੱਤਾ।

ਉਨ੍ਹਾਂ ਨੇ ਸੁਖਬੀਰ ਨੂੰ ਪੁੱਛਿਆ, "ਤੁਹਾਡੀ ਪਤਨੀ ਕੇਂਦਰੀ ਮੰਤਰੀ ਹਨ, ਕੀ ਉਹ ਕਦੇ ਇੱਕ ਵਾਰ ਵੀ ਕਿਸਾਨਾਂ ਬਾਰੇ ਕੈਬਨਿਟ ਵਿੱਚ ਬੋਲੇ ਹਨ?"

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)