ਰੂਸ ਦੀ ਵਿਰੋਧੀ ਧਿਰ ਦੇ ਆਗੂ ਨੂੰ ਜ਼ਹਿਰ ਤੋਂ ਬਚਾਉਣ ਲਈ ਕਿਵੇਂ 2 ਘੰਟੇ ਅਹਿਮ ਸਾਬਿਤ ਹੋਏ

ਰੂਸ ਦੇ ਵਿਰੋਧੀ ਧਿਰ ਦੇ ਆਗੂ ਐਲੇਕਸੀ ਨਵਾਲਨੀ ਬਰਲਿਨ ਦੇ ਇੱਕ ਹਸਪਤਾਲ ਵਿੱਚ ਕੋਮਾ ਵਿੱਚ ਹਨ ਅਤੇ ਜਰਮਨੀ ਨੇ ਇਹ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਨੋਵਿਚੋਕ ਨਰਵ ਏਜੰਟ ਜ਼ਹਿਰ ਦਿੱਤਾ ਗਿਆ ਸੀ।

ਸਾਈਬੇਰੀਆ ਤੋਂ ਇੱਕ ਉਡਾਣ ਰਾਹੀਂ ਮਾਸਕੋ ਵਾਪਸੀ ਦੌਰਾਨ ਉਹ ਬਿਮਾਰ ਹੋ ਗਏ ਸਨ ਅਤੇ ਓਮਸਕ ਵਿੱਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਸੀ।

ਦੋ ਦਿਨਾਂ ਬਾਅਦ ਰੂਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਰਮਨੀ ਲੈ ਜਾਣ ਲਈ ਮਨਾਇਆ ਅਤੇ ਉਨ੍ਹਾਂ ਨੂੰ ਹਵਾਈ ਯਾਤਰਾ ਜ਼ਰੀਏ ਜਰਮਨੀ ਲਿਜਾਇਆ ਗਿਆ।

ਬੀਬੀਸੀ ਰੂਸ ਨੇ ਇਸ ਕਹਾਣੀ ਨੂੰ ਬਿਆਨ ਕੀਤਾ ਹੈ ਕਿ ਕਿਵੇਂ ਫਲਾਈਟ ਅਟੈਂਡੈਂਟਾਂ ਅਤੇ ਡਾਕਟਰਾਂ ਨੇ ਸਾਇਬੀਰੀਆ ਦੇ ਅਸਮਾਨ ਵਿੱਚ ਉਨ੍ਹਾਂ ਦੀ ਜਾਨ ਬਚਾਉਣ ਲਈ ਜੱਦੋ-ਜਹਿਦ ਕੀਤੀ। ਇਹ ਉਸ ਖ਼ਤਰਨਾਕ ਯਾਤਰਾ ਦੀ ਦੋ ਘੰਟਿਆਂ ਦੀ ਨਾਟਕੀ ਟਾਈਮਲਾਈਨ ਹੈ। 

<bold>ਸਵੇਰ ਦੀ ਸ਼ੁਰੂਆਤ </bold>ਇਹ 20 ਅਗਸਤ ਦਾ ਦਿਨ ਸੀ ਅਤੇ ਐਲੇਸਕੀ ਨਵਾਲਨੀ ਨੇ ਟੋਮਸਕ ਤੋਂ ਐੱਸ 7 ਏਅਰਲਾਈਨ ਰਾਹੀਂ ਮਾਸਕੋ ਲਈ ਉਡਾਣ ਭਰਨੀ ਸੀ। ਉਨ੍ਹਾਂ ਦੇ ਪ੍ਰੈਸ ਸਕੱਤਰ ਕੀਰਾ ਯਰਮੇਸ਼ ਮੁਤਾਬਕ ਉਨ੍ਹਾਂ ਨੇ ਸਵੇਰੇ ਨਾ ਹੀ ਕੁਝ ਖਾਧਾ ਸੀ ਨਾ ਹੀ ਪੀਤਾ ਸੀ ਸਿਵਾਏ ਇੱਕ ਕੱਪ ਚਾਹ ਦੇ ਜਿਹੜਾ ਉਨ੍ਹਾਂ ਨੇ ਟੋਮਸਕ ਬੋਗਾਸ਼ੇਵੋ ਹਵਾਈ ਅੱਡੇ ਤੋਂ ਖਰੀਦਿਆ ਸੀ।

ਉਡਾਣ ਵਿੱਚ ਮੌਜੂਦ ਇੱਕ ਹੋਰ ਯਾਤਰੀ ਇਲੀਆ ਅਗੀਵ ਨੇ ਜ਼ਹਾਜ ਦੇ ਉਡਾਣ ਭਰਨ ਤੋਂ ਇੱਕ ਘੰਟਾ ਪਹਿਲਾ ਨਵਾਲਨੀ ਨੂੰ ਚਾਹ ਪੀਂਦਿਆ ਦੇਖਿਆ ਸੀ। ਕ੍ਰੈਮਲਿਨ ਆਲੋਚਕ ਮੁਸਕਰਾ ਰਿਹਾ ਸੀ ਅਤੇ ਆਪਣੇ ਸਾਥੀ ਯਾਤਰੀਆਂ ਨਾਲ ਮਜ਼ਾਕ ਕਰ ਰਿਹਾ ਸੀ, ਜਿਨ੍ਹਾਂ ਨੇ ਉਸ ਨੂੰ ਪਛਾਣ ਲਿਆ ਸੀ।

ਇਹ ਵੀ ਪੜ੍ਹੋ:

ਟੋਮਸਕ ਸਮਾਂ 08:01 (01:01ਜੀਐਮਟੀ)

ਉਡਾਣ ਦੇ ਪਹਿਲੇ ਅੱਧੇ ਅੰਟੇ ਦੌਰਾਨ ਹੀ ਨਵਾਲਨੀ ਬਿਮਾਰ ਮਹਿਸੂਸ ਕਰਨ ਲੱਗੇ। ਫ਼ਲਾਈਟ ਅਟੈਂਡੈਂਟਸ ਯਾਤਰੀਆਂ ਨੂੰ ਪਾਣੀ ਦੇ ਰਹੇ ਸਨ ਪਰ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ। ਫ਼ਿਰ ਕੁਝ ਸਮੇਂ ਬਾਅਦ ਉਹ ਪਖ਼ਾਨੇ ਗਏ।

ਟੋਮਸਕ ਸਮਾਂ 08:30 (01:30ਜੀਐਮਟੀ) 

ਇੱਕ ਹੋਰ ਯਾਤਰੀ ਨੇ ਪਖ਼ਾਨੇ ਜਾਣ ਦੀ ਕੋਸ਼ਿਸ ਕੀਤੀ ਪਰ ਐਲੇਕਸੀ ਨਵਾਲਨੀ ਤਕਰੀਬਨ 20 ਮਿੰਟ ਤੱਕ ਅੰਦਰ ਰਹੇ। ਪਖ਼ਾਨੇ ਦੇ ਬਾਹਰ ਕਤਾਰ ਲੱਗ ਗਈ।

ਟੋਮਸਕ ਸਮਾਂ 08:50 (01:50ਜੀਐਮਟੀ) 

ਹੁਣ ਤੱਕ ਉਡਾਣ ਵਿੱਚ ਮੌਜੂਦ ਚਾਰੋ ਅਟੈਂਡੈਂਟਸ ਨੂੰ ਪਤਾ ਸੀ ਕਿ ਉਨ੍ਹਾਂ ਦਾ ਇੱਕ ਯਾਤਰੀ ਬਿਮਾਰ ਹੈ।

ਟੋਮਸਕ ਸਮਾਂ 09:00 (02:00ਜੀਐਮਟੀ) 

ਕੁਝ ਮਿੰਟਾਂ ਬਾਅਦ ਫ਼ਲਾਈਟ ਅਟੈਂਡੈਂਟ ਨੇ ਐਲਾਨ ਕਰਦਿਆਂ ਪੁੱਛਿਆ ਕਿ ਕੀ ਉਡਾਣ ਵਿੱਚ ਕੋਈ ਡਾਕਟਰ ਹੈ। ਬਾਕੀ ਯਾਤਰੀਆਂ ਨੂੰ ਹੁਣ ਅਹਿਸਾਸ ਹੋਇਆ ਕਿ ਸਥਿਤੀ ਗੰਭੀਰ ਸੀ। 

ਬਾਕੀ ਦੇ ਕਰੂ ਮੈਂਬਰਾਂ ਨੇ ਪਾਇਲਟ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਨਵਾਲਨੀ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ। 

ਉਨ੍ਹਾਂ ਦੀ ਸਹਾਇਕ ਇਲੀਆ ਪਾਖੋਮੋਵ ਨੇ ਡਾਕਟਰੀ ਸਹਾਇਤਾ ਲਈ ਅਪੀਲ ਕੀਤੀ। ਇੱਕ ਔਰਤ ਜਿਸ ਦੀ ਪਛਾਣ ਨਹੀਂ ਹੋ ਸਕੀ ਹੈ, ਸਾਹਮਣੇ ਆਈ ਅਤੇ ਕਿਹਾ ਕਿ ਉਹ ਨਰਸ ਹੈ।

ਐੱਸ 7 ਏਅਰਲਾਈਨਸ ਮੁਤਾਬਕ ਅਗਲੇ ਇੱਕ ਘੰਟੇ ਤੱਕ ਜਦੋਂ ਤੱਕ ਪਾਇਲਟ ਕਿਤੇ ਐਮਰਜੰਸੀ ਲੈਂਡਿੰਗ ਨਹੀਂ ਕਰ ਸਕਿਆ, ਨਰਸ ਅਤੇ ਫ਼ਲਾਈਟ ਅਟੈਂਡੈਂਟਸ ਨੇ ਨਵਾਲਨੀ ਨੂੰ ਹੋਸ਼ ਵਿੱਚ ਰੱਖਣ 'ਤੇ ਧਿਆਨ ਕੇਂਦਰਿਤ ਕੀਤਾ।

'ਉਹ ਬੋਲ ਨਹੀਂ ਸੀ ਰਿਹਾ ਬਸ ਚੀਕ ਰਿਹਾ ਸੀ'

ਇੱਕ ਵਕੀਲ ਸਰਗੀ ਨੈਜ਼ੇਨੈਟਸ ਜਿੱਥੇ ਨਵਾਲਨੀ ਦਾ ਇਲਾਜ ਕੀਤਾ ਜਾ ਰਿਹਾ ਸੀ ਉਸਦੀ ਪਿਛਲੀ ਕਤਾਰ ਵਿੱਚ ਬੈਠੇ ਸਨ। ਉਨ੍ਹਾਂ ਨੇ ਦੱਖਣੀ ਰੂਸ ਵਿੱਚ ਕ੍ਰਾਸਨੋਦਰ ਜਾਣ ਵਾਸਤੇ ਮਾਸਕੋ ਤੋਂ ਉਡਾਣ ਬਦਲਣੀ ਸੀ।

ਨੈਜ਼ੇਨੈਟਸ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਫ਼ਲਾਈਟ ਅਟੈਂਡੈਂਟਸ ਨੇ ਉਡਾਣ ਵਿੱਚ ਮੌਜੂਦ ਡਾਕਟਰੀ ਮਾਹਰਾਂ ਨੂੰ ਅੱਗੇ ਆਉਣ ਲਈ ਕਿਹਾ ਤਾਂ ਮੈਂ ਧਿਆਨ ਦੇਣਾ ਸ਼ੁਰੂ ਕੀਤਾ ਕਿ ਕੀ ਹੋ ਰਿਹਾ ਹੈ।"

"ਕੁਝ ਮਿੰਟਾਂ ਬਾਅਦ, ਪਾਇਲਟ ਨੇ ਐਲਾਨ ਕੀਤਾ ਕਿ ਸਾਨੂੰ ਓਮਸਕ ਵਿੱਚ ਉਤਰਨਾ ਪਵੇਗਾ ਕਿਉਂਕਿ ਇੱਕ ਯਾਤਰੀ ਦੀ ਸਿਹਤ ਠੀਕ ਨਹੀਂ ਹੈ। ਜਦੋਂ ਅਸੀਂ ਲੈਂਡ ਕੀਤੇ ਅਤੇ ਮੈਂ ਆਪਣਾ ਟਵੀਟਰ ਚੈੱਕ ਕੀਤਾ ਅਤੇ ਉਨ੍ਹਾਂ ਦੇ ਬੁਲਾਰੇ ਦੀਆਂ ਪੋਸਟਾਂ ਦੇਖੀਆਂ ਉਦੋਂ ਹੀ ਮੈਨੂੰ ਪਤਾ ਲੱਗਿਆ ਕਿ ਉਹ ਯਾਤਰੀ ਨਵਾਲਨੀ ਹੈ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

"ਡਾਕਟਰ ਨੂੰ ਬੁਲਾਉਣ ਦੇ ਕੁਝ ਹੀ ਮਿੰਟਾਂ ਬਾਅਦ ਐਲੇਕਸੀ ਨੇ ਰੌਲਾ ਪਾਉਣਾ ਅਤੇ ਚੀਕਣਾ ਸ਼ੁਰੂ ਕਰ ਦਿੱਤਾ। ਉਹ ਸਪਸ਼ਟ ਤੌਰ 'ਤੇ ਤਕਲੀਫ਼ ਵਿੱਚ ਸਨ। ਉਹ ਕੈਬਿਨ ਕਰੂ ਲਈ ਰਿਜ਼ਰਵ ਇੱਕ ਹਿੱਸੇ ਵਿੱਚ ਥੱਲੇ ਲੰਮੇ ਪਏ ਹੋਏ ਸੀ। ਉਹ ਕੁਝ ਨਹੀਂ ਸੀ ਬੋਲ ਰਹੇ- ਬਸ ਚੀਕ ਰਹੇ ਸੀ।"

ਉਨ੍ਹਾਂ ਦੱਸਿਆ ਕਿ ਇਹ ਉਦੋਂ ਦੀ ਗੱਲ ਹੈ ਜਦੋਂ ਇੱਕ ਨਰਸ ਆਪਣੀਆਂ ਸੇਵਾਵਾਂ ਦੇਣ ਲਈ ਸਾਹਮਣੇ ਆਈ ਸੀ।

ਉਨ੍ਹਾਂ ਨੇ ਕਿਹਾ, "ਮੈਨੂੰ ਨਹੀਂ ਪਤਾ ਉਹ ਕੀ ਕਰ ਰਹੇ ਸਨ, ਮੈਂ ਨਹੀਂ ਦੇਖਿਆ। ਪਰ ਮੈਂ ਉਨ੍ਹਾਂ ਨੂੰ ਲਗਾਤਾਰ ਕਹਿੰਦੇ ਸੁਣਿਆ ਐਲੇਕਸੀ ਪੀਓ, ਪੀਓ, ਪੀਓ, ਸਾਹ ਲਉ।"

"ਜਦੋਂ ਉਹ ਚੀਕ ਰਹੇ ਸੀ, ਅਸੀਂ ਠੀਕ ਮਹਿਸੂਸ ਕਰ ਰਹੇ ਸੀ ਕਿਉਂਕਿ ਉਹ ਘੱਟੋ-ਘੱਟ ਜ਼ਿੰਦਾ ਤਾਂ ਹਨ। ਮੈਂ ਇਸ ਗੱਲ 'ਤੇ ਜ਼ੋਰ ਦਿੰਦਾ ਹਾਂ ਉਸ ਵੇਲੇ ਮੈਨੂੰ ਨਹੀਂ ਸੀ ਪਤਾ ਕਿ ਉਹ ਨਵਾਲਨੀ ਹਨ।"

ਨਵਾਲਨੀ ਦੇ ਦੋ ਸਹਾਇਕ ਨੇੜੇ ਖੜੇ ਸਨ। ਇੱਕ ਉਨ੍ਹਾਂ ਦੀ ਪ੍ਰੈਸ ਸਕੱਤਰ ਕੀਰਾ ਯਾਰਮੇਸ਼ ਸੀ।

ਨੈਜ਼ੇਨੈਟਸ ਨੇ ਦੱਸਿਆ, "ਉਹ ਬਹੁਤ ਘਬਰਾਈ ਹੋਈ ਸੀ, ਡਾਕਟਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਕੀ ਹੋਇਆ ਹੈ। ਕੀਰਾ ਨੇ ਕਿਹਾ, ਮੈਨੂੰ ਨਹੀਂ ਪਤਾ, ਸ਼ਾਇਦ ਉਨ੍ਹਾਂ ਨੂੰ ਜ਼ਹਿਰ ਦਿੱਤਾ ਗਿਆ ਹੈ।"

<bold>ਓਮਸਕ ਸਮਾਂ 08:20 (02:20</bold><bold>ਜੀਐਮਟੀ) </bold>ਏਅਰਲਾਈਨ ਨੇ ਦੱਸਿਆ ਕਿ ਕਰੂ ਓਮਸਕ ਵਿੱਚ ਐਮਰਜ਼ੈਂਸੀ ਲੈਂਡਿੰਗ ਦੀ ਇਜਾਜ਼ਤ ਲੈਣ ਲਈ ਤੇਜ਼ੀ ਨਾਲ ਗਿਆ ਅਤੇ ਇਸ ਦੀ ਇਜਾਜ਼ਤ ਤੁਰੰਤ ਮਿਲ ਵੀ ਗਈ।

ਯਾਤਰੀਆਂ ਨੂੰ ਦੱਸਣ ਤੋਂ ਬਾਅਦ ਕਿ ਜਹਾਜ਼ ਐਮਰਜੈਂਸੀ ਲੈਂਡਿੰਗ ਕਰ ਰਿਹਾ ਹੈ, 30 ਮਿੰਟ ਤੋਂ ਥੋੜ੍ਹੇ ਜਿਹੇ ਵੱਧ ਸਮੇਂ ਵਿੱਚ ਜ਼ਹਾਜ ਉੱਤਰ ਗਿਆ ਸੀ।

 "ਪਰ ਕੈਬਿਨ ਕਰੂ, ਖਿੜਕੀਆਂ ਵਿੱਚੋਂ ਦੇਖਦਾ ਰਿਹਾ ਅਤੇ ਸ਼ਿਕਾਇਤ ਕਰਦਾ ਰਿਹਾ ਕਿਉਂਕਿ ਬੱਦਲ ਬਹੁਤ ਸਨ ਅਤੇ ਉਡਾਣ ਉਤਾਰਨ ਵਿੱਚ ਥੋੜ੍ਹਾ ਸਮਾਂ ਲੱਗ ਰਿਹਾ ਸੀ ਜਦੋਂਕਿ ਐਲੇਕਸੀ ਬਹੁਤ ਬਿਮਾਰ ਸੀ।"

ਜਦੋਂ ਉਹ ਉਨ੍ਹਾਂ ਨੂੰ ਪਾਣੀ ਪਿਲਾ ਰਹੇ ਸਨ ਵਕੀਲ ਨੇ ਅਵੱਤ ਆਉਣ ਦੀਆਂ ਆਵਾਜ਼ਾ ਸੁਣੀਆਂ। 

ਕੀ ਉਨ੍ਹਾਂ ਦੇ ਢਿੱਡ ਨੂੰ ਦਬਾਇਆ ਗਿਆ?

ਓਮਸਕ ਹਵਾਈ ਅੱਡੇ ਦੇ ਮੁੱਖ ਡਾਕਟਰ, ਵਾਸਿਲੀ ਸੀਡੋਰਸ ਨੇ ਇਸ ਗੱਲ ਦੀ ਪੁਸ਼ਟੀ ਜਾਂ ਇਸ ਤੋਂ ਇਨਕਾਰ ਕਰਨ ਤੋਂ ਮਨਾਂ ਕਰਦਿਆਂ ਕਿਹਾ, "ਉੱਥੇ ਸਭ ਕੁਝ ਹੀ ਸੀ।"

ਇਜ਼ਰਾਈਲੀ ਇੰਟੈਂਸਿਵ ਕੇਅਰ ਮਾਹਰ ਮਿਖੇਲ ਫ਼ਰੈਮਡ੍ਰਮੈਨ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਜ਼ਹਿਰੀਲੇ ਖਾਣੇ ਦਾ ਸ਼ੱਕ ਹੁੰਦਾ ਤਾਂ ਕਰੂ ਮੈਂਬਰਾਂ ਨੇ ਇਹ ਕੋਸ਼ਿਸ਼ ਕੀਤੀ ਹੁੰਦੀ।

"ਪਰ ਉਹ ਔਰਗੈਨੋਫ਼ਾਸਫੋਰਸ ਦੇ ਕਣਾਂ ਨਾਲ ਜ਼ਹਿਰ ਲਈ ਮਦਦ ਨਹੀਂ ਕਰਦਾ, ਜਿਸ ਬਾਰੇ ਜਰਮਨੀ ਹੁਣ ਗੱਲ ਕਰ ਰਿਹਾ ਹੈ।"

ਅਤੇ ਜੇਕਰ ਨਵਾਨਲੀ ਨੂੰ ਭੋਜਨ ਜਾਂ ਪੀਣ ਵਾਲੇ ਪਦਾਰਥਾਂ ਵਿੱਚ ਜ਼ਹਿਰ ਦਿੱਤਾ ਗਿਆ ਹੋਵੇ ਤਾਂ ਜਿਹੜੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦੇ ਰਹੇ ਸਨ ਉਨ੍ਹਾਂ ਦਾ ਉਲਟੀ ਕਰਨਾ ਉਨ੍ਹਾਂ ਲਈ ਵੀ ਖ਼ਤਰੇ ਭਰਿਆ ਹੁੰਦਾ ਤੇ ਉਨ੍ਹਾਂ ਲਈ ਵੀ ਜੋ ਬਾਅਦ ਵਿੱਚ ਜਹਾਜ਼ ਸਾਫ਼ ਕਰਦੇ।

ਓਮਸਕ ਸਮਾਂ 09:01 (03:01ਜੀਐੱਮਟੀ) 

ਓਮਸਕ ਸਮੇਂ ਅਨੁਸਾਰ ਜਹਾਜ਼ ਸਵੇਰੇ 09:01 'ਤੇ ਉਤਰਿਆ।

ਓਮਸਕ ਸਮਾਂ 09:03 (03:03ਜੀਐਮਟੀ)

ਹਵਾਈ ਅੱਡੇ 'ਤੇ ਜਹਾਜ਼ ਉਤਰਣ ਤੋਂ ਸਿਰਫ਼ ਦੋ ਮਿੰਟ ਦਰਮਿਆਨ ਡਾਕਟਰੀ ਅਮਲਾ ਜਹਾਜ਼ ਵਿੱਚ ਚੜ੍ਹ ਗਿਆ।

ਨੈਜ਼ੇਨੈਟਸ ਯਾਦ ਕਰਦੇ ਹਨ, ਜਿਵੇਂ ਹੀ ਉਨ੍ਹਾਂ ਨੇ ਨਵਾਲਨੀ ਦਾ ਮੁਆਇਨਾ ਕੀਤਾ ਉਨ੍ਹਾਂ ਕਿਹਾ, "ਇਹ ਮਾਮਲਾ ਸਾਡੇ ਲਈ ਨਹੀਂ ਹੈ।"

ਫ਼ਿਰ ਉਨ੍ਹਾਂ ਨੇ ਸੁਣਿਆ ਕਿ ਡਾਕਟਰੀ ਅਮਲਾ ਆਈਸੀਯੂ ਐਂਮਬੂਲੈਂਸ ਲਈ ਫ਼ੋਨ ਕਰ ਰਿਹਾ ਸੀ। ਉਨ੍ਹਾਂ ਇਹ ਕਹਿੰਦਿਆਂ ਕਿ ਮਰੀਜ਼ ਦੀ ਹਾਲਤ ਬਹੁਤ ਗੰਭੀਰ ਹੈ ਉਨ੍ਹਾਂ ਨੂੰ ਸਿੱਧਾ ਲੈਂਡਿੰਗ ਖੇਤਰ ਵਿੱਚ ਆਉਣ ਲਈ ਕਿਹਾ।

ਉਨ੍ਹਾਂ ਨੇ ਉਸ ਸਮੇਂ ਇੱਕ ਡਾਕਟਰ ਨੂੰ ਫ਼ੋਨ 'ਤੇ ਡਰਾਈਵਰ ਨੂੰ ਜਹਾਜ਼ ਦਾ ਰੰਗ ਦੱਸਦਿਆਂ ਉਸ ਦੀਆਂ ਪੌੜੀਆਂ ਦੇ ਨੇੜੇ ਹੀ ਗੱਡੀ ਲਾਉਣ ਲਈ ਕਿਹਾ। 

ਉਨ੍ਹਾਂ ਨੇ ਕਿਹਾ, "ਅਸੀਂ ਹੋਰ ਦੱਸ ਮਿੰਟ ਐਂਮਬੂਲੈਂਸ ਦੇ ਆਉਣ ਦੀ ਉਡੀਕ ਕੀਤੀ।"

ਵੀਡੀਓ: ਨਵਾਲਨੀ ਨੂੰ ਜ਼ਹਿਰ ਦੇਣ ਦੀ ਕਹਾਣੀ

"ਇਸ ਸਮੇਂ ਦੌਰਾਨ, ਡਾਕਟਰਾਂ ਨੇ ਨਵਾਨਲੀ ਦਾ ਬਲੱਡ ਪ੍ਰੈਸ਼ਨ ਚੈੱਕ ਕੀਤਾ ਅਤੇ ਉਨ੍ਹਾਂ ਨੂੰ ਨਾੜਾਂ ਵਿੱਚ ਡ੍ਰਿਪ ਲਗਾਈ। ਪਰ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਇਹ ਸਪਸ਼ਟ ਸੀ ਕਿ ਇਹ ਕਿਸੇ ਕੰਮ ਦੀ ਨਹੀਂ।"

ਡਾਕਟਰ ਸੀਡੋਰਸ ਕਹਿੰਦੇ ਹਨ, ਉਨ੍ਹਾਂ ਨੇ ਖੁਦ ਐਲੇਕਸੀ ਨਵਾਲਨੀ ਦਾ ਇਲਾਜ਼ ਨਹੀਂ ਕੀਤਾ ਪਰ ਉਨ੍ਹਾਂ ਦੀ ਜਾਨ ਬਚਾਉਣ ਲਈ ਉਨ੍ਹਾਂ ਦੇ ਸਹਿਕਰਮੀਆਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ।

ਉਹ ਕਹਿੰਦੇ ਹਨ, "ਇਹ ਸਮਝਣਾ ਔਖਾ ਸੀ ਕਿ ਕੀ ਹੋ ਰਿਹਾ ਹੈ ਕਿਉਂਕਿ ਉਹ ਬੋਲ ਨਹੀਂ ਸੀ ਰਹੇ।"

ਇਹ ਵੀ ਪੜ੍ਹੋ:

"ਉਨ੍ਹਾਂ ਨੇ ਉਹ ਸਭ ਕੀਤਾ ਜੋ ਉਨ੍ਹਾਂ ਨੂੰ ਕਰਨਾ ਚਾਹੀਦਾ ਸੀ। ਇੱਕ ਵਿਅਕਤੀ ਦੀ ਜਾਨ ਬਚਾਈ ਅਤੇ ਯਕੀਨੀ ਬਣਾਇਆ ਕਿ ਉਸਨੂੰ ਢੁੱਕਵੇਂ ਹਸਪਤਾਲ ਲਿਜਾਇਆ ਜਾਵੇ।"

ਯਾਤਰੀ ਜਿਨ੍ਹਾਂ ਨਾਲ ਅਸੀਂ ਗੱਲ ਕੀਤੀ ਮੰਨਦੇ ਹਨ ਕਿ ਡਾਕਟਰਾਂ ਨੇ ਉਨ੍ਹਾਂ ਦਾ ਮੁਆਇਨਾ ਕਰਨ ਲਈ 15 ਤੋਂ 20 ਮਿੰਟ ਲਾਏ।

ਓਮਸਕ ਸਮਾਂ 09:37 (03:37 ਜੀਐਮਟੀ)

ਉਨ੍ਹਾਂ ਨੂੰ ਜਹਾਜ਼ ਤੋਂ ਉਤਾਰਿਆ ਗਿਆ ਅਤੇ ਉਨ੍ਹਾਂ ਦਾ ਸਟ੍ਰੈਚਰ ਸਿੱਧਾ ਐਮਬੂਲੈਂਸ ਵਿੱਚ ਰੱਖਿਆ ਗਿਆ, ਜਿਹੜਾ ਉਨ੍ਹਾਂ ਨੂੰ ਸਿੱਧਾ ਓਮਸਕ ਐਮਰਜੈਂਸੀ ਹਸਪਤਾਲ ਨੰਬਰ 1 ਵਿੱਚ ਲੈ ਗਿਆ।

ਨੈਜ਼ੇਨੈਟਸ ਨੇ ਬੀਬੀਸੀ ਨੂੰ ਦੱਸਿਆ, ਅੱਧੇ ਘੰਟੇ ਬਾਅਦ ਜਹਾਜ਼ ਨੂੰ ਦੁਬਾਰਾ ਚਾਲੂ ਕੀਤਾ ਗਿਆ ਅਤੇ ਮਾਸਕੋ ਤੱਕ ਦੀ ਯਾਤਰਾ ਜਾਰੀ ਰਹੀ।

ਜਦੋਂ ਅਸੀਂ ਮਾਸਕੋ ਦੇ ਦੋਮੋਦੇਵੋਦੋ ਹਵਾਈ ਅੱਡੇ 'ਤੇ ਉੱਤਰੇ ਤਾਂ ਬਹੁਤ ਸਾਰੇ ਪੁਲਿਸ ਮੁਲਾਜ਼ਮ ਅਤੇ ਸਾਦੇ ਕੱਪੜਿਆਂ ਵਾਲੇ ਲੋਕ ਜਹਾਜ਼ ਵਿੱਚ ਦਾਖ਼ਲ ਹੋਏ।

"ਉਨ੍ਹਾਂ ਨੇ ਜਿਹੜੇ ਯਾਤਰੀ ਐਲੇਕਸੀ ਦੇ ਨੇੜੇ ਵਾਲੀਆਂ ਕਤਾਰਾਂ ਵਿੱਚ ਬੈਠੇ ਸਨ ਉਨ੍ਹਾਂ ਨੂੰ ਬੈਠੇ ਰਹਿਣ ਲਈ ਕਿਹਾ, ਜਦੋਂਕਿ ਬਾਕੀਆਂ ਨੂੰ ਜਾਣ ਲਈ ਕਿਹਾ। ਐਲੇਕਸੀ ਜਹਾਜ਼ ਵਿੱਚ ਕਿਤੇ ਵਿਚਕਾਰ ਜਿਹੇ ਬੈਠਾ ਸੀ, ਕਤਾਰ ਦੱਸ ਜਾਂ ਗਿਆਰਾਂ ਵਿੱਚ।"

ਪੁਲਿਸ ਨੂੰ ਬੋਰਡ 'ਤੇ ਦੇਖਣਾ ਅਜੀਬ ਲੱਗ ਰਿਹਾ ਸੀ। "ਉਸ ਸਮੇਂ ਤੱਕ ਮਾਮਲਾ ਅਪਰਾਧਿਕ ਨਹੀਂ ਸੀ ਲੱਗ ਰਿਹਾ ਫ਼ਿਰ ਵੀ ਇਥੇ ਸੁਰੱਖਿਆ ਸੇਵਾਵਾਂ ਸਨ।'' 

ਨੋਵਿਚੋਕ ਨਰਵ ਏਜੰਟ ਨਾਲ ਜ਼ਹਿਰ ਦੇਣਾ

ਦੋ ਦਿਨਾਂ ਲਈ ਓਮਸਕ ਹਸਪਤਾਲ ਨੇ ਨਵਾਨਲੀ ਨੂੰ ਅਕਿਊਟ ਪੁਆਜ਼ਨਿੰਗ ਵਿਭਾਗ (ਗੰਭੀਰ ਜ਼ਹਿਰ ਦੇ ਮਰੀਜ਼ਾਂ ਨਾਲ ਸੰਬੰਧਿਤ ਵਿਭਾਗ) ਵਿੱਚ ਰੱਖਿਆ। ਪਹਿਲਾਂ ਉਹ ਉਨ੍ਹਾਂ ਨੂੰ ਅਸਥਿਰ ਸਥਿਤੀ ਦੇ ਚੱਲਦਿਆਂ ਜਰਮਨੀ ਲੈ ਜਾਣ ਦੀ ਇਜ਼ਾਜਤ ਨਹੀਂ ਸਨ ਦੇ ਰਹੇ।

ਪਰ 22 ਅਗਸਤ ਨੂੰ ਉਨ੍ਹਾਂ ਨੂੰ ਜਹਾਜ਼ ਰਾਹੀਂ ਬਰਲਿਨ ਦੇ ਚਾਰਿਟ ਕਲੀਨਿਕ ਲਿਜਾਇਆ ਗਿਆ ਅਤੇ ਦੋ ਦਿਨਾਂ ਬਾਅਦ ਜਰਮਨੀ ਦੇ ਡਾਕਟਰਾਂ ਨੇ ਕਿਹਾ ਉਨ੍ਹਾਂ ਦੇ ਟੈਸਟ ਦਰਸਾਉਂਦੇ ਹਨ ਉਨ੍ਹਾਂ ਨੂੰ ਜ਼ਹਿਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:

ਓਮਸਕ ਵਿੱਚ ਐਮਰਜੈਂਸੀ ਹਸਪਤਾਲ ਨੰਬਰ 1 ਦੇ ਮੁੱਖ ਡਾਕਟਰ ਅਤੇ ਮੁੱਖ ਟੋਕਸੀਕੋਲੋਜਿਸਟ (ਜ਼ਹਿਰ ਨਾਲ ਸਬੰਧਿਤ ਬਿਮਾਰੀਆਂ ਦੇ ਮਾਹਰ) ਸਮੇਤ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਜਦੋਂ ਉੁਹ ਉਨ੍ਹਾਂ ਦੀ ਦੇਖ ਰੇਖ ਵਿੱਚ ਸਨ ਨਵਾਲਨੀ ਦੇ ਸਰੀਰ ਵਿੱਚ ਕੋਈ ਵੀ ਜ਼ਹਿਰੀਲਾ ਪਦਾਰਥ ਨਹੀਂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਬਿਮਾਰੀ ਦੀ ਦੂਜੀ ਪੜਤਾਲ ਪਾਚਕ ਵਿਕਾਰ (ਮੈਟਾਬੋਲਿਕ ਡਿਸਆਰਡਰ) ਹੋ ਸਕਦੀ ਹੈ।

ਬੀਬੀਸੀ ਰੂਸ ਨੇ ਓਮਸਕ ਦੇ ਸਿਹਤ ਅਧਿਕਾਰੀਆਂ ਨੂੰ ਇਸ ਬਾਰੇ ਟਿੱਪਣੀ ਕਰਨ ਅਤੇ ਨਵਾਲਨੀ ਦੇ ਹਸਪਤਾਲ ਵਿੱਚ ਰੁੱਕਣ ਬਾਰੇ ਵਿਸਥਾਰ ਵਿੱਚ ਦੱਸਣ ਲਈ ਕਿਹਾ ਪਰ ਉਨ੍ਹਾਂ ਦਾ ਕੋਈ ਜੁਆਬ ਨਹੀਂ ਮਿਲਿਆ।

ਰਿਪੋਰਟ- ਅਨਾ ਪੁਸ਼ਕਰਸਾਕਿਆ, ਐਲੀਨਾ ਬਰਡਨੀਕੋਵਾ, ਤੀਮੂਰ ਸਾਜ਼ੋਨੋਵ, ਐਂਡਰੀ ਸੋਸ਼ਨੀਕੋਵ, ਕੇਸੀਨੀਆ ਚੂਰਮੋਨੋਵਾ

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)