You’re viewing a text-only version of this website that uses less data. View the main version of the website including all images and videos.
ਸੁਸ਼ਾਂਤ ਸਿੰਘ ਰਾਜਪੂਤ ਮਾਮਲਾ: ਰਿਆ ਚੱਕਰਵਤੀ ਦੇ ਭਰਾ ਨੂੰ ਕੀਤਾ ਗਿਆ ਗ੍ਰਿਫ਼ਤਾਰ
ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਰਿਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਅਤੇ ਸੁਸ਼ਾਂਤ ਦੇ ਮੈਨੇਜਰ ਸੈਮੂਅਲ ਮਿਰਾਂਡਾ ਨੂੰ ਐੱਨਸੀਬੀ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਗ੍ਰਿਫ਼ਤਾਰੀ ਡਰੱਗਸ ਮਾਮਲੇ ਵਿੱਚ ਕੀਤੀ ਗਈ ਹੈ।
ਦੋਹਾਂ ਨੂੰ ਐੱਨਡੀਪੀਐਸ ਦੀ ਧਾਰਾ 20,22, 26,27 ਅਤੇ 28 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
1.ਮੁਰਥਲ ਦੇ ਢਾਬਿਆਂ ਦੇ ਮੁਲਾਜ਼ਮ ਕੋਰੋਨਾਵਾਇਰਸ ਪੌਜ਼ਿਟਿਵ
ਹਰਿਆਣਾ ਵਿੱਚ ਮੁਰਥਲ ਦੇ ਦੋ ਢਾਬਿਆਂ ਦੇ 75 ਮੁਲਾਜ਼ਮ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਜਾਣ ਤੋਂ ਬਾਅਦ ਸੋਨੀਪਤ ਪ੍ਰਸ਼ਾਸਨ ਨੇ ਕਾਨਟੈਕਟ ਟਰੇਸਿੰਗ ਸ਼ੁਰੂ ਕਰ ਦਿੱਤੀ ਹੈ।
ਇਨਹਾਂ ਵਿੱਚੋਂ ਇੱਕ ਮੁਰਥਲ ਦਾ ਮਸ਼ਹੂਰ ਅਮਰੀਕ ਸੁਖਦੇਵ ਢਾਬਾ ਹੈ ਜਿੱਥੇ 65 ਮੁਲਾਜ਼ਮ ਕੋਰੋਨਾ ਪੌਜ਼ਿਟਿਵ ਨਿਕਲੇ ਹਨ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸੋਨੀਪਤ ਦੇ ਡੀਸੀ ਸ਼ਿਆਮ ਲਾਲ ਪੂਨੀਆ ਮੁਤਾਬਕ ਹੋਰਨਾਂ ਢਾਬਿਆਂ 'ਤੇ ਵੀ ਸੈਂਪਲਿੰਗ ਸ਼ੁਰੂ ਕਰ ਦਿੱਤੀ ਹੈ।
2.ਹਰਭਜਨ ਸਿੰਘ ਇਸ ਵਾਰ ਨਹੀਂ ਖੇਡਣਗੇ ਆਈਪੀਐਲ
ਕ੍ਰਿਕਟਰ ਹਰਭਜਨ ਸਿੰਘ ਨੇ ਟਵੀਟ ਕਰ ਕੇ ਦੱਸਿਆ ਹੈ ਕਿ ਉਹ ਨਿਜੀ ਕਾਰਨਾਂ ਕਰਕੇ ਇਸ ਵਾਰ ਆਈਪੀਐਲ ਵਿੱਚ ਨਹੀਂ ਖੇਡਨਗੇ।
ਉਨ੍ਹਾਂ ਨੇ ਕਿਹਾ ਕਿ ਇਹ ਇੱਕ ਔਖਾ ਸਮਾਂ ਹੈ ਤੇ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਗੇ।
ਹਰਭਜਨ ਤੋਂ ਪਹਿਲਾਂ ਸੀਐਸਕੇ ਦੇ ਹੀ ਖਿਡਾਰੀ ਸੁਰੇਸ਼ ਰੈਨਾ ਨੇ ਵੀ ਨਿਜੀ ਕਾਰਨਾਂ ਕਰ ਕੇ ਆਈਪੀਐਲ ਵਿੱਚ ਹਿੱਸਾ ਨਾ ਲੈਂ ਦਾ ਫੈਸਲਾ ਕੀਤਾ ਸੀ।
3. 1984 ਸਿੱਖ ਕਤਲੇਆਮ ਦੇ ਦੋਸ਼ੀ ਸਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਖਾਰਿਜ ਹੋਈ
ਸਾਲ 1984 ਦੇ ਸਿੱਖ ਕਤਲੇਆਮ ਦੇ ਇੱਕ ਕੇਸ ਵਿੱਚ ਮੁਲਜ਼ਮ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ।
ਭਾਰਤ ਦੇ ਚੀਫ਼ ਜਸਟਿਸ ਸ਼ਰਧ ਅਰਵਿੰਦ ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਇਹ ਫ਼ੈਸਲਾ ਸੁਣਾਇਆ ਹੈ।
ਸੱਜਣ ਕੁਮਾਰ ਉੱਪਰ ਦਿੱਲੀ ਦੇ ਰਾਜ ਨਗਰ ਇਲਾਕੇ ਵਿੱਚ ਇੱਕੋ ਪਰਿਵਾਰ ਦੇ ਪੰਜ ਜੀਆਂ ਦੇ ਕਤਲ ਦੇ ਕੇਸ ਵਿੱਚ 17 ਦਸੰਬਰ 2018 ਨੂੰ ਦਿੱਲੀ ਦੀ ਇੱਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਅਦਾਲਤ ਨੇ ਕਿਹਾ ਕਿ ਜਿਵੇਂ ਹੀ ਅਦਾਲਤ ਵਿੱਚ ਕੋਰੋਨਾਵਾਇਰਸ ਕਾਰਨ ਰੁਕਿਆ ਕੰਮਕਾਜ ਮੁੜ ਤੋਂ ਸ਼ੁਰੂ ਹੁੰਦਾ ਹੈ ਸੱਜਣ ਖ਼ਿਲਾਫ਼ ਸੁਣਵਾਈ ਵੀ ਸ਼ੁਰੂ ਕੀਤੀ ਜਾ ਸਕੇਗੀ।
ਅਦਾਲਤ ਨੇ ਟਿੱਪਣੀ ਕੀਤੀ ਕਿ ਮੁਲਜ਼ਮ ਸੱਜਣ ਕੁਮਾਰ ਦੀ ਡਾਕਟਰੀ ਰਿਪੋਰਟ ਮੁਤਾਬਕ ਉਨ੍ਹਾਂ ਨੂੰ ਇਸ ਸਮੇਂ ਹਸਪਤਾਲ ਰਹਿਣ ਦੀ ਕੋਈ ਲੋੜ ਨਹੀਂ ਹੈ ਅਤੇ ਇਸ ਲਈ ਉਨ੍ਹਾਂ ਨੂੰ ਹਸਪਤਾਲ ਵਿੱਚ ਨਹੀਂ ਰਹਿਣਾ ਚਾਹੀਦਾ।
ਸੱਜਣ ਕੁਮਾਰ ਦੇ ਵਕੀਲ ਨੇ ਸੱਜਣ ਕੁਮਾਰ ਦੀ ਸਿਹਤ ਦਾ ਹਵਾਲਾ ਦਿੰਦਿਆਂ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਸੀ। ਵਕੀਲ ਨੇ ਕਿਹਾ ਸੀ ਕਿ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਹੋ ਰਿਹਾ।
ਸੱਜਣ ਕੁਮਾਰ (74) ਨੇ ਆਪਣੀ ਜ਼ਮਾਨਤ ਅਰਜ਼ੀ ਵਿੱਚ ਕਿਹਾ ਸੀ ਕਿ ਉਹ ਦਸੰਬਰ 2018 ਤੋਂ ਜ਼ੇਲ੍ਹ ਵਿੱਚ ਬੰਦ ਹੈ ਅਤੇ ਇਸ ਅਰਸੇ ਦੌਰਾਨ ਉਨ੍ਹਾਂ ਦਾ 8-10 ਕਿੱਲੋ ਵਜ਼ਨ ਵੀ ਘਟ ਗਿਆ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
4. ਸਾਬਕਾ ਡੀਜੀਪੀ ਸੈਣੀ ਦੀ ਜ਼ਮਾਨਤ ਅਰਜੀ 'ਤੇ ਸੁਣਵਾਈ ਤੋਂ ਜੱਜ ਦੀ ਨਾਂਹ
ਸਰਕਾਰੀ ਵਕੀਲ ਸਰਤੇਜ ਨਰੂਲਾ ਮੁਤਾਬਕ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਸੁਵੀਰ ਸਹਿਗਲ ਨੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਅਗਾਊਂ ਜ਼ਮਾਨਤ ਅਰਜੀ ’ਤੇ ਸੁਣਾਵਾਈ ਕਰਨ ਤੋਂ ਮਨਾ ਕਰ ਦਿੱਤਾ ਹੈ।
ਇਸ ਦਾ ਮਤਬਲ ਹੈ ਕਿ ਸੈਣੀ ਨੂੰ ਕੋਈ ਅੰਤਰਿਮ ਜ਼ਮਾਨਤ ਨਹੀਂ ਮਿਲੀ ਹੈ ਤੇ ਉਹ ਗ੍ਰਿਫ਼ਤਾਰ ਕੀਤੇ ਜਾ ਸਕਣਗੇ।
ਹੁਣ ਇਹ ਫ਼ਾਈਲ ਕਿਸੇ ਹੋਰ ਬੈਂਚ ਕੋਲ ਭੇਜੇ ਜਾਣ ਲਈ ਹਾਈ ਕੋਰਟ ਦੇ ਚੀਫ਼ ਜਸਟਿਸ ਰਵੀ ਸ਼ੰਕਰ ਝਾ ਦੇ ਸਨਮੁੱਖ ਰੱਖੀ ਜਾਵੇਗੀ।
ਇਸ ਤੋਂ ਪਹਿਲਾਂ ਸੁਮੇਧ ਸੈਣੀ ਬਾਰੇ ਪੰਜਾਬ ਪੁਲਿਸ ਦਾਅਵਾ ਕਰ ਚੁੱਕੀ ਹੈ ਕਿ ਉਹ ਫਰਾਰ ਹਨ।
ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿੱਚ ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਸਬੰਧੀ ਪਟੀਸ਼ਨ ’ਤੇ ਹਾਈ ਕੋਰਟ ਵੱਲੋਂ ਸੁਣਵਾਈ ਤੋਂ ਇੱਕ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਸੁਰੱਖਿਆ ਵਾਪਸ ਲੈਣ ਦੇ ਇਲਜ਼ਾਮ ਤੋਂ ਸਾਫ ਇਨਕਾਰ ਕਰ ਦਿੱਤਾ ਸੀ।
ਐੱਸਆਈਟੀ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਹ ਆਪਣੀ ਸੁਰੱਖਿਆ ਛੱਡ ਕੇ ਫਰਾਰ ਹੋ ਗਏ ਹਨ।
ਬੁਲਾਰੇ ਨੇ ਸੁਮੇਧ ਸੈਣੀ ਦੀ ਪਤਨੀ ਦੇ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਸਾਬਕਾ ਡੀਜੀਪੀ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਜਿਸ ਨਾਲ ਉਨ੍ਹਾਂ ਦੀ ਜਾਨ ਖ਼ਤਰੇ ਵਿੱਚ ਪੈ ਗਈ ਹੈ।
ਐੱਸਆਈਟੀ ਦੇ ਬੁਲਾਰੇ ਨੇ ਕਿਹਾ ਕਿ ਡੀਜੀਪੀ ਦਿਨਕਰ ਗੁਪਤਾ ਨੂੰ ਲਿਖੀ ਚਿੱਠੀ ਵਿੱਚ ਸੈਣੀ ਦੀ ਪਤਨੀ ਵੱਲੋਂ ਜੋ ਦਾਅਵਾ ਕੀਤਾ ਗਿਆ ਸੀ, ਉਸ ਦੇ ਉਲਟ ਸੁਰੱਖਿਆ ਵਿਸਥਾਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।
ਜ਼ੈੱਡ+ ਸੁਰੱਖਿਆ ਪ੍ਰਾਪਤ ਸੈਣੀ ਦੀ ਸੁਰੱਖਿਆ ਵਿੱਚ ਸੁਰੱਖਿਆ ਬਕਸੇ ਅਤੇ ਜੈਮਰ ਵਾਹਨ ਵੀ ਸ਼ਾਮਿਲ ਹਨ।
ਬੁਲਾਰੇ ਨੇ ਕਿਹਾ ਕਿ ਹਕੀਕਤ ਇਹ ਹੈ ਕਿ ਸੈਣੀ ਆਪਣੀ ਚੰਡੀਗੜ੍ਹ ਰਿਹਾਇਸ਼ ਪੰਜਾਬ ਪੁਲਿਸ ਦੇ ਸੁਰੱਖਿਆ ਮੁਲਾਜ਼ਮਾਂ ਅਤੇ ਜੈਮਰ ਵਾਹਨ ਸਣੇ ਸੁਰੱਖਿਆ ਵਾਹਨਾਂ ਤੋਂ ਬਿਨਾਂ ਹੀ ਚਲੇ ਗਏ ਹਨ।
ਇਸ ਤਰ੍ਹਾਂ ਉਨ੍ਹਾਂ ਨੇ ਖੁਦ ਆਪਣੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਇਆ ਹੈ। ਜੈਮਰ ਵਾਹਨ ਸਣੇ ਸੁਰੱਖਿਆ ਵਾਹਨ ਹਾਲੇ ਵੀ ਉਨ੍ਹਾਂ ਦੀ ਚੰਡੀਗੜ੍ਹ ਰਿਹਾਇਸ਼ ਦੇ ਬਾਹਰ ਖੜ੍ਹੇ ਦੇਖੇ ਜਾ ਸਕਦੇ ਹਨ ਜਿੱਥੇ ਸੁਰੱਖਿਆ ਮੁਲਾਜ਼ਮ ਉਨ੍ਹਾਂ ਦੀ ਵਾਪਸੀ ਦੀ ਉਡੀਕ ਕਰ ਰਹੇ ਹਨ।
ਇਹ ਵੀ ਪੜ੍ਹੋ:
ਵੀਡੀਓ: ਡਾ਼ ਕਫ਼ੀਲ ਕੌਣ ਹਨ ਜਿਨ੍ਹਾਂ ਨੂੰ ਹਾਈ ਕੋਰਟ ਨੇ ਕਿਹਾ ਤੁਰੰਤ ਰਿਹਾਅ ਕੀਤਾ ਜਾਵੇ
ਵੀਡੀਓ: ਪੱਕੀ ਨੌਕਰੀ ਮੰਗ ਰਹੇ ਮੁਲਾਜ਼ਮਾਂ 'ਤੇ ਪੁਲਿਸ ਨੇ ਡੰਡੇ ਚਲਾਏ, ਥੱਪੜ ਮਾਰੇ
ਵੀਡੀਓ: ਕਿਵੇਂ ਪਹੁੰਚੇਗੀ ਦਿੱਲੀ ਤੋਂ ਲੰਡਨ ਇਹ ਬੱਸ