ਪੈਟਰੋਲ ਦੀਆਂ ਵਧੀਆਂ ਕੀਮਤਾਂ ਖਿਲਾਫ਼ ਮੁਜ਼ਾਹਰੇ 'ਚ ਸ਼ਾਮਲ ਹੋਣ ਤੋਂ ਬਾਅਦ ਇਸ ਪਹਿਲਵਾਨ ਨੂੰ ਮਿਲੀ ਮੌਤ ਦੀ ਸਜ਼ਾ ਦਾ ਮਾਮਲਾ ਕੀ ਹੈ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਈਰਾਨ ਨੂੰ ਕਿਹਾ ਹੈ ਕਿ ਉਹ ਦੋ ਸਾਲ ਪਹਿਲਾਂ ਦੇਸ਼ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਹੋਏ ਦੇਸ਼ ਵਿਆਪੀ ਮੁਜ਼ਾਹਰਿਆਂ ਵਿੱਚ ਹਿੱਸਾ ਲੈਣ ਵਾਲੇ ਰੈਸਲਰ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਮਾਫ਼ ਕਰ ਦੇਵੇ।

ਰਾਸ਼ਟਰਪਤੀ ਟਰੰਪ ਨੇ ਵੀਰਵਾਰ ਨੂੰ ਇੱਕ ਟਵੀਟ ਵਿੱਚ ਈਰਾਨੀ ਆਗੂਆਂ ਨੂੰ ਸੰਬੋਧਨ ਕਰਦਿਆਂ ਲਿਖਿਆ, "ਮੈਂ ਬਹੁਤ ਧੰਨਵਾਦੀ ਹੋਵਾਂਗਾ ਜੇ ਤੁਸੀਂ ਇਸ ਨੌਜਵਾਨ ਦੀ ਜ਼ਿੰਦਗੀ ਬਖ਼ਸ਼ ਦਿਓਂ ਤੇ ਮਾਰੋਂ ਨਾ।"

27 ਸਾਲਾ ਨਾਵੇਦ ਅਫਕਾਰੀ ਨੂੰ ਈਰਾਨ ਦੇ ਸ਼ਹਿਰ ਸ਼ਿਰਾਜ਼ ਵਿੱਚ ਇੱਕ ਸੁਰੱਖਿਆ ਮੁਲਜ਼ਾਮ ਦੇ ਕਤਲ ਦੇ ਇਲਜ਼ਾਮ ਵਿੱਚ ਸਜ਼ਾ-ਏ-ਮੌਤ ਸੁਣਾਈ ਗਈ ਸੀ।

ਇਹ ਵੀ ਪੜ੍ਹੋ:

ਹਾਲਾਂਕਿ ਇਸ ਬਾਰੇ ਤੌਖਲੇ ਰਹੇ ਹਨ ਕਿ ਪਹਿਲਵਾਨ ਨੂੰ ਜਿਸ ਇਕਬਾਲੀਆ ਬਿਆਨ ਦੇ ਅਧਾਰ 'ਤੇ ਸਜ਼ਾ ਸੁਣਾਈ ਗਈ ਸੀ ਉਹ ਤਸੀਹੇ ਦੇ ਕੇ ਲਿਆ ਗਿਆ ਸੀ।

ਅਫਕਾਰੀ ਦੇ ਭਰਾਵਾਂ ਵਾਹਿਦ ਅਤੇ ਹਬੀਬ ਨੂੰ ਵੀ ਉਸੇ ਕੇਸ ਵਿੱਚ ਕ੍ਰਮਵਾਰ 54 ਅਤੇ 27 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਐਮਨੈਸਿਟੀ ਦੀ ਰਿਪੋਰਟ ਵਿੱਚ ਕੀ ਕਿਹਾ ਗਿਆ ਹੈ?

ਅਫਕਾਰੀ ਅਜਿਹੇ ਇਕੱਲੇ ਨਹੀਂ ਹਨ ਜਿਨ੍ਹਾਂ ਤੋਂ ਅਜਿਹੇ ਤਸੀਹਿਆਂ ਤੋਂ ਬਾਅਦ ਇਕਬਾਲੀਆ ਬਿਆਨ ਲਏ ਗਏ ਹੋਣ।

ਪੈਟਰੋਲ ਦੀਆਂ ਕੀਮਤਾਂ ਵਿੱਚ 50ਫ਼ੀਸਦੀ ਦੇ ਵਾਧੇ ਤੋਂ ਬਾਅਦ ਸੁਰੱਖਿਆ ਦਸਤਿਆਂ ਦੀਆਂ ਦਮਨਕਾਰੀਆਂ ਕਾਰਵਾਈਆਂ ਵਿੱਚ ਲਗਭਗ 7000 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ਵਿੱਚ 10 ਸਾਲਾਂ ਦੇ ਬੱਚੇ ਵੀ ਸ਼ਾਮਲ ਸਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਮਨੁੱਖੀ ਹੱਕਾਂ ਬਾਰੇ ਕੌਮਾਂਤਰੀ ਸੰਸਥਾ ਐਮਨੈਸਿਟੀ ਇੰਟਰਨੈਸ਼ਨਲ ਨੇ ਇੱਕ ਘਟਨਾਕ੍ਰਮ ਬਾਰੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ।

ਇਸ ਰਿਪੋਰਟ ਵਿੱਚ ਕਈ ਕਿਸਮ ਦੇ ਅਣਮਨੁੱਖੀ ਤਸੀਹਿਆਂ ਦਾ ਜ਼ਿਕਰ ਕੀਤਾ ਗਿਆ ਹੈ। ਜਿਨ੍ਹਾਂ ਦੀ ਵਰਤੋਂ ਪ੍ਰਦਰਸ਼ਨਕਾਰੀਆਂ ਤੋਂ ਜਾਅਲੀ ਇਕਬਾਲਨਾਮੇ ਲੈਣ ਲਈ ਸੁਰੱਖਿਆ ਦਸਤਿਆਂ ਨੇ ਕੀਤੀ।

ਐਮਨੈਸਿਟੀ ਇੰਟਰਨੈਸ਼ਲ ਵੱਲੋਂ ਜਾਰੀ ਹਾਲੀਆਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਈਰਾਨੀ ਸੁਰੱਖਿਆ ਦਸਤਿਆਂ ਨੇ ਨਵੰਬਰ 2018 ਵਿੱਚ ਮੁਜ਼ਾਹਰਾਕਾਰੀਆਂ ਉੱਪਰ ਕਾਰਵਾਈ ਕਰਦਿਆਂ ਮਨੁੱਖੀ ਹੱਕੂਕਾਂ ਦੀ ਘੋਰ ਉਲੰਘਣਾ ਕੀਤੀ ਹੈ।

ਦਰਜਨਾਂ ਔਰਤਾਂ ਤੇ ਮਰਦਾਂ ਨੇ ਐਮਨੈਸਿਟੀ ਨੂੰ ਦੱਸਿਆ ਕਿ ਉਨ੍ਹਾਂ ਤੋਂ ਝੂਠੇ ਇਕਬਾਲਨਾਮੇ ਲੈਣ ਖ਼ਾਤਰ ਉਨ੍ਹਾਂ ਨੂੰ ਕੁੱਟਿਆ ਗਿਆ, ਬੈਂਤ ਮਾਰੇ ਗਏ, ਬਿਜਲੀ ਲਾਈ ਗਈ ਜਾਂ ਜਿਣਸੀ ਸ਼ੋਸ਼ਣ ਕੀਤਾ ਗਿਆ।

ਪੁਲਿਸ ਵੱਲੋਂ ਮੁਜ਼ਾਹਰਾਕਾਰੀਆਂ ਉੱਪਰ ਕੀਤੀ ਇਸ ਕਾਰਵਾਈ ਵਿੱਚ 10 ਸਾਲਾਂ ਦੇ ਬੱਚਿਆਂ ਸਮੇਤ ਲਗਭਗ 7,000 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਸੈਂਕੜੇ ਮੌਤਾਂ ਹੋਈਆ।

ਇਸ ਰਿਪੋਰਟ ਬਾਰੇ ਈਰਾਨੀ ਸਰਕਾਰ ਵੱਲੋਂ ਹਾਲੇ ਕੋਈ ਟਿੱਪਣੀ ਨਹੀਂ ਆਈ ਹੈ।

ਹਾਲਾਂਕਿ ਉਸ ਵੱਲੋਂ ਪਹਿਲਾਂ ਅਜਿਹੇ ਦਾਅਵਿਆਂ ਨੂੰ ਬੇਬੁਨਿਆਦ ਕਹਿ ਕੇ ਨਕਾਰਿਆ ਜਾ ਚੁੱਕਿਆ ਹੈ।

ਇਹ ਮੁਜ਼ਾਹਰੇ ਪਿਛਲੇ ਸਾਲ ਨਵੰਬਰ ਵਿੱਚ ਈਰਾਨੀ ਸਰਕਾਰ ਵੱਲੋਂ ਪੈਟਰੋਲ ਦੀਆਂ ਕੀਮਤਾਂ 50 ਫ਼ੀਸਦੀ ਤੋਂ ਵੀ ਵਧੇਰੇ ਵਧਾ ਦੇਣ ਦੇ ਵਿਰੋਧ ਵਿੱਚ ਹੋਏ ਸਨ।

ਅਮਰੀਕੀ ਪਾਬੰਦੀਆਂ ਕਾਰਨ ਸੰਕਟ ਨਾਲ ਜੂਝ ਰਹੀ ਈਰਾਨ ਦੀ ਆਰਥਿਕਤਾ ਵਿੱਚ ਇਸ ਫ਼ੈਸਲੇ ਪ੍ਰਤੀ ਕਰੜੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਅਤੇ ਲੱਖਾਂ ਲੋਕ ਸੜਕਾਂ 'ਤੇ ਆ ਗਏ।

ਈਰਾਨ ਦੇ ਸਿਰਮੌਰ ਆਗੂ ਨੇ ਮੁਜ਼ਾਹਰਾਕਾਰੀਆਂ ਨੂੰ ਬੁਰੇ ਕੰਮ ਕਰਨ ਵਾਲੇ ਅਤੇ ਵਿਦੇਸ਼ੀ-ਦੁਸ਼ਮਣਾਂ ਦੇ ਭੜਕਾਏ ਹੋਏ ਕਹਿ ਕੇ ਭੰਡਿਆ ਜਿਸ ਤੋਂ ਬਾਅਦ ਸੁਰੱਖਿਆ ਦਸਤਿਆਂ ਨੇ ਇਨ੍ਹਾਂ ਦਾ ਦਮਨ ਕਰਨ ਲਈ ਕਾਰਵਾਈ ਅਰੰਭ ਕਰ ਦਿੱਤੀ।

ਈਰਨ ਦੇ ਸੰਸਦ ਦੀ ਸੁਰੱਖਿਆ ਕਮੇਟੀ ਦੇ ਬੁਲਾਰੇ ਮੁਤਾਬਕ ਘੱਟੋ-ਘੱਟ 7,000 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ ਮੀਡੀਆ ਰਿਪੋਰਟਾਂ ਮੁਤਾਬਕ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਸੀ।

ਐਮਨੈਸਿਟੀ ਦੀ ਨਵੀਂ ਰਿਪੋਰਟ (Iran: Trampling Humanity) ਹਿਰਾਸਤ ਵਿੱਚ ਲਏ ਗਏ 60 ਲੋਕਾਂ ਅਤੇ 14 ਅਜਿਹੇ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਗਏ ਹਨ ਜਿਨ੍ਹਾਂ ਨੂੰ ਜਾਂ ਤਾਂ ਉਸ ਤਸ਼ਦੱਦ ਨੂੰ ਦੇਖਿਆ ਸੀ ਜਾਂ ਉਸ ਬਾਰੇ ਰਿਪੋਰਟ ਕੀਤਾ ਸੀ।

ਹਿਰਾਸਤ ਵਿੱਚ ਰਹੇ ਲੋਕਾਂ ਨੇ ਇਲਜ਼ਾਮ ਲਾਇਆ ਕਿ ਇਕਬਾਲਨਾਮੇ ਕਢਾਉਣ ਲਈ ਤਸੀਹਿਆਂ ਦੀ ਵਰਤੋਂ ਇੱਕ ਰੁਟੀਨ ਸੀ।

ਇਹ ਬਿਆਨ ਨਾ ਸਿਰਫ਼ ਮੁਜ਼ਾਹਰਿਆਂ ਵਿੱਚ ਲੋਕਾਂ ਦੀ ਸ਼ਮੂਲੀਅਤ ਬਾਰੇ ਹੁੰਦੇ ਸਨ ਸਗੋਂ ਉਹ ਕਿਸ ਵਿਰੋਧੀ ਧਿਰ ਨਾਲ ਸੰਬੰਧਤ ਸਨ ਜਾਂ ਕਿਸ ਮਨੁੱਖੀ ਅਧਿਕਾਰ ਸੰਗਠਨ ਲਈ ਕੰਮ ਕਰਦੇ ਸਨ ਜਾਂ ਉਹ ਕਿਹੜੀ ਵਿਦੇਸ਼ੀ ਸਰਕਾਰ ਲਈ ਕੰਮ ਕਰਦੇ ਸਨ, ਆਦਿ ਬਾਰੇ ਹੁੰਦੇ ਸਨ।

ਐਮਨੈਸਿਟੀ ਦਾ ਕਹਿਣਾ ਹੈ ਕਿ ਤਸੀਹਿਆਂ ਵਿੱਚ ਵਾਟਰਬੋਰਡਿੰਗ, ਕੁੱਟਣਾ, ਬੈਂਤ ਮਾਰਨੇ, ਬਿਜਲੀ ਦੇ ਝਟਕੇ, ਗੁਪਤ ਅੰਗਾਂ ਤੇ ਕਾਲੀਆਂ ਮਿਰਚਾਂ ਦੀ ਸਪਰੇਅ, ਜਿਣਸੀ ਹਿੰਸਾ, ਨਹੁੰ ਪੁੱਟਣਾ, ਇਕਾਂਤ ਕੈਦ ਜੋ ਕਿ ਕੁਝ ਹਫ਼ਤਿਆਂ ਤੋਂ ਲੈ ਕੇ ਕਈ ਮਹੀਨਿਆਂ ਤੱਕ ਦੀ ਹੁੰਦੀ ਸੀ, ਸ਼ਾਮਲ ਸਨ।

ਇੱਕ ਵਿਅਕਤੀ ਜਿਸ ਨੂੰ ਬਿਜਲੀ ਲਾਈ ਗਈ ਸੀ ਨੇ ਦੱਸਿਆ, "ਮੈਨੂੰ ਇੰਝ ਲੱਗਿਆ ਜਿਵੇਂ ਮੇਰੇ ਸਾਰੇ ਸਰੀਰ 'ਤੇ ਲੱਖਾਂ ਸੂਈਆਂ ਚੁਭੋਈਆਂ ਜਾ ਰਹੀਆਂ ਹੋਣ। ਜੇ ਮੈਂ ਜਵਾਬ ਨਾ ਦਿੰਦਾ ਤਾਂ ਉਹ ਵੋਲਟੇਜ ਵਧਾ ਦਿੰਦੇ ਤੇ ਵਧੇਰੇ ਸ਼ਕਤੀਸ਼ਾਲੀ ਝਟਕੇ ਦਿੰਦੇ ਸਨ... ਤਸੀਹਿਆਂ ਦਾ ਮੇਰੀ ਮਾਨਸਿਕ ਅਤੇ ਸਰੀਰਕ ਸਿਹਤ ਉੱਪਰ ਲੰਬਾ ਅਸਰ ਪਿਆ।"

ਇੱਕ ਹੋਰ ਵਿਅਕਤੀ ਜਿਸ ਨੂੰ ਦਰਦਨਾਕ ਤਰੀਕੇ ਨਾਲ ਇਸ ਤਰ੍ਹਾਂ ਬੰਨ੍ਹ ਕੇ ਲਟਕਾਇਆ ਗਿਆ ਜਿਸ ਨੂੰ ਜਾਂਚ ਅਫ਼ਸਰ "ਚਿਕਨ ਕਬਾਬ" ਕਹਿੰਦੇ ਸਨ।

"ਦਰਦ ਅਸਹਿ ਸੀ। ਮੇਰੇ ਸਰੀਰ 'ਤੇ ਇੰਨਾ ਦਬਾਅ ਸੀ ਕਿ ਮੈਂ ਆਪਣੇ ਉੱਪਰ ਹੀ ਪਿਸ਼ਾਬ ਕਰ ਦੇਣਾ ਸੀ।"

ਉਸ ਨੇ ਅਗੇ ਦੱਸਿਆ, "ਮੇਰੇ ਪਰਿਵਾਰ ਨੂੰ ਇਹ ਤਾਂ ਪਤਾ ਹੈ ਕਿ ਮੈਨੂੰ ਤਸੀਹੇ ਦਿੱਤੇ ਗਏ ਸਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਮੈਨੂੰ ਤਸੀਹੇ ਦਿੱਤੇ ਕਿਹੋ-ਜਿਹੇ ਗਏ ਸਨ।"

ਐਮਨੈਸਿਟੀ ਨੇ ਕਿਹਾ ਕਿ ਸੈਂਕੜੇ ਮੁਜ਼ਾਹਰਾਕਾਰੀਆਂ ਉੱਪਰ "ਕੌਮੀ ਸੁਰੱਖਿਆ ਨਾਲ ਜੁੜੇ ਅਸਪਸ਼ਟ ਜਾਂ ਜਾਅਲੀ ਇਲਜ਼ਾਮ" ਲਾਏ ਗਏ, ਜਿਸ ਤੋਂ ਬਾਅਦ 'ਪੱਖਪਾਤੀ ਜੱਜਾਂ ਨੇ ਬੰਦ ਕਮਰੇ ਵਿੱਚ ਸੁਣਵਾਈ ਕੀਤੀ' ਜਿਨ੍ਹਾਂ ਸੁਣਵਾਈਆਂ ਦਾ ਅਧਾਰ ਤਸੀਹੇ ਦੇ ਕੇ ਲਏ ਗਏ ਇਕਬਾਲੀਆ ਬਿਆਨਾਂ ਨੂੰ ਬਣਾਇਆ ਗਿਆ। ਬਹੁਤ ਸਾਰਿਆਂ ਨੂੰ ਕੈਦ, ਬੈਂਤ ਅਤੇ ਕਈਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ।

ਇਹ ਵੀ ਪੜ੍ਹੋ:

ਵੀਡੀਓ: ਡਾ਼ ਕਫ਼ੀਲ ਕੌਣ ਹਨ ਜਿਨ੍ਹਾਂ ਨੂੰ ਹਾਈ ਕੋਰਟ ਨੇ ਕਿਹਾ ਤੁਰੰਤ ਰਿਹਾਅ ਕੀਤਾ ਜਾਵੇ

ਵੀਡੀਓ: ਪੱਕੀ ਨੌਕਰੀ ਮੰਗ ਰਹੇ ਮੁਲਾਜ਼ਮਾਂ 'ਤੇ ਪੁਲਿਸ ਨੇ ਡੰਡੇ ਚਲਾਏ, ਥੱਪੜ ਮਾਰੇ

ਵੀਡੀਓ: ਕਿਵੇਂ ਪਹੁੰਚੇਗੀ ਦਿੱਲੀ ਤੋਂ ਲੰਡਨ ਇਹ ਬੱਸ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)