ਕੋਰੋਨਾਵਾਇਰਸ ਤੇ ਹੋਰ ਬਿਮਾਰੀਆਂ: ਜਾਨਵਰਾਂ ਦੀ ਜ਼ਿੰਦਗੀ 'ਚ ਦਖਲ ਦੇ ਕੇ ਮਨੁੱਖ ਨੇ ਇੰਝ ਸਹੇੜੀਆਂ ਜਾਨਲੇਵਾ ਬਿਮਾਰੀਆਂ

ਜ਼ੂਨੋਟਿਕ ਬਿਮਾਰੀਆਂ - ਉਹ ਬਿਮਾਰੀਆਂ ਜੋ ਜਾਨਵਰਾਂ ਤੋਂ ਇਨਸਾਨਾਂ ਵਿਚ ਆਉਂਦੀਆਂ ਹਨ - ਜੇਕਰ ਜੰਗਲੀ ਜੀਵਨ ਅਤੇ ਕੁਦਰਤ ਨੂੰ ਨਾ ਬਚਾਇਆਂ ਤਾਂ ਵੱਧਦੀਆਂ ਹੀ ਜਾਣਗੀਆਂ।

ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਅਨੁਸਾਰ ਪ੍ਰੋਟੀਨ ਦੀ ਵੱਧਦੀ ਮੰਗ ਲਈ ਜਾਨਵਰਾਂ ਨੂੰ ਮਾਰਿਆ ਜਾ ਰਿਹਾ ਹੈ ਅਤੇ ਮਨੁੱਖ ਨੂੰ ਇਸ ਦਾ ਨਤੀਜਾ ਝੱਲਣਾ ਪੈ ਰਿਹਾ ਹੈ।

ਮਾਹਰ ਕਹਿੰਦੇ ਹਨ ਕਿ ਹਰ ਸਾਲ ਲਗਭਗ 20 ਲੱਖ ਲੋਕ ਜਾਨਵਰਾਂ ਦੁਆਰਾ ਹੋਣ ਵਾਲੀਆਂ ਵੱਖ-ਵੱਖ ਬਿਮਾਰੀਆਂ ਕਾਰਨ ਮਰਦੇ ਹਨ।

ਪਿਛਲੇ ਕੁੱਝ ਸਾਲਾਂ ਵਿੱਚ, ਜਾਨਵਰਾਂ ਦੁਆਰਾ ਹੋਣ ਵਾਲੀਆਂ ਬਿਮਾਰੀਆਂ ਵਿੱਚ ਵਾਧਾ ਹੋਇਆ ਹੈ। ਇਬੋਲਾ, ਬਰਡ ਫਲੂ ਅਤੇ ਸਾਰਸ ਵਰਗੀਆਂ ਬਾਮਾਰੀਆਂ ਇਸ ਸ਼੍ਰੇਣੀ ਵਿੱਚ ਆਉਂਦੀਆਂ ਹਨ।

ਪਹਿਲਾਂ ਇਹ ਰੋਗ ਜਾਨਵਰਾਂ ਅਤੇ ਪੰਛੀਆਂ ਵਿੱਚ ਹੁੰਦੇ ਹਨ ਅਤੇ ਫਿਰ ਉਹ ਮਨੁੱਖਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ।

ਰਿਪੋਰਟ ਕੀ ਕਹਿੰਦੀ ਹੈ?

ਸੰਯੁਕਤ ਰਾਸ਼ਟਰ ਦੇ ਵਾਤਾਵਰਣ ਪ੍ਰੋਗਰਾਮ ਅਤੇ ਅੰਤਰ ਰਾਸ਼ਟਰੀ ਪਸ਼ੂਧਨ ਖੋਜ ਸੰਸਥਾ ਦੀ ਇੱਕ ਰਿਪੋਰਟ ਦੇ ਅਨੁਸਾਰ ਵਾਤਾਵਰਣ ਨੂੰ ਨੁਕਸਾਨ, ਮੌਸਮ ਵਿੱਚ ਤਬਦੀਲੀ ਅਤੇ ਜੰਗਲੀ ਜਾਨਵਰਾਂ 'ਤੇ ਅਤਿਆਚਾਰ ਕੋਰੋਨਾਵਾਇਰਸ ਵਰਗੇ ਖਤਰਨਾਕ ਕੰਮ ਸੰਕਰਮਣ ਲਈ ਜ਼ਿੰਮੇਵਾਰ ਹਨ।

ਯੂਐੱਨ ਦੇ ਵਾਤਾਵਰਣ ਪ੍ਰੋਗਰਾਮ ਦੀ ਕਾਰਜਕਾਰੀ ਨਿਰਦੇਸ਼ਕ ਇੰਗਰ ਐਂਡਰਸਨ ਨੇ ਕਿਹਾ ਕਿ ਪਿਛਲੇ 100 ਸਾਲਾਂ ਵਿੱਚ ਮਨੁੱਖ ਨਵੇਂ ਵਾਇਰਸਾਂ ਕਾਰਨ ਘੱਟੋ ਘੱਟ ਛੇ ਕਿਸਮਾਂ ਦੀਆਂ ਖ਼ਤਰਨਾਕ ਲਾਗਾਂ ਦਾ ਸਾਹਮਣਾ ਕਰ ਚੁੱਕਾ ਹੈ।

ਉਨ੍ਹਾਂ ਕਿਹਾ, "ਪਿਛਲੇ ਦੋ ਦਹਾਕਿਆਂ ਵਿਚ ਅਤੇ ਕੋਵਿਡ-19 ਤੋਂ ਪਹਿਲਾਂ, ਜ਼ੂਨੋਟਿਕ ਬਿਮਾਰੀਆਂ ਨਾਲ 100 ਬਿਲੀਅਨ ਡਾਲਰ ਦਾ ਆਰਥਿਕਤਾ ਨੂੰ ਨੁਕਸਾਨ ਹੋਇਆ ਹੈ।"

ਉਨ੍ਹਾਂ ਕਿਹਾ, "ਮੱਧਮ ਅਤੇ ਘੱਟ ਆਮਦਨੀ ਵਾਲੇ ਦੇਸ਼ਾਂ ਵਿੱਚ, ਹਰ ਸਾਲ ਘੱਟੋ ਘੱਟ 20 ਲੱਖ ਲੋਕ ਜ਼ੂਨੋਟਿਕ ਬਿਮਾਰੀਆਂ, ਜਿਵੇਂ ਕਿ ਰੇਬੀਜ਼ ਅਤੇ ਟੀ ਬੀ ਵਰਗੀਆਂ ਬਿਮਾਰੀਆਂ ਕਾਰਨ ਮਰਦੇ ਹਨ।"

ਇੰਗਰ ਐਂਡਰਸਨ ਨੇ ਅੱਗੇ ਕਿਹਾ, "ਪਿਛਲੇ 50 ਸਾਲਾਂ ਵਿੱਚ ਮੀਟ ਦਾ ਉਤਪਾਦਨ 260% ਵਧਿਆ ਹੈ। ਇੱਥੇ ਬਹੁਤ ਸਾਰੇ ਭਾਈਚਾਰੇ ਹਨ ਜੋ ਵੱਡੇ ਪੱਧਰ 'ਤੇ ਪਾਲਤੂ ਅਤੇ ਜੰਗਲੀ ਜਾਨਵਰਾਂ 'ਤੇ ਨਿਰਭਰ ਕਰਦੇ ਹਨ। ਅਸੀਂ ਖੇਤੀਬਾੜੀ ਵਿੱਚ ਵਾਧਾ ਕੀਤਾ ਹੈ ਅਤੇ ਕੁਦਰਤੀ ਸਰੋਤਾਂ ਦੀ ਲੁੱਟ ਵੀ ਖੂਬ ਕੀਤੀ ਹੈ। ਅਸੀਂ ਜੰਗਲੀ ਜਾਨਵਰਾਂ ਦੇ ਰਹਿਣ ਵਾਲੇ ਸਥਾਨਾਂ ਨੂੰ ਨਸ਼ਟ ਕਰ ਰਹੇ ਹਾਂ, ਉਨ੍ਹਾਂ ਨੂੰ ਮਾਰ ਰਹੇ ਹਾਂ। "

ਉਨ੍ਹਾਂ ਕਿਹਾ ਕਿ ਡੈਮ, ਸਿੰਚਾਈ ਦੀਆਂ ਸਹੂਲਤਾਂ, ਫੈਕਟਰੀਆਂ ਅਤੇ ਖੇਤ ਵੀ ਮਨੁੱਖਾਂ ਦੁਆਰਾ ਹੋਣ ਵਾਲੀਆਂ 25% ਸੰਕ੍ਰਮਿਤ ਬਿਮਾਰੀਆਂ ਨਾਲ ਸੰਬੰਧਤ ਹਨ।

ਕਿਵੇਂ ਬਚਾਂਗੇ ਇਨ੍ਹਾਂ ਬਿਮਾਰੀਆਂ ਤੋਂ?

ਇਸ ਰਿਪੋਰਟ ਵਿਚ ਨਾ ਸਿਰਫ਼ ਮੁਸ਼ਕਲਾਂ ਗਿਣਵਾਈਆਂ ਗਈਆਂ ਹਨ, ਬਲਕਿ ਸਰਕਾਰਾਂ ਨੂੰ ਇਹ ਵੀ ਦੱਸਿਆ ਹੈ ਕਿ ਭਵਿੱਖ ਵਿੱਚ ਅਜਿਹੀਆਂ ਬਿਮਾਰੀਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ।

ਮਾਹਰਾਂ ਨੇ ਖੇਤੀ ਨੂੰ ਉਤਸ਼ਾਹਤ ਕਰਨ ਦੇ ਤਰੀਕਿਆਂ ਬਾਰੇ ਵਿਸਥਾਰ ਵਿੱਚ ਦੱਸਿਆ ਹੈ ਜੋ ਵਾਤਾਵਰਣ ਦੇ ਨੁਕਸਾਨ ਨੂੰ ਘਟਾਉਂਦੇ ਹਨ ਅਤੇ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਦੇ ਹਨ।

ਐਂਡਰਸਨ ਕਹਿੰਦੇ ਹਨ, "ਵਿਗਿਆਨ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਜੇ ਅਸੀਂ ਵਾਤਾਵਰਣ ਪ੍ਰਣਾਲੀ ਨਾਲ ਖੇਡਦੇ ਰਹਾਂਗੇ, ਜੰਗਲਾਂ ਅਤੇ ਜਾਨਵਰਾਂ ਦਾ ਨੁਕਸਾਨ ਕਰਦੇ ਰਹਾਂਗੇ ਤਾਂ ਆਉਣ ਵਾਲੇ ਸਾਲਾਂ ਵਿਚ, ਜਾਨਵਰਾਂ ਤੋਂ ਮਨੁੱਖਾਂ ਵਿਚ ਫੈਲਣ ਵਾਲੀਆਂ ਬਿਮਾਰੀਆਂ ਵੀ ਵਧਣਗੀਆਂ।"

ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਕੋਰੋਨਾਵਾਇਰਸ ਦੀ ਲਾਗ ਵਰਗੀਆਂ ਖ਼ਤਰਨਾਕ ਬਿਮਾਰੀਆਂ ਤੋਂ ਬਚਾਅ ਲਈ ਮਨੁੱਖਾਂ ਨੂੰ ਵਾਤਾਵਰਣ ਅਤੇ ਜਾਨਵਰਾਂ ਦੀ ਰਾਖੀ ਲਈ ਵਧੇਰੇ ਚਿੰਤਾ ਕਰਨੀ ਪਵੇਗੀ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)