ਕੋਰੋਨਾਵਾਇਰਸ: ਇਟਲੀ ਵਿੱਚ '1.6 ਕਰੋੜ ਲੋਕਾਂ ਨੂੰ ਕੀਤਾ ਜਾਵੇਗਾ ਕੁਆਰੰਟੀਨ'

ਲੋਮਬਾਰਡੀ ਤੇ ਉੱਤਰੀ ਤੇ ਪੂਰਬੀ ਇਟਲੀ ਵਿੱਚ ਦੇ 11 ਸੂਬਿਆਂ ਵਿੱਚ 1.6 ਕਰੋੜ ਲੋਕਾਂ ਨੂੰ ਕੁਆਰੰਟੀਨ ਕੀਤਾ ਜਾ ਰਿਹਾ ਹੈ। ਇਹ ਲਾਜ਼ਮੀ ਕੁਆਰੰਟੀਨ ਅਪਰੈਲ ਦੇ ਸ਼ੁਰੂ ਤੱਕ ਜਾਰੀ ਰਹੇਗਾ। ਇਸ ਤੋਂ ਪਹਿਲਾਂ 50,000 ਪਹਿਲਾਂ ਹੀ ਕੁਆਰੰਟੀਨ ਹੇਠ ਹਨ।

ਇਟਲੀ ਯੂਰਪ ਦੇ ਕੋਰੋਨਾਵਾਇਰਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚੋਂ ਇੱਕ ਹੈ।

ਵਾਇਰਸ ਦਾ ਫੈਲਾਅ ਰੋਕਣ ਦੇ ਜੰਗੀ ਪੱਧਰ ਤੇ ਕੀਤੇ ਜਾ ਰਹੇ ਯਤਨਾਂ ਦੇ ਹਿੱਸੇ ਵਜੋਂ ਜਿੰਮ, ਸਵਿਮਿੰਗ ਪੂਲ, ਅਜਾਇਬ ਘਰ ਤੇ ਮਨੋਰੰਜਨ ਵਾਲੀਆਂ ਥਾਵਾਂ ਨੂੰ ਬੰਦ ਰੱਖਿਆ ਜਾਵੇਗਾ।

ਕੀ ਉਪਰਾਲੇ ਕੀਤੇ ਜਾ ਰਹੇ ਹਨ

ਕਾਰੋਬਾਰੀ ਕੇਂਦਰ ਮਿਲਾਨ ਤੇ ਵੈਨਿਸ ਦੀਆਂ ਸੈਰਗਾਹਾਂ ਵੀ ਬੰਦ ਰੱਖੀਆਂ ਜਾਣਗੀਆਂ।

ਰੈਸਟੋਰੈਂਟ ਤੇ ਕੈਫੇ ਖੁੱਲ੍ਹੀਆਂ ਰਹਿਣਗੀਆਂ ਪਰ ਲੋਕਾਂ ਨੂੰ ਘੱਟੋ-ਘੱਟ ਇੱਕ ਮੀਟਰ ਦੂਰ ਬੈਠਣਾ ਪਵੇਗਾ।

ਇਹ ਵੀ ਪੜ੍ਹੋ-

ਖੇਡ ਮੁਕਾਬਲੇ ਵੀ ਬੰਦ ਰਹਿਣਗੇ। ਇਟਲੀ ਦੇ ਰਾਸ਼ਟਰਪਤੀ ਦੀ ਫੁੱਟਬਾਲ ਖਿਡਾਰੀਆਂ ਦੀ ਯੂਨੀਆਨ ਨੇ ਦੇਸ਼ ਵਿੱਚ ਕਿਤੇ ਵੀ ਫੁੱਟਬਾਲ ਨਾ ਖੇਡਣ ਦੀ ਅਪੀਲ ਕੀਤੀ ਹੈ।

ਦੇਸ਼ ਵਿੱਚ ਫ਼ੈਲਦੀ ਜਾ ਰਹੀ ਲਾਗ ਦੇ ਮੱਦੇ ਨਜ਼ਰ ਵਿਸ਼ਵ ਸਿਹਤ ਸੰਗਠਨ ਨੇ ਇਟਲੀ ਨੂੰ ਵਾਇਰਸ ਦਾ ਫੈਲਾਅ ਰੋਕਣ ਲਈ ਸਖ਼ਤ ਉਪਰਾਲੇ ਕਰਨ ਦੀ ਅਪੀਲ ਕੀਤੀ ਹੈ।ਇਟਲੀ ਵਿੱਚ ਬਿਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦਾ ਆਂਕੜਾ 230 ਤੋਂ ਪਾਰ ਹੋ ਗਿਆ ਹੈ। ਸ਼ਨਿੱਚਰਵਾਰ ਨੂੰ ਮਰੀਜ਼ਾਂ ਦੀ ਗਿਣਤੀ 5,883 ਪਹੁੰਚ ਗਈ।

ਚੀਨ ਦੇ ਤਾਜ਼ਾ ਹਾਲਾਤ

ਦਸੰਬਰ ਤੋਂ ਲੈ ਕੇ ਹੁਣ ਤੱਕ ਚੀਨ ਵਿੱਚ 80 ਹਜ਼ਾਰ ਤੋਂ ਵੱਧ ਲੋਕ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੋਏ ਹਨ। ਪਰ ਵਿਸ਼ਵ ਸਿਹਤ ਸੰਗਠਨ ਮੁਤਾਬਕ 18 ਹਜ਼ਾਰ ਤੋਂ ਵੱਧ ਕੇਸ ਚੀਨ ਤੋਂ ਬਾਹਰ ਵੀ ਸਾਹਮਣੇ ਆ ਗਏ ਹਨ।

ਪੂਰੀ ਦੁਨੀਆਂ ਦੇ ਦੇਸਾਂ ਵਿੱਚ ਹਰੇਕ ਦਿਨ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਕੇਸਾਂ ਦੀਆਂ ਖ਼ਬਰਾਂ ਆ ਰਹੀਆਂ ਹਨ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਪੂਰੇ ਵਿਸ਼ਵ ਵਿੱਚ ਕਰੀਬ ਇੱਕ ਲੱਖ ਲੋਕ ਵਾਇਰਸ ਦੇ ਅਸਰ ਹੇਠ ਹਨ।

ਕੈਲੀਫੋਰਨੀਆ ਦੇ ਤਟ 'ਤੇ ਖੜ੍ਹੇ ਜਹਾਜ਼ 'ਚ 21 ਮਰੀਜ਼ਾਂ ਦੀ ਪੁਸ਼ਟੀ

ਅਮਰੀਕਾ ਦੇ ਕੈਲੀਫੋਰਨੀਆ ਦੇ ਸਮੁੰਦਰੀ ਕੰਢੇ ਖੜ੍ਹੇ ਇੱਕ ਕਰੂਜ਼ ਜਹਾਜ਼ ਵਿੱਚ ਕੋਰੋਨਾਵਾਇਰਸ ਨਾਲ ਪੀੜਤ 21 ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ।

ਇਸ ਤੋਂ ਇਲਾਵਾ ਐਫਬੀਆਈ ਦਾ ਕਹਿਣਾ ਹੈ ਕਿ ਸੈਨ ਫਰਾਂਸਿਸਕੋ ਵਿੱਚ ਉਸ ਦੇ ਇੱਕ ਕਰਮਚਾਰੀ ਦਾ ਕੋਵਿਡ-19 ਟੈਸਟ ਪਾਜ਼ੀਟਿਵ ਆਇਆ ਹੈ।

ਫਲੋਰਿਡਾ ਵਿੱਚ ਸ਼ੁੱਕਰਵਾਰ ਨੂੰ ਦੋ ਮੌਤਾਂ ਦੀ ਪੁਸ਼ਟੀ ਹੋਈ ਹੈ ਅਤੇ ਇਸ ਤਰ੍ਹਾਂ ਅਮਰੀਕਾ ਵਿੱਚ ਮੌਤਾਂ ਦਾ ਅੰਕੜਾ 16 ਤੇ 200 ਤੋਂ ਵੱਧ ਕੇਸ ਰਿਪੋਰਟ ਕੀਤੇ ਗਏ ਹਨ।

ਯੂਰਪ ਦੇ ਅੰਕੜੇ

ਮਾਲਟਾ ਵਿੱਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਸਿਹਤ ਮੰਤਰੀ ਕ੍ਰਿਸ ਫਰਨ ਮੁਤਾਬਕ ਉੱਥੇ ਇੱਕ 12 ਸਾਲ ਦੀ ਇਤਾਲਵੀ ਮੂਲ ਦੀ ਕੁੜੀ ਦਾ ਟੈਸਟ ਪਾਜ਼ੀਟਿਵ ਆਇਆ ਹੈ।

ਬੈਲਜੀਅਮ ਵਿੱਚ 60 ਨਵੇਂ ਕੇਸ ਦਰਜ ਹੋਏ ਹਨ ਅਤੇ ਅੰਕੜਾ 169 ਤੱਕ ਪਹੁੰਚ ਗਿਆ ਹੈ। ਜਰਮਨੀ ਵਿੱਚ 684 ਕੇਸ ਸਾਹਮਣੇ ਆ ਚੁੱਕੇ ਹਨ।

ਫਰਾਂਸ ਦੇ ਲਗਭਗ ਹਰੇਕ ਇਲਾਕੇ ਵਿੱਚ ਵਾਇਰਸ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਉੱਥੇ ਕਰੀਬ 613 ਕੇਸ ਸਾਹਮਣੇ ਆਏ ਹਨ।

ਇਸ ਤੋਂ ਇਲਾਵਾ ਇਟਲੀ ਵਿੱਚ ਮੌਤਾਂ ਦਾ ਅੰਕੜਾ ਵੱਧ ਕੇ 197 ਹੋ ਗਿਆ ਹੈ।

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਰ ਸਪੇਨ ਵਿੱਚ ਪਿਛਲੇ ਹਫ਼ਤੇ ਹੋਏ ਇੱਕ ਅੰਤਮ ਸੰਸਕਾਰ ਨੂੰ ਕੋਰੋਨਾਵਾਇਰਸ ਦਾ ਵੱਡਾ ਸਰੋਤ ਮੰਨਿਆ ਜਾ ਰਿਹਾ ਹੈ।

ਨੈਸ਼ਨਲ ਸੈਂਟਰ ਫਾਰ ਮਾਇਕ੍ਰੋਬਾਓਲਾਜੀ ਮੁਤਾਬਕ ਬਸਕ ਦੀ ਰਾਜਧਾਨੀ ਵਿਟੋਰੀਆ ਗੈਸਟੇਜ ਵਿੱਚ 60 ਤੋਂ ਵੱਧ ਲੋਕ ਤੇ ਉਨ੍ਹਾਂ ਦੇ ਰਿਸ਼ਤੇਦਾਰ ਪ੍ਰਭਾਵਿਤ ਹੋਏ ਹਨ।

ਵੈਟੀਕਨ ਮੁਤਾਬਕ ਕੋਰੋਨਾਵਾਇਰਸ ਦੇ ਮੱਦੇਨਜ਼ਰ ਪੋਪ ਫਰਾਂਸਿਕ ਐਤਵਾਰ ਨੂੰ ਪ੍ਰਾਰਥਨਾ ਦੌਰਾਨ ਸੇਂਟ ਪੀਟਰ ਸੁਕੇਅਰ ਵਿੱਚ ਨਜ਼ਰ ਨਹੀਂ ਆਉਣਗੇ।

ਸਾਵਧਾਨੀ ਵਜੋਂ ਇਕੱਠ ਨਾ ਕਰਨ ਕਰਕੇ ਪੋਪ ਦੀ ਐਂਜੇਲਸ ਪ੍ਰਾਰਥਨਾ ਦਾ ਪ੍ਰਸਾਰਣ ਵੀਡੀਓ ਰਾਹੀਂ ਕੀਤਾ ਜਾਵੇਗਾ।

ਇਸ ਤੋਂ ਇਲਾਵਾ 15 ਮਾਰਚ ਤੱਕ ਕੈਥੋਲਿਕ ਸਵੇਰ ਦੇ ਇਕੱਠ ਵਿੱਚ ਵੀ ਆਮ ਦਰਸ਼ਕਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਵੇਗਾ। ਪੋਪ ਨੂੰ ਜ਼ੁਕਾਮ ਹੈ ਪਰ ਇਹ ਕੋਰੋਨਾਵਾਇਰਸ ਨਹੀਂ ਹੈ।

ਇਰਾਨ ਦੇ ਹਾਲਾਤ

ਇਰਾਨ 'ਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵਧ ਕੇ 5,823 ਹੋ ਗਈ ਹੈ ਅਤੇ ਮੌਤਾਂ ਦਾ ਅੰਕੜਾ 145 ਤੱਕ ਪਹੁੰਚ ਗਿਆ ਹੈ।

ਹਾਲਾਂਕਿ ਮੰਨਿਆ ਜਾ ਰਿਹਾ ਹੈ ਅਧਿਕਾਰਤ ਅੰਕੜੇ ਅਸਲ ਅੰਕੜਿਆਂ ਨਾਲੋਂ ਬਹੁਤ ਘੱਟ ਹਨ।

ਇਹ ਵੀ ਪੜ੍ਹੋ-

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)