Licypriya Kangujam : 8 ਸਾਲਾ ਲਿਕੀਪ੍ਰੀਆ ਕੰਗੁਜਾਮ ਵਾਤਾਵਰਣ ਕਾਰਕੁਨ ਜਿਸ ਨੇ ਭਾਰਤ ਸਰਕਾਰ ਦਾ ਸਨਮਾਨ ਠੁਕਰਾਇਆ

"ਡੀਅਰ ਨਰਿੰਦਰ ਮੋਦੀ ਜੀ, ਜੇ ਤੁਸੀਂ ਮੇਰੀ ਅਵਾਜ਼ ਨਹੀਂ ਸੁਣ ਸਕਦੇ ਤਾਂ ਕਿਰਪਾ ਕਰ ਕੇ ਮੈਨੂੰ ਸਨਮਾਨ ਵੀ ਨਾ ਦਿਓ।” ਇਨ੍ਹਾਂ ਸ਼ਬਦਾਂ ਰਾਹੀਂ ਵਾਤਾਵਰਣ ਕਾਰਕੁਨ 8 ਸਾਲਾ ਲਿਕੀਪ੍ਰੀਆ ਕੰਗੁਜਾਮ ਨੇ ਮੋਦੀ ਸਰਕਾਰ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।

ਕੰਗੁਜਾਮ ਨੂੰ ਸਰਕਾਰ ਨੇ ਪ੍ਰੇਰਣਾਦਾਈ ਸ਼ਖ਼ਸ਼ੀਅਤ ਵਜੋਂ ਚੁਣਿਆ ਸੀ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਸੀ ਕਿ ਉਹ ਅਜਿਹੀਆਂ ਔਰਤਾਂ ਤੇ ਕੁੜੀਆਂ ਦੀਆਂ ਕਹਾਣੀਆਂ ਸਾਂਝੀਆਂ ਕਰਨ ਜੋ ਦੁਨੀਆਂ ਨੂੰ ਪ੍ਰੇਰਣਾ ਦੇ ਰਹੀਆਂ ਹਨ।

ਇਸ ਬਾਰੇ ਭਰਤ ਸਰਕਾਰ ਦੇ ਟਵਿੱਟਰ ਹੈਂਡਲ @MyGovIndia ਵੱਲੋਂ ਲਿਕੀਪ੍ਰਿਆ ਕੰਗੁਜਾਮ ਦੇ ਬਾਰੇ ਵਿੱਚ ਕੁਝ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਪ੍ਰੇਰਣਾਦਾਈ ਸ਼ਖ਼ਸ਼ੀਅਤ ਦੱਸਿਆ ਗਿਆ ਸੀ।

ਇਹ ਵੀ ਪੜ੍ਹੋ:

ਇਸ ਦੇ ਜਵਾਬ ਵਿੱਚ ਲਿਕੀਪ੍ਰੀਆ ਨੇ ਟਵੀਟ ਕੀਤਾ, "ਡੀਅਰ ਨਰਿੰਦਰ ਮੋਦੀ ਜੀ, ਜੇ ਤੁਸੀਂ ਮੇਰੀ ਅਵਾਜ਼ ਨਹੀਂ ਸੁਣ ਸਕਦੇ ਤਾਂ ਕਿਰਪਾ ਕਰ ਕੇ ਮੈਨੂੰ ਸਨਮਾਨ ਵੀ ਨਾ ਦਿਓ। ਤੁਹਾਡੀ #SheInspiresUs ਪਹਿਲ ਅਧੀਨ ਮੈਨੂੰ ਦੇਸ ਦੀਆਂ ਪ੍ਰੇਰਣਾਦਾਈ ਔਰਤਾਂ ਵਿੱਚ ਚੁਣਿਆ ਗਿਆ ਹੈ। ਇਸ ਲਈ ਧੰਨਵਾਦ। ਲੇਕਿਨ ਬਹੁਤ ਸੋਚਣ ਤੋਂ ਬਾਅਦ ਮੈਂ ਫ਼ੈਸਲਾ ਕੀਤਾ ਕਿ ਮੈਂ ਇਸ ਸਨਮਾਨ ਨੂੰ ਕਬੂਲ ਨਹੀਂ ਕਰਾਂਗੀ।"

ਹਾਲਾਂਕਿ @MyGovIndia ਟਵਿੱਟਰ ਹੈਂਡਲ 'ਤੇ ਹੁਣ ਲਿਕੀਪ੍ਰੀਆ ਕੰਗੁਜਾਮ ਨਾਲ ਜੁੜਿਆ ਟਵੀਟ ਦਿਖਾਈ ਨਹੀਂ ਦੇ ਰਿਹਾ ਹੈ।

ਲਿਕੀਪ੍ਰੀਆ ਕੰਗੁਜਾਮ ਨੂੰ ਪਿਛਲੇ ਸਾਲ ਵਰਲਡ ਚਿਲਡਰਨ ਪੀਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

'ਮੈਨੂੰ ਭਾਰਤ ਦੀ ਗਰੇਟਾ ਥਨਬਰਗ ਨਾ ਕਹੋ'

ਲਿਕੀਪ੍ਰੀਆ ਕੰਗੁਜਾਮ ਹਾਲਾਂਕਿ ਸਿਰਫ਼ ਅੱਠਾਂ ਸਾਲਾਂ ਦੀ ਹੈ ਪਰ ਉਹ ਪਿਛਲੇ ਦੋ ਸਾਲਾਂ ਤੋਂ ਭਾਰਤ ਵਿੱਚ ਵਾਤਾਵਰਣ ਤਬਦੀਲੀ ਦੀ ਸਰਗਮ ਕਾਰਕੁਨ ਹੈ।

ਟਵਿੱਟਰ 'ਤੇ ਲਿਕੀਪ੍ਰੀਆ ਦੇ ਅਧਿਕਾਰਿਤ ਅਕਾਊਂਟ ਦੇ ਲਗਭਗ 30 ਹਜ਼ਾਰ ਫੌਲੋਵਰ ਹਨ। ਜੋ ਉਸ ਦੇ ਸਰਪ੍ਰਸਤਾਂ ਵੱਲੋਂ ਚਲਾਇਆ ਜਾਂਦਾ ਹੈ। ਅਕਾਊਂਟ ਤੇ ਲਿਖਿਆ ਹੈ "8 ਸਾਲਾ। ਬੇਘਰ ਵਾਤਾਵਰਣ ਕਾਰਕੁਨ। ਵਰਲਡ ਚਿਲਡਰਨ ਪੀਸ ਪ੍ਰਾਈਜ਼ ਜੇਤੂ। ਮੋਢੀ ਮੂਵਮੈਂਟ ਚਾਈਲਡ।"

ਉਹ ਸਕੂਲਾਂ ਵਿੱਚ ਵਾਤਾਵਰਣ ਤਬਦੀਲੀ ਨੂੰ ਲਾਜ਼ਮੀ ਕੀਤੇ ਜਾਣ ਤੇ ਦੇਸ਼ ਵਿੱਚ ਉੱਚੇ ਪ੍ਰਦੂਸ਼ਣ ਖ਼ਿਲਾਫ਼ ਕਾਨੂੰਨ ਬਣਾਵਾਉਣ ਲਈ ਸੰਘਰਸ਼ ਕਰ ਰਹੀ ਹੈ।

ਲਿਕੀਪ੍ਰੀਆ ਨੂੰ ਖ਼ੁਦ ਨੂੰ ਭਾਰਤ ਦੀ ਗਰੇਟਾ ਥਨਬਰਗ ਕਿਹਾ ਜਾਣਾ ਪਸੰਦ ਨਹੀਂ ਹੈ। ਬੀਬੀਸੀ ਨੂੰ ਲਿਕੀਪ੍ਰੀਆ ਨੇ ਕਿਹਾ ਸੀ, "ਜੇ ਤੁਸੀਂ ਮੈਨੂੰ ਭਾਰਤ ਦੀ ਗਰੇਟਾ ਕਹੋਂਗੇ ਤਾਂ ਤੁਸੀਂ ਮੇਰੀ ਕਹਾਣੀ ਨਹੀਂ ਕਰ ਰਹੇ।"

ਗਰੇਟਾ ਵਾਤਾਵਰਣ ਤਬਦੀਲੀ ਬਾਰੇ ਕਾਰਜਸ਼ੀਲ ਸਵੀਡਨ ਦੀ ਅੱਲੜ੍ਹ ਕੁੜੀ ਹੈ। ਉਸ ਨੇ ਹਰ ਸ਼ੁੱਕਰਵਾਰ ਨੂੰ ਇਸ ਮੁੱਦੇ ਤੇ ਸਕੂਲਾਂ ਵਿੱਚ ਬੱਚਿਆਂ ਨੂੰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਹੈ। ਉਸ ਨੇ ਵਿਸ਼ਵ ਆਗੂਆਂ ਇਸ ਵਿਸ਼ੇ ਤੇ ਕੋਈ ਕਦਮ ਨਾ ਚੁੱਕਣ ਲਈ ਵੀ ਕੋਸਿਆ ਹੈ।

ਵੀਡੀਓ: ਗਰੇਟਾ ਥਨਬਰਗ ਬਰਗ ਦਾ ਯੂਐੱਨ ਵਿੱਚ ਭਾਸ਼ਣ— ‘ਤੁਹਾਡੀ ਹਿੰਮਤ ਕਿਵੇਂ ਹੋਈ?’

ਲਿਕੀਪ੍ਰੀਆ ਤੇ ਥਨਬਰਗ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਹਨ। ਹਾਲਾਂਕਿ ਲਿਕੀਪ੍ਰਿਆ ਦਾ ਕਹਿਣਾ ਹੈ, "ਮੇਰੀ ਆਪਣੀ ਪਛਾਣ ਤੇ ਕਹਾਣੀ ਹੈ।"

ਲਿਕੀਪ੍ਰੀਆ ਇਹ ਵੀ ਕਹਿੰਦੀ ਹੈ ਕਿ ਉਸ ਨੇ ਗਰੇਟਾ ਤੋਂ ਪਹਿਲਾਂ ਆਪਣੀ ਮੁਹਿੰਮ ਸ਼ੂਰੂ ਕੀਤੀ ਸੀ। ਜਦਕਿ ਉਹ ਤੇ ਗਰੇਟਾ "ਚੰਗੀਆਂ ਸਹੇਲੀਆਂ ਹਨ" ਜੋ "ਇੱਕ ਦੂਜੇ ਦੀ ਕਦਰ ਕਰਦੀਆਂ ਹਨ"।

ਦੋਵੇਂ ਜਣੀਆਂ ਪਿਛਲੇ ਸਾਲ ਦਸੰਬਰ ਵਿੱਚ ਸਪੇਨ ਦੀ ਰਾਜਧਾਨੀ ਮੈਡਰਿਡ ਵਿੱਚ ਹੋਈ ਸੰਯੁਕਤ ਰਾਸ਼ਟਰ ਦੀ ਕਲਾਈਮੇਟ ਚੇਂਜ ਕਾਨਫ਼ਰੰਸ ਵਿੱਚ ਵੀ ਸ਼ਾਮਲ ਹੋਈਆਂ ਸਨ।

ਲਿਕੀਪ੍ਰੀਆ ਭਾਰਤ ਦੇ ਮਣੀਪੁਰ ਸੂਬੇ ਦੀ ਰਹਿਣ ਵਾਲੀ ਹੈ। ਲਿਕੀਪ੍ਰੀਆ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਪਿਤਾ ਨਾਲ ਮਿਲ ਕੇ ਸਾਲ 2015 ਦੇ ਨੇਪਾਲ ਭੂਚਾਲ ਸਮੇਂ ਚੰਦਾ ਇਕੱਠਾ ਕੀਤਾ ਸੀ।

ਲਿਕੀਪ੍ਰੀਆ ਬਹੁਤ ਵਾਰ ਇਕੱਲਿਆਂ ਵੀ ਭਾਰਤ ਵਿੱਚ ਵਧਦੇ ਜਾ ਰਹੇ ਹਵਾ ਪ੍ਰਦੂਸ਼ਣ ਖ਼ਿਲਾਫ਼ ਨਵੇਂ ਕਾਨੂੰਨਾ ਲਈ ਮੋਰਚਾ ਲਾਇਆ ਹੈ।

ਲਿਕੀਪ੍ਰੀਆ ਦਾ ਇੱਕ ਉਦੇਸ਼ ਇਹ ਵੀ ਹੈ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਬਦਲਦੇ ਵਾਤਾਵਰਣ ਬਾਰੇ ਪੜ੍ਹਾਇਆ ਜਾਵੇ।

ਲਿਕੀਪ੍ਰੀਆ ਦਾ ਕਹਿਣਾ ਹੈ,"ਰਾਜਸਥਾਨ ਅਜਿਹਾ ਕਰਨ ਵਾਲਾ ਪਹਿਲਾ ਸੂਬਾ ਹੈ"।

ਲਿਕੀਪ੍ਰਿਆ ਦਾ ਕਹਿਣਾ ਹੈ ਕਿ ਸਿਆਸਤਦਾਨਾਂ ਨੂੰ ਕਾਰਕੁਨਾਂ ਦੇ ਸੁਨੇਹਿਆਂ ਨੂੰ ਨਿਗੂਣਾ ਸਾਬਤ ਕਰਨ ਤੋਂ ਬਾਜ਼ ਆਉਣਾ ਚਾਹੀਦਾ ਹੈ।

"ਉਹ ਕੋਈ ਕਾਰਵਾਈ ਨਹੀਂ ਕਰ ਰਹੇ। ਮੈਂ ਚਾਹੁੰਦੀ ਹਾਂ ਸਾਰੇ ਆਗੂ ਹੋਰ ਕਾਰਵਾਈ ਕਰਨ- ਨਹੀਂ ਤਾਂ ਜਲਦੀ ਹੀ ਸਾਡਾ ਭਵਿੱਖ ਮਰ ਜਾਵੇਗਾ। ਸਾਡੇ ਗ੍ਰਹਿ ਤੇ ਭਵਿੱਖ ਨੂੰ ਬਚਾਉਣ ਲਈ ਉਨ੍ਹਾਂ ਨੂੰ ਹੁਣੇ ਕਾਰਵਾਈ ਕਰਨੀ ਪਵੇਗੀ।"

ਇਹ ਵੀ ਪੜ੍ਹੋ

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਕੋਰੋਨਾਵਾਇਰਸ ਮੌਤ ਦਾ ਡਰ ਤੇ ਇਲਾਜ ਦਾ ਸੱਚ

ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)