International Women's Day: ਕੌਮਾਂਤਰੀ ਮਹਿਲਾ ਦਿਵਸ ਮੌਕੇ ਦੁਨੀਆ ਭਰ ਵਿੱਚ ਬਦਲਾਅ ਲਈ ਆਵਾਜ਼ ਉਠਾਉਣ ਵਾਲੀਆਂ ਔਰਤਾਂ

ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ ਦੁਨੀਆਂ ਭਰ 'ਚ 8 ਮਾਰਚ ਨੂੰ ਮਨਾਇਆ ਜਾਂਦਾ ਹੈ।

ਇਸ ਦਿਨ ਓਨ੍ਹਾਂ ਔਰਤਾਂ ਦੀਆਂ ਪ੍ਰਾਪਤੀਆਂ ਪਹਿਚਾਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਦੁਨੀਆ ਵਿੱਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕੀਤੀ ਹੋਵੇ। ਇਹ ਔਰਤਾਂ ਫਿਰ ਚਾਹੇ ਕਿਸੇ ਵੀ ਦੇਸ ਦੀਆਂ ਹੋਣ ਜਾਂ ਕਿਸੇ ਵੀ ਖੇਤਰ ਦੀਆਂ।

ਵਧੀਆ ਕੰਮ ਕਰਨ ਵਾਲੀਆਂ ਔਰਤਾਂ ਦੀ ਸ਼ਲਾਘਾ ਕਰਕੇ ਹੋਰ ਔਰਤਾਂ ਨੂੰ ਵੀ ਅੱਗੇ ਵਧਣ ਲਈ ਪ੍ਰੇਰਿਆ ਜਾਂਦਾ ਹੈ।

ਇਸ ਸਾਲ ਦੁਨੀਆ ਭਰ ਵਿੱਚ ਕਈ ਥਾਵਾਂ ਉੱਤੇ ਮੁਜ਼ਾਹਰੇ ਹੋਏ। ਕੋਈ ਔਰਤ ਮੁਜ਼ਾਹਰਾਕਾਰੀਆਂ ਦੀ ਢਾਲ ਬਣੀ ਤੇ ਕਿਸੇ ਨੇ ਸ਼ਾਂਤੀ ਬਰਕਰਾਰ ਰੱਖਣ ਵਿੱਚ ਅੱਗੇ ਵਧ ਕੇ ਸਮਝੌਤਾ ਕਰਵਾਇਆ।

ਮਨੁੱਖਤਾ ਦੇ ਨਾਲ ਵਾਤਾਵਰਨ ਦੀ ਵੀ ਗੱਲ ਕਰਨ ਵਾਲੀ ਇੱਕ ਕੁੜੀ ਦੀ ਕਹਾਣੀ ਜੋ ਇਸ ਸਾਲ ਮਹਿਲਾ ਦਿਵਸ ਉੱਤੇ ਹਜ਼ਾਰਾਂ ਲਈ ਪ੍ਰੇਰਨਾ ਦਾ ਸਰੋਤ ਬਣੇਗੀ।

ਉਨ੍ਹਾਂ ਔਰਤਾਂ ਬਾਰੇ ਜਾਣਦੇ ਹਾਂ ਜਿਨ੍ਹਾਂ ਨੇ ਨਿਡਰ ਹੋ ਕੇ ਗਲਤ ਦੇ ਖਿਲਾਫ਼ ਆਵਾਜ਼ ਚੁੱਕੀ। ਦੁਨੀਆਂ ਵਿੱਚ ਨਵੀਂ ਪਹਿਚਾਣ ਬਣਾਉਣ ਵਾਲੇ ਇਹ ਚਿਹਰੇ ਵੱਖੋ- ਵਖਰੇ ਦੇਸਾਂ ਦੇ ਹਨ।

ਇਹ ਵੀ ਪੜ੍ਹੋ:

1. ਗਰੇਟਾ ਥਨਬਰਗ

ਵਾਤਾਵਰਨ ਬਾਰੇ ਜਾਗਰੂਕਤਾ ਫੈਲਾਉਣ ਵਾਲੀ 17 ਸਾਲਾ ਗਰੇਟਾ ਤੋਂ ਲੱਖਾਂ ਹੀ ਲੋਕ ਪ੍ਰੇਰਿਤ ਹੋਏ ਹਨ।

ਵਿਸ਼ਵ ਦੇ ਆਗੂਆਂ ਕੋਲੋਂ ਮੌਸਮੀ ਤਬਦੀਲੀਆਂ ਬਾਰੇ ਕਾਰਵਾਈ ਕਰਨ ਦੀ ਮੰਗ ਵਾਲੇ ਗਲੋਬਲ ਅੰਦੋਲਨ ਦੀ ਅਗਵਾਈ ਕਰਨ ਤੋਂ ਬਾਅਦ ਗਰੇਟਾ ਦਾ ਨਾਮ ਇਸ ਸਾਲ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਵੀ ਕੀਤਾ ਗਿਆ ਸੀ।

ਗਰੇਟਾ ਐਸਪਰਜਰ (ਆਟੀਇਜ਼ਮ ਦਾ ਇੱਕ ਪ੍ਰਕਾਰ) ਨਾਮ ਦੀ ਬਿਮਾਰੀ ਨਾਲ ਪੀੜਤ ਸੀ। ਪਰ ਇਲਾਜ਼ ਮਗਰੋਂ ਉਹ ਠੀਕ ਹੋਈ। ਕੁਝ ਸਾਲਾਂ ਬਾਅਦ ਗਰੇਟਾ ਮੌਸਮੀ ਤਬਦੀਲੀਆਂ ਬਾਰੇ ਚਰਚਾ ਅਤੇ ਖੋਜ ਦੇ ਮੁੱਦਿਆ ਵਿੱਚ ਉਤਸ਼ਾਹਿਤ ਹੋ ਗਈ।

ਵੀਡੀਓ: 16-ਸਾਲਾ ਕੁੜੀ ਨੇ ਮੁਲਕਾਂ 'ਤੇ ਚੁੱਕੇ ਸਵਾਲ, ਕਿਹਾ ਧਰਤੀ ਮੁੱਕ ਰਹੀ ਹੈ

ਗਰੇਟਾ ਨੂੰ ਅੱਜ ਵੀ ਉਨ੍ਹਾਂ ਲੋਕਾਂ ਦੇ ਮਾੜੇ ਵਤੀਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਮੌਸਮੀ ਤਬਦੀਲੀਆਂ ਲਈ ਆਪਣੀ ਜੀਵਨ ਸ਼ੈਲੀ ਨਹੀਂ ਬਦਲਣਾ ਚਾਹੁੰਦੇ।

ਪਰ ਗਰੇਟਾ ਆਪਣੀਆਂ ਆਲੋਚਨਾਵਾਂ ਨਾਲ 'ਸ਼ਾਨਦਾਰ ਢੰਗ' ਨਾਲ ਨਜਿੱਠ ਰਹੀ ਹੈ।

ਗਰੇਟਾ ਨੇ ਜਨਵਰੀ ਮਹੀਨੇ ਵਿੱਚ ਹੋਏ ਵਿਸ਼ਵ ਆਰਥਿਕ ਫੋਰਮ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਸਾਹਮਣਾ ਕੀਤਾ। ਡਾਵੋਸ ਵਿੱਚ ਹੋਏ ਇਸ ਸਮਾਗਮ ਵਿੱਚ ਗਰੇਟਾ ਦੇ ਟਰੰਪ ਨੂੰ ਦਿੱਤੇ ਜਵਾਬਾਂ ਨੇ ਉਸ ਨੂੰ ਮੁੜ ਚਰਚਾ ਵਿੱਚ ਲਿਆਉਂਦਾ।

2. ਫੌਜ਼ੀਆ ਕੂਫ਼ੀ

ਫੌਜ਼ੀਆ ਕੂਫੀ ਬਚਪਨ ਤੋਂ ਹੀ ਡਾਕਟਰ ਬਣਨਾ ਚਾਹੁੰਦੀ ਸੀ, ਪਰ ਉਸ ਦਾ ਇਹ ਸੁਪਨਾ ਉਸ ਸਮੇਂ ਟੁੱਟ ਗਿਆ ਜਦੋਂ 1990 ਦੇ ਦਹਾਕੇ 'ਚ ਤਾਲਿਬਾਨ ਦਹਿਸ਼ਤਗਰਦਾਂ ਨੇ ਅਫ਼ਗਾਨਿਸਤਾਨ 'ਤੇ ਕਬਜ਼ਾ ਕੀਤਾ।

ਤਾਲਿਬਾਨ ਉਹ ਸੰਗਠਨ ਹੈ ਜਿਸ ਨੇ ਕੂਫੀ ਦੇ ਪਤੀ ਨੂੰ ਹਿਰਾਸਤ 'ਚ ਲੈ ਲਿਆ ਸੀ ਅਤੇ ਬਾਅਦ 'ਚ ਜਦੋਂ ਕੂਫੀ ਨੇ ਸਿਆਸਤਦਾਨ ਬਣਨ ਦਾ ਫ਼ੈਸਲਾ ਕੀਤਾ ਤਾਂ ਉਸ ਨੂੰ ਮਾਰਨ ਦੇ ਯਤਨ ਵੀ ਕੀਤੇ ਗਏ।

ਇਹ ਵੀ ਪੜ੍ਹੋ:

ਫਿਰ ਵੀ ਫੌਜ਼ੀਆ ਨੇ ਹਾਰ ਨਹੀਂ ਮੰਨੀ। ਹਾਲ ਹੀ ਵਿੱਚ ਹੋਏ ਅਫ਼ਗਾਨ ਸਮਝੌਤੇ ਵਿੱਚ ਫੌਜ਼ੀਆ ਨੇ ਤਾਲਿਬਾਨ ਨਾਲ ਸਮਝੌਤਾ ਕਰਵਾਉਣ ਲਈ ਗੱਲਬਾਤ ਕੀਤੀ। ਉਨ੍ਹਾਂ ਨੇ ਅਮਰੀਕਾ ਤੇ ਤਾਲਿਬਾਨ ਵਿਚਕਾਰ ਸ਼ਾਂਤੀ ਸਮਝੌਤਾ ਕਰਵਾਉਣ ਲਈ ਇੱਕ ਅਹਿਮ ਭੂਮਿਕਾ ਨਿਭਾਈ।

ਫੌਜ਼ੀਆ ਨੇ ਬੀਬੀਸੀ ਨੂੰ ਦੱਸਿਆ, "ਮੈਨੂੰ ਕਿਸੇ ਦਾ ਵੀ ਡਰ ਨਹੀਂ ਸੀ। ਮੇਰੇ ਲਈ ਮਜ਼ਬੂਤ ਅਤੇ ਨਿਡਰ ਹੋਣਾ ਜ਼ਰੂਰੀ ਸੀ ਕਿਉਂਕਿ ਮੈਂ ਅਫ਼ਗਾਨਿਸਤਾਨ ਦੀਆਂ ਮਹਿਲਾਵਾਂ ਦੀ ਨੁਮਾਇੰਦਗੀ ਕਰ ਰਹੀ ਸੀ।"

ਫੌਜ਼ੀਆ ਮਹਿਲਾਵਾਂ ਦੇ ਹੱਕਾਂ ਲਈ ਲੜਨ ਵਾਲੀ ਉਹ ਔਰਤ ਹੈ ਜਿਸ ਨੇ ਤਾਲਿਬਾਨ ਨੂੰ ਆਪਣੇ ਵਫ਼ਦ ਵਿੱਚ ਔਰਤਾਂ ਨੂੰ ਸ਼ਾਮਲ ਕਰਨ ਦੀ ਸਲਾਹ ਦਿੱਤੀ।

ਅਫ਼ਗਾਨਿਸਤਾਨ ਵਿੱਚ ਰਹਿੰਦੇ ਹੋਏ ਵੀ, ਉਸ ਨੇ ਅੱਜ ਤੱਕ ਕਦੇ ਵੀ ਬੁਰਕਾ ਨਹੀਂ ਪਾਇਆ। ਫੌਜ਼ੀਆ ਦਾ ਕਹਿਣਾ ਹੈ, "ਮੈਂ ਉਨ੍ਹਾਂ ਵਸਤਾਂ 'ਤੇ ਪੈਸਾ ਖਰਚ ਨਹੀਂ ਕਰਾਂਗੀ ਜਿਸ ਨੂੰ ਮੈਂ ਆਪਣੇ ਸਭਿਆਚਾਰ ਦਾ ਹਿੱਸਾ ਹੀ ਨਹੀਂ ਮੰਨਦੀ।"

ਕੂਫ਼ੀ ਨੇ ਸੰਯੁਕਤ ਰਾਸ਼ਟਰ ਲਈ ਵੀ ਕੰਮ ਕੀਤਾ। ਦੋ ਵਾਰ ਬਤੌਰ ਐਮਪੀ ਅਹੁਦਾ ਸੰਭਾਲਿਆ ਅਤੇ ਪਹਿਲੀ ਵਾਰ ਉਹ ਸੰਸਦ ਦੀ ਡਿਪਟੀ ਸਪੀਕਰ ਚੁਣੀ ਗਈ।

ਇਸੇ ਅਰਸੇ ਦੌਰਾਨ ਹੀ ਅਫ਼ਗਾਨਿਸਤਾਨ ਦੇ ਦੱਖਣੀ ਹਿੱਸੇ 'ਚ ਉਸ 'ਤੇ ਤਾਲਿਬਾਨ ਵੱਲੋਂ ਜਾਨਲੇਵਾ ਹਮਲਾ ਵੀ ਹੋਇਆ। ਪਰ ਉਹ ਇਸ ਹਮਲੇ 'ਚ ਵਾਲ-ਵਾਲ ਬਚ ਗਈ ਸੀ।

ਕੂਫ਼ੀ ਅੱਜ ਵੀ ਔਰਤਾਂ ਲਈ ਨਿਡਰ ਹੋ ਕੇ ਕੰਮ ਕਰ ਰਹੀ ਹੈ ਤੇ ਉਹ ਆਪਣੀਆਂ ਧੀਆਂ ਨਾਲ ਰਹਿ ਰਹੀ ਹੈ।

3. ਅਲਾ ਸਾਲਾਹ

ਸੁਡਾਨ ਦੀ ਰਹਿਣ ਵਾਲੀ 22 ਸਾਲਾ ਅਲਾ ਸਾਲਾਹ ਉਸ ਸਮੇਂ ਸੁਰਖੀਆਂ ਵਿੱਚ ਆਈ ਜਦੋਂ ਦੇਸ ਵਿੱਚ ਰਾਸ਼ਟਰਪਤੀ ਉਮਰ ਅਲ-ਬਸ਼ੀਰ ਖਿਲਾਫ ਮੁਜ਼ਾਹਰੇ ਹੋ ਰਹੇ ਸਨ।

ਮੁਜ਼ਾਹਰਿਆਂ ਦੌਰਾਨ ਨਾਅਰੇਬਾਜ਼ੀ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਅਲਾ ਦਿਖ ਰਹੀ ਸੀ। ਵੀਡੀਓ ਵਿੱਚ ਅਲਾ ਮੁਜ਼ਾਹਰੇ ਕੇਂਦਰ ਦਾ ਬਿੰਦੂ ਉਸ ਵੇਲੇ ਬਣੀ ਜਦੋਂ ਉਹ ਲੋਕਾਂ ਨੂੰ ਇਨਕਲਾਬ ਦੇ ਨਾਅਰੇ ਲਾਉਣ ਲਈ ਉਤਸ਼ਾਹਿਤ ਕਰ ਰਹੀ ਸੀ। ਵੀਡੀਓ ਵਾਇਰਲ ਹੋਣ ਮਗਰੋਂ ਅਲਾ ਸੁਡਾਨ ਦੀ ਕ੍ਰਾਂਤੀ ਦਾ ਚਿਹਰਾ ਬਣੀ।

ਵੀਡੀਓ: ਸੁਡਾਨ 'ਚ ਪ੍ਰਦਰਸ਼ਨ ਦਾ ਕੇਂਦਰ ਬਿੰਦੂ ਬਣੀ ਇਹ ਕੁੜੀ

ਇਸ ਕੁੜੀ ਨੂੰ 'ਦਿ ਨੂਬੀਅਨ ਕਵੀਨ' ਦਾ ਨਾਂ ਦਿੱਤਾ ਗਿਆ।

ਸੁਡਾਨ ਵਿੱਚ ਹੋਏ ਮੁਜ਼ਾਹਰਿਆਂ ਵਿੱਚ 70% ਔਰਤਾਂ ਨੇ ਹਿੱਸਾ ਲਿਆ। ਇਨ੍ਹਾਂ ਵਿਰੋਧ ਮੁਜ਼ਾਹਰਿਆਂ ਵਿੱਚ ਔਰਤਾਂ ਦੀ ਭੂਮਿਕਾ ਨੇ ਇੱਕ ਅਹਿਮ ਹਿੱਸਾ ਨਭਾਇਆ। ਇਸ ਦੇ ਸਿੱਟੇ ਵਜੋਂ ਅਪ੍ਰੈਲ 2019 ਵਿੱਚ ਸੁ਼ਡਾਨ ਦੇ ਰਾਸ਼ਟਰਪਤੀ ਓਮਰ ਅਲ-ਬਸ਼ੀਰ ਨੂੰ ਗੱਦੀਓਂ ਲਾ ਦਿੱਤਾ ਗਿਆ ਸੀ।

4. ਹੈਫਰੀਨ ਖ਼ਲਫ਼

ਸੀਰੀਆਈ-ਕੁਰਦ ਰਾਜਨੇਤਾ ਹੈਫਰੀਨ ਖ਼ਲਫ਼ 34 ਸਾਲਾ ਦੀ ਸੀ। ਉਹ ਸੀਰੀਆ ਵਿੱਚ ਸਾਰੇ ਭਾਈਚਾਰੇ ਵਿਚਾਲੇ ਬਰਾਬਰੀ ਨੂੰ ਲੈ ਕੇ ਮੁਹਿੰਮ ਚਲਾ ਰਹੀ ਸੀ ਅਤੇ ਉੱਤਰੀ ਸੀਰੀਆ ਵਿੱਚ ਤੁਰਕੀ ਦੇ ਹਮਲੇ ਦਾ ਜ਼ਬਰਦਸਤ ਵਿਰੋਧ ਵੀ ਕੀਤਾ ਸੀ।

ਇਸ ਨੌਜਵਾਨ ਨੇਤਾ ਨੇ ਫਿਊਚਰ ਸੀਰੀਆ ਪਾਰਟੀ ਦਾ ਗਠਨ ਕਰਨ ਵਿੱਚ ਮਦਦ ਕੀਤੀ ਸੀ ਜਿਸ ਦਾ ਮਕਸਦ ਈਸਾਈ, ਕੁਰਦਾਂ ਅਤੇ ਸੀਰੀਆਈ ਅਰਬਾਂ ਵਿਚਾਲੇ ਕੰਮ ਕਰਦੇ ਹੋਏ ਖੇਤਰ ਦਾ ਦੁਬਾਰਾ ਨਿਰਮਾਣ ਕਰਨਾ ਸੀ।

12 ਅਕਤੂਬਰ 2019 ਦੀ ਸਵੇਰੇ 5.30 ਵਜੇ ਖ਼ਲਫ਼ ਉੱਤਰੀ ਸੀਰੀਆ ਦੇ ਅਲ-ਹਸਾਕਾਹ ਸ਼ਹਿਰ ਲਈ ਨਿਕਲੀ ਸੀ। ਰੱਕਾ ਵਿੱਚ ਉਨ੍ਹਾਂ ਦੀ ਪਾਰਟੀ ਦੇ ਮੁੱਖ ਦਫ਼ਤਰ ਤੋਂ ਤਿੰਨ ਘੰਟੇ ਦੀ ਦੂਰੀ 'ਤੇ ਇਹ ਥਾਂ ਸੀ ਜਿਸ ਲਈ ਉਹ ਐੱਮ-4 ਹਾਈਵੇ ਤੋਂ ਜਾ ਰਹੀ ਸੀ।

ਉਸ ਵੇਲੇ ਉਨ੍ਹਾਂ 'ਤੇ ਹਮਲਾ ਹੋਇਆ। ਦੁਪਹਿਰ 12 ਵਜੇ ਤੱਕ ਹੈਫ਼ਰੀਨ ਦੀ ਲਾਸ਼ ਨੂੰ ਤਿੰਨ ਲਾਸ਼ਾਂ ਦੇ ਨਾਲ ਮਲੀਕੀਆ ਸੈਨਿਕ ਹਸਪਤਾਲ ਭੇਜ ਦਿੱਤਾ ਗਿਆ ਸੀ।

ਮੈਡੀਕਲ ਰਿਪੋਰਟ ਜਾਰੀ ਕੀਤੀ ਗਈ ਜਿਸ ਮੁਤਾਬਕ ਹੈਫ਼ਰੀਨ ਖ਼ਲਕ ਨੂੰ 20 ਗੋਲੀਆਂ ਮਾਰੀਆਂ ਗਈਆਂ ਸਨ। ਉਸ ਦੀਆਂ ਦੋਵੇਂ ਲੱਤਾਂ ਟੁੱਟੀਆਂ ਸਨ ਅਤੇ ਉਸ ਨਾਲ ਨਾਲ ਬੁਰੀ ਤਰ੍ਹਾਂ ਹਿੰਸਾ ਹੋਈ ਸੀ।

5. ਲਾਮ ਕਾ ਲੋ

26 ਸਾਲਾ ਲਾਮ ਕਾ ਲੋ ਹਾਂਗ-ਕਾਂਗ ਵਿੱਚ ਹੋ ਰਹੇ ਵੱਡੇ ਮੁਜ਼ਾਹਰਿਆਂ ਦਾ ਚਿਹਰਾ ਬਣੀ। ਇਹ ਮੁਜ਼ਾਹਰੇ ਹਵਾਲਗੀ ਬਿਲ ਦੇ ਵਿਰੋਧ ਵਜੋਂ ਹੋ ਰਹੇ ਸਨ।

'ਸ਼ੀਲਡ ਗਰਲ' ਕਹੀ ਜਾ ਰਹੀ ਕੁੜੀ ਮੁਜ਼ਾਹਰਾਕਾਰੀਆਂ ਵਿੱਚ ਮੌਜੂਦ ਇਕਲੌਤੀ ਔਰਤ ਸੀ।

ਜਦੋਂ ਕੋਈ ਵੀ ਪੁਲਿਸ ਲਾਈਨ ਦੇ ਇੰਨੀ ਨੇੜੇ ਖੜ੍ਹੇ ਹੋਣ ਦੀ ਹਿੰਮਤ ਨਹੀਂ ਕਰ ਸਕਿਆ, ਉਸ ਨੇ ਧਿਆਨ ਲਾਉਣਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਤਣਾਅ ਵੱਧ ਰਿਹਾ ਸੀ ਤਾਂ ਉਹ 'ਓਮ' ਦਾ ਉਚਾਰਾਨ ਕਰਨ ਲੱਗੀ।

ਸੋਸ਼ਲ ਮੀਡੀਆ 'ਤੇ ਧਿਆਨ ਕਰ ਰਹੀ ਇਹ ਤਸਵੀਰ ਵਾਇਰਲ ਹੋਣ ਮਗਰੋਂ, ਲਾਮ ਹਾਂਗਕਾਂਗ ਮੁਜ਼ਾਹਰਿਆਂ ਦਾ ਚਿਹਰਾ ਬਣੀ।

ਪਰ ਇਹ ਨੌਜਵਾਨ ਕੁੜੀ ਪ੍ਰਦਰਸ਼ਨ ਦਾ ਚਿਹਰਾ ਨਹੀਂ ਬਣਨਾ ਚਾਹੁੰਦੀ ਸੀ।

ਲਾਮ ਨੇ ਸਾਲ 2014 ਵਿੱਚ 79 ਦਿਨਾਂ ਦੀ ਅੰਬਰੇਲਾ ਮੂਵਮੈਂਟ ਵੇਲੇ ਹਰੇਕ ਦਿਨ ਸੜਕਾਂ 'ਤੇ ਕੱਟਿਆ ਸੀ।

ਲਾਮ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਹੈ ਅਤੇ ਉਸ ਨੇ ਏਸ਼ੀਆ, ਲਾਤਿਨ ਅਮਰੀਕਾ, ਉੱਤਰੀ-ਅਮਰੀਕਾ ਅਤੇ ਯੂਰਪ ਸਣੇ ਦਰਜਨਾਂ ਦੇਸ ਘੁੰਮੇ ਹਨ।

ਲਾਮ ਨੇ ਨੇਪਾਲ ਨੇ ਭੁਚਾਲ ਦੀ ਮਾਰ ਵੀ ਝੱਲੀ ਸੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਜਿਹੜੇ ਲੋਕ ਆਂਡਾ-ਮੀਟ ਖਾਂਦੇ ਨੇ, ਕੀ ਉਨ੍ਹਾਂ ਨੂੰ ਕੋਰੋਨਾਵਾਇਰਸ ਦਾ ਜ਼ਿਆਦਾ ਖ਼ਤਰਾ ਹੈ?

ਵੀਡੀਓ: ਦਿੱਲੀ ਦੇ ਨਾਲਿਆਂ 'ਚੋਂ ਨਿਕਲੀਆਂ ਲਾਸ਼ਾਂ ਕੀ ਦੱਸਦੀਆਂ ਹਨ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)