ਤਹਿਰਾਨ ਹਵਾਈ ਹਾਦਸਾ: ਵਿਸ਼ਵ ਆਗੂਆਂ ਦੀਆਂ ਉਂਗਲਾਂ ਈਰਾਨ ਵੱਲ ਉੱਠੀਆਂ, ਈਰਾਨ ਦਾ ਵੀ ਜਵਾਬ

ਪੱਛਮੀ ਦੇਸਾਂ ਦੇ ਆਗੂਆਂ ਦੀ ਰਾਇ ਬਣਦੀ ਜਾ ਰਹੀ ਹੈ ਕਿ ਤਹਿਰਾਨ ਵਿੱਚ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ਭਲੇ ਹੀ ਗਲਤੀ ਨਾਲ ਹੋਇਆ ਹੋਵੇ, ਪਰ ਈਰਾਨ ਦੀ ਮਿਜ਼ਾਈਲ ਨੇ ਡੇਗਿਆ।

ਕੈਨੇਡਾ ਤੇ ਬ੍ਰਿਟੇਨ ਦੇ ਆਗੂਆਂ ਨੇ ਇਸ ਦੀ ਮੁਕੰਮਲ ਤੇ ਡੂੰਘੀ ਪੜਤਾਲ ਦੀ ਮੰਗ ਕੀਤੀ ਹੈ। ਇਸ ਹਾਦਸੇ ਦੌਰਾਨ ਸਾਰੇ 176 ਸਵਾਰਾਂ ਦੀ ਮੌਤ ਹੋ ਗਈ ਸੀ।

ਈਰਾਨ ਨੇ ਕਿਸੇ ਕਿਸਮ ਦੇ ਹਵਾਈ ਹਮਲੇ ਤੋਂ ਇਨਕਾਰ ਕੀਤਾ ਹੈ।

ਹਾਦਸਾ ਈਰਾਨ ਵੱਲੋਂ ਇਰਾਕ ਵਿੱਚ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਾਣਾਏ ਜਾਣ ਤੋਂ ਕੁਝ ਹੀ ਘੰਟਿਆਂ ਬਾਅਦ ਵਾਪਰਿਆ ਸੀ।

ਅਮਰੀਕੀ ਮੀਡੀਆ ਵਿੱਚ ਚਰਚਾ ਹੈ ਕਿ ਸ਼ਾਇਦ ਈਰਾਨ ਨੇ ਇਸ ਨੂੰ ਅਮਰੀਕਾ ਦਾ ਜੰਗੀ ਜਹਾਜ਼ ਸਮਝ ਲਿਆ ਹੋਵੇ।

ਇਹ ਵੀ ਪੜ੍ਹੋ:

ਇਸੇ ਦੌਰਾਨ, ਨਿਊਜ਼ਵੀਕ ਨੇ ਪੈਂਟਾਗਨ ਤੇ ਇੱਕ ਸੀਨੀਅਰ ਅਮਰੀਕੀ ਤੇ ਇਰਾਕੀ ਸੂਹੀਆ ਏਜੰਸੀਆਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਯੂਕਰੇਨ ਏਅਰਲਾਈਨਜ਼ ਦੀ ਉਡਾਣ PS752 ਨੂੰ ਰੂਸ ਦੀ ਬਣੀ ਟੋਰ ਮਿਜ਼ਾਈਲ ਨਾਲ ਡੇਗਿਆ ਗਿਆ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਜਹਾਜ਼ ਨਾਲ ਜੋ ਵਾਪਰਿਆ ਉਸ ਬਾਰੇ ਸ਼ੱਕ ਹੈ।

ਅਮਰੀਕਾ ਦੇ ਡਰੋਨ ਹਮਲੇ ਵਿੱਚ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਮਗਰੋ ਦੋਹਾਂ ਦੇਸ਼ਾਂ ਵਿੱਚ ਤਣਾਅ ਵਧਿਆ ਹੋਇਆ ਹੈ। ਹਾਦਸੇ ਤੋਂ ਬਾਅਦ ਈਰਾਨ ਦੀ ਪ੍ਰਤੀਕਿਰਿਆ ਸੀ ਕਿ ਉਹ ਜਹਾਜ਼ ਦਾ ਬਲੈਕ ਬਾਕਸ ਅਮਰੀਕਾ ਜਾਂ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਦੇ ਹਵਾਲੇ ਨਹੀਂ ਕਰੇਗਾ।

ਹਾਲਾਂਕਿ ਈਰਾਨ ਦੇ ਵਿਦੇਸ਼ ਮੰਤਰੀ ਨੇ ਬੋਇੰਗ ਨੂੰ ਹਾਦਸੇ ਦੀ ਜਾਂਚ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

ਕੌਮਾਂਤਰੀ ਹਵਾਬਾਜ਼ੀ ਕਾਨੂੰਨਾ ਮੁਤਾਬਕ ਈਰਾਨ ਕੋਲ ਪੜਤਾਲ ਦੀ ਅਗਵਾਈ ਦੇ ਹੱਕ ਹਨ ਪਰ ਜਹਾਜ਼ ਨਿਰਮਾਤਾ ਕੰਪਨੀਆਂ ਨੂੰ ਅਜਿਹੀ ਜਾਂਚ ਦਾ ਹਿੱਸਾ ਤਾਂ ਬਣਾਇਆ ਹੀ ਜਾਂਦਾ ਹੈ।

ਈਰਾਨ ਦੇ ਟੀਵੀ ਚੈਨਲਾਂ ਨੇ ਹਾਦਸੇ ਵਾਲੀ ਥਾਂ ਦੀ ਬੁਲਡੋਜ਼ਰਾਂ ਨਾਲ ਸਫ਼ਾਈ ਹੁੰਦੀ ਵੀ ਦਿਖਾਈ ਸੀ।

ਜਹਾਜ਼ ਉੱਪਰ ਸੰਭਾਵੀ ਮਿਜ਼ਾਈਲ ਹਮਲੇ ਬਾਰੇ ਕੀ ਕਿਹਾ ਜਾ ਰਿਹਾ ਹੈ?

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਤੋਂ ਵਧੇਰੇ ਸੋਮਿਆਂ ਤੋਂ ਇਹ ਜਾਣਕਾਰੀ ਮਿਲੀ ਜੋ ਸੰਕੇਤ ਕਰਦੀ ਹੈ ਕਿ ਜਹਾਜ਼ ਨੂੰ ਈਰਾਨ ਦੀ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈ ਨੇ ਡੇਗਿਆ। ਉਨ੍ਹਾਂ ਨੇ ਕਿਹਾ ਕਿ ਸੰਭਵ ਹੈ ਕਿ ਇਹ ਗੈਰ-ਇਰਾਦਤਨ ਸੀ।

"ਇਸ ਨਾਲ ਮੁਕੰਮਲ ਪੜਤਾਲ ਦੀ ਲੋੜ ਨੂੰ ਬਲ ਮਿਲਦਾ ਹੈ।" ਉਨ੍ਹਾਂ ਕਿਹਾ ਕਿ ਕੈਨੇਡੀਅਨ ਲੋਕਾਂ ਦੇ ਕੁਝ ਸਵਾਲ ਹਨ ਤੇ ਉਹ ਉੱਤਰਾਂ ਦੇ ਹੱਕਦਾਰ ਹਨ।

ਹਾਲਾਂ ਕਿ ਉਨ੍ਹਾਂ ਕਿਹਾ ਕਿ ਇਸ ਸਮੇਂ ਇਲਜ਼ਾਮ ਲਾਉਣਆ ਜਾਂ ਕਿਸੇ ਸਿੱਟੇ ਤੇ ਪਹੁੰਚਣਾ ਜਲਦਬਾਜ਼ੀ ਹੋਵੇਗੀ ਤੇ ਉਨ੍ਹਾਂ ਨੇ ਕੋਈ ਹੋਰ ਵੇਰਵਾ ਦੇਣ ਤੋਂ ਮਨ੍ਹਾਂ ਕਰ ਦਿੱਤਾ।

ਕੁੱਲ 63 ਕੈਨੇਡੀਅਨ ਨਾਗਰਿਕ ਇਸ ਉਡਾਣ ਵਿੱਚ ਸਵਾਰ ਸਨ ਅਤੇ ਕਈ ਅਜਿਹੇ ਵੀ ਸਨ ਜਿਨ੍ਹਾਂ ਨੇ ਕੀਵ ਤੋਂ ਅੱਗੇ ਟੋਰਾਂਟੋ ਜਾਣਾ ਸੀ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੋਨਸਨ ਨੇ ਵੀ ਟਰੂਡੋ ਨਾਲ ਮਿਲਦੇ-ਜੁਲਦੇ ਵਿਚਾਰ ਪ੍ਰਗਟਾਏ। ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਕੈਨੇਡਾ ਨਾਲ ਇਸ ਕੰਮ ਵਿੱਚ ਨੇੜੇ ਹੋ ਕੇ ਕੰਮ ਕਰ ਰਿਹਾ ਹੈ।

ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੌਮਨਿਕ ਰਾਬ ਨੇ ਕੈਨੇਡਾ ਵਿੱਚ ਪੱਤਰਕਾਰਾਂ ਨੂੰ ਗੱਲਬਾਤ ਦੌਰਾਨ ਕਿਹਾ ਕਿ ਵਧੇ ਹੋਏ ਤਣਾਅ ਕਾਰਨ ਬਰਤਾਨਵੀਂ ਨਾਗਰਿਕਾਂ ਨੂੰ ਈਰਾਨ ਦੇ ਉੱਪਰੋਂ ਉਡਾਣ ਨਾ ਭਰਨ ਲਈ ਕਿਹਾ ਗਿਆ ਸੀ।

ਨਿਊਜ਼ਵੀਕ ਨੇ ਪੈਂਟਾਗਨ ਦੇ ਦੋ ਅਧਿਕਾਰੀਆਂ ਮੁਤਾਬਕ ਲਿਕਿਆ ਕਿ ਘਟਨਾ ਇੱਕ ਹਾਦਸਾ ਸੀ।

ਉਨ੍ਹਾਂ ਮੁਤਾਬਕ ਸ਼ਾਇਦ ਈਰਾਨ ਦੇ ਐਂਟੀ-ਏਅਰਕਰਾਫ਼ਟ ਪ੍ਰਣਾਲੀਆਂ ਇਸ ਵੱਲੋਂ ਅਮਰੀਕੀ ਅੱਡਿਆਂ ਤੇ ਕੀਤੇ ਹਮਲਿਆਂ ਕਾਰਨ ਕਿਰਿਆਸ਼ੀਲ ਸਨ।

ਪੈਂਟਾਗਨ ਨੇ ਇਸ ਬਾਰੇ ਕੋਈ ਅਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਹੈ।

ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਇਸ ਬਾਰੇ ਪ੍ਰਤੀਕਿਰਿਆ ਜਾਨਣੀ ਚਾਹੀ ਤਾਂ ਉਨ੍ਹਾਂ ਕਿਹਾ, "ਮੇਰੇ ਕੁਝ ਸ਼ੱਕ ਹਨ। ਜਦੋਂ ਮੈਂ ਦੇਖਾਂ ਹਾਂ ਤਾਂ ਇਹ ਦੁਖਦਾਈ ਹੈ ਪਰ ਦੂਜੇ ਪਾਸੇ ਸ਼ਾਇਦ ਕਿਸੇ ਨੇ ਕੋਈ ਕੁਤਾਹੀ ਕੀਤੀ ਹੋਵੇ।"

ਯੂਕਰੇਨ ਦੇ ਸੁਰੱਖਿਆ ਤੇ ਰੱਖਿਆ ਕਾਊਂਸਲ ਦੇ ਸਕੱਤਰ ਔਲੈਕਸੀ ਡੈਨੀਲੋਵ ਨੇ ਵੀਰਵਾਰ ਨੂੰ ਆਪਣੀ ਫੇਸਬੁੱਕ ਪੋਸਟ ਵਿੱਚ ਲਿਖਿਆ ਕਿ ਘਟਨਾ ਦੇ ਤਿੰਨ ਹੋਰ ਸੰਭਾਵੀ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਸੀ:

  • ਹਵਾ-ਵਿੱਚ ਕਿਸੇ ਡਰੋਨ ਜਾਂ ਕਿਸੇ ਹੋਰ ਉੱਡ ਰਹੀ ਵਸਤੂ ਨਾਲ ਟੱਕਰ
  • ਇੰਜਨ ਦੀ ਖ਼ਰਾਬੀ/ ਤਕਨੀਕੀ ਕਾਰਨਾਂ ਕਰਕੇ ਧਮਾਕਾ
  • ਅੱਤਵਾਦੀ ਹਮਲੇ ਕਾਰਨ ਧਮਾਕਾ

ਡੈਨੀਲੋਵ ਨੇ ਕਿਹਾ ਕਿ ਈਰਾਨ ਵਿੱਚ ਮੌਜੂਦ ਉਨ੍ਹਾਂ ਦੇ ਜਾਂਚ ਅਫ਼ਸਰਾਂ ਨੇ ਹਦਸੇ ਵਾਲੀ ਥਾਂ ਤੇ ਸੰਭਾਵਿਤ ਮਲਵੇ ਦੀ ਭਾਲ ਕਰਨਾ ਚਾਹੁੰਦੇ ਸਨ। ਈਰਾਨ ਕੋਲ ਰੂਸ ਦੀ ਟੋਰ ਮਿਜ਼ਾਈਲ ਪ੍ਰਣਾਲੀ ਹੈ।

ਈਰਾਨ ਦੀ ਪ੍ਰਤੀਕਿਰਿਆ

ਈਰਾਨ ਦੀ ਸਿਵਲ ਏਵੀਏਸ਼ਨ ਔਰਗਨਾਈਜ਼ੇਸ਼ਨ ਦੇ ਮੁੱਖੀ ਅਲੀ ਅਬੇਦਜ਼ਦਾਹ ਨੇ ਦੱਸਿਆ: " ਜਹਾਜ਼ ਜਿਸ ਨੇ ਸ਼ੁਰੂ ਵਿੱਚ ਹਵਾਈ ਅੱਡੇ ਦੇ ਖੇਤਰ ਵਿੱਚੋਂ ਨਿਕਲਣ ਲਈ ਪੱਛਮ ਵੱਲ ਜਾ ਰਿਹਾ ਸੀ, ਉਹ ਇੱਕ ਸਮੱਸਿਆ ਤੋਂ ਬਾਅਦ ਸੱਜੇ ਮੁੜਿਆ ਤੇ ਹਾਦਸੇ ਸਮੇਂ ਹਵਾਈ ਅੱਡੇ ਵੱਲ ਵਾਪਸ ਜਾ ਰਿਹਾ ਸੀ।"

ਉਨ੍ਹਾਂ ਅੱਗੇ ਦੱਸਿਆਂ ਕਿ ਚਸ਼ਮਦੀਦਾਂ ਨੇ ਜਹਾਜ਼ ਦੇ ਡਿੱਗਣ ਤੋਂ ਪਹਿਲਾਂ ਸੜਦਿਆਂ ਦੇਖਿਆ ਸੀ ਤੇ ਪਾਇਲਟ ਨੇ ਖੁਮੈਨੀ ਹਵਾਈ ਅੱਡੇ ਵੱਲ ਮੁੜਨ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਕੋਈ ਕਾਲ ਨਹੀਂ ਕੀਤੀ।

"ਵਿਗਿਆਨਕ ਤੌਰ 'ਤੇ, ਇਹ ਸੰਭਵ ਹੀ ਨਹੀਂ ਹੈ ਕਿ ਕਿਸੇ ਈਰਾਨੀ ਮਿਜ਼ਾਈਲ ਨੇ ਜਹਾਜ਼ ਵਿੱਚ ਟੱਕਰ ਮਾਰੀ ਹੋਵੇ ਇਹ ਸਭ ਅਫ਼ਵਾਹਾਂ ਤਰਕਹੀਣ ਹਨ।"

ਸਰਾਕਾਰੀ ਬੁਲਾਰੇ ਅਲੀ ਰਬੇਈ ਨੇ ਇਨ੍ਹਾਂ ਖ਼ਬਰਾਂ ਨੂੰ "ਮਨੋਵਿਗਿਆਨਕ ਜੰਗ" ਦੱਸਿਆ।

ਜਿਨ੍ਹਾਂ ਵੀ ਮੁਲਕਾਂ ਦੇ ਨਾਗਰਿਕ ਉਸ ਜਹਾਜ਼ ਵਿੱਚ ਸਵਾਰ ਸਨ। ਉਹ ਆਪਣੇ ਨੁਮਾਇੰਦੇ ਭੇਜ ਸਕਦੇ ਹਨ। ਅਸੀਂ ਬੋਇੰਗ ਨੂੰ ਵੀ ਬਲੈਕ ਬਾਕਸ ਦੀ ਜਾਂਚ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਹਾਂ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)