You’re viewing a text-only version of this website that uses less data. View the main version of the website including all images and videos.
ਐਮੇਜ਼ੌਨ ਚੀਜ਼ਾਂ ਸਸਤੀਆਂ ਵੇਚੇ ਤਾਂ ਇਨ੍ਹਾਂ ਲੋਕਾਂ ਨੂੰ ਤਕਲੀਫ਼: ਜਾਣੋ ਕਾਹਨੂੰ
ਵੱਡੇ-ਵੱਡੇ ਡਿਸਕਾਊਂਟ ਦੇ ਕੇ, ‘ਸੇਲ’ ਲਾ ਕੇ, ਸਸਤੀਆਂ ਕੀਮਤਾਂ ਦੱਸ ਕੇ ਲੋਕਾਂ ਨੂੰ ਖ਼ਰੀਦਦਾਰੀ ਲਈ ਆਪਣੇ ਵੱਲ ਖਿੱਚਣ ਦੀਆਂ ਕੋਸ਼ਿਸ਼ਾਂ ਕਰਨ ਵਾਲੀਆਂ ਸ਼ੌਪਿੰਗ ਵੈੱਬਸਾਈਟਾਂ ਖ਼ਿਲਾਫ਼ ਆਵਾਜ਼ ਉੱਠਣ ਲੱਗੀ ਹੈ।
ਆਵਾਜ਼ ਚੁੱਕਣ ਵਾਲਿਆਂ ਦਾ ਕਹਿਣਾ ਹੈ ਕਿ ਇਸ ਨਾਲ ਸਮਾਜ ਵਿੱਚ ਉਪਭੋਗਤਾਵਾਦ ਵਧਦਾ ਹੈ ਤੇ ਅਜਿਹੀਆਂ ਸੇਲਾਂ ਤੋਂ ਕੀਤੀ ‘ਅੰਨ੍ਹੀ ਖ਼ਰੀਦਦਾਰੀ’ ਦਾ ਵਾਤਾਵਰਣ 'ਤੇ ਬੁਰਾ ਅਸਰ ਪੈਂਦਾ ਹੈ।
ਫਰਾਂਸ ਭਰ ਵਿੱਚ ਈ-ਮਾਰਕਿਟਿੰਗ ਕੰਪਨੀ ਐਮੇਜ਼ੋਨ ਖ਼ਿਲਾਫ਼ ਮੁਜ਼ਾਹਰੇ ਕੀਤੇ ਗਏ। ਉਹ ‘ਬਲੈਕ ਫਰਾਈਡੇਅ’ ਮੌਕੇ ਦਿੱਤੀਆਂ ਜਾਣ ਵਾਲੀਆਂ ਵੱਡੀਆਂ ਛੂਟਾਂ ਦਾ ਵਿਰੋਧ ਕਰ ਰਹੇ ਸਨ।
ਰਾਜਧਾਨੀ ਪੈਰਿਸ ’ਚ ਕੰਪਨੀ ਦੇ ਦਫ਼ਤਰ ਦੇ ਬਾਹਰ ਦਰਜਣਾਂ ਮੁਜ਼ਾਹਰਾਕਾਰੀਆਂ ਨੇ ਮਨੁੱਖੀ ਲੜੀ ਬਣਾਈ। ਸ਼ਹਿਰ ਦੀ ਦੰਗਾ-ਰੋਕੂ ਪੁਲਿਸ ਨੇ ਮੁਜ਼ਾਹਰਾਕਾਰੀਆਂ ਨਾਲ ਖਿੱਚ-ਧੂਹ ਵੀ ਕੀਤੀ।
ਇਹ ਵੀ ਪੜ੍ਹੋ:
‘ਬਲੈਕ ਫਰਾਈਡੇਅ’ ਨੂੰ ਅਮਰੀਕਾ ਸਮੇਤ ਕਈ ਦੇਸ਼ਾਂ ਵਿੱਚ ਵੱਡੀਆਂ ਦੁਕਾਨਾਂ ਖ਼ਰੀਦਦਾਰੀ ਤੇ ਵੱਡੀਆਂ ਛੂਟਾਂ ਦਿੰਦੀਆਂ ਹਨ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਈ-ਮਾਕਿਟਿੰਗ ਕੰਪਨੀਆਂ ਭਾਰਤ ਵਿੱਚ ਦਿਵਾਲੀ ਦੇ ਦਿਨਾਂ ਵਿੱਚ ਬਹੁਤ ਜ਼ਿਆਦਾ ਛੂਟ ਦਿੰਦੀਆਂ ਹਨ ਤੇ ਬਹੁਤ ਜ਼ਿਆਦਾ ਵਿਕਰੀ ਕਰਦੀਆਂ ਹਨ।
ਅਮਰੀਕਾ ਵਿੱਚ ਸ਼ੁਰੂ ਹੋਇਆ 'ਬਲੈਕ ਫਰਾਈਡੇਅ' ਦਾ ਰਿਵਾਜ਼ ਕ੍ਰਿਸਮਿਸ ਆਉਣ ਤੋਂ ਪਹਿਲਾਂ ਖੁੱਲ੍ਹ ਕੇ ਖਰੀਦਦਾਰੀ ਦਾ ਸਬੱਬ ਹੈ। ਇਹ ਥੈਂਕਸ-ਗਿਵਿੰਗ (ਧੰਨਵਾਦ ਦਿਹਾੜੇ) ਨਾਂ ਦੇ ਤਿਉਹਾਰ ਤੋਂ ਅਗਲੇ ਦਿਨ ਪੈਂਦਾ ਹੈ ਅਤੇ ਇਸ ਸਾਲ 29 ਨਵੰਬਰ ਨੂੰ ਸੀ।
ਇਨ੍ਹਾਂ ਮੁਜ਼ਾਹਰਿਆਂ ਬਾਰੇ ਐਮੇਜ਼ੌਨ ਕੰਪਨੀ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਕਰਨ ਦੇ ਹੱਕ ਦਾ ਸਤਿਕਾਰ ਹੈ ਪਰ ਕੰਪਨੀ “ਇਨ੍ਹਾਂ ਲੋਕਾਂ ਦੇ ਕੰਮ” ਨਾਲ ਇਤਿਫ਼ਾਕ ਨਹੀਂ ਰੱਖਦੀ।
ਐਮੇਜ਼ੌਨ ਖ਼ਿਲਾਫ਼ ਹੋਰ ਯੂਰਪੀ ਦੇਸ਼ਾਂ ਵਿੱਚ ਵੀ ਅਜਿਹੇ ਹੀ ਪ੍ਰਦਰਸ਼ਨ ਹੋਏ। ਜਰਮਨੀ ਵਿੱਚ ਕੰਪਨੀ ਦੇ ਛੇ ਸੈਂਟਰਾਂ ਦੇ ਕਰਮਚਾਰੀਆਂ ਨੇ ਭੱਤਿਆਂ ਤੇ ਸੇਵਾ ਸ਼ਰਤਾਂ ਦੇ ਖ਼ਿਲਾਫ਼ ਵਾਕ-ਆਊਟ ਕੀਤਾ।
ਕਾਮਿਆਂ ਦੀ ਯੂਨੀਅਨ ਦਾ ਕਹਿਣਾ ਹੈ ਕਿ ਉਸ ਦੇ ਮੈਂਬਰਾਂ ਦੀ ਸਖ਼ਤ ਮਿਹਨਤ ਨੂੰ ਤੁੱਛ ਮਿਹਨਤਾਨੇ 'ਤੇ ਨਹੀਂ ਖ਼ਰੀਦਿਆ ਜਾ ਸਕਦਾ।
ਫਰਾਂਸ ਦੇ ਕੁਝ ਕਾਨੂੰਨਸਾਜ਼ ‘ਬਲੈਕ ਫਰਾਈਡੇਅ’ ’ਤੇ ਪਾਬੰਦੀ ਲਾਉਣ ਦੀ ਮੰਗ ਕਰ ਰਹੇ ਹਨ।
ਪ੍ਰਦਰਸ਼ਨਕਾਰੀਆਂ ਨੇ ਐਮੇਜ਼ੌਨ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ?
ਵਾਤਾਵਰਣ ਪ੍ਰੇਮੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ ਵਿੱਚ ਕੰਪਨੀ ਡਿਲੀਵਰੀ ਸੇਵਾ ਤੇਜ਼ ਕਰ ਦਿੰਦੀ ਹੈ ਜਿਸ ਕਾਰਨ ਵਾਤਾਵਰਣਿਕ ਤਬਦੀਲੀ ਪ੍ਰਭਾਵਿਤ ਹੁੰਦੀ ਹੈ। ਕਾਰਗੋ ਜਹਾਜ਼ਾਂ ਦੀ ਵਰਤੋਂ ਹੁੰਦੀ ਹੈ ਜਿਸ ਨਾਲ ਗ੍ਰੀਨ-ਹਾਊਸ ਗੈਸਾਂ ਦੀ ਮਾਤਰਾ ਵਾਤਾਵਰਣ ਵਿੱਚ ਵਧਦੀ ਹੈ।
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਐਮੇਜ਼ੌਨ ਹਰ ਸਾਲ 10 ਅਰਬ ਪਾਰਸਲ ਇੱਧਰੋਂ-ਉੱਧਰ ਭੇਜਦੀ ਹੈ।
ਆਪਣੇ ਕਾਰੋਬਾਰ ਦੇ ਵਾਤਾਵਰਣ ’ਤੇ ਪੈ ਰਹੇ ਬੁਰੇ ਅਸਰ ਨੂੰ ਘਟਾਉਣ ਲਈ ਕੰਪਨੀ ਨੇ 2040 ਤੱਕ ਬਿਜਲੀ ਨਾਲ ਚੱਲਣ ਵਾਲੇ ਡਿਲੀਵਰੀ ਵਾਹਨਾਂ ਉੱਪਰ ਨਿਵੇਸ਼ ਕਰਨ ਦੀ ਗੱਲ ਆਖੀ ਹੈ।
ਇਹ ਵੀ ਪੜ੍ਹੋ:
ਮੁਜ਼ਾਹਰੇ ਕਿੱਥੇ-ਕਿੱਥੇ ਹੋ ਰਹੇ ਹਨ?
ਫ਼ਰਾਂਸ ਵਿੱਚ ਪਹਿਲਾ ਮੁਜ਼ਾਹਰਾ ਵੀਰਵਾਰ ਨੂੰ ਹੋਇਆ। ਜਿਸ ਵਿੱਚ ਦਰਜਣਾਂ ਮੁਜ਼ਾਹਰਾਕਾਰੀਆਂ ਨੇ ਐਮੇਜ਼ੌਨ ਦੇ ਡੀਪੋ ਦੇ ਬਾਹਰ ਮਨੁੱਖੀ ਲੜੀ ਬਣਾਈ ਤੇ ਤੂੜੀ ਤੇ ਲੰਮਿਆਂ ਪੈ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਨੇ ਡੀਪੋ ਦੇ ਬਾਹਰ ਪੁਰਾਣੀਆਂ ਫਰਿੱਜਾਂ ਤੇ ਮਾਈਕਰੋਵੇਵ ਸੁੱਟੇ।
ਕੀ ਫਰਾਂਸੀਸੀ ਕਾਨੂੰਨਸਾਜ਼ ਬਲੈਕ ਫਰਾਈਡੇਅ ਤੇ ਪਾਬੰਦੀ ਲਾਉਣਗੇ?
ਕੁਝ ਐੱਮਪੀ ਵਾਤਾਵਰਣ ਨਾਲ ਜੁੜੀਆਂ ਚਿੰਤਾਂਵਾਂ ਦਾ ਹਵਾਲਾ ਦੇ ਕੇ ਅਜਿਹਾ ਕਰਨਾ ਚਾਹੁੰਦੇ ਹਨ।
ਸੋਮਵਾਰ ਨੂੰ ਇੱਕ ਐਂਟੀ-ਵੇਸਟ ਬਿੱਲ ਵਿੱਚ ਸੋਧ ਕਰਕੇ ਉਸ ਵਿੱਚ ਬਲੈਕ ਫਰਾਈਡੇਅ ਤੇ ਪਾਬੰਦੀ ਲਾਉਣ ਦੀ ਤਜ਼ਵੀਜ਼ ਸ਼ਾਮਲ ਕੀਤੀ ਗਈ। ਫਰਾਂਸ ਦੇ ਸਾਬਕਾ ਵਾਤਾਵਰਣ ਮੰਤਰੀ ਵੱਲੋਂ ਪੇਸ਼ ਕੀਤੇ ਬਿੱਲ ’ਤੇ ਸੰਸਦ ਦੇ ਹੇਠਲੇ ਸਦਨ ਵਿੱਚ ਅਗਲੇ ਮਹੀਨੇ ਬਹਿਸ ਹੋਵੇਗੀ।
ਰਾਸ਼ਟਰਪਤੀ ਇਮੈਨੂਅਲ ਮੈਕਰੋਂ ਦੀ ਪਾਰਟੀ ਦੇ ਸਾਬਕਾ ਮੈਂਬਰ ਨੇ ਕਿਹਾ, "ਬਲੈਕ ਫਰਾਈਡੇਅ ਉਪਭੋਗ ਦੇ ਅਜਿਹੇ ਮਾਡਲ ਦੀ ਪੈਰਵੀ ਕਰਦਾ ਹੈ ਜੋ ਵਾਤਾਵਰਣ- ਤੇ ਸਮਾਜ-ਵਿਰੋਧੀ ਹੈ।"
ਪੈਰਿਸ ਦੇ ਮੇਅਰ ਵਾਤਾਵਰਣ ਦੇ ਬਚਾਅ ਲਈ ਨਵੀਂ ਸਕੀਮ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਦਾ ਵਿਚਾਰ ਡਿਲੀਵਰੀਆਂ ’ਤੇ ਟੈਕਸ ਲਾਉਣ ਦਾ ਹੈ ਤਾਂ ਕਿ ਐਮੇਜ਼ੌਨ ਤੇ ਹੋਰ ਕੰਪਨੀਆਂ ਕਾਰਨ ਲੱਗਣ ਵਾਲੇ ਟਰੈਫ਼ਿਕ ਜਾਮ ਅਤੇ ਪ੍ਰਦੂਸ਼ਣ ਵਿੱਚ ਕਮੀ ਲਿਆਂਦੀ ਜਾ ਸਕੇ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: