You’re viewing a text-only version of this website that uses less data. View the main version of the website including all images and videos.
ਇਸ ਪੰਜਾਬਣ ਦੀ ਪੂਰੇ ਪਾਕਿਸਤਾਨ ’ਚ ਚਰਚਾ
- ਲੇਖਕ, ਅਜ਼ੀਜੁੱਲਾ ਖ਼ਾਨ
- ਰੋਲ, ਪੇਸ਼ਾਵਰ ਤੋਂ ਬੀਬੀਸੀ ਪੱਤਰਕਾਰ
ਪਾਕਿਸਤਾਨ ਦੇ ਕੱਟੜਵਾਦ ਤੋਂ ਪ੍ਰਭਾਵਿਤ ਸਵਾਤ ਜ਼ਿਲ੍ਹੇ ਵਿੱਚ ਇੱਕ ਔਰਤ ਹਿਨਾ ਮੁਨੱਵਰ ਨੂੰ ਪਹਿਲੀ ਵਾਰ ਫਰੰਟੀਅਰ ਕਾਂਸਟੇਬੁਲਰੀ ਵਿੱਚ ਜ਼ਿਲ੍ਹਾ ਅਧਿਕਾਰੀ ਵਜੋਂ ਤਾਇਨਾਤ ਕੀਤਾ ਗਿਆ ਹੈ।
ਹਿਨਾ ਮੁਨੱਵਰ ਕਹਿੰਦੀ ਹੈ ਕਿ ਇੱਕ ਔਰਤ ਵਜੋਂ, ਉਨ੍ਹਾਂ ਨੂੰ ਆਪਣੀ ਡਿਊਟੀ ਨੂੰ ਪੂਰਾ ਕਰਨ ਵਿੱਚ ਕੋਈ ਔਖ ਨਹੀਂ ਦਿਸਦੀ ਹੈ। ਭਾਵੇਂ ਉਨ੍ਹਾਂ ਨੂੰ ਫੀਲਡ 'ਚ ਜਾਣਾ ਹੋਵੇ ਜਾਂ ਦਫ਼ਤਰ 'ਚ ਕੰਮ ਕਰਨਾ ਹੋਵੇ।
ਪੰਜਾਬ ਦੇ ਸ਼ਹਿਰ ਫ਼ੈਸਲਾਬਾਦ ਦੀ ਹਿਨਾ ਮੁਨੱਵਰ ਦਾ ਕਹਿਣਾ ਹੈ ਕਿ ਫਰੰਟੀਅਰ ਕਾਂਸਟੇਬੁਲਰੀ ਸਵਾਤ ਵਿੱਚ ਨਿਯੁਕਤ ਕੀਤਾ ਜਾਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਉਹ ਇਲਾਕੇ ਦੀ ਬਿਹਤਰੀ ਲਈ ਬਹੁਤ ਕੁਝ ਕਰ ਸਕਦੀ ਹੈ।
ਪਾਕਿਸਤਾਨ ਵਿੱਚ ਸੀਐੱਸਐੱਸ ਪ੍ਰੀਖਿਆ ਪਾਸ ਕਰਨ ਤੋਂ ਬਾਅਦ, ਪੁਲਿਸ ਸੇਵਾ ਵਿੱਚ ਤਾਇਨਾਤ 7 ਔਰਤਾਂ ਨੂੰ ਇੱਕ ਸਾਲ ਲਈ ਫਰੰਟੀਅਰ ਕਾਂਸਟੇਬੁਲਰੀ 'ਚ ਤਾਇਨਾਤ ਕੀਤਾ ਜਾਵੇਗਾ।
ਉਨ੍ਹਾਂ ਵਿਚੋਂ ਦੋ ਖ਼ੈਬਰ ਪਖ਼ਤੂਨਖਵਾਂ, 4 ਨੂੰ ਇਸਲਾਮਾਬਾਦ ਅਤੇ ਇੱਕ ਨੂੰ ਗਿਲਗਿਤ 'ਚ ਤਾਇਨਾਤ ਕੀਤਾ ਗਿਆ ਹੈ।
ਇਨ੍ਹਾਂ ਔਰਤਾਂ ਦੀ ਰੈਂਕ ਮੁੱਖ ਤੌਰ 'ਤੇ ਏਐੱਸਪੀ ਦੀ ਹੈ ਪਰ ਫਰੰਟੀਅਰ ਕਾਂਸਟੇਬੁਲਰੀ ਵਿੱਚ ਇਨ੍ਹਾਂ ਨੂੰ ਏਡੀਓ ਜਾਂ ਸਹਾਇਕ ਜ਼ਿਲ੍ਹਾ ਅਧਿਕਾਰੀ ਕਿਹਾ ਜਾਂਦਾ ਹੈ।
ਹਿਨਾ ਮੁਨੱਵਰ ਨੇ ਆਪਣੀ ਐੱਮਫਿਲ ਦੀ ਡਿਗਰੀ ਡੈਵਲਪਮੈਂਟ ਇਕੋਨਾਮਿਕਸ ਵਿੱਚ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਸੀਐੱਸਐੱਸ ਦੀ ਪ੍ਰੀਖਿਆ ਪਾਸ ਕੀਤੀ ਅਤੇ ਪੁਲਿਸ ਸੇਵਾ ਨੂੰ ਪਹਿਲ ਦਿੱਤੀ ਅਤੇ ਉਨ੍ਹਾਂ ਨੂੰ ਪਾਕਿਸਤਾਨ ਦੀ ਪੁਲਿਸ ਸੇਵਾ (ਪੀਪੀਐੱਸ) 'ਚ ਅਧਿਕਾਰੀ ਨਿਯੁਕਤ ਕੀਤਾ ਗਿਆ।
ਉਨ੍ਹਾਂ ਨੇ ਕਿਹਾ ਹੈ ਕਿ ਖ਼ੁਸ਼ ਹੈ ਕਿ ਜ਼ਿਲ੍ਹੇ ਵਿੱਚ ਪੀਪੀਐੱਸ ਦੀ ਅਗਵਾਈ ਕਰਨ ਵਾਲੀ ਉਹ ਪਹਿਲੀ ਔਰਤ ਅਧਿਕਾਰੀ ਹੈ।
ਹਿਨਾ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਇੱਕ ਔਰਤ ਵਜੋਂ ਉਨ੍ਹਾਂ ਨੂੰ ਮਹਿਸੂਸ ਨਹੀਂ ਹੋਇਆ ਕਿ ਉਨ੍ਹਾਂ ਨੂੰ ਇਸ ਭੂਮਿਕਾ 'ਚ ਕੋਈ ਔਖ ਨਹੀਂ ਆ ਸਕਦੀ ਹੈ ਕਿਉਂਕਿ ਉਹ ਆਪਣੀ ਖ਼ੁਸ਼ੀ ਅਤੇ ਇੱਛਾ ਨਾਲ ਇਸ ਇਲਾਕੇ ਵਿੱਚ ਆਈ ਸੀ।
ਇਹ ਵੀ ਪੜ੍ਹੋ-
ਫਰੰਟੀਅਰ ਕਾਂਸਟੇਬੁਲਰੀ ਵਿੱਚ ਇੱਕ ਵੀ ਔਰਤ ਨਹੀਂ
ਉਨ੍ਹਾਂ ਨੇ ਕਿਹਾ ਹੈ ਕਿ ਆਪਣੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਦੇ ਨਾਲ ਸਵਾਤ ਵਿੱਚ ਫਰੰਟੀਅਰ ਕਾਂਸਟੇਬੁਲਰੀ ਦੇ ਸੈਨਿਕਾਂ ਦੀ ਭਲਾਈ ਲਈ ਕੁਝ ਬਿਹਤਰ ਕਰੇਗੀ।
ਉਨ੍ਹਾਂ ਮੁਤਾਬਕ ਸੁਰੱਖਿਆ ਦੀ ਸਥਾਪਨਾ ਤੇ ਉਸ ਨੂੰ ਬਿਹਤਰ ਕਰਨਾ ਅਤੇ ਅਨੁਸ਼ਾਸਨ ਕਾਇਮ ਰੱਖਣਾ ਉਨ੍ਹਾਂ ਦੀ ਪ੍ਰਾਥਮਿਕਤਾਵਾਂ ਵਿੱਚ ਹੋਵੇਗਾ।
ਇੱਕ ਸਵਾਲ ਦੇ ਜਵਾਬ ਵਿੱਚ ਹਿਨਾ ਮੁਨੱਵਰ ਨੇ ਕਿਹਾ ਕਿ ਪਾਕਿਸਤਾਨ ਕੱਟੜਪੰਥੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਸੀ ਅਤੇ ਸਵਾਤ ਵਿੱਚ ਹਾਲਾਤ ਬੇਹੱਦ ਤਣਾਅ ਵਾਲੇ ਸਨ ਪਰ ਹੁਣ ਹਾਲਾਤ 'ਚ ਸੁਧਾਰ ਹੋਇਆ ਹੈ ਅਤੇ ਆਸ ਹੈ ਕਿ ਅੱਗੇ ਵੀ ਸੁਧਾਰ ਹੋਵੇਗਾ।
ਹਿਨਾ ਵਿਆਹੀ ਹੋਈ ਅਤੇ ਇੱਕ ਬੱਚੀ ਦੀ ਮਾਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੇਸ਼ੇ ਦੀਆਂ ਆਪਣੀਆਂ ਲੋੜਾਂ ਹਨ।
ਇਨ੍ਹਾਂ ਦੇ ਨਾਲ ਹੀ ਆਪਣੇ ਘਰ-ਪਰਿਵਾਰ ਵਿੱਚ ਸੰਤੁਲਨ ਕਰਨਾ ਹੈ ਤਾਂ ਜੋ ਕੋਈ ਵੀ ਪ੍ਰਭਾਵਿਤ ਨਾ ਹੋਵੇ ਅਤੇ ਇਸ ਨੂੰ ਸੰਤੁਲਿਤ ਕਰਨਾ ਇੱਕ ਚੁਣੌਤੀ ਵਾਂਗ ਹੈ।
ਫਰੰਟੀਅਰ ਕਾਂਸਟੇਬੁਲਰੀ 'ਚ ਡਿਪਟੀ ਕਮਾਂਡੈਂਟ ਅਤੇ ਪੁਲਿਸ ਵਿੱਚ ਵਧੀਕ ਇੰਸਪੈਕਟਰ ਜਨਰਲ ਵਜੋਂ ਰਿਟਾਇਰਡ ਅਧਿਕਾਰੀ ਰਹਿਮਤ ਖ਼ਾਨ ਵਜ਼ੀਰ ਨੇ ਬੀਬੀਸੀ ਨੂੰ ਦੱਸਿਆ ਕਿ ਫਰੰਟੀਅਰ ਕਾਂਸਟੇਬੁਲਰੀ ਇੱਕ ਰਵਾਇਤੀ ਪੁਲਿਸ ਬਲ ਰਿਹਾ ਹੈ, ਜਿਸ ਦਾ ਮੁੱਖ ਕਾਰਜ ਕਬੀਲਿਆਂ ਅਤੇ ਸ਼ਰਨਾਰਥੀ ਬਸਤੀਆਂ ਵਿਚਾਲੇ ਸੀਮਾ ਦੀ ਨਿਗਰਾਨੀ ਕਰਨਾ ਸੀ ਪਰ ਹੁਣ ਵੱਡੇ ਬਦਲਾਅ ਕੀਤੇ ਜਾ ਰਹੇ ਹਨ।
ਕੱਟੜਪੰਥੀ ਘਟਨਾਵਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਇਲਾਕਾ
ਖ਼ਾਨ ਨੇ ਕਿਹਾ ਕਿ ਫਰੰਟੀਅਰ ਕਾਂਸਟੇਬੁਲਰੀ ਵਿੱਚ ਔਰਤਾਂ ਦੇ ਉੱਚ ਅਹੁਦਿਆਂ 'ਤੇ ਆਉਣ ਨਾਲ ਇਸ ਦੀ ਕਾਰਜਸ਼ੈਲੀ ਵਿੱਚ ਸੁਧਾਰ ਹੋਣ ਦੀ ਆਸ ਹੈ।
ਉਨ੍ਹਾਂ ਮੁਤਾਬਕ, ਔਰਤਾਂ ਕਰਮਚਾਰੀ ਰਿਕਾਰਡ ਅਤੇ ਤਨਖ਼ਾਹ ਰਿਕਾਰਡ ਤੋਂ ਇਲਾਵਾ ਫਰੰਟੀਅਰ ਕਾਂਸਟੇਬੁਲਰੀ ਵਿੱਚ ਦਫ਼ਤਰੀ ਕਾਰਜਾਂ ਨੂੰ ਬਿਹਤਰ ਢੰਗ ਨਾਲ ਕਰ ਸਕਦੀਆਂ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਐੱਫਸੀ ਵਿੱਚ ਕੋਈ ਔਰਤ ਸਿਪਾਹੀ ਨਹੀਂ ਹੈ, ਪਰ ਹੁਣ ਔਰਤਾਂ ਅਧਿਕਾਰੀ ਵੱਡੀ ਗਿਣਤੀ ਵਿੱਚ ਆ ਰਹੀਆਂ ਹਨ ਅਤੇ ਕਿਉਂਕਿ ਪੁਲਿਸ ਦੀ ਡਿਊਟੀ ਹੈ, ਇਸ ਲਈ ਐਮਰਜੈਂਸੀ ਹਾਲਾਤ ਵਿੱਚ ਔਰਤਾਂ ਨੂੰ ਭਾਰੀ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਪੈਂਦਾ ਹੈ।
ਪਿਛਲੇ ਕੁਝ ਸਮੇਂ ਤੋਂ ਸਵਾਤ ਸਣੇ ਖ਼ੈਬਰ ਪਖ਼ਤੂਨਖਵਾਂ ਦੇ ਵਧੇਰੇ ਜ਼ਿਲ੍ਹੇ ਕੱਟੜਪੰਥੀ ਘਟਨਾਵਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਰਹੇ ਹਨ।
ਕੱਟੜਪੰਥ ਦੇ ਖ਼ਿਲਾਫ਼ ਯੁੱਧ ਦੌਰਾਨ, ਨਾਗਰਿਕਾਂ ਅਤੇ ਹੋਰਨਾਂ ਸੈਨਾ ਦੇ ਕਰਮੀਆਂ ਅਤੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਚਾਰ ਫਰੰਟੀਅਰ ਕਾਂਸਟੇਬੁਲਰੀ ਪੁਲਿਸ ਅਧਿਕਾਰੀਆਂ ਸਣੇ ਕੁੱਲ 360 ਜਵਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਫਰੰਟੀਅਰ ਕਾਂਸਟੇਬੁਲਰੀ ਦੀ ਸਥਾਪਨਾ 1915 ਵਿੱਚ ਸਰਹੱਦ ਮਿਲਟਰੀ ਪੁਲਿਸ ਅਤੇ ਸਮਾਨਾ ਰਾਈਫਲ ਦੇ ਏਕੀਕਰਨ ਦੇ ਨਾਲ ਕੀਤੀ ਗਈ ਸੀ। ਅੰਗਰੇਜ਼ਾਂ ਦੇ ਵੇਲੇ ਇਨ੍ਹਾਂ ਬਲਾਂ ਦਾ ਕੰਮ ਸਰਹੱਦ ਦੀ ਰੱਖਿਆ ਕਰਨਾ ਸੀ।
ਇਸ ਬਲ ਨੂੰ ਮੁੱਖ ਤੌਰ 'ਤੇ ਖ਼ੈਬਰ ਪਖਤੂਨਖਵਾਂ ਦੀ ਸੀਮਾ ਨਾਲ ਲੱਗੇ ਕਬਾਇਲੀ ਇਲਾਕਿਆਂ ਦੀ ਰੱਖਿਆ ਲਈ ਬਣਾਇਆ ਗਿਆ ਸੀ, ਪਰ ਇਨ੍ਹਾਂ ਨੂੰ ਪਾਕਿਸਤਾਨ ਦੇ ਵਿਭਿੰਨ ਹਿੱਸਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ-
ਇਹ ਵੀਡੀਓ ਜ਼ਰੂਰ ਦੇਖੋ