ਇਸ ਸਾਫਟਵੇਅਰ ਨਾਲ ਪਤੀ-ਪਤਨੀ ਕਰ ਰਹੇ ਨੇ ਇੱਕ-ਦੂਜੇ ਦੀ ਜਾਸੂਸੀ

    • ਲੇਖਕ, ਜੋ ਟਾਇਡੀ
    • ਰੋਲ, ਬੀਬੀਸੀ ਸਾਈਬਰ ਸਿਕਿਓਰਿਟੀ ਪੱਤਰਕਾਰ

ਐਮੀ ਨੇ ਦੱਸਿਆ ਹੈ ਕਿ ਇਹ ਉਸ ਵੇਲੇ ਸ਼ੁਰੂ ਹੋਇਆ, ਜਦੋਂ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਦੇ ਪਤੀ ਨੂੰ ਉਨ੍ਹਾਂ ਦੇ ਦੋਸਤਾਂ ਬਾਰੇ ਕਈ ਨਿੱਜੀ ਗੱਲਾਂ ਪਤਾ ਹਨ।

ਐਮੀ ਦੱਸਦੀ ਹੈ, "ਮੈਂ ਹੈਰਾਨ ਹੋ ਜਾਂਦੀ ਸੀ ਕਿ ਉਨ੍ਹਾਂ ਨੂੰ ਕਈ ਅਜਿਹੀਆਂ ਗੱਲਾਂ ਪਤਾ ਹਨ, ਜੋ ਬਹੁਤ ਹੀ ਨਿੱਜੀ ਸਨ। ਉਨ੍ਹਾਂ ਨੂੰ ਪਤਾ ਸੀ ਕਿ ਸਾਰਾ ਦਾ ਇੱਕ ਬੱਚਾ ਹੈ, ਜੋ ਸ਼ਾਇਦ ਮੈਨੂੰ ਵੀ ਪਤਾ ਨਹੀਂ ਹੋਣਾ ਚਾਹੀਦਾ ਸੀ।"

ਉਹ ਕਹਿੰਦੀ ਹੈ, "ਜਦੋਂ ਮੈਂ ਉਨ੍ਹਾਂ ਕੋਲੋਂ ਪੁੱਛਦੀ ਸੀ ਕਿ ਤੁਹਾਨੂੰ ਇਹ ਸਭ ਕਿਵੇਂ ਪਤਾ ਹੈ। ਤਾਂ ਉਹ ਕਹਿੰਦੇ ਸਨ ਕਿ ਮੈਂ ਹੀ ਉਨ੍ਹਾਂ ਨੂੰ ਦੱਸਿਆ ਹੈ ਅਤੇ ਮੇਰੇ 'ਤੇ ਇਲਜ਼ਾਮ ਲਗਾਉਂਦੇ ਸਨ ਕਿ ਮੈਂ ਭੁੱਲ ਜਾਂਦੀ ਹਾਂ।"

ਐਮੀ (ਬਦਲਿਆ ਹੋਇਆ ਨਾਮ) ਇਸ ਸੋਚ 'ਚ ਵੀ ਪੈ ਗਈ ਕਿ ਉਨ੍ਹਾਂ ਦੇ ਪਤੀ ਨੂੰ ਹਰ ਵੇਲੇ ਕਿਵੇਂ ਪਤਾ ਹੁੰਦਾ ਹੈ ਕਿ ਉਹ ਕਿੱਥੇ ਹੈ।

"ਕਈ ਵਾਰ ਮੇਰੇ ਪਤੀ ਨੇ ਕਿਹਾ ਕਿ ਉਨ੍ਹਾਂ ਨੇ ਮੈਨੂੰ ਆਪਣੇ ਦੋਸਤਾਂ ਨਾਲ ਇੱਕ ਕੈਫੇ ਵਿੱਚ ਦੇਖਿਆ ਕਿਉਂਕਿ ਉਹ ਉਥੋਂ ਲੰਘ ਰਹੇ ਸਨ। ਮੈਂ ਹਰ ਚੀਜ਼ 'ਤੇ ਸਵਾਲ ਕਰਨ ਲੱਗੀ ਅਤੇ ਕਿਸੇ 'ਤੇ ਭਰੋਸਾ ਨਹੀਂ ਹੋ ਰਿਹਾ ਸੀ। ਮੇਰੇ ਦੋਸਤਾਂ 'ਤੇ ਵੀ ਨਹੀਂ।"

ਇਹ ਵੀ ਪੜ੍ਹੋ-

ਕੁਝ ਮਹੀਨਿਆਂ 'ਚ ਇਹ ਬਹੁਤ ਜ਼ਿਆਦਾ ਹੋਣ ਲੱਗਾ। ਐਮੀ ਪਹਿਲਾਂ ਹੀ ਆਪਣੇ ਵਿਆਹੁਤਾ ਰਿਸ਼ਤੇ 'ਚ ਮੁਸ਼ਕਲਾਂ ਤੋਂ ਲੰਘ ਰਹੀ ਸੀ ਪਰ ਇਨ੍ਹਾਂ ਘਟਨਾਵਾਂ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਇੱਕ-ਬੁਰੇ ਸੁਪਨੇ ਵਾਂਗ ਹੋ ਗਈ ਅਤੇ ਇੱਕ ਫੈਮਿਲੀ ਟ੍ਰਿਪ ਤੋਂ ਬਾਅਦ ਉਨ੍ਹਾਂ ਦਾ ਇਹ ਰਿਸ਼ਤਾ ਖ਼ਤਮ ਹੋ ਗਿਆ।

'ਰੋਜ਼ਾਨਾ ਦੀ ਰਿਪੋਰਟ'

ਐਮੀ ਯਾਦ ਕਰਦੀ ਹੈ, "ਸਾਡਾ ਉਹ ਟ੍ਰਿਪ ਵਧੀਆ ਬਤੀਤ ਹੋ ਰਿਹਾ ਸੀ। ਸਾਡਾ 6 ਸਾਲ ਦਾ ਬੇਟਾ ਖੇਡ ਰਿਹਾ ਸੀ ਅਤੇ ਬਹੁਤ ਖੁਸ਼ ਸੀ।"

"ਮੇਰੇ ਪਤੀ ਨੇ ਫਾਰਮ ਦੀ ਇੱਕ ਤਸਵੀਰ ਖਿੱਚੀ ਸੀ, ਉਹ ਦਿਖਾਉਣ ਲਈ ਉਨ੍ਹਾਂ ਨੇ ਮੈਨੂੰ ਫੋਨ ਦਿੱਤਾ। ਉਸ ਵਿਚਾਲੇ ਉਨ੍ਹਾਂ ਦੇ ਫੋਨ ਦੀ ਸਕਰੀਨ 'ਤੇ ਮੈਂ ਇੱਕ ਅਲਰਟ ਦੇਖਿਆ।"

ਉਸ 'ਤੇ ਲਿਖਿਆ ਸੀ, "ਐਮੀ ਦੇ ਮੈਕ ਦੀ ਡੇਲੀ ਰਿਪੋਰਟ ਤਿਆਰ ਹੈ।"

"ਮੈਂ ਸੁੰਨ ਰਹੀ ਗਈ। ਇੱਕ ਮਿੰਟ ਲਈ ਤਾਂ ਮੇਰੀ ਸਾਹ ਰੁੱਕ ਜਿਹੇ ਗਏ। ਮੈਂ ਖ਼ੁਦ ਨੂੰ ਸੰਭਾਲਿਆ ਅਤੇ ਕਿਹਾ ਕਿ ਮੈਂ ਬਾਥਰੂਮ ਜਾ ਕੇ ਆਉਂਦੀ ਹਾਂ। ਮੈਨੂੰ ਆਪਣੇ ਬੇਟੇ ਕਰਕੇ ਉਥੇ ਰੁਕਣਾ ਪਿਆ ਸੀ ਅਤੇ ਮੈਂ ਇੰਝ ਨਾਟਕ ਕੀਤਾ ਕਿ ਜਿਵੇਂ ਮੈਂ ਕੁਝ ਦੇਖਿਆ ਹੀ ਨਹੀਂ।"

ਐਮੀ ਦੱਸਦੀ ਹੈ, "ਜਿੰਨੀ ਛੇਤੀ ਹੋ ਸਕਿਆ, ਮੈਂ ਕੰਪਿਊਟਰ ਦੀ ਵਰਤੋਂ ਕਰਨ ਲਾਈਬ੍ਰੇਰੀ ਗਈ ਅਤੇ ਜੋ ਸਪਾਈਵੇਅਰ (ਜਾਸੂਸੀ ਕਰਨ ਵਾਲਾ ਸਾਫਟਵੇਅਰ) ਵਰਤਿਆ ਸੀ, ਉਸ ਬਾਰੇ ਪਤਾ ਕੀਤਾ। ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਮਹੀਨਿਆਂ ਤੋਂ ਜਿਸ ਗੱਲ ਨੂੰ ਸੋਚ-ਸੋਚ ਕੇ ਮੈਂ ਪਾਗ਼ਲ ਹੋ ਰਹੀ ਸੀ, ਉਹ ਕੀ ਸੀ।"

ਸਟੌਕਰਵੇਅਰ, ਜਿਸ ਨੂੰ ਸਪਾਊਸਵੇਅਰ ਵੀ ਕਿਹਾ ਜਾਂਦਾ ਹੈ, ਇੱਕ ਸ਼ਕਤੀਸ਼ਾਲੀ ਸਾਫਟਵੇਅਰ ਪ੍ਰੋਗਰਾਮ ਹੈ, ਜਿਸ ਰਾਹੀਂ ਕਿਸੇ 'ਤੇ ਨਿਗਰਾਨੀ ਰੱਖੀ ਜਾ ਸਕਦੀ ਹੈ। ਇਹ ਇੰਟਰਨੈੱਟ ਤੋਂ ਬਹੁਤ ਆਸਾਨੀ ਨਾਲ ਖਰੀਦਿਆ ਜਾ ਸਕਦਾ ਹੈ।

ਇਸ ਸਾਫਟਵੇਅਰ ਰਾਹੀਂ ਕਿਸੇ ਡਿਵਾਇਸ ਦੇ ਸਾਰੇ ਮੈਸੇਜ ਪੜ੍ਹੇ ਜਾ ਸਕਦੇ ਹਨ, ਸਕਰੀਨ ਐਕਟੀਵਿਟੀ ਰਿਕਾਰਡ ਕੀਤੀ ਜਾ ਸਕਦੀ ਹੈ।

ਜੀਪੀਐੱਸ ਲੋਕੇਸ਼ਨ ਟਰੈਕ ਕੀਤੀ ਜਾ ਸਕਦੀ ਹੈ ਅਤੇ ਇਹ ਸਾਫ਼ਵੇਅਰ ਜਾਸੂਸੀ ਲਈ ਕੈਮਰਿਆਂ ਦਾ ਇਸਤੇਮਾਲ ਕਰਦਾ ਹੈ, ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਵਿਅਕਤੀ ਕੀ ਕਰ ਰਿਹਾ ਹੈ।

ਸਾਈਬਰ ਸਿਕਿਓਰਿਟੀ ਕੰਪਨੀ ਕੈਸਪਰਸਕੀ ਮੁਤਾਬਕ, ਪਿਛਲੇ ਸਾਲ ਆਪਣੇ ਡਿਵਾਇਸ 'ਚ ਅਜਿਹਾ ਸਾਫਟਵੇਅਰ ਹੋਣ ਬਾਰੇ 35 ਫੀਸਦ ਲੋਕਾਂ ਨੂੰ ਪਤਾ ਲੱਗਾ।

ਕੈਸਪਰਸਕੀ ਰਿਸਰਚਰ ਕਹਿੰਦੇ ਹਨ ਕਿ ਪ੍ਰੋਟੈਕਸ਼ਨ ਟੈਕਨਾਲਾਜੀ ਨੇ ਇਸ ਸਾਲ ਹੁਣ ਤੱਕ 37,532 ਉਪਕਰਨਾਂ 'ਚ ਸਟੌਕਰਵੇਅਰ ਹੋਣ ਦਾ ਪਤਾ ਲਗਾਇਆ ਹੈ ਅਤੇ ਲੀਡ ਸਿਕਿਓਰਿਟੀ ਰਿਸਰਚਰ ਡੇਵਿਡ ਐਮ ਕਹਿੰਦੇ ਹਨ ਕਿ ਇਹ ਬਹੁਤ ਹੀ ਗੰਭੀਰ ਸਮੱਸਿਆ ਹੈ ਅਤੇ ਮਾਮਲਾ ਇਸ ਤੋਂ ਕਿਤੇ ਵੱਡਾ ਹੈ।

ਉਹ ਕਹਿੰਦੇ ਹਨ, "ਜ਼ਿਆਦਾਤਰ ਲੋਕ ਆਪਣੇ ਲੈਪਟੌਪ ਅਤੇ ਡੈਸਕਟੌਪ ਕੰਪਿਊਟਰ ਦੀ ਤਾਂ ਸੁਰੱਖਿਆ ਕਰਦੇ ਹਨ, ਪਰ ਕਈ ਲੋਕ ਆਪਣੇ ਮੋਬਾਈਲ ਡਿਵਾਈਸ ਨੂੰ ਪ੍ਰੋਟੈਕਟ ਨਹੀਂ ਕਰਦੇ ਹਨ।"

ਕੈਸਪਰਸਕੀ ਦੀ ਰਿਸਰਚ ਮੁਤਾਬਕ ਸਟੌਕਰਵੇਅਰ ਦਾ ਸਭ ਤੋਂ ਵਧੇਰੇ ਇਸਤੇਮਾਲ ਰੂਸ 'ਚ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਭਾਰਤ, ਬ੍ਰਾਜ਼ੀਲ, ਅਮਰੀਕਾ ਅਤੇ ਜਰਮਨੀ ਵਰਗੇ ਦੇਸ ਆਉਂਦੇ ਹਨ।

ਇਹ ਵੀ ਪੜ੍ਹੋ-

ਖ਼ੁਦ ਨੂੰ ਕਿਵੇਂ ਬਚਾਓ?

ਇੱਕ ਹੋਰ ਸਿਕਿਓਰਿਟੀ ਕੰਪਨੀ ਮੁਤਾਬਕ ਜੇਕਰ ਕਿਸੇ ਨੂੰ ਲਗ ਰਿਹਾ ਹੈ ਕਿ ਉਸ ਦੀ ਜਾਸੂਸੀ ਕੀਤੀ ਜਾ ਰਹੀ ਹੈ ਤਾਂ ਉਹ ਕੁਝ ਪ੍ਰੈਕਟੀਕਲ ਕਦਮ ਚੁੱਕਿਆ ਜਾ ਸਕਦਾ ਹੈ।

ਈਸੈਟ ਕੰਪਨੀ ਨਾਲ ਜੁੜੇ ਜੈਕ ਮੋਰੇ ਕਹਿੰਦੇ ਹਨ, "ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੇ ਫੋਨ 'ਚ ਮੌਜੂਦ ਸਾਰੀਆਂ ਐਪਲੀਕੇਸ਼ਨਾਂ ਨੂੰ ਵੈਰੀਫਾਈ ਕਰੋ ਅਤੇ ਲੋੜ ਪੈਣ 'ਤੇ ਕਿਸੇ ਵਾਇਰਸ ਦਾ ਪਤਾ ਲਗਾਉਣ ਲਈ ਵਾਇਰਸ ਐਨਾਲਿਸਿਸ ਕਰੋ। ਤੁਹਾਡੇ ਡਿਵਾਈਸ ਵਿੱਚ ਮੌਜੂਦ ਜਿਸ ਐਪਲੀਕੇਸ਼ਨ ਬਾਰੇ ਤੁਹਾਨੂੰ ਪਤਾ ਨਹੀਂ ਹੈ, ਉਸ ਬਾਰੇ ਇੰਟਰਨੈੱਟ 'ਤੇ ਸਰਚ ਕਰਕੇ ਪਤਾ ਲਗਾਓ ਅਤੇ ਲੋੜ ਪੈਣ 'ਤੇ ਹਟਾ ਦਿਓ।"

ਉਹ ਕਹਿੰਦੇ ਹਨ, "ਨਿਯਮ ਬਣਾ ਲਓ ਕਿ ਜੋ ਐਪਲੀਕੇਸ਼ਨ ਨਹੀਂ ਵਰਤ ਰਹੇ ਹੋ ਤਾਂ ਉਸ ਨੂੰ ਹਟਾਉਣਾ ਹੀ ਹੈ।"

ਇੱਕ ਸਕਿਓਰਿਟੀ ਐਪ ਡਾਊਨਲੋਡ ਕਰ ਲਓ। ਐਂਟੀਵਾਈਰਸ ਤੋਂ ਸਪਾਈਵੇਅਰ ਦਾ ਪਤਾ ਲੱਗ ਸਕਦਾ ਹੈ।

ਐਮੀ ਨੂੰ ਜਦੋਂ ਪਤਾ ਲੱਗਾ ਹੈ ਉਨ੍ਹਾਂ ਦੇ ਕੰਪਿਊਟਰ 'ਚ ਅਜਿਹਾ ਸਾਫਟਵੇਅਰ ਪਾ ਦਿੱਤਾ ਗਿਆ ਤਾਂ ਉਨ੍ਹਾਂ ਦੇ ਮਨ ਵਿੱਚ ਤਕਨੀਕ ਨੂੰ ਲੈ ਕੇ ਵਿਸ਼ਵਾਸ਼ ਘਟ ਗਿਆ।

ਚੈਰਿਟੀ ਸੰਸਥਾਵਾਂ ਮੁਤਾਬਕ ਇਸ ਤਰ੍ਹਾਂ ਦੇ ਝਟਕਿਆਂ ਤੋਂ ਬਾਅਦ ਕਿਸੇ ਦੇ ਦਿਮਾਗ਼ 'ਚ ਅਜਿਹੀਆਂ ਗੱਲਾਂ ਆਉਣਾ ਆਮ ਹਨ।

ਜੈਸਿਕਾ ਸਟੌਕਰਵੇਅਰ ਦੀ ਅਜਿਹੀ ਹੀ ਪੀੜਤਾ ਹੈ। ਉਨ੍ਹਾਂ ਦੇ ਸਾਬਕਾ ਦੇ ਪਤੀ ਉਨ੍ਹਾਂ ਦੇ ਫੋਨ ਦੇ ਮਾਈਕ੍ਰੋਫੋਨ ਰਾਹੀਂ ਉਨ੍ਹਾਂ ਦੀ ਜਾਸੂਸੀ ਕਰਦੇ ਸਨ। ਫਿਰ ਜਦੋਂ ਜੈਸਿਕਾ ਨਾਲ ਗੱਲ ਕਰਦੇ ਸਨ ਤਾਂ ਕੁਝ ਅਜਿਹੀਆਂ ਲਾਈਨਾਂ ਦੁਹਰਾਉਂਦੇ ਸਨ, ਜੋ ਜੈਸਿਕਾ ਨੇ ਆਪਣੇ ਦੋਸਤਾਂ ਨਾਲ ਨਿੱਜੀ ਗੱਲਬਾਤ 'ਚ ਵਰਤੀਆਂ ਹੁੰਦੀਆਂ ਸਨ।

ਜੈਸਿਕਾ ਨੂੰ ਇਸ ਰਿਸ਼ਤੇ ਤੋਂ ਬਾਹਰ ਨਿਕਲੇ ਕਈ ਸਾਲ ਹੋ ਗਏ ਹਨ ਪਰ ਹੁਣ ਵੀ ਜਦੋਂ ਉਹ ਆਪਣੇ ਦੋਸਤਾਂ ਨਾਲ ਮਿਲਣ ਜਾਂਦੀ ਹਾਂ ਤਾਂ ਆਪਣਾ ਫੋਨ ਕਾਰ 'ਚ ਛੱਡ ਕੇ ਜਾਂਦੀ ਹੈ।

ਪੂਰੀ ਜ਼ਿੰਦਗੀ ’ਤੇ ਅਸਰ ਹੁੰਦਾ ਹੈ

ਘਰੇਲੂ ਹਿੰਸਾ ਦੇ ਪੀੜਤਾਂ ਲਈ ਕੰਮ ਕਰਨ ਵਾਲੀ ਇੱਕ ਬਰਤਾਨਵੀ ਸੰਸਥਾ ਨਾਲ ਜੁੜੇ ਗੇਮਾ ਟਾਇਟਨ ਕਹਿੰਦੇ ਹਨ ਕਿ ਕਈ ਮਾਮਲਿਆਂ ਵਿੱਚ ਪੀੜਤਾਂ 'ਤੇ ਪੂਰੀ ਜ਼ਿੰਦਗੀ ਇਸ ਦਾ ਅਸਰ ਰਹਿੰਦਾ ਹੈ।

"ਉਸ ਨੂੰ ਕਿਸੇ ਹੋਰ 'ਤੇ ਭਰੋਸਾ ਨਹੀਂ ਹੁੰਦਾ। ਉਹ ਫੋਨ ਜਾਂ ਲੈਪਟਾਪ ਨੂੰ ਕਿਸੇ ਹਥਿਆਰ ਵਾਂਗ ਦੇਖਣ ਲਗਦੇ ਹਨ ਕਿਉਂਕਿ ਉਨ੍ਹਾਂ ਲਈ ਉਹ ਡਿਵਾਇਸ ਕਿਸੇ ਹਥਿਆਰ ਵਾਂਗ ਇਸਤੇਮਾਲ ਕੀਤਾ ਗਿਆ ਸੀ।"

ਗੇਮਾ ਟਾਇਟਨ ਕਹਿੰਦੇ ਹਨ, "ਉਨ੍ਹਾਂ ਨੂੰ ਲਗਦਾ ਹੈ ਕਿ ਟੈਕਨੋਲਾਜੀ ਨੇ ਉਨ੍ਹਾਂ ਨੂੰ ਘੇਰ ਰੱਖਿਆ ਹੈ, ਕਈ ਲੋਕ ਤਾਂ ਇੰਟਰਨੈੱਟ ਇਸਤੇਮਾਲ ਕਰਨਾ ਬੰਦ ਕਰ ਦਿੰਦੇ ਹਨ।"

"ਇਹ ਤੁਹਾਡੀ ਪੂਰੀ ਜ਼ਿੰਦਗੀ 'ਤੇ ਅਸਰ ਕਰਦਾ ਹੈ। ਚਿੰਤਾ ਦੀ ਗੱਲ ਹੈ ਕਿ ਇਹ ਸਟੌਕਰਵੇਅਰ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਣ ਲੱਗਾ ਹੈ।"

ਹੁਣ ਐਮੀ ਦਾ ਤਲਾਕ ਹੋ ਗਿਆ ਹੈ ਅਤੇ ਉਹ ਆਪਣੇ ਸਾਬਕਾ ਪਤੀ ਤੋਂ ਕਈ ਕਿਲੋਮੀਟਰ ਦੂਰ ਰਹਿੰਦੀ ਹੈ।

ਉਨ੍ਹਾਂ ਦੇ ਪਤੀ ਉਨ੍ਹਾਂ ਨਾਲ ਸਿੱਧਾ ਸੰਪਰਕ ਨਹੀਂ ਕਰ ਸਕਦੇ ਹਨ ਅਤੇ ਬੇਟੇ ਦੀ ਦੇਖਭਾਲ ਨੂੰ ਲੈ ਕੇ ਵੀ ਉਨ੍ਹਾਂ ਵਿਚਾਲੇ ਚਿੱਠੀਆਂ ਰਾਹੀਂ ਹੀ ਗੱਲ ਹੁੰਦੀ ਹੈ।

ਐਮੀ ਕਹਿੰਦੀ ਹੈ ਕਿ ਇਸ ਤਰ੍ਹਾਂ ਦੀ ਤਕਨੀਕ ਦੇ ਖ਼ਿਲਾਫ਼ ਸਖ਼ਤ ਕਾਨੂੰਨ ਬਣਨਾ ਚਾਹੀਦਾ ਹੈ।

ਐਮੀ ਕਹਿੰਦੀ ਹੈ ਜਦੋਂ ਕੋਈ ਇਹ ਸਾਫਟਵੇਅਰ ਡਾਊਨਲੋਡ ਕਰਦਾ ਹੈ ਤਾਂ ਉਸ ਨੂੰ ਇਹ ਲਿਖਿਆ ਮਿਲਦਾ ਹੈ, "ਅਸੀਂ ਤੁਹਾਨੂੰ ਤੁਹਾਡੀਆਂ ਪਤਨੀਆਂ ਦੀ ਜਾਸੂਸੀ ਕਰਨ ਦੀ ਆਗਿਆ ਨਹੀਂ ਦਿੰਦੇ।"

"ਹਾਲਾਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਗਾਹਕ ਇਹੀ ਕਰਨ ਲਈ ਇਹ ਸਾਫਟਵੇਅਰ ਲੈ ਰਹੇ ਹਨ। ਇਸ ਸਾਫਟਵੇਅਰ ਨਾਲ ਬਹੁਤ ਨੁਕਸਾਨ ਹੁੰਦਾ ਹੈ।"

ਇਹ ਵੀ ਪੜ੍ਹੋ-

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)