IS ਆਗੂ ਬਗਦਾਦੀ ਇੱਕ ਕਾਇਰ ਸੀ ਜੋ ਮਰਨਾ ਨਹੀਂ ਚਾਹੁੰਦਾ ਸੀ - ਟਰੰਪ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਆਈਐੱਸ ਆਗੂ ਅਬੁ ਬਕਰ ਅਲ-ਬਗਦਾਦੀ ਨੂੰ ਉੱਤਰੀ-ਪੱਛਮ ਸੀਰੀਆ ਵਿੱਚ ਇੱਕ ਫੌਜੀ ਆਪ੍ਰੇਸ਼ਨ ਵਿੱਚ ਮਾਰਿਆ ਗਿਆ ਹੈ।

ਵ੍ਹਾਈਟ ਹਾਊਸ ਤੋਂ ਬੋਲਦਿਆਂ ਟਰੰਪ ਨੇ ਕਿਹਾ ਕਿ ਅਬੁ ਬਕਰ ਅਲ-ਬਗਦਾਦੀ ਇੱਕ ਅਮਰੀਕੀ ਆਪ੍ਰੇਸ਼ਨ ਵਿੱਚ ਮਾਰਿਆ ਗਿਆ ਹੈ।

ਅਮਰੀਕੀ ਰਾਸ਼ਟਰਪਤੀ ਨੇ ਦੱਸਿਆ ਕਿ ਇਹ ਆਪ੍ਰੇਸ਼ਨ ਬੀਤੀ ਰਾਤ ਨੂੰ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਵੀ ਟਵੀਟ ਕਰ ਕੇ ਕਿਹਾ ਸੀ, "ਹੁਣੇ ਤੁਰੰਤ ਕੁਝ ਵੱਡਾ ਹੋਇਆ ਹੈ।"

ਇਹ ਵੀ ਪੜ੍ਹੋ-

ਟਰੰਪ ਨੇ ਕਿਹਾ, “ਬੀਤੀ ਰਾਤ ਨੂੰ ਅਮਰੀਕਾ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਅਬੁ-ਬਕਰ ਅਲ-ਬਗਦਾਦੀ ਨੂੰ ਅਮਰੀਕਾ ਨੇ ਬੀਤੀ ਰਾਤ ਇੱਕ ਆਪ੍ਰੇਸ਼ਨ ਵਿੱਚ ਮਾਰ ਗਿਰਾਇਆ ਹੈ। ਅਬੁ ਬਕਰ ਅਲ-ਬਗਦਾਦੀ ਦੀ ਭਾਲ ਕਰਨਾ ਅਮਰੀਕਾ ਦੀ ਸਭ ਤੋਂ ਵੱਡੀ ਤਰਜੀਹ ਸੀ।”

“ਇਸ ਆਪ੍ਰੇਸ਼ਨ ਵਿੱਚ ਕੋਈ ਵੀ ਅਮਰੀਕੀ ਫੌਜੀ ਨਹੀਂ ਮਾਰਿਆ ਗਿਆ ਹੈ ਪਰ ਵੱਡੀ ਗਿਣਤੀ ਵਿੱਚ ਆਈਐੱਸ ਦੇ ਲੜਾਕੇ ਅਤੇ ਬਗਦਾਦੀ ਦੇ ਸਾਥੀ ਮਾਰੇ ਗਏ ਹਨ। ਬਗਦਾਦੀ ਦੀ ਮੌਤ ਇੱਕ ਸੁਰੰਗ ਵਿੱਚ ਹੋਈ ਹੈ। ਉਸ ਦੇ ਟਿਕਾਣੇ ਵਿੱਚੋਂ 11 ਬੱਚਿਆਂ ਨੂੰ ਜ਼ਿੰਦਾ ਬਾਹਰ ਕੱਢਿਆ ਗਿਆ ਹੈ। ਪਰ ਬਗਦਾਦੀ ਨੇ ਆਪਣੇ ਤਿੰਨ ਬੱਚਿਆਂ ਨੂੰ ਸੁਰੰਗ ਦੇ ਅੰਦਰ ਖਿੱਚ ਲਿਆ ਸੀ।”

‘ਬਗਦਾਦੀ ਰੌਂਦਾ-ਕੁਲਰਾਉਂਦਾ ਭੱਜ ਰਿਹਾ ਸੀ’

“ਬਗਦਾਦੀ ਸੁਰੰਗ ਵਿੱਚ ਚੀਕਦਾ, ਰੋਂਦਾ ਹੋਇਆ ਭੱਜ ਰਿਹਾ ਸੀ ਅਤੇ ਅਮਰੀਕੀ ਕੁੱਤੇ ਉਸ ਦਾ ਪਿੱਛਾ ਕਰ ਰਹੇ ਸਨ। ਉਹ ਸੁਰੰਗ ਦੇ ਆਖਿਰ ਤੱਕ ਪਹੁੰਚਿਆ। ਉਸ ਨੇ ਖੁਦ ਨੂੰ ਬੰਬ ਨਾਲ ਉਡਾ ਲਿਆ। ਬੰਬ ਧਮਾਕੇ ਵਿੱਚ ਉਸ ਦਾ ਸਰੀਰ ਖੁਰਦ-ਬੁਰਦ ਹੋ ਗਿਆ। ਉਸੇ ਧਮਾਕੇ ਵਿੱਚ ਤਿੰਨੋਂ ਬੱਚੇ ਵੀ ਮਾਰੇ ਗਏ ਹਨ।”

ਟਰੰਪ ਨੇ ਕਿਹਾ ਹੈ ਕਿ ਡੀਐੱਨਏ ਟੈਸਟ ਜ਼ਰੀਏ ਬਗਦਾਦੀ ਦੀ ਲਾਸ਼ ਦੀ ਪਛਾਣ ਕਰ ਲਈ ਗਈ ਹੈ।

“ਜਿਸ ਸ਼ਖਸ ਨੇ ਦੂਜਿਆਂ ਨੂੰ ਡਰਾਉਣ ਤੇ ਧਮਕਾਉਣ ਦੀ ਕੋਸ਼ਿਸ਼ ਕੀਤੀ ਉਸ ਨੇ ਆਪਣੀ ਜ਼ਿੰਦਗੀ ਦੇ ਆਖਰੀ ਪਲ਼ ਪੂਰੇ ਤਰੀਕੇ ਨਾਲ ਅਮਰੀਕੀ ਫੌਜਾਂ ਦੇ ਡਰ ਤੇ ਖ਼ੌਫ ਵਿੱਚ ਬਿਤਾਏ। ਉਹ ਇੱਕ ਕਾਇਰ ਸੀ ਜੋ ਮਰਨਾ ਨਹੀਂ ਚਾਹੁੰਦਾ ਸੀ।”

“ਇਹ ਆਪ੍ਰੇਸ਼ਨ ਕੁਝ ਖ਼ਾਸ ਦੇਸਾਂ ਤੇ ਲੋਕਾਂ ਦੀ ਮਦਦ ਨਾਲ ਹੀ ਪੂਰਾ ਹੋ ਸਕਿਆ ਹੈ। ਮੈਂ ਇਰਾਕ, ਰੂਸ, ਸੀਰੀਆ ਤੁਰਕੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਸੀਰੀਆਈ ਕੁਰਦਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ, ਉਨ੍ਹਾਂ ਨੇ ਵੀ ਸਾਡੀ ਮਦਦ ਕੀਤੀ ਹੈ।”

“ਉਹ ਕੁਝ ਹਫ਼ਤਿਆਂ ਤੱਕ ਸਾਡੀ ਨਜ਼ਰ ਵਿੱਚ ਸੀ। ਸਾਨੂੰ ਪਤਾ ਲਗਿਆ ਇਹ ਇੱਥੇ ਕਾਫੀ ਦੇਰ ਤੱਕ ਹੈ। ਸਾਨੂੰ ਪਤਾ ਸੀ ਕਿ ਇੱਥੇ ਸੁਰੰਗਾਂ ਵੀ ਹਨ। ਅਸੀਂ ਹੈਲੀਕਾਪਟਰਾਂ ਨਾਲ ਉੱਤਰੇ ਸੀ। ਮੈਂ ਲਗਾਤਾਰ ਪੂਰੇ ਆਪ੍ਰੇਸ਼ਨ ਨੂੰ ਵੇਖ ਰਿਹਾ ਸੀ।”

“ਮੈਂ ਇਹ ਨਹੀਂ ਦੱਸ ਸਕਦਾ ਕਿ ਮੈਂ ਕਿਵੇਂ ਦੇਖ ਰਿਹਾ ਸੀ ਪਰ ਹਾਂ ਮੈਨੂੰ ਸਭ ਕੁਝ ਇੱਕ ਮੂਵੀ ਵਾਂਗ ਨਜ਼ਰ ਆ ਰਿਹਾ ਸੀ। ਰੂਸ ਨੇ ਸਾਡੀ ਕਾਫੀ ਮਦਦ ਕੀਤੀ ਅਤੇ ਉਨ੍ਹਾਂ ਨੇ ਆਪਣੇ ਇਲਾਕਿਆਂ ਉੱਤੇ ਸਾਨੂੰ ਉਡਾਨ ਭਰਨ ਦਿੱਤੀ।”

ਆਪ੍ਰੇਸ਼ਨ ਬਾਰੇ ਅਜੇ ਕੀ ਪਤਾ ਹੈ?

ਇਦਲਿਬ ਸੂਬਾ ਸੀਰੀਆ-ਇਰਾਕ ਸਰਹੱਦ ਉੱਤੇ ਸਥਿੱਤ ਹੈ। ਇਦਲਿਬ ਦੇ ਕਈ ਇਲਾਕੇ ਆਈਐੱਸ ਦੇ ਵਿਰਧੀ ਜਿਹਾਦੀਆਂ ਦੇ ਕੰਟਰੋਲ ਵਿੱਚ ਹਨ। ਪਰ ਉਨ੍ਹਾਂ ਉੱਤੇ ਆਈਐੱਸ ਅੱਤਵਾਦੀਆਂ ਨੂੰ ਪਨਾਹ ਦੇਣ ਦਾ ਇਲਜ਼ਾਮ ਲਗਦਾ ਰਹਿੰਦਾ ਹੈ।

ਟਰੰਪ ਨੇ ਕਿਹਾ, “ਬਗਦਾਦੀ ਦੇ ਟਿਕਾਣਿਆਂ ਤੋਂ ਬੇਹੱਦ ਸੰਜੀਦਾ ਜਾਣਕਾਰੀ ਨੂੰ ਹਾਸਿਲ ਕੀਤਾ ਗਿਆ ਹੈ।”

ਬਾਰਿਸ਼ਾ, ਜਿੱਥੇ ਇਹ ਆਪ੍ਰੇਸ਼ਨ ਹੋਇਆ ਹੈ ਉੱਥੋਂ ਦੇ ਇੱਕ ਵਸਨੀਕ ਨੇ ਬੀਬੀਸੀ ਨੂੰ ਦੱਸਿਆ ਕਿ ਹੈਲੀਕਾਪਟਰਾਂ ਨੇ ਦੋ ਘਰਾਂ ਨੂੰ ਨਿਸ਼ਾਨਾ ਬਣਾਇਆ ਤੇ ਇੱਕ ਨੂੰ ਢਹਿਢੇਰੀ ਕਰ ਦਿੱਤਾ।

ਕੌਣ ਹੈ ਅਬੁ ਬਕਰ ਅਲ-ਬਗਦਾਦੀ?

ਅਬੁ ਬਕਰ ਅਲ-ਬਗਦਾਦੀ ਆਈਐੱਸ ਦਾ ਲੀਡਰ ਹੈ ਅਤੇ ਉਸ ਨੂੰ ਮੋਸਟ ਵਾਂਟਿਡ ਮੰਨਿਆ ਜਾਂਦਾ ਹੈ। ਬਗਦਾਦੀ ਨੂੰ ਇੱਕ ਕਾਬਿਲ ਪਰ ਕਠੋਰ ਜਰਨੈਲ ਮੰਨਿਆ ਜਾਂਦਾ ਹੈ।

ਉਸ ਦਾ ਅਸਲੀ ਨਾਂ ਇਬਰਾਹਿਮ ਅਵਦ ਅਲ-ਬਦਰੀ ਹੈ। ਬਗ਼ਦਾਦੀ ਪਿਛਲੇ 5 ਸਾਲਾਂ ਤੋਂ ਅੰਡਰਗਰਾਊਂਡ ਸਨ।

ਅਪ੍ਰੈਲ ਵਿੱਚ ਇਸਲਾਮਿਕ ਸਟੇਟ ਦੇ ਮੀਡੀਆ ਵਿੰਗ ਅਲ-ਫੁਰਕਾਨ ਵੱਲੋਂ ਇੱਕ ਵੀਡੀਓ ਜਾਰੀ ਕੀਤਾ ਗਿਆ ਸੀ। ਅਲ-ਫ਼ੁਰਕਾਨ ਨੇ ਵੀਡੀਓ ਰਾਹੀਂ ਕਿਹਾ ਸੀ ਕਿ ਬਗ਼ਦਾਦੀ ਜ਼ਿੰਦਾ ਹਨ।

ਜੁਲਾਈ 2014 ਵਿੱਚ ਮੂਸਲ ਦੀ ਪਵਿੱਤਰ ਮਸਜਿਦ ਦੇ ਭਾਸ਼ਣ ਤੋਂ ਬਾਅਦ ਬਗ਼ਦਾਦੀ ਪਹਿਲੀ ਵਾਰ ਦਿਖੇ ਸਨ।

ਫਰਵਰੀ 2018 ਵਿੱਚ ਕਈ ਅਮਰੀਕੀ ਅਧਿਕਾਰੀਆਂ ਨੇ ਕਿਹਾ ਸੀ ਕਿ ਮਈ 2017 ਦੇ ਇੱਕ ਹਵਾਈ ਹਮਲੇ ਵਿੱਚ ਬਗ਼ਦਾਦੀ ਜਖ਼ਮੀ ਹੋ ਗਏ ਸਨ।

ਬਗ਼ਦਾਦੀ 2010 ਵਿੱਚ ਇਸਲਾਮਿਕ ਸਟੇਟ ਆਫ ਇਰਾਕ (ਆਈਐੱਸਆਈ) ਦੇ ਨੇਤਾ ਬਣੇ ਸਨ।

ਇਹ ਵੀ ਪੜ੍ਹੋ-

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)