You’re viewing a text-only version of this website that uses less data. View the main version of the website including all images and videos.
Kamal Sharma: ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦਾ ਅੰਤਿਮ ਸਸਕਾਰ, ਕਈ ਵੱਡੇ ਆਗੂ ਪਹੁੰਚੇ
ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦਾ ਫਿਰੋਜ਼ਪੁਰ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦਾ ਦਿਲ ਦਾ ਦੌਰਾ ਪੈਣ ਨਾਲ ਐਤਵਾਰ (27 ਅਕਤੂਬਰ) ਨੂੰ ਦੇਹਾਂਤ ਹੋ ਗਿਆ ਸੀ।
ਉਹ ਪਹਿਲਾਂ ਵੀ ਦਿਲ ਦੀ ਬਿਮਾਰੀ ਤੋਂ ਪੀੜ੍ਹਤ ਸਨ ਅਤੇ ਉਨ੍ਹਾਂ ਦਾ ਆਪਰੇਸ਼ਨ ਹੋ ਚੁੱਕਿਆ ਸੀ।
ਕਮਲ ਸ਼ਰਮਾ ਨੂੰ ਆਖ਼ਰੀ ਵਿਦਾਇਗੀ ਦੇਣ ਅਤੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਭਾਰਤੀ ਜਨਤਾ ਪਾਰਟੀ ਸਣੇ ਵੱਖ -ਵੱਖ ਸਿਆਸੀ ਪਾਰਟੀਆਂ, ਸਮਾਜਿਕ ਤੇ ਧਾਰਮਿਕ ਸੰਗਠਨਾਂ ਦੇ ਨੁੰਮਾਇਦੇ ਉਨ੍ਹਾਂ ਦੇ ਘਰ ਫ਼ਿਰੋਜ਼ਪੁਰ ਹੁੰਚੇ ਹੋਏ ਸਨ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ, ਸੋਮ ਪ੍ਰਕਾਸ਼, ਵੀ ਮੁਰਲੀਧਰਨ ਕੇਂਦਰੀ ਵਿਦੇਸ਼ ਰਾਜ ਮੰਤਰੀ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਮਰਹੂਮ ਭਾਜਪਾ ਨੇਤਾ ਅਰੁਣ ਜੇਤਲੀ ਦੀ ਧੀ ਸੋਨਾਲੀ ਜੇਤਲੀ, ਅਕਾਲੀ ਦਲ ਦੇ ਦਲਜੀਤ ਚੀਮਾ ਸਣੇ ਪੰਜਾਬ ਤੇ ਹਰਿਆਣਾ ਦੇ ਸੀਨੀਅਰ ਭਾਜਪਾ ਆਗੂ, ਅਕਾਲੀ ਦਲ ਦੀ ਲੀਡਰਸ਼ਿਪ, ਕਾਂਗਰਸ ਤੇ ਹੋਰ ਸਿਆਸੀ ਪਾਰਟੀ ਦੇ ਆਗੂਆਂ ਨੇ ਕਮਲ ਸ਼ਰਮਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਦਿਵਾਲੀ ਮੌਕੇ ਹੋਇਆ ਦੇਹਾਂਤ
ਦੇਹਾਂਤ ਤੋਂ 2 ਘੰਟੇ ਪਹਿਲਾਂ ਹੀ ਕਮਲ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਦਿਵਾਲੀ ਦੀ ਵਧਾਈ ਵਾਲਾ ਸੰਦੇਸ਼ ਪਾਇਆ ਸੀ।
ਕਮਲ ਸ਼ਰਮਾ ਦੀ ਅਚਾਨਕ ਤਬੀਅਤ ਵਿਗੜਨ ਤੋਂ ਬਾਅਦ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੀ ਜਾਨ ਨਹੀਂ ਬਚ ਸਕੀ।
ਕਮਲ ਸ਼ਰਮਾ ਬਾਰੇ
- ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਵੀ ਰਹੇ।
- ਕਮਲ ਸ਼ਰਮਾ ਨੇ ਸਾਲ 2013 ਵਿੱਚ ਪੰਜਾਬ ਬੀਜੇਪੀ ਦਾ ਅਹੁਦਾ ਸੰਭਾਲਿਆ ਸੀ।
- ਉਹ ਲੰਬੇ ਸਮੇਂ ਤੋਂ RSS ਨਾਲ ਜੁੜੇ ਰਹੇ। ਕਮਲ ਸ਼ਰਮਾ ਏਬੀਵੀਪੀ ਨਾਲ ਜੁੜੇ ਰਹੇ ਅਤੇ ਲੰਬਾਂ ਸਮਾਂ ਵਿਦਿਆਰਥੀ ਰਾਜਨੀਤੀ ਦਾ ਸਰਗਰਮ ਚਿਹਰਾ ਰਹੇ।
- ਕਮਲ ਸ਼ਰਮਾ ਭਾਰਤ ਦੇ ਸਾਬਕਾ ਖਜ਼ਾਨਾ ਮੰਤਰੀ ਅਰੁਣ ਜੇਤਲੀ ਦੇ ਕਾਫੀ ਕਰੀਬੀ ਮੰਨੇ ਜਾਂਦੇ ਸਨ।
- ਪਿਛਲੇ 2-3 ਸਾਲਾਂ ਤੋਂ ਫ਼ਿਰੋਜ਼ਪੁਰ ਤੋਂ ਚੰਡੀਗੜ੍ਹ ਸ਼ਿਫ਼ਟ ਹੋਏ ਕਮਲ ਸ਼ਰਮਾ MLA ਹੋਸਟਲ ਵਿੱਚ ਰਹਿ ਰਹੇ ਸਨ।
- ਅਪ੍ਰੈਲ ਮਹੀਨੇ ਵਿੱਚ ਜਲਿਆਂਵਾਲਾ ਬਾਗ ਗੋਲੀਕਾਂਡ ਦੇ 100 ਸਾਲ ਪੂਰੇ ਹੋਣ 'ਤੇ ਉਨ੍ਹਾਂ ਆਪਣੀ ਧੀ ਨਾਲ ਇੱਕ ਗੀਤ ਵੀ ਪੇਸ਼ ਕੀਤਾ ਸੀ।
- ਕਮਲ ਸ਼ਰਮਾ ਫ਼ਿਰੋਜ਼ਪੁਰ ਸ਼ਹਿਰ ਨਾਲ ਸਬੰਧ ਰੱਖਦੇ ਸਨ ਅਤੇ ਉਨ੍ਹਾਂ ਰਾਮ ਸੁੱਖ ਦਾਸ ਕਾਲਜ (RSD) ਤੋਂ ਪੜ੍ਹਾਈ ਕੀਤੀ।