ਕੈਨੇਡਾ ਚੋਣਾਂ ਵਿੱਚ ਬਾਜ਼ੀ ਮਾਰਨ ਵਾਲੀਆਂ 7 ਪੰਜਾਬਣਾਂ ਦਾ ਕੀ ਹੈ ਪਿਛੋਕੜ

ਕੈਨੇਡਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਵਾਰੀ ਫਿਰ ਤੋਂ ਕੈਨੇਡਾ ਦੀ ਚੋਣ ਵਿੱਚ ਬਾਜ਼ੀ ਮਾਰੀ ਹੈ ਪਰ ਇਸ ਵਾਰੀ ਉਹ ਬਹੁਮਤ ਤੋਂ ਦੂਰ ਰਹਿ ਗਏ ਹਨ।

ਫਿਰ ਤੋਂ ਪ੍ਰਧਾਨ ਮੰਤਰੀ ਬਣਨ ਲਈ ਜਸਟਿਨ ਟਰੂਡੋ ਨੂੰ ਹਿਮਾਇਤ ਚਾਹੀਦੀ ਹੈ ਤੇ ਉਹ ਜਗਮੀਤ ਸਿੰਘ ਵੱਲ ਦੇਖ ਰਹੇ ਹਨ।

ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕਰੇਟਿਕ ਪਾਰਟੀ ਨੂੰ 24 ਸੀਟਾਂ ਮਿਲੀਆਂ ਹਨ ਤੇ ਉਨ੍ਹਾਂ ਦੀ ਪਾਰਟੀ ਦਾ ਵੋਟ ਫੀਸਦੀ 15.9% ਰਿਹਾ ਹੈ।

338 ਸੀਟਾਂ ਵਾਲੇ ਹਾਊਸ ਆਫ਼ ਕਾਮਨਜ਼ ਲਈ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ 157 ਸੀਟਾਂ ਮਿਲੀਆਂ ਹਨ। ਹਾਲਾਂਕਿ ਬਹੁਮਤ ਤੋਂ ਉਹ 13 ਸੀਟਾਂ ਦੂਰ ਹਨ।

ਇਹ ਵੀ ਪੜ੍ਹੋ:

ਪੰਜਾਬੀ ਮੂਲ ਦੇ ਜਗਮੀਤ ਸਿੰਘ ਨੇ ਮੰਗਲਵਾਰ ਨੂੰ ਕਿੰਗਮੇਕਰ ਦੀ ਭੂਮਿਕਾ 'ਤੇ ਆਪਣਾ ਪੱਖ ਸਾਫ਼ ਕਰ ਦਿੱਤਾ ਹੈ।

ਉਨ੍ਹਾਂ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਟਰੂਡੋ ਇਸ ਗੱਲ ਦਾ ਸਨਮਾਨ ਕਰਦੇ ਹਨ ਕਿ ਹੁਣ ਇੱਕ ਘੱਟ-ਗਿਣਤੀ ਦੀ ਸਰਕਾਰ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਹੱਥ ਮਿਲਾ ਕੇ ਕੰਮ ਕਰਨਾ ਪਵੇਗਾ।"

ਜਾਣੋ ਜਗਮੀਤ ਸਿੰਘ ਬਾਰੇ ਦਿਲਚਸਪ ਗੱਲਾਂ

ਪਰ ਇਸ ਦੌਰਾਨ 18 ਪੰਜਾਬੀਆਂ ਨੇ ਬਾਜ਼ੀ ਮਾਰੀ ਹੈ ਜਿਸ ਵਿੱਚ ਛੇ ਔਰਤਾਂ ਹਨ। ਹੁਣ ਤੁਹਾਨੂੰ ਜੇਤੂ ਆਗੂਆਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੰਦੇ ਹਾਂ।

ਸੋਨੀਆ ਸਿੱਧੂ

ਸੋਨੀਆ ਸਿੱਧੂ ਬ੍ਰੈਂਪਟਨ ਸਾਊਥ ਤੋਂ ਲਿਬਰਲ ਪਾਰਟੀ ਦੀ ਸੀਟ ਤੇ ਫਿਰ ਸੰਸਦ ਮੈਂਬਰ ਚੁਣੇ ਗਏ ਹਨ। ਉਨ੍ਹਾਂ ਕੋਲ ਰਾਜਨੀਤੀ ਸ਼ਾਸ਼ਤਰ ਵਿੱਚ ਗਰੈਜੂਏਸ਼ਨ ਦੀ ਡਿਗਰੀ ਹੈ। ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ 18 ਸਾਲ ਸਿਹਤ ਸੈਕਟਰ ਵਿੱਚ ਕੰਮ ਕੀਤਾ।

ਉਹ ਔਰਤਾਂ ਦੇ ਹਿੱਤਾਂ ਲਈ ਬਣੀ ਸਟੈਡਿੰਗ ਕਮੇਟੀ ਤੇ ਸਿਹਤ ਲਈ ਬਣੀ ਕਮੇਟੀ ਦੇ ਮੈਂਬਰ ਰਹਿ ਚੁੱਕੇ ਹਨ।

ਸੋਨੀਆ ਬ੍ਰੈਂਪਟਨ ਵਿੱਚ ਆਪਣੇ ਪਤੀ ਤੇ ਦੋ ਜੌੜੀਆਂ ਧੀਆਂ ਅਤੇ ਇੱਕ ਪੁੱਤਰ ਨਾਲ ਰਹਿੰਦੇ ਹਨ।

ਬਰਦਿਸ਼ ਚਗਰ

ਬਰਦੀਸ਼ ਚੰਗਰ ਇੱਕ ਵਾਰ ਫਿਰ ਤੋਂ ਵਾਟਰਲੂ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਹਨ। ਬਰਦੀਸ਼ ਚਗਰ, ਹਾਊਸ ਆਫ਼ ਕਾਮਨਜ਼ ਵਿਚ ਸਰਕਾਰੀ ਧਿਰ ਦੀ ਸਦਨ ਦੀ ਆਗੂ ਹਨ।

ਲਿਬਰਲ ਪਾਰਟੀ ਦੇ ਕਾਰਕੁਨ ਗੁਰਮਿੰਦਰ ਸਿੰਘ ਗੋਗੀ ਦੀ ਧੀ ਬਰਦੀਸ਼ ਇਸ ਤੋਂ ਪਹਿਲਾਂ ਕੈਨੇਡਾ ਦੀ ਸਮਾਲ ਬਿਜ਼ਨਸ ਤੇ ਟੂਰਿਜ਼ਮ ਮੰਤਰੀ ਰਹਿ ਚੁੱਕੇ ਹਨ।

6 ਅਪ੍ਰੈਲ 1980 ਨੂੰ ਜਨਮੀ ਬਰਦੀਸ਼, ਟਰੂਡੋ ਸਰਕਾਰ ਵੱਲੋਂ ਸਦਨ ਦੀ ਆਗੂ ਬਣਾਈ ਗਈ ਪਹਿਲੀ ਔਰਤ ਸਿਆਸਤਦਾਨ ਹਨ।

ਅਨੀਤਾ ਆਨੰਦ

ਲਿਬਰਲ ਪਾਰਟੀ ਦੀ ਆਗੂ ਅਨੀਤਾ ਆਨੰਦ ਓਕਵਿਲੇ ਤੋਂ ਸੰਸਦ ਮੈਂਬਰ ਚੁਣੇ ਗਏ ਹਨ।

ਲਿਬਰਲ ਪਾਰਟੀ ਦੀ ਵੈਬਸਾਈਟ ਮੁਤਾਬਕ ਅਨੀਤਾ ਆਨੰਦ ਇਸ ਵੇਲੇ ਯੂਨੀਵਰਸਿਟੀ ਆਫ਼ ਟੋਰੰਟੋ ਵਿੱਚ ਲਾਅ ਦੀ ਪ੍ਰੋਫ਼ੈਸਰ ਹਨ। ਉਨ੍ਹਾਂ ਦੇ ਚਾਰ ਬੱਚੇ ਹਨ।

ਇਹ ਵੀ ਪੜ੍ਹੋ:

ਅਨੀਤਾ ਆਨੰਦ ਦਾ ਜਨਮ ਨੋਵਾ ਸਕੋਟੀਆ ਵਿੱਚ ਹੋਇਆ ਤੇ 1985 ਵਿੱਚ ਉਹ ਓਨਟਾਰੀਓ ਆ ਗਏ ਸਨ।

ਸਾਲ 2015 ਵਿੱਚ ਓਂਟਾਰੀਓ ਦੇ ਉਸ ਵੇਲੇ ਦੇ ਵਿੱਤ ਮੰਤਰੀ ਚਾਰਲਜ਼ ਸੌਸਾ ਨੇ ਅਨੀਤਾ ਨੂੰ ਸਰਕਾਰ ਦੀ ਵਿੱਤੀ ਯੋਜਨਾਵਾਂ ਨਾਲ ਜੁੜੀ ਮਾਹਿਰਾਂ ਦੀ ਇੱਕ ਕਮੇਟੀ ਵਿੱਚ ਸ਼ਾਮਿਲ ਕੀਤਾ ਸੀ।

ਰੂਬੀ ਸਹੋਤਾ

ਰੂਬੀ ਸਹੋਤਾ ਬਰੈਂਪਟਨ ਉੱਤਰੀ ਤੋਂ ਦੂਜੀ ਵਾਰੀ ਸੰਸਦ ਮੈਂਬਰ ਚੁਣੇ ਗਏ ਹਨ। ਸਿਆਸਤ ਵਿੱਚ ਆਉਣ ਤੋਂ ਪਹਿਲਾਂ ਰੂਬੀ ਸਹੋਤਾ ਇੱਕ ਵਕੀਲ ਸਨ।

ਰੂਬੀ ਨੇ ਆਪਣੀ ਪੜ੍ਹਾਈ ਰਾਜਨੀਤਿਕ ਸ਼ਾਸ਼ਤਰ ਤੇ ਪੀਸ ਸਟੱਡੀਜ਼ ਵਿੱਚ ਕੀਤੀ ਹੈ।

ਰੂਬੀ ਦਾ ਜਨਮ ਟੋਰੰਟੋ ਵਿਚ ਹੋਇਆ ਸੀ ਤੇ ਉਹ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਿਚ ਮਾਹਿਰ ਸਮਝੀ ਜਾਂਦੇ ਹਨ।

ਜਗਦੀਪ ਸਹੋਤਾ

ਜਗਦੀਪ ਸਹੋਤਾ ਕੈਲਗਰੀ ਸਕਾਈਵਿਊ ਤੋਂ ਕੰਜ਼ਰਵੇਟਿਵ ਪਾਰਟੀ ਦੀ ਸੀਟ ਤੇ ਸੰਸਦ ਮੈਂਬਰ ਚੁਣੀ ਗਏ ਹਨ।

ਕਨਜ਼ਰਵੇਟਿਵ ਪਾਰਟੀ ਦੀ ਵੈਬਸਾਈਟ ਮੁਤਾਬਕ ਜਗਦੀਪ ਸਹੋਤਾ ਨੇ ਰਾਜਨਾਤੀ ਸ਼ਾਸਤਰ ਤੇ ਮਨੋਵਿਗਿਆਨ ਵਿਚ ਬੀਏ ਕੀਤੀ ਤੇ ਫਿਰ ਬਾਅਦ ਵਿਚ ਲੰਮਾਂ ਸਮਾਂ ਵਕਾਲਤ ਕੀਤੀ ਹੈ।

ਜਗਦੀਪ ਸਹੋਤਾ ਨੂੰ ਨਵੀਂ ਤੇ ਪੁਰਾਣੀ ਪੀੜ੍ਹੀ ਵਿਚਾਲੇ ਚੰਗਾ ਰਾਬਤਾ ਕਾਇਮ ਕਰਨ ਵਾਸਤੇ ਜਾਣਿਆ ਜਾਂਦਾ ਹੈ।

ਅੰਜੂ ਆਨੰਦ

ਅੰਜੂ ਆਨੰਦ ਲਾਸ਼ੀਨ ਲਾਸੈਲ ਤੋਂ ਮੁੜ ਲਿਬਰ ਪਾਰਟੀ ਦੀ ਟਿਕਟ ਤੇ ਚੋਣ ਜਿੱਤੀ ਹੈ। ਸੰਸਦ ਮੈਂਬਰ ਬਣਨ ਤੋਂ ਪਹਿਲਾਂ ਅੱਠ ਸਾਲ ਅੰਜੂ ਆਨੰਦ ਨੇ ਵਕਾਲਤ ਕੀਤੀ ਹੈ।

ਲਿਬਰਲ ਪਾਰਟੀ ਦੀ ਵੈਬਸਾਈਟ ਮੁਤਾਬਕ ਅੰਜੂ ਪਹਿਲੀ ਸਿੱਖ ਹੈ ਜੋ ਕਿ ਕਿਉਬੈਕ ਅਦਾਲਤ ਵਿਚ ਵਕੀਲ ਸੀ।

ਕਮਲ ਖੇੜਾ ਬਰੈਂਪਟਨ ਵੈਸਟ ਤੋਂ ਲਿਬਰਲ ਪਾਰਟੀ ਦੇ ਮੁੜ ਸੰਸਦ ਮੈਂਬਰ ਚੁਣੇ ਗਏ ਹਨ ਅਤੇ ਟਰੂਡੋ ਦੀ ਕੈਬਨਿਟ ਵਿੱਚ ਮਿਨਿਸਟਰ ਫਾਰ ਇੰਟਰਨੈਸ਼ਨਲ ਡਿਵਲਪਮੈਂਟ ਦੇ ਪਾਰਲੀਮਾਨੀ ਸਕੱਤਰ ਵੀ ਹਨ।

ਉਹ ਇੱਕ ਰਜਿਸਟਰਡ ਨਰਸ, ਸਮਾਜਿਕ ਤੇ ਸਿਆਸੀ ਕਾਰਕੁਨ ਵੀ ਹਨ।

ਉਹ ਛੋਟੀ ਉਮਰੇ ਹੀ ਦਿੱਲੀ ਤੋਂ ਕੈਨੇਡਾ ਜਾ ਕੇ ਵਸੇ ਸਨ ਤੇ ਪਹਿਲੀ ਪੀੜ੍ਹੀ ਦੇ ਪਰਵਾਸੀ ਹਨ। ਉੱਥੇ ਜਾ ਕੇ ਉਨ੍ਹਾਂ ਨੇ ਵਿਗਿਆਨ ਤੇ ਮਨੋਵਿਗਿਆਨ ਵਿੱਚ ਉਚੇਰੀ ਪੜ੍ਹਾਈ ਕੀਤੀ।

6 ਔਰਤ ਸੰਸਦ ਮੈਂਬਰਾਂ ਤੋਂ ਇਲਾਵਾ 15 ਮਰਦ ਵੀ ਪੰਜਾਬੀ ਵੀ ਕੈਨੇਡਾ ਦੀ ਸੰਸਦ ਵਿਚ ਪਹੁੰਚੇ ਹਨ. ਆਓ ਉਨ੍ਹਾਂ ਬਾਰੇ ਵੀ ਜਾਣ ਲੈਂਦੇ ਹਾਂ।

ਜਗਮੀਤ ਸਿੰਘ

ਲਿਬਰਲ ਪਾਰਟੀ ਲਈ ਨਿਊ ਡੈਮੋਕਰੇਟਿਕ ਦੇ ਆਗੂ ਜਗਮੀਤ ਸਿੰਘ ਕਾਫ਼ੀ ਅਹਿਮ ਹੋ ਗਏ ਹਨ। ਜਗਮੀਤ ਸਿੰਘ ਕਿਸੇ ਘੱਟ-ਗਿਣਤੀ ਭਾਈਚਾਰੇ ਦਾ ਪਹਿਲਾ ਚਿਹਰਾ ਹੈ ਜੋ ਦੇਸ ਦੀ ਫੈਡਰਲ ਪਾਰਟੀ ਦਾ ਮੋਢੀ ਬਣਿਆ ਹੈ।

ਜਗਮੀਤ ਸਿੰਘ ਭਾਰਤ ਦੀ ਅਜ਼ਾਦੀ ਦੌਰਾਨ ਚੱਲਣ ਵਾਲੀਆਂ ਲਹਿਰਾਂ ਵਿਚੋਂ ਇਕ ਪਰਜਾ ਮੰਡਲ ਲਹਿਰ ਦੇ ਪ੍ਰਮੁੱਖ ਆਗੂ ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ ਹਨ।

ਸੇਵਾ ਸਿੰਘ ਠੀਕਰੀਵਾਲਾ ਨੇ ਪਟਿਆਲਾ ਰਿਆਸਤ ਅਤੇ ਅੰਗਰੇਜ਼ ਹਕੂਮਤ ਖਿਲਾਫ਼ ਲੜਾਈ ਲੜੀ ਸੀ।

ਹਾਲਾਂਕਿ ਦਸੰਬਰ 2013 ਵਿਚ ਜਗਮੀਤ ਸਿੰਘ ਨੂੰ ਅੰਮ੍ਰਿਤਸਰ ਵਿਚ ਆਉਣ ਲਈ ਭਾਰਤ ਨੇ ਵੀਜ਼ਾ ਨਹੀਂ ਦਿੱਤਾ ਸੀ।

ਉਹ ਬਰਨਾਲਾ ਜ਼ਿਲ੍ਹੇ ਦੇ ਠੀਕਰੀਵਾਲਾ ਨਾਲ ਸਬੰਧਤ ਹਨ। ਉਨ੍ਹਾਂ ਦਾ ਪਰਿਵਾਰ 1993 ਵਿਚ ਕੈਨੇਡਾ ਸ਼ਿਫ਼ਟ ਹੋ ਗਿਆ ਸੀ।

ਵਕੀਲ ਰਹਿੰਦਿਆਂ ਜਗਮੀਤ ਨੇ ਕਿਰਪਾਨ ਪਾਉਣ ਦੀ ਇਜਾਜ਼ਤ ਲਈ ਕੰਮ ਕੀਤਾ ਸੀ।

ਕਮਲ ਖੇੜਾ

ਸੁੱਖ ਧਾਲੀਵਾਲ

ਸਰੀ ਨਿਊਟਨ ਤੋਂ ਚੋਣ ਜਿੱਤੇ ਸੁੱਖ ਧਾਲੀਵਾਲ ਦਾ ਪੂਰਾ ਨਾਮ ਸੁਖਮਿੰਦਰ ਸਿੰਘ ਧਾਲੀਵਾਲ ਹੈ। ਉਹ ਇੱਕ ਕਾਰੋਬਾਰੀ ਤੇ ਸਿਆਸਤਦਾਨ ਹਨ। ਉਹ ਸਾਲ 2015 ਤੋਂ ਸਰੀ- ਨਿਊਟਨ ਤੋਂ ਲਿਬਰਲ ਸੰਸਦ ਮੈਂਬਰ ਹਨ।

ਸੁੱਖਮਿੰਦਰ ਸਿੰਘ ਦਾ ਜਨਮ 17 ਸਤੰਬਰ, 1960 ਵਿੱਚ ਭਾਰਤੀ ਪੰਜਾਬ ਵਿੱਚ ਹੋਇਆ ਤੇ ਇਹ 1984 ਵਿੱਚ ਕੈਨੇਡਾ ਜਾ ਵਸੇ ਜਿੱਥੇ ਤਿੰਨ ਸਾਲ ਬਾਅਦ ਉਨ੍ਹਾਂ ਨੂੰ ਕੈਨੇਡੀਅਨ ਨਾਗਰਿਕਤਾ ਮਿਲ ਗਈ।

ਸੁੱਖ ਪੇਸ਼ੇ ਵਜੋਂ ਇੱਕ ਇੰਜੀਨੀਅਰ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਲੈਂਡ ਸਰਵੇਅਰ ਰਹੇ ਹਨ। ਸੁੱਖ ਪਿਛਲੇ ਪੱਚੀ ਸਾਲਾਂ ਤੋਂ ਸਰੀ-ਨਿਊਟਨ ਵਿੱਚ ਹੀ ਆਪਣੀ ਪਤਨੀ ਅਤੇ ਬੇਟੇ ਅਤੇ ਦੋ ਧੀਆਂ ਨਾਲ ਰਹਿ ਰਹੇ ਹਨ। ਉਨ੍ਹਾਂ ਦੀਆਂ ਧੀਆਂ ਡਾਕਟਰੀ ਦੀ ਪੜ੍ਹਾਈ ਕਰ ਰਹੀਆਂ ਹਨ।

ਹਰਜੀਤ ਸੱਜਣ

45 ਸਾਲਾ ਹਰਜੀਤ ਸਿੰਘ ਸੱਜਣ ਵੈਨਕੁਵਰ ਸਾਊਥ ਤੋਂ ਇੱਕ ਵਾਰੀ ਫਿਰ ਲਿਬਰਲ ਪਾਰਟੀ ਦੀ ਟਿਕਟ 'ਤੇ ਚੋਣ ਜਿੱਤ ਗਏ ਹਨ।

ਇਸ ਤੋਂ ਪਹਿਲਾਂ ਉਹ ਜਸਟਿਨ ਟਰੂਡੋ ਦੀ ਸਰਕਾਰ ਵਿਚ ਕੈਨੇਡਾ ਦੇ 42ਵੇਂ ਰੱਖਿਆ ਮੰਤਰੀ ਬਣੇ ਸਨ।

ਇਸ ਅਹੁਦੇ ਤੱਕ ਉਨ੍ਹਾਂ ਦਾ ਸਫ਼ਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੰਬੇਲੀ ਦੀ ਕਿਸਾਨੀ ਤੋਂ ਵੈਨਕੂਵਰ ਦੇ ਖੇਤ ਮਜ਼ਦੂਰ ਰਾਹੀਂ ਪੁਲਿਸ ਦੀ ਨੌਕਰੀ ਅਤੇ ਨਾਟੋ ਫ਼ੌਜਾਂ ਦੀਆਂ ਫ਼ੌਜੀ ਮੁੰਹਿਮਾਂ ਦੇ ਤਜਰਬੇ ਵਿੱਚੋਂ ਨਿਕਲ ਕੇ ਮੁਕੰਮਲ ਹੋਇਆ ਹੈ।

ਬੰਬੇਲੀ ਵਿੱਚ ਨੰਗੇ ਪੈਰਾਂ ਵਾਲੇ ਬਚਪਨ ਦੀਆਂ ਯਾਦਾਂ ਸੰਭਾਲਣ ਵਾਲੇ ਹਰਜੀਤ ਸੱਜਣ ਨੂੰ ਸਿਰ ਉੱਤੇ ਪੱਠਿਆਂ ਦੀ ਪੰਡ ਚੁੱਕੀ ਜਾਂਦੀ ਆਪਣੀ ਦਾਦੀ ਦਾ ਅਕਸ ਅਭੁੱਲ ਜਾਪਦਾ ਹੈ।

ਨਵਦੀਪ ਬੈਂਸ

ਇੱਕ ਅਮਰੀਕੀ ਹਵਾਈ ਅੱਡੇ 'ਤੇ ਪੱਗ ਲਾਹੇ ਜਾਣ ਲਈ ਕਹੇ ਜਾਣ ਮਗਰੋਂ ਚਰਚਾ ਵਿੱਚ ਆਏ ਨਵਦੀਪ ਸਿੰਘ ਬੈਂਸ ਜਸਟਿਨ ਟਰੂਡੋ ਦੀ ਕੈਬਨਿਟ ਵਿੱਚ ਇਨੋਵੇਸ਼ਨ, ਸਾਇੰਸ ਅਤੇ ਇਕਨੌਮਿਕ ਡਿਵੈਲਪਮੈਂਟ ਮੰਤਰੀ ਰਹੇ ਹਨ।

ਬੈਂਸ ਦਾ ਜਨਮ ਟੋਰਾਂਟੋ ਵਿੱਚ 16 ਜੂਨ 1977 ਨੂੰ ਸਿੱਖ ਉੱਦਮੀ ਅਤੇ ਪਰਵਾਸੀ ਮਾਪਿਆਂ ਦੇ ਘਰ ਹੋਇਆ।

ਬੈਂਸ ਪਹਿਲੀ ਵਾਰ ਸਾਲ 2004 ਵਿੱਚ ਹਾਊਸ ਆਫ਼ ਕਾਮਨ ਵਿੱਚ ਪਹੁੰਚੇ ਅਤੇ ਸਭ ਤੋਂ ਛੋਟੀ ਉਮਰ ਦੇ ਸੰਸਦ ਮੈਂਬਰ ਬਣੇ। ਉਸ ਸਮੇਂ ਉਨ੍ਹਾਂ ਦੀ ਉਮਰ 27 ਸਾਲ ਸੀ।

ਸਾਲ 2011 ਤੋਂ 15 ਦੌਰਾਨ ਉਨ੍ਹਾਂ ਨੇ ਯੂਨੀਵਰਸਿਟੀ ਆਫ਼ ਵਾਟਰਲੂ ਅਤੇ ਰਾਈਰਸਨ ਯੂਨੀਵਰਸਿਟੀ ਦੇ ਟੈਡ ਰੌਜਰਜ਼ ਸਕੂਲ ਆਫ਼ ਮੈਨੇਜਮੈਂਟ ਵਿੱਚ ਅਧਿਆਪਨ ਵੀ ਕੀਤਾ।

ਉਨ੍ਹਾਂ ਕੋਲ ਐੱਮਬੀਏ ਦੀ ਡਿਗਰੀ ਵੀ ਹੈ। ਉਨ੍ਹਾਂ ਦੀ ਲਿੰਕਡਿਨ ਪ੍ਰੋਫ਼ਾਈਲ ਮੁਤਾਬਕ ਉਹ ਸਾਲ 2001 ਤੋਂ 2004 ਤੱਕ ਫੋਰਡ ਮੋਟਰ ਕੰਪਨੀ ਦੇ ਸੀਨੀਅਰ ਫਾਈਨੈਂਸ਼ਲ ਐਨਲਿਸਟ ਵੀ ਰਹੇ।

ਟਿਮ ਉੱਪਲ

ਕਨਜ਼ਰਵੇਟਿਵ ਪਾਰਟੀ ਦੇ ਆਗੂ ਟਿਮ ਉੱਪਲ ਐਡਮਿਨਟਨ ਮਿਲ ਵੁਡਜ਼ ਤੋਂ ਚੋਣ ਜਿੱਤੇ ਹਨ। ਐਡਮਿੰਟਨ ਜਰਨਲ ਮੁਤਾਬਕ ਟਿਮ ਦਾ ਪਰਿਵਾਰ ਓਟਾਵਾ ਵਿੱਚ ਰਹਿੰਦਾ ਹੈ।

44 ਸਾਲਾਂ ਦੇ ਟਿਮ ਇੱਕ ਸਾਬਕਾ ਬੈਂਕਰ, ਰੇਡੀਓ ਹੋਸਟ ਅਤੇ ਬਾਅਦ ਵਿੱਚ ਕਾਰੋਬਾਰੀ ਸਲਾਹਕਾਰ ਵੀ ਰਹੇ। ਉਹ ਸਾਲ 2008 ਤੋਂ 2015 ਤੱਕ ਐਡਮਿੰਟਨ ਸ਼ੇਰਵੁੱਡ ਹਲਕੇ ਤੋਂ ਦੋ ਵਾਰ ਐੱਮਪੀ ਰਹੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)