You’re viewing a text-only version of this website that uses less data. View the main version of the website including all images and videos.
ਆਈਟੀਬੀਪੀ ਤੋਂ ਅਸਤੀਫ਼ਾ ਦੇਣ ਵਾਲੀ ਅਫ਼ਸਰ ਨੇ ਕਾਂਸਟੇਬਲ 'ਤੇ ਰੇਪ ਦੀ ਕੋਸ਼ਿਸ਼ ਦਾ ਲਾਇਆ ਇਲਜ਼ਾਮ
- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਪੱਤਰਕਾਰ, ਬੀਬੀਸੀ ਪੰਜਾਬੀ
ਇੰਡੋ-ਤਿਬਤੀਅਨ ਬਾਰਡਰ ਪੁਲਿਸ ਫੋਰਸ ਵਿੱਚ ਡਿਪਟੀ ਕਮਾਂਡੈਂਟ- ਡਿਪਟੀ ਜੱਜ ਅਟਾਰਨੀ ਜਨਰਲ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੀ ਕਰੁਨਾਜੀਤ ਕੌਰ ਨੇ ਫੋਰਸ 'ਤੇ ਗੰਭੀਰ ਇਲਜ਼ਾਮ ਲਗਾਏ ਹਨ।
ਕਰੁਨਾਜੀਤ ਕੌਰ ਨੇ ਦੱਸਿਆ ਕਿ ਉਸ ਨੇ ਪੰਜ ਸਾਲ ਪਹਿਲਾਂ ਫੋਰਸ ਜੁਆਇਨ ਕੀਤੀ ਸੀ ਅਤੇ ਅਸਤੀਫ਼ਾ ਦੇਣ ਤੋਂ ਬਾਅਦ 17 ਅਕਤੂਬਰ ਨੂੰ ਉਹ ਰਿਲੀਵ ਹੋਈ ਹੈ। ਉਹ ਆਈਟੀਬੀਪੀ ਨਾਰਥ-ਵੈਸਟ ਫਰੰਟੀਅਰ ਚੰਡੀਗੜ੍ਹ ਵਿੱਚ ਪੋਸਟਡ ਸੀ।
ਇੱਕ ਮਹੀਨੇ ਦੀ ਅਟੈਚਮੈਂਟ 'ਤੇ ਮਈ-ਜੂਨ ਵਿੱਚ ਉਹਨਾਂ ਨੂੰ ਉਤਰਾਖੰਡ ਦੇ ਗੌਚਰ (ਜੋਸ਼ੀਮੱਠ) ਵਿੱਚ 8 ਬਟਾਲੀਅਨ ਭੇਜਿਆ ਗਿਆ।
ਕਰੁਨਾਜੀਤ ਕੌਰ ਨੇ ਕਿਹਾ, "ਇੱਥੋਂ ਮੈਨੂੰ 8 ਬਟਾਲੀਅਨ ਦੀਆਂ ਫਾਰਵਰਡ ਪੋਸਟਾਂ 'ਤੇ ਵੀ ਭੇਜਿਆ ਜਾਂਦਾ ਸੀ। ਇਹਨਾਂ ਵਿੱਚ ਹੀ ਇੱਕ ਮਲਾਰੀ ਪੋਸਟ ਸੀ, ਜਿੱਥੇ 9-10 ਜੂਨ ਦੀ ਰਾਤ ਨੂੰ ਬਟਾਲੀਅਨ ਦੇ ਇੱਕ ਕਾਂਸਟੇਬਲ ਦੀਪਕ ਨੇ ਮੈਨੂੰ ਰਹਿਣ ਲਈ ਦਿੱਤੀ ਹੱਟ ਵਿੱਚ ਰੇਪ ਦੇ ਇਰਾਦੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ।"
"ਬਾਹਰੀ ਦਰਵਾਜੇ ਵਿੱਚ ਕੁੰਡੀ ਨਾ ਹੋਣ ਕਾਰਨ ਉਹ ਅੰਦਰ ਆਇਆ ਅਤੇ ਦੂਜੇ ਦਰਵਾਜੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਨ ਲੱਗਾ। ਉਹ ਕਹਿ ਰਿਹਾ ਸੀ ਕਿ ਦੋ ਸਾਲਾਂ ਤੋਂ ਉਸ ਨੇ ਕਿਸੇ ਔਰਤ ਨੂੰ ਨਹੀਂ ਛੂਹਿਆ, ਉਸ ਨੂੰ ਔਰਤ ਚਾਹੀਦੀ ਹੈ।"
ਇਹ ਵੀ ਪੜ੍ਹੋ:
ਕਰੁਨਾਜੀਤ ਮੁਤਾਬਕ, ਇਸ ਘਟਨਾ ਤੋਂ ਬਾਅਦ ਨਾ ਹੀ ਬਟਾਲੀਅਨ ਦੇ ਕਮਾਂਡੈਟ ਅਫ਼ਸਰ ਅਤੇ ਨਾ ਹੀ ਫੋਰਸ ਨਾਲ ਸਬੰਧਤ ਉੱਚ ਅਧਿਕਾਰੀਆਂ ਨੇ ਤਸੱਲੀਬਖਸ਼ ਕਾਰਵਾਈ ਕੀਤੀ।
ਫਿਰ ਉਸ ਨੇ ਜੋਸ਼ੀਮੱਠ ਪੁਲਿਸ ਥਾਣੇ ਵਿੱਚ ਐਫ਼ਆਈਆਰ ਦਰਜ ਕਰਵਾਈ, ਜਿਸ ਬਾਰੇ ਜੋਸ਼ੀਮੱਠ ਦੀ ਜ਼ਿਲ੍ਹਾ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ।
ਕਰੁਨਾਜੀਤ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਫੋਰਸ ਦੇ ਡਾਇਰੈਕਟਰ ਜਨਰਲ ਨਾਲ ਮੀਟਿੰਗ ਕਰਨੀ ਚਾਹੀ ਪਰ ਉਸ ਮੀਟਿੰਗ ਵਿੱਚ ਡੀਆਈਜੀ (ਜੱਜ ਅਟਾਰਨੀ ਜਨਰਲ) ਮੌਜੂਦ ਰਹੇ ਜੋ ਕਿ ਕਰੁਨਾਜੀਤ ਮੁਤਾਬਕ ਪਹਿਲਾਂ ਹੀ ਉਸ ਨੂੰ ਧਮਕੀਆਂ ਦੇ ਚੁੱਕੇ ਹਨ।
ਧਮਕੀ ਦੇ ਇਲਜ਼ਾਮ
ਕਰੁਨਾਜੀਤ ਮੁਤਾਬਕ ਉਹਨਾਂ ਦਾ ਕੰਮ ਫੋਰਸ ਦੇ ਕਾਨੂੰਨੀ ਕੇਸਾਂ ਵਿੱਚ ਸਲਾਹ ਦੇਣਾ ਸੀ ਪਰ ਉਨ੍ਹਾਂ ਦੀ ਦਿੱਤੀ ਸਲਾਹ ਅਤੇ ਸੁਝਾਅ ਜੋ ਕਿ ਪੂਰੀ ਤਰ੍ਹਾਂ ਕਾਨੂੰਨ ਮੁਤਾਬਕ ਹੁੰਦੇ ਸੀ, ਕਈ ਵਾਰ ਉਹਨਾਂ ਦੇ ਸੀਨੀਅਰਜ਼ ਅਤੇ ਫੋਰਸ ਦੇ ਹੋਰ ਅਫ਼ਸਰਾਂ ਨੂੰ ਰਾਸ ਨਹੀਂ ਸੀ ਆਉਂਦੇ ਅਤੇ ਸਮੇਂ-ਸਮੇਂ 'ਤੇ ਉਸ 'ਤੇ ਫੈਸਲੇ ਬਦਲਣ ਲਈ ਦਬਾਅ ਪਾਇਆ ਜਾਂਦਾ ਸੀ।
ਕਰੁਨਾਜੀਤ ਨੇ ਇਲਜ਼ਾਮ ਲਾਇਆ ਕਿ ਇਸੇ ਕਾਰਨ ਡੀਆਈਜੀ (ਜੱਜ ਅਟਾਰਨੀ ਜਨਰਲ) ਨੇ ਉਸ ਨੂੰ ਧਮਕੀ ਵੀ ਦਿੱਤੀ ਸੀ ਅਤੇ ਇੱਕ ਮਹੀਨੇ ਦੀ ਇਸ ਅਟੈਚਮੈਂਟ 'ਤੇ ਭੇਜਣ ਤੋਂ ਪਹਿਲਾਂ ਵੀ ਵੱਖ-ਵੱਖ ਤਰੀਕਿਆਂ ਨਾਲ ਉਸ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ।
ਕਰੁਨਾਜੀਤ ਮੁਤਾਬਕ, "ਜਾਂਚ ਹੋਣੀ ਚਾਹੀਦੀ ਹੈ ਕਿ ਮਲਾਰੀ ਪੋਸਟ ਵਾਲੀ ਘਟਨਾ ਇਸੇ ਕੜੀ ਦੀ ਕੋਈ ਸਾਜਿਸ਼ ਤਾਂ ਨਹੀਂ।"
ਪਰ ਹੁਣ ਹੀ ਕਿਉਂ ਇਸ ਮੁੱਦੇ ਨੂੰ ਚੁੱਕਿਆ ਜਾ ਰਿਹਾ ਹੈ, ਇਸ ਬਾਰੇ ਉਨ੍ਹਾਂ ਕਿਹਾ, "ਫੋਰਸ ਵਿੱਚ ਰਹਿ ਕੇ ਮੈਨੂੰ ਫੋਰਸ ਦੇ ਅਨੁਸ਼ਾਸਨ ਵਿੱਚ ਰਹਿਣਾ ਪੈਣਾ ਸੀ ਤੇ ਇੱਥੋਂ ਦੀ ਹਰ ਸੱਚਾਈ ਬਾਹਰ ਨਹੀਂ ਆ ਸਕਦੀ ਸੀ, ਜਿਸ ਕਾਰਨ ਮੈਂ ਅਸਤੀਫ਼ਾ ਦੇ ਕੇ ਇਹ ਲੜਾਈ ਲੜਣ ਦਾ ਫੈਸਲਾ ਲਿਆ।"
ਕਰੁਨਾਜੀਤ ਕੌਰ ਦੀ ਮੰਗ ਹੈ ਕਿ ਆਈਟੀਬੀਪੀ ਤੋਂ ਬਾਹਰਲੀ ਕਿਸੇ ਏਜੰਸੀ ਵਲੋਂ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਉਹਨਾਂ ਦੇ ਕੇਸ ਤੋਂ ਇਲਾਵਾ ਫੋਰਸ ਵਿੱਚ ਹੋਰ ਔਰਤਾਂ ਦੀਆਂ ਪਰੇਸ਼ਾਨੀਆਂ ਵੀ ਹੱਲ ਹੋਣ।
ਇਹ ਵੀ ਪੜ੍ਹੋ:
ਆਈਟੀਬੀਪੀ ਦੇ ਪਬਲਿਕ ਰਿਲੇਸ਼ਨ ਅਫ਼ਸਰ ਵਿਵੇਕ ਪਾਂਡੇ ਨੇ ਬੀਬੀਸੀ ਨੂੰ ਫ਼ੋਨ 'ਤੇ ਦੱਸਿਆ ਕਿ ਕਾਂਸਟੇਬਲ ਦੀਪਕ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ 8 ਬਟਾਲੀਅਨ ਤੋਂ 1 ਬਟਾਲੀਅਨ ਵਿੱਚ ਤਬਾਦਲਾ ਕਰ ਦਿੱਤਾ ਗਿਆ ਸੀ।
ਹੁਣ ਕੇਸ ਅਦਾਲਤ ਵਿੱਚ ਹੈ। ਇਸ ਤੋਂ ਇਲਾਵਾ ਇਸ ਮਾਮਲੇ ਵਿੱਚ ਇੰਟਰਨਲ ਜਾਂਚ ਕਮੇਟੀ ਵੀ ਬਿਠਾ ਦਿੱਤੀ ਗਈ ਸੀ ਜੋ ਕਿ ਜਾਂਚ ਕਰ ਰਹੀ ਹੈ।
ਵਿਵੇਕ ਪਾਂਡੇ ਨੇ ਬਾਕੀ ਸੀਨੀਅਰ ਅਫ਼ਸਰਾਂ 'ਤੇ ਲਗਾਏ ਇਲਜ਼ਾਮਾਂ ਨੂੰ ਨਕਾਰਿਆ ਹੈ।
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ