ਨਵਜੋਤ ਕੌਰ ਸਿੱਧੂ: ਮੈਂ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਹਾਂ- 5 ਅਹਿਮ ਖ਼ਬਰਾਂ

ਨਵਜੋਤ ਸਿੰਘ ਸਿੱਧੂ ਬਾਰੇ ਚੁੱਪੀ ਤੋੜਦਿਆਂ ਡਾ. ਨਵਜੋਤ ਕੌਰ ਸਿੱਧੂ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਦੇ ਕੁਝ ਅੰਦਰੂਨੀ ਲੋਕਾਂ ਨੇ ਹੀ ਮੁੱਖ ਮੰਤਰੀ ਕੈਟਪਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਵਿਚਾਲੇ ਤਣਾਅ ਪੈਦਾ ਕੀਤਾ।

ਨਵਜੋਤ ਸਿੰਘ ਨੇ ਇਸੇ ਸਾਲ ਸੂਬੇ ਦੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਡਾ. ਸਿੱਧੂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਵਿਧਾਇਕ ਵਜੋਂ ਕੰਮ ਕਰਦੇ ਰਹਿਣਗੇ।

ਉਨ੍ਹਾਂ ਕਿਹਾ, "ਦੋਹਾਂ (ਨਵਜੋਤ ਸਿੰਘ ਸਿੱਧੂ ਤੇ ਅਮਰਿੰਦਰ ਸਿੰਘ) ਦੇ ਚੰਗੇ ਰਿਸ਼ਤੇ ਸਨ। ਉਨ੍ਹਾਂ ਦੇ ਰਿਸ਼ਤੇ ਵਿੱਚ ਕੁਝ ਵੀ ਗਲਤ ਨਹੀਂ ਸੀ ਤੇ ਨਾ ਹੀ ਕੁਝ ਗਲਤ ਹੋਣ ਵਾਲਾ ਸੀ। ਪਰ ਕੁਝ ਲੋਕ ਬਰਦਾਸ਼ਤ ਨਹੀਂ ਕਰ ਸਕੇ ਕਿ ਦੋ ਤਾਕਤਾਂ ਮਜ਼ਬੂਤੀ ਨਾਲ ਇਕੱਠੇ ਕੰਮ ਕਰ ਰਹੀਆਂ ਸਨ।"

ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਹੁਣ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਹਨ ਅਤੇ ਸਮਾਜ ਸੇਵੀ ਵੱਜੋਂ ਕੰਮ ਕਰਨਗੇ।

ਭਾਰਤ-ਪਾਕਿਸਤਾਨ ਵਿੱਚ ਗੱਲੇ ਭਰੇ ਪਏ ਹਨ ਪਰ ਫਿਰ ਵੀ ਭੁੱਖਮਰੀ?

ਪਿਛਲੇ ਸਾਲ ਚੋਣਾਂ ਦੌਰਾਨ ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ਼ ਦੇ ਘੋਸ਼ਣਾ-ਪੱਤਰ ਵਿੱਚ ਵਾਅਦਾ ਕੀਤਾ ਗਿਆ ਸੀ ਕਿ ਨਵੇਂ ਪਾਕਿਸਤਾਨ ਵਿੱਚ ਗਰੀਬਾਂ ਲਈ 50 ਲੱਖ ਸਸਤੇ ਘਰਾਂ ਦਾ, ਬੇਘਰਿਆਂ ਲਈ ਹੋਸਟਲ ਅਤੇ ਬੇਰੁਜ਼ਗਾਰਾਂ ਲਈ ਇੱਕ ਕਰੋੜ ਨੌਕਰੀਆਂ ਦਾ ਬੰਦੋਬਸਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ:

ਪਰ ਪਿਛਲੇ ਸਵਾ ਸਾਲ ਵਿੱਚ ਲਾਹੌਰ ਵਿੱਚ ਤਿੰਨ ਅਤੇ ਇਸਲਾਮਾਬਾਦ ਵਿੱਚ ਇੱਕ ਸਰਕਾਰੀ ਪਨਾਹਗਾਹ ਬਣ ਚੁੱਕੀ ਹੈ, ਇਸ ਵਿੱਚ 700 ਬੇਘਰੇ ਰਾਤ ਬਿਤੀ ਸਕਦੇ ਹਨ। ਇਸ ਰਫ਼ਤਾਰ ਵਿੱਚ ਅਗਲੇ 300 ਸਾਲਾਂ ਵਿੱਚ ਦੋ ਕਰੋੜ ਬੇਘਰਿਆਂ ਨੂੰ ਕਿਸੇ ਨਾ ਕਿਸੇ ਰੈਣਬਸੇਰੇ ਵਿੱਚ ਥਾਂ ਮਿਲ ਜਾਵੇਗੀ।

ਪਾਕਿਸਤਾਨ ਵਿੱਚ ਇਸ ਸਮੇਂ ਲਗਭਗ 40 ਫੀਸਦੀ ਆਬਾਦੀ ਨੂੰ ਘੱਟ ਖ਼ੁਰਾਕ ਜਾਂ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੇਠਲੇ ਵਰਗਾਂ ਦੀ ਲਗਭਗ 60 ਫੀਸਦੀ ਆਮਦਨੀ ਸਿਰਫ਼ ਰੋਟੀ-ਪਾਣੀ 'ਤੇ ਹੀ ਲੱਗ ਜਾਂਦੀ ਹੈ। ਪਾਕਿਸਤਾਵ ਤੋਂ ਸੀਨੀਅਰ ਪੱਤਰਕਾਰ ਵੁਸਅਤੁਲਾਹ ਦਾ ਪੂਰਾ ਬਲਾਗ ਪੜ੍ਹਣ ਲਈ ਇੱਥੇ ਕਲਿੱਕ ਕਰੋ।

'ਪੰਜਾਬ ਛੱਡ ਕੇ ਗਏ, ਮੈਕਸੀਕੋ ਨੇ ਮੁੜ ਉਸੇ ਨਰਕ 'ਚ ਭੇਜ ਦਿੱਤਾ'

ਮੈਕਸੀਕੋ ਨੇ 311 ਭਾਰਤੀਆਂ ਨੂੰ ਗੈਰ-ਕਾਨੂੰਨੀ ਪਰਵਾਸ ਦੇ ਦੋਸ਼ ਵਿੱਚ ਡਿਪੋਰਟ ਕੀਤਾ ਹੈ। ਉਨ੍ਹਾਂ ਵਿੱਚ ਸ਼ਾਮਿਲ ਦੋ ਪੰਜਾਬੀਆਂ ਨੇ ਹੱਡਬੀਤੀ ਦੱਸੀ।

"ਜੋ ਵੀ ਗੈਰ-ਕਾਨੂੰਨੀ ਤੌਰ ਤੇ ਜਾ ਰਿਹਾ ਹੈ ਉਹ ਜਾਨ ਹੱਥ ਵਿੱਚ ਲੈ ਕੇ ਜਾਂਦਾ ਹੈ।"

ਦਰਅਸਲ ਮੈਕਸੀਕੋ-ਅਮਰੀਕਾ ਦੀ 3,155 ਕਿਲੋਮੀਟਰ ਦੀ ਸਰਹੱਦ ਹੈ, ਜਿਸ ਨੂੰ ਪਾਰ ਕਰ ਕੇ ਪਰਵਾਸੀ ਆਬਾਦੀ ਨਾਲ ਰਲ ਕੇ ਗਾਇਬ ਹੋਣ ਦੀ ਕੋਸ਼ਿਸ਼ ਕਰਦੇ ਹਨ ਜਾਂ ਗਰੀਬੀ, ਤਸ਼ੱਦਦ ਵਰਗੇ ਕਿਸੇ ਆਧਾਰ 'ਤੇ ਪਨਾਹ ਮੰਗਦੇ ਹਨ। ਪੂਰੀ ਵੀਡੀਓ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

#100Women 'ਮੈਂ ਹਰ ਰੋਜ਼ ਆਪਣੇ ਆਪ ਨੂੰ ਪਿਆਰ ਕਰਨਾ ਸਿੱਖਦੀ ਹਾਂ'

ਬੀਬੀਸੀ ਦੇ ਦਿੱਲੀ ਵਿਚ ਕੀਤੇ ਗਏ #100Women ਪ੍ਰੋਗਰਾਮ ਵਿਚ ਯੋਗ ਟਰੇਨਰ ਨਤਾਸ਼ਾ ਪਹੁੰਚੀ। ਨਤਾਸ਼ਾ ਜਦੋਂ ਤਿੰਨ ਸਾਲ ਦੀ ਸੀ ਤਾਂ ਉਨ੍ਹਾਂ ਦੀ ਮਾਂ ਨੇ ਖ਼ੁਦ ਨੂੰ ਅੱਗ ਲਗਾ ਲਈ ਅਤੇ ਪਿਤਾ ਨੂੰ ਰਿਮਾਂਡ ਹੋਮ ਭੇਜ ਦਿੱਤਾ। ਉਸ ਤੋਂ ਜਦੋਂ ਉਹ 7 ਸਾਲ ਦੀ ਹੋਈ ਤਾਂ ਉਨ੍ਹਾਂ ਦਾ ਬਲਾਤਕਾਰ ਹੋਇਆ।

ਇਸ ਮੌਕੇ ਨਤਾਸ਼ਾ ਨੇ ਕਿਹਾ ਕਿ ਆਪਣੇ ਦਰਦ ਸਵੀਕਾਰ ਕਰੋ, ਉਸ ਨੂੰ ਸਮਝੋ ਤੇ ਲੜੋ। ਪਰ ਉਸ ਨੂੰ ਲੈ ਕੇ ਨਾ ਬੈਠੋ।

ਨਤਾਸ਼ਾ ਨੇ ਕਿਹਾ, "ਮੈਂ ਅੱਜ ਵੀ ਕਦੇ-ਕਦੇ ਸੰਘਰਸ਼ ਕਰਦੀ ਹਾਂ ਪਰ ਹਰ ਰੋਜ਼ ਆਪਣੇ ਆਪ ਨੂੰ ਪਿਆਰ ਕਰਨਾ ਸਿੱਖਦੀ ਹਾਂ।" ਪ੍ਰੋਗਰਾਮ ਵਿਚ ਪਹੁੰਚੀਆਂ ਹੋਰ ਪ੍ਰਭਾਵਸ਼ਾਲੀ ਔਰਤਾਂ ਨੇ ਭਵਿੱਖ ਬਾਰੇ ਕੀ ਵਿਚਾਰ ਰੱਖੇ, ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਕੈਨੇਡਾ 'ਚ ਜਸਟਿਨ ਟਰੂਡੋ ਦੀ ਪਾਰਟੀ ਹੱਥ ਮੁੜ ਸੱਤਾ ਪਰ ਬਹੁਮਤ ਨਹੀਂ

ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਮੁੜ ਕੈਨੇਡਾ ਦੀ ਸੱਤਾ 'ਤੇ ਕਾਬਜ ਹੋਵੇਗੀ, ਪਰ ਇੱਕ ਘੱਟ-ਗਿਣਤੀ ਸਰਕਾਰ ਵਜੋਂ।

ਸਭ ਤੋਂ ਵੱਧ ਸੀਟਾਂ ਜਿੱਤਣ ਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਤੇ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਟਰੂਡੋ ਨੂੰ ਵਧਾਈ ਦਿੱਤੀ ਹੈ।

ਟਰੂਡੋ ਦੀ ਲਿਬਰਲ ਪਾਰਟੀ ਦੇ 157 ਸੀਟਾਂ ਜਿੱਤਣ ਦੀ ਉਮੀਦ ਹੈ ਜੋ ਬਹੁਮਤ ਤੋਂ 13 ਘੱਟ ਹੈ। ਇਹ ਚੋਣਾਂ ਟਰੂਡੋ ਲਈ ਰਫਰੈਂਡਮ ਵਜੋ ਦੇਖੀਆਂ ਜਾ ਰਹੀਆਂ ਸਨ।

ਵਿਰੋਧੀ ਕੰਜ਼ਰਵੇਟਿਵ ਪਾਰਟੀ 121 ਸੀਟਾਂ ਜਿੱਤ ਸਕਦੀ ਹੈ। ਪਿਛਲੀ ਵਾਰ ਉਸ ਕੋਲ 95 ਸੀਟਾਂ ਸਨ। ਸੰਸਦ ਦੀਆਂ 338 ਵਿੱਚੋਂ ਜਗਮੀਤ ਸਿੰਘ ਦੀ ਨਿਊ ਡੈਮੋਕਰੇਟਿਕ ਪਾਰਟੀ (NDP) 24 ਸੀਟਾਂ ਜਿੱਤ ਸਕਦੀ ਹੈ। ਇਸਦਾ ਮਤਲਬ ਇਹ ਹੈ ਕਿ ਜਗਮੀਤ ਸਿੰਘ ਕਿੰਗਮੇਕਰ ਦੀ ਭੂਮਿਕਾ ਵਿੱਚ ਆ ਸਕਦੇ ਹਨ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)