ਕੈਨੇਡਾ 'ਚ ਜਸਟਿਨ ਟਰੂਡੋ ਦੀ ਪਾਰਟੀ ਹੱਥ ਮੁੜ ਸੱਤਾ ਪਰ ਬਹੁਮਤ ਨਹੀਂ ਮਿਲਿਆ, ਜਗਮੀਤ ਦੀ NDP ਕਿੰਗਮੇਕਰ ਦੀ ਭੂਮਿਕਾ

ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਮੁੜ ਕੈਨੇਡਾ ਦੀ ਸੱਤਾ 'ਤੇ ਕਾਬਜ ਹੋਵੇਗੀ, ਪਰ ਇੱਕ ਘੱਟ-ਗਿਣਤੀ ਸਰਕਾਰ ਵੱਜੋਂ।

ਟਰੂਡੋ ਦੀ ਲਿਬਰਲ ਪਾਰਟੀ ਦੇ 157 ਸੀਟਾਂ ਜਿੱਤਣ ਦੀ ਉਮੀਦ ਹੈ ਜੋ ਬਹੁਮਤ ਤੋਂ 13 ਘੱਟ ਹੈ। ਇਹ ਚੋਣਾਂ ਟਰੂਡੋ ਲਈ ਰਫਰੈਂਡਮ ਵੱਜੋ ਦੇਖੀਆਂ ਜਾ ਰਹੀਆਂ ਸਨ।

ਵਿਰੋਧੀ ਕੰਜ਼ਰਵੇਟਿਵ ਪਾਰਟੀ 121 ਸੀਟਾਂ ਜਿੱਤ ਸਕਦੀ ਹੈ। ਪਿਛਲੀ ਵਾਰ ਉਸ ਕੋਲ 95 ਸੀਟਾਂ ਸਨ। ਸੰਸਦ ਦੀਆਂ 338 ਵਿੱਚੋਂ ਜਗਮੀਤ ਸਿੰਘ ਦੀ ਨਿਊ ਡੈਮੋਕਰੇਟਿਕ ਪਾਰਟੀ (NDP) 24 ਸੀਟਾਂ ਜਿੱਤ ਸਕਦੀ ਹੈ। ਇਸਦਾ ਮਤਲਬ ਇਹ ਹੈ ਕਿ ਜਗਮੀਤ ਸਿੰਘ ਕਿੰਗਮੇਕਰ ਦੀ ਭੂਮਿਕਾ ਵਿੱਚ ਆ ਸਕਦੇ ਹਨ।

ਬਲਾਕ ਕਿਊਬੇਕੋਇਸ ਪਾਰਟੀ ਵੱਲੋਂ 32 ਸੀਟਾਂ ਜਿੱਤਣ ਦੀ ਉਮੀਦ ਹੈ। ਇਸ ਤੋਂ ਪਹਿਲਾਂ 2015 ਵਿੱਚ ਇਸ ਪਾਰਟੀ ਨੇ 10 ਸੀਟਾਂ ਜਿੱਤੀਆਂ ਸਨ।

ਜਸਟਿਨ ਟਰੂਡੋ ਨੇ ਕਿਹਾ, ''ਕੈਨੇਡਾ ਦੇ ਲੋਕਾਂ ਨੇ ਵੰਡ ਅਤੇ ਨਕਾਰਾਤਮਕ ਸੋਚ ਨੂੰ ਨਕਾਰ ਦਿੱਤਾ ਹੈ। ਲੋਕਾਂ ਨੇ ਵਾਤਾਵਰਨ ਤਬਦੀਲੀ ਦੇ ਅਗਾਂਹਵਧੂ ਏਦੰਡੇ ਨੂੰ ਸਮਰਥਨ ਦਿੱਤਾ ਹੈ। ਅਸੀਂ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲੀ ਬਣਾਵਾਂਗੇ ਅਤੇ ਬੰਦੂਕਾਂ ਦੀ ਆਮ ਵਰਤੋਂ ਨੂੰ ਵੀ ਰੋਕਾਂਗੇ।''

ਬ੍ਰਿਟਿਸ਼ ਕੋਲੰਬੀਆ ਵਿੱਚ ਐੱਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ, ''ਇਹ ਰਾਤ ਕਮਾਲ ਦੀ ਰਹੀ ਹੈ ਅਤੇ ਪੂਰਾ ਚੋਣ ਪ੍ਰਚਾਰ ਕਮਾਲ ਦਾ ਰਿਹਾ ਹੈ। ਤੁਸੀਂ ਸਾਨੂੰ ਆਖਿਆ ਹੈ ਕਿ ਰਾਜਧਾਨੀ ਓਟਵਾ ਜਾ ਕੇ ਯਕੀਨੀ ਬਣਾਈਏ ਕਿ ਸਰਕਾਰ ਧਨਾਢਾਂ ਹੀ ਖਿਆਲ ਨਾ ਰੱਖੇ ਸਗੋਂ ਆਮ ਲੋਕਾਂ ਲਈ ਕੰਮ ਕਰਨਾ ਪਵੇਗਾ।''

ਇਹ ਵੀ ਪੜ੍ਹੋ:-

ਪਿਛਲੀਆਂ ਆਮ ਚੋਣਾਂ ਵਿੱਚ ਟਰੂਡੋ ਨੇ ਇਤਿਹਾਸਿਕ ਜਿੱਤ ਹਾਸਿਲ ਕੀਤੀ ਸੀ। ਇਸ ਵਾਰ ਸੀਟਾਂ ਦੀ ਗਿਣਤੀ ਘਟਣ ਕਾਰਨ ਉਨ੍ਹਾਂ ਨੂੰ ਹੋਰ ਪਾਰਟੀਆਂ ਨਾਲ ਮਿਲ ਕੇ ਕੰਮ ਕਰਨਾ ਪਏਗਾ।

338 ਹਲਕਿਆਂ ਵਿੱਚ ਹੋਈਆਂ ਇਨ੍ਹਾਂ ਚੋਣਾਂ ਵਿੱਚ 50 ਭਾਰਤੀ ਮੂਲ ਦੇ ਉਮੀਦਵਾਰ ਸਨ।

ਕੈਨੇਡਾ ਦੀਆਂ ਤਿੰਨੇ ਮੁੱਖ ਪਾਰਟੀਆਂ ਲਿਬਰਲ, ਕੰਜ਼ਰਵੇਟਿਵ ਅਤੇ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਪੰਜਾਬੀਆਂ ਦੀ ਭਰਵੀ ਵਸੋਂ ਵਾਲੇ ਐਡਮੰਟਨ, ਬਰੈਮਪਟਨ, ਸਰੀ, ਕੈਲਗਰੀ ਹਲਕਿਆਂ ਤੋਂ ਪੰਜਾਬੀ ਉਮੀਦਵਾਰ ਮੈਦਾਨ ਵਿੱਚ ਉਤਾਰੇ ਸਨ।

ਚੋਣਾਂ ਟਰੂਡੋ ਲਈ ਰਫਰੈਂਡਮ ਤੋਂ ਘੱਟ ਨਹੀਂ

ਪਿਛਲੀਆਂ ਆਮ ਚੋਣਾਂ ਵਿੱਚ ਇਤਿਹਾਸਕ ਜਿੱਤ ਹਾਸਲ ਕਰਨ ਮਗਰੋਂ 47 ਸਾਲਾ ਜਸਟਿਨ ਟਰੂਡੋ ਦੂਸਰੀ ਵਾਰ ਬਹੁਮਤ ਹਾਸਲ ਕਰਨਾ ਚਾਹੁੰਦੇ ਸਨ ਪਰ ਪੱਛੜ ਗਏ।

ਵਾਅਦਿਆਂ ਦੇ ਪੱਖ ਤੋਂ ਟਰੂਡੋ ਦਾ ਕਾਰਜਕਾਲ ਮਿਲਿਆ-ਜੁਲਿਆ ਰਿਹਾ ਹੈ। ਉਨ੍ਹਾਂ ਨੇ ਭੰਗ ਨੂੰ ਕਾਨੂੰਨੀ ਮਾਨਤਾ ਦਿਵਾਈ ਅਤੇ ਬੱਚਿਆਂ ਦੀ ਭਲਾਈ ਲਈ ਪ੍ਰੋਗਰਾਮ ਸ਼ੁਰੂ ਕੀਤੇ।

ਜਦਕਿ ਉਨ੍ਹਾਂ ਨੂੰ ਦੇਸ਼ ਦੀ ਚੋਣ ਪ੍ਰਣਾਲੀ ਨੂੰ ਸੁਧਾਰਨ ਅਤੇ ਇੱਕ ਸੰਤੁਲਿਤ ਬੱਜਟ ਪੇਸ਼ ਕਰਨ ਵਿੱਚ ਸਫ਼ਲਤਾ ਹਾਸਲ ਨਹੀਂ ਹੋ ਸਕੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)