ਗਾਂ ’ਤੇ ਇੱਕ ਹੋਰ ਬਹਿਸ: ਦੁੱਧ ਦੇ ਕੀ-ਕੀ ਫ਼ਾਇਦੇ, ਕੀ-ਕੀ ਨੁਕਸਾਨ

ਗਾਂ ਦਾ ਦੁੱਧ: ਕੀ ਇਸ ਨੂੰ ਇਨਸਾਨਾਂ ਦੇ ਖਾਣੇ ਦਾ ਹਿੱਸਾ ਹੋਣਾ ਚਾਹੀਦਾ ਹੈ? ਇਹ ਸਾਡੀ ਸਿਹਤ ਲਈ ਕਿੰਨਾ ਕੁ ਸਿਹਤਮੰਦ ਹੈ?

ਇਹ ਅਜਿਹਾ ਆਹਾਰ ਹੈ ਜਿਸ 'ਤੇ ਮਾਹਿਰ ਵੱਖੋ-ਵੱਖਰੀ ਰਾਇ ਰੱਖਦੇ ਹਨ ਅਤੇ ਇਸ ਕਰਕੇ ਇਹ ਸਾਲਾਂ ਤੋਂ ਵਿਵਾਦ ਦਾ ਕਾਰਨ ਵੀ ਬਣਿਆ ਹੋਇਆ ਹੈ। ਕਈ ਹਜ਼ਾਰ ਸਾਲ ਪਹਿਲਾਂ ਗਾਂ ਨੂੰ ਪਾਲਤੂ ਬਣਾਇਆ ਗਿਆ ਸੀ, ਉਦੋਂ ਤੋ ਇਸ ਦਾ ਦੁੱਧ ਤੇ ਉਸ ਤੋਂ ਬਣੀਆਂ ਚੀਜ਼ਾਂ ਸਾਡੇ ਭੋਜਨ ਦਾ ਹਿੱਸਾ ਹਨ।

ਕੁਝ ਮਾਹਿਰ ਮੰਨਦੇ ਹਨ ਕਿ 10,000 ਸਾਲਾਂ ਤੋਂ ਇਹ ਸਾਡੇ ਖਾਣੇ ਦਾ ਹਿੱਸਾ ਰਹੇ ਹਨ। ਪਰ ਕਈ ਇਸ ਨੂੰ ਮਨੁੱਖਾਂ ਦੀ ਸਿਹਤ ਲਈ ਠੀਕ ਨਹੀਂ ਮੰਨਦੇ ਹਨ ਅਤੇ ਇਸ ਦਾ ਸਮਰਥਨ ਕਰਨ ਵਾਲੀਆਂ ਆਵਾਜ਼ਾਂ ਤੇਜ਼ੀ ਨਾਲ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ।

ਇਹੀ ਕਾਰਨ ਹੈ ਕਿ ਇਸ ਦੀ ਖਪਤ 'ਚ ਲਗਾਤਾਰ ਗਿਰਾਵਟ ਆ ਰਹੀ ਹੈ ਅਤੇ ਉਹ ਵੀ ਤੇਜ਼ੀ ਨਾਲ।

ਇਹ ਵੀ ਜ਼ਰੂਰਪੜ੍ਹੋ:

ਦੁੱਧ ਦੀ ਘਟੀ ਖਪਤ

ਅਮਰੀਕਾ ਦੇ ਖੇਤੀ ਵਿਭਾਗ ਮੁਤਾਬਕ ਸਾਲ 1970 ਤੋਂ ਬਾਅਦ ਤੋਂ ਦੇਸ ਵਿੱਚ ਦੁੱਧ ਦੀ ਖਪਤ ਵਿੱਚ 40 ਫੀਸਦ ਦੀ ਕਮੀ ਆਈ ਹੈ। ਕਈ ਇਹ ਵੀ ਮੰਨਦੇ ਹਨ ਕਿ ਇਹ ਕਮੀ ਦੁੱਧ ਦੇ ਬਦਲਾਂ ਕਾਰਨ ਆਈ ਹੈ, ਜਿਵੇਂ ਕਿ ਸੋਇਆ ਮਿਲਕ, ਬਾਦਾਮ ਮਿਲਕ ਆਦਿ।

‘ਵੀਗਨ’ ਹੋਣ ਕਰਕੇ ਵੀ ਇਸ ਦੀ ਖਪਤ 'ਤੇ ਪ੍ਰਭਾਵ ਪਿਆ ਹੈ, ਵੀਗਨ ਉਹ ਲੋਕ ਹੁੰਦੇ ਹਨ ਜੋ ਮਾਸ ਅਤੇ ਪਸ਼ੂਆਂ ਨਾਲ ਜੁੜੇ ਕਿਸੇ ਵੀ ਤਰ੍ਹਾਂ ਦੇ ਖਾਦ ਪਦਾਰਥਾਂ ਦਾ ਸੇਵਨ ਨਹੀਂ ਕਰਦੇ ਹਨ। ਇਨ੍ਹਾਂ ਪਦਾਰਥਾਂ ਵਿੱਚ ਦੁੱਧ ਤੇ ਆਂਡੇ ਵੀ ਸ਼ਾਮਿਲ ਹਨ।

ਇਸ ਤੋਂ ਇਲਾਵਾ ਦੁਨੀਆਂ ਦੀ ਕਰੀਬ 65 ਫ਼ੀਸਦ ਆਬਾਦੀ ਵਿੱਚ ਲੈਕਟੋਸ (ਦੁੱਧ ਵਿੱਚ ਮਿਲਣ ਵਾਲਾ ਸ਼ੂਗਰ) ਨੂੰ ਪਚਾਉਣ ਦੀ ਸੀਮਤ ਸਮਰੱਥਾ ਹੁੰਦੀ ਹੈ, ਜਿਸ ਨਾਲ ਵੀ ਇਸ ਦੀ ਖਪਤ 'ਤੇ ਗੰਭੀਰ ਅਸਰ ਹੋਇਆ ਹੈ।

ਸਵਾਲ ਇਹ ਹੈ ਕਿ ਇਸ ਨਾਲ ਸਰੀਰ 'ਤੇ ਹੋਣ ਵਾਲੇ ਅਸਰ ਤੋਂ ਬਚਣ ਲਈ, ਕੀ ਇਸ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ?

ਪਹਿਲਾਂ ਗੱਲ ਕਰਦੇ ਹਾਂ ਕਿ ਦੁੱਧ ਇਨਸਾਨਾਂ ਲਈ ਕਿੰਨਾ ਸਿਹਤਮੰਦ ਹੈ।

ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ ਮੁਤਾਬਕ ਗਾਂ ਦਾ ਦੁੱਧ ਅਤੇ ਉਸ ਨਾਲ ਬਣੀਆਂ ਚੀਜ਼ਾਂ ਜਿਵੇਂ ਪਨੀਰ, ਦਹੀ, ਮੱਖਣ, ਵੱਡੀ ਮਾਤਰਾ 'ਚ ਕੈਲਸ਼ੀਅਮ ਅਤੇ ਪ੍ਰੋਟੀਨ ਦੇ ਸਰੋਤ ਹਨ, ਜੋ ਸੰਤੁਲਿਤ ਭੋਜਨ ਲਈ ਜ਼ਰੂਰੀ ਹਨ।

ਅਮਰੀਕਾ ਦੇ ਨਿਊਟ੍ਰਿਸ਼ਨਿਸਟ ਡੌਨਲਡ ਹੈਂਸਰਡ ਦੱਸਦੇ ਹਨ ਕਿ ਕੈਲਸ਼ੀਅਮ ਤੇ ਪ੍ਰੋਟੀਨ ਤੋਂ ਇਲਾਵਾ ਦੁੱਧ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ ਹਨ। ਇਹ ਵਿਟਾਮਿਨ-ਏ ਅਤੇ ਵਿਟਾਮਿਨ-ਡੀ ਦਾ ਚੰਗਾ ਸਰੋਤ ਹੈ। "ਗਾਂ ਦਾ ਦੁੱਧ ਸਿਹਤ ਲਈ ਫਾਇਦੇਮੰਦ ਹੈ ਪਰ ਸ਼ਾਇਦ ਓਨਾ ਨਹੀਂ ਜਿੰਨਾ ਸਾਲਾਂ ਤੋਂ ਦੱਸਿਆ ਗਿਆ ਹੈ।"

ਬ੍ਰਿਟਿਸ਼ ਨਿਊਟ੍ਰਿਸ਼ਨ ਫਾਊਂਡੇਸ਼ਨ ਮੁਤਾਬਕ ਬੱਚਿਆਂ ਅਤੇ ਵੱਡਿਆਂ ਨੂੰ ਜਿੰਨੀ ਮਾਤਰਾ ਵਿੱਚ ਆਇਰਨ, ਕੈਲਸ਼ੀਅਮ, ਵਿਟਾਮਿਨ, ਜ਼ਿੰਕ ਅਤੇ ਆਇਓਡੀਨ ਦੀ ਲੋੜ ਹੁੰਦੀ ਹੈ, ਉਹ ਉਨ੍ਹਾਂ ਦਾ ਖਾਣਾ ਪੂਰਾ ਨਹੀਂ ਕਰ ਸਕਦਾ ਹੈ ਅਤੇ ਦੁੱਧ ਵਿੱਚ ਇਹ ਸਭ ਕੁਝ ਪਾਇਆ ਜਾਂਦਾ ਹੈ।

ਨਿਊਟ੍ਰਿਸ਼ਨਿਸਟ ਸ਼ਾਰਲੋਟ ਸਟਰਲਿੰਗ-ਰੀਡ ਨੇ ਬੀਬੀਸੀ ਨੂੰ ਦੱਸਿਆ ਹੈ, "ਦੁੱਧ ਦੇ ਬਦਲਾਂ ਦੇ ਨਾਲ ਦਿੱਕਤ ਇਹ ਹੈ ਕਿ ਉਨ੍ਹਾਂ ਵਿੱਚ ਪੋਸ਼ਣ ਤੱਤ ਕੁਦਰਤੀ ਰੂਪ ਤੋਂ ਨਹੀਂ ਹੁੰਦੇ। ਇਸ ਲਈ ਸ਼ਾਇਦ ਉਹ ਤੁਹਾਨੂੰ ਓਨਾ ਫਾਇਦਾ ਨਹੀਂ ਪਹੁੰਚਾਉਂਦੇ ਜਿੰਨੀ ਤੁਸੀਂ ਉਮੀਦ ਕਰ ਰਹੇ ਹੋ।''

ਇਹ ਵੀ ਪੜ੍ਹੋ:

ਗਰਭਵਤੀ ਔਰਤਾਂ ਲਈ ਜ਼ਰੂਰੀ

ਚੋਇਆ ਹੋਇਆ ਦੁੱਧ ਕਸਰਤ ਕਰਨ ਵਾਲਿਆਂ ਲਈ ਫਾਇਦੇਮੰਦ ਹੁੰਦਾ ਹੈ। ਮਾਹਿਰ ਰੈਨੀ ਮੈਕਗ੍ਰੈਗਰ ਨੇ ਬੀਬੀਸੀ ਨੂੰ ਦੱਸਿਆ, "ਇਹ ਇੱਕ ਸੰਪੂਰਨ ਭੋਜਨ ਹੈ, ਜਿਸ ਵਿੱਚ ਕਾਰਬੋਹਾਈਡ੍ਰੇਟ ਅਤੇ ਪ੍ਰੋਟੀਨ ਦੀ ਸਹੀ ਮਾਤਰਾ ਹੁੰਦੀ ਹੈ।" ਇਹ ਬੱਚਿਆਂ ਲਈ ਕੈਲਸ਼ੀਅਮ ਦਾ ਇੱਕ ਚੰਗਾ ਸਰੋਤ ਵੀ ਹੈ।

ਗਰਭਵਤੀ ਔਰਤਾਂ ਨੂੰ ਇਸ ਨੂੰ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਹ ਭਰੂਣ ਦੀਆਂ ਹੱਡੀਆਂ ਦੇ ਬਣਨ ਅਤੇ ਵਿਕਾਸ ਵਿੱਚ ਮਦਦ ਕਰਦਾ ਹੈ।

300 ਮਿਲੀਮੀਟਰ ਦੁੱਧ ਦੇ ਇੱਕ ਗਲਾਸ ਵਿੱਚ ਕਰੀਬ 350 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ, ਜੋ ਇੱਕ ਤੋਂ ਤਿੰਨ ਸਾਲ ਤੱਕ ਦੇ ਬੱਚਿਆਂ ਦੀ ਰੋਜ਼ਾਨਾ ਲੋੜ ਦਾ ਅੱਧਾ ਹੈ।

ਬ੍ਰਿਟੇਨ ਦੀ ਕੌਮੀ ਸਿਹਤ ਸੇਵਾ ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਗਾਂ ਦਾ ਦੁੱਦ ਨਹੀਂ ਪਿਆਉਣ ਦੀ ਸਲਾਹ ਦਿੰਦਾ ਹੈ।

ਜ਼ਿਆਦਾ ਫੈਟ, ਵੱਡੀ ਸਮੱਸਿਆ

ਗਾਂ ਦੇ ਦੁੱਧ ਦੀ ਇੱਕ ਵੱਡੀ ਸਮੱਸਿਆ ਇਹ ਹੈ ਕਿ ਇਸ ਵਿੱਚ ਫੈਟ ਵੱਧ ਹੁੰਦਾ ਹੈ। ਕੌਮੀ ਸਿਹਤ ਸੇਵਾ ਬੱਚਿਆਂ ਅਤੇ ਵੱਡਿਆਂ ਨੂੰ ਮਲਾਈ ਹਟਾ ਕੇ ਦੁੱਧ ਪੀਣ ਦੀ ਸਲਾਹ ਦਿੰਦਾ ਹੈ।

ਹੈਂਸਰਡ ਸਮਝਾਉਂਦੇ ਹਨ, "ਬਾਲਗਾਂ ਲਈ ਦੁੱਧ ਵਿਟਾਮਿਨ ਅਤੇ ਆਇਰਨ ਦਾ ਚੰਗਾ ਸਰੋਤ ਹੈ, ਪਰ ਇਹ ਸਕਿਮਡ/ਰਿੜਕਿਆ ਹੋਣਾ ਚਾਹੀਦਾ ਹੈ।''

"ਪਨੀਰ, ਮੱਖਣ ਅਤੇ ਦਹੀ ਦੇ ਨਾਲ ਬਹੁਤ ਸਾਵਧਾਨ ਰਹਿਣਾ ਹੋਵੇਗਾ।''ਪਨੀਰ ਵਿੱਚ 20 ਤੋਂ 40 ਫ਼ੀਸਦ ਤੱਕ ਫੈਟ ਹੁੰਦਾ ਹੈ। ਮੱਖਣ ਵਿੱਚ ਨਾ ਸਿਰਫ਼ ਫੈਟ ਹੁੰਦਾ ਹੈ ਸਗੋਂ ਇਸ ਵਿੱਚ ਨਮਕ ਦੀ ਮਾਤਰਾ ਵੀ ਵਧੇਰੇ ਹੁੰਦੀ ਹੈ। ਹੈਂਸਰਡ ਕਹਿੰਦੇ ਹਨ, "ਇਹ ਖਾਦ ਪਦਾਰਥ ਸਰੀਰ ਨੂੰ ਭਾਰੀ ਮਾਤਰਾ ਵਿੱਚ ਕੈਲੋਰੀ ਦਿੰਦੇ ਹਨ, ਜਿਸ ਦੀ ਤੁਹਾਨੂੰ ਓਨੀ ਲੋੜ ਨਹੀਂ ਹੁੰਦੀ ਜਿੰਨੀ ਬਚਪਨ ਜਾਂ ਫਿਰ ਜਵਾਨੀ ਵਿੱਚ। ਇਹ ਕਈ ਲੋਕਾਂ ਲਈ ਮੋਟਾਪੇ ਦਾ ਕਾਰਨ ਬਣਦਾ ਹੈ।"

ਲੈਕਟੋਸ ਵੀ ਇੱਕ ਸਮੱਸਿਆ ਹੈ। ਇਹ ਆਸਾਨੀ ਨਾਲ ਨਹੀਂ ਪਚਦਾ।

ਐਲਰਜੀ

ਗਾਂ ਦੇ ਦੁੱਧ ਨਾਲ ਇੱਕ ਹੋਰ ਦਿੱਕਤ ਇਹ ਵੀ ਹੈ ਕਿ ਐਲਰਜੀ ਦਾ ਕਾਰਨ ਬਣਦਾ ਹੈ। ਕਦੇ-ਕਦੇ ਇਹ ਸਮੱਸਿਆ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ।

ਕੌਮੀ ਸਿਹਤ ਸੇਵਾ ਮੁਤਾਬਕ ਬ੍ਰਿਟੇਨ ਵਿੱਚ 50 ਵਿੱਚੋਂ ਇੱਕ ਬੱਚਾ ਇਸ ਤੋਂ ਹੋਣ ਵਾਲੀ ਐਲਰਜੀ ਦਾ ਸ਼ਿਕਾਰ ਹੁੰਦਾ ਹੈ।

ਵਰਲਡ ਐਲਰਜੀ ਆਰਗੇਨਾਈਜ਼ੇਸ਼ਨ ਇਸ ਨੂੰ "ਇੱਕ ਦੁਖਦਾਇਕ ਜਨਤਕ ਸਿਹਤ ਸਮੱਸਿਆ'' ਦੱਸਦਾ ਹੈ। ਸੰਸਥਾ ਮੁਤਾਬਕ ਦੁੱਧ ਨਾਲ ਐਲਰਜੀ ਦੀ ਸਮੱਸਿਆ ਦਿਨੋਂ-ਦਿਨ ਵੱਧ ਰਹੀ ਹੈ।

ਇਹ ਵੀ ਪੜ੍ਹੋ:

ਦੂਜੇ ਪਾਸੇ ਇਹ ਵੀ ਇੱਕ ਤੱਥ ਹੈ ਕਿ ਮਨੁੱਖਾਂ ਤੋਂ ਇਲਾਵਾ ਹੋਰ ਜੀਵ ਪ੍ਰਜਾਤੀਆਂ ਵੱਡੇ ਹੋਣ ਤੋਂ ਬਾਅਦ ਦੁੱਧ ਨਹੀਂ ਪੀਂਦੀਆਂ। ਇਸ ਦਾ ਕਾਰਨ ਇਹ ਹੈ ਕਿ ਲੈਕਟੋਜ ਨੂੰ ਪਚਾਉਣ ਲਈ ਜਿਸ ਅੰਜਾਇਮ ਦੀ ਲੋੜ ਹੁੰਦੀ ਹੈ, ਉਹ ਬਚਪਨ ਵਿੱਚ ਜ਼ਿਆਦਾ ਬਣਦੀ ਹੈ।

ਦੁਨੀਆਂ ਦੀ ਆਬਾਦੀ ਦਾ ਇੱਕ ਵੱਡਾ ਹਿੱਸਾ ਲੈਕਟੋਜ ਨੂੰ ਪਚਾਉਣ ਦੇ ਸਮਰੱਥ ਨਹੀਂ ਹੁੰਦਾ ਹੈ, ਮੁੱਖ ਰੂਪ ਤੋਂ ਏਸ਼ੀਆ ਦੇ ਲੋਕ। ਦੁੱਧ ਇਨਸਾਨ ਦੀ ਪਾਚਣ ਸ਼ਕਤੀ ਨੂੰ ਕਮਜ਼ੋਕ ਕਰਦਾ ਹੈ ਅਤੇ ਹੋਰ ਸਬੰਧਿਤ ਸਿਹਤ ਸਮੱਸਿਆਵਾਂ ਦਾ ਕਾਰਨ ਬਣਦਾ ਹੈ।

ਇਹੀ ਕਾਰਨ ਹੈ ਕਿ ਕਈ ਨਿਊਟ੍ਰਿਸ਼ਨਿਸਟ ਵੱਲੋਂ ਦੁੱਧ ਦੇ ਫਾਇਦੇ ਗਿਣਵਾਉਣ ਦੇ ਬਾਵਜੂਦ ਇਸ ਨਾਲ ਹੋਣ ਵਾਲੇ ਨੁਕਸਾਨ 'ਤੇ ਦੁਨੀਆਂ ਭਰ ਵਿੱਚ ਚਰਚਾ ਹੋ ਰਹੀ ਹੈ ਅਤੇ ਇਹੀ ਵਿਵਾਦ ਦਾ ਕਾਰਨ ਹੈ।

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)