You’re viewing a text-only version of this website that uses less data. View the main version of the website including all images and videos.
ਜਿਨਸੀ ਸ਼ੋਸ਼ਣ ਦਾ ਸ਼ਿਕਾਰ ਇਸ ਕੁੜੀ ਨੇ ਕਿਉਂ ਹਰ ਕਿਸੇ ਨੂੰ ਆਪਣੀ ਕਹਾਣੀ ਦੱਸੀ
- ਲੇਖਕ, ਲੌਰੇਨ ਮਿਲਰ
- ਰੋਲ, ਬੀਬੀਸੀ ਪੱਤਰਕਾਰ
ਅਸੀਂ ਐਮਿਲੀ ਡੋ ਬਾਰੇ ਕੀ ਜਾਣਦੇ ਹਾਂ? ਅਸੀਂ ਜਾਣਦੇ ਹਾਂ ਕਿ ਬਰੌਕ ਟਰਨਰ ਨੇ ਜਨਵਰੀ 2015 ਦੀ ਇੱਕ ਰਾਤ ਨੂੰ ਸਟੈਨਫਰਡ ਯੂਨੀਵਰਸਿਟੀ, ਕੈਲੀਫੋਰਨੀਆ ਵਿਚ ਇੱਕ ਪਾਰਟੀ ਦੌਰਾਨ ਉਸਦਾ ਜਿਣਸੀ ਸ਼ੋਸ਼ਣ ਕੀਤਾ ਗਿਆ ਸੀ। ਉਹ ਵੱਡੇ ਕੂੜੇਦਾਨ ਲਾਗੋਂ ਬੇਹੋਸ਼ੀ ਅਤੇ ਨਾਂਮਾਤਰ ਕੱਪੜਿਆਂ ਵਿੱਚ ਮਿਲੀ ਸੀ।
ਬਰੌਕ ਟਰਨਰ ਨੂੰ ਇੱਕ ਨਸ਼ਾ ਪੀੜਤ ਦਾ ਬੇਹੋਸ਼ੀ ਦੀ ਹਾਲਤ ਵਿੱਚ ਜਿਨਸੀ ਸ਼ੋਸ਼ਣ ਕਰਨ ਅਤੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਲਈ ਛੇ ਮਹੀਨੇ ਦੀ ਸਜ਼ਾ ਮਿਲੀ ਸੀ।
ਉਸਨੇ ਤਿੰਨ ਮਹੀਨੇ ਦੀ ਸਜ਼ਾ ਕੱਟੀ ਅਤੇ ਇਸ ਮਹੀਨੇ ਦੇ ਅੰਤ ਤੱਕ ਉਹ ਤਿੰਨ ਸਾਲਾਂ ਦੀ ਨਜ਼ਰਸਾਨੀ ਵਿੱਚ ਰਹੇਗਾ। ਜੱਜ ਐਰਨ ਪਰਸਕੀ, ਜਿਨ੍ਹਾਂ ਨੂੰ ਬਾਅਦ ਵਿੱਚ ਇਸ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਸੀ, ਨੇ ਟਰਨਰ ਦੇ ਚੰਗੇ ਵਿਵਹਾਰ ਬਾਰੇ ਅਤੇ ਉਸਦੇ ਸ਼ਰਾਬੀ ਹੋਣ ਦੇ ਤੱਥਾਂ ਬਾਰੇ ਦੱਸਿਆ ਸੀ।
ਇਸ ਮਾਮਲੇ ਦੀ ਕਵਰੇਜ ਦੌਰਾਨ ਇਸ ਗੱਲ 'ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਕਿ ਟਰਨਰ ਇੱਕ ਸਟਾਰ ਤੈਰਾਕ ਸੀ।
ਅਸੀਂ ਸ਼ਨੈਲ ਮਿਲਰ ਬਾਰੇ ਕੀ ਜਾਣਦੇ ਹਾਂ? ਸ਼ਾਇਦ ਹੁਣ ਤੱਕ ਤੁਹਾਨੂੰ ਜ਼ਿਆਦਾ ਪਤਾ ਨਾ ਹੋਵੇ। ਜੇਕਰ ਤੁਸੀਂ ਪੀੜਤਾਂ ਵੱਲੋਂ ਟਰਨਰ ਨੂੰ ਸੰਬੋਧਿਤ ਹੁੰਦੇ ਹੋਏ ਵਾਇਰਲ ਹੋਇਆ ਉਸਦਾ ਪ੍ਰਭਾਵੀ ਬਿਆਨ ਪੜ੍ਹ ਚੁੱਕੇ ਹੋ ਜਦੋਂ ਆਪਣੀ ਪਛਾਣ ਨੂੰ ਛੁਪਾਉਂਦੇ ਹੋਏ ਉਹ ਐਮਿਲੀ ਡੋ ਵਜੋਂ ਜਾਣੀ ਜਾਂਦੀ ਸੀ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਹ ਬਹਾਦਰ ਅਤੇ ਸਪੱਸ਼ਟ ਗੱਲ ਕਰਨ ਵਾਲੀ ਮੁਟਿਆਰ ਹੈ।
ਹੁਣ ਤੁਹਾਨੂੰ ਸ਼ਨੈਲ ਬਾਰੇ ਜਾਣਨਾ ਚਾਹੀਦਾ ਹੈ।
ਉਹ ਸਾਹਿਤ ਦੀ ਗ੍ਰੈਜੁਏਟ ਹੈ, ਜਿਸਨੇ 'ਨੋ ਮਾਈ ਨੇਮ' (ਮੇਰਾ ਨਾਂ ਜਾਣੋ) ਸਿਰਲੇਖ ਵਾਲੀ ਕਿਤਾਬ ਲਿਖੀ ਹੈ। ਉਹ ਇੱਕ ਪ੍ਰਤਿਭਾਸ਼ਾਲੀ ਕਲਾਕਾਰ ਹੈ ਅਤੇ ਉਸਨੂੰ ਬੱਚਿਆਂ ਦੀਆਂ ਕਿਤਾਬਾਂ 'ਤੇ ਚਿੱਤਰ ਬਣਾਉਣੇ ਬੇਹੱਦ ਪਸੰਦ ਹਨ।
ਉਸ ਦੇ ਚਿੱਤਰ ਥੋੜ੍ਹੇ ਆਸਾਧਾਰਨ ਅਤੇ ਉਸ ਦੇ ਆਪਣੇ ਭੈਅ ਦਾ ਵਿਵਰਣ ਹਨ। ਉਸਨੇ ਮਿੱਟੀ ਦੇ ਭਾਂਡਿਆਂ ਅਤੇ ਹਾਸਰਸ ਨਾਲ ਸਬੰਧਤ ਕਿਤਾਬਾਂ ਦਾ ਵੀ ਅਧਿਐਨ ਕੀਤਾ ਹੈ। ਉਸਨੇ ਸਟੈਂਡ ਅਪ ਕਾਮੇਡੀ ਵੀ ਕੀਤੀ ਹੈ।
ਇਹ ਵੀ ਪੜ੍ਹੋ:
ਉਸਨੂੰ ਕੁੱਤਿਆਂ ਨਾਲ ਬੇਹੱਦ ਪਿਆਰ ਹੈ। ਉਹ ਖੁਦ ਨੂੰ ਬਹੁਤ ਸ਼ਰਮੀਲੀ ਦੱਸਦੀ ਹੈ। ਉਹ ਅੱਧੀ ਚਾਈਨੀਜ਼ ਹੈ, ਉਸਦਾ ਚਾਈਨੀਜ਼ ਨਾਂ ਜ਼ਾਂਗ ਸ਼ਾਓ ਸ਼ਾ ਹੈ। ਉਹ ਮੁਸਕਰਾਉਣ ਵਾਲੀ, ਵਿਚਾਰਸ਼ੀਲ ਅਤੇ ਮਜ਼ਾਕੀਆ ਸੁਭਾਅ ਦੀ ਮਾਲਕ ਹੈ। ਉਹ ਕਿਸੇ ਦੀ ਧੀ, ਭੈਣ, ਗਰਲ ਫਰੈਂਡ ਹੈ। ਉਹ ਕੋਈ ਵੀ ਹੋ ਸਕਦੀ ਹੈ, ਜਿਸਨੂੰ ਤੁਸੀਂ ਜਾਣਦੇ ਹੋ।
ਚਿਤਾਵਨੀ: ਇਸ ਖ਼ਬਰ ਵਿੱਚ ਅਜਿਹੀ ਸਮੱਗਰੀ ਹੈ ਜਿਹੜੀ ਪਾਠਕਾਂ ਨੂੰ ਦੁਖੀ ਕਰ ਸਕਦੀ ਹੈ।
ਜਿਣਸੀ ਸ਼ੋਸ਼ਣ ਦੀ ਪੀੜਤ ਨੇ ਕਿਤਾਬ ਕਿਉਂ ਲਿਖੀ
ਸ਼ਨੈਲ ਦੀ ਕਿਤਾਬ ਆਪਣੀ ਅਗਨੀ ਪ੍ਰੀਖਿਆ ਕਾਰਨ ਉਪਜੇ ਰੋਹ ਨਾਲ ਨੱਕੋ-ਨੱਕ ਭਰੀ ਹੋਈ ਹੈ। ਪਰ ਉਸਨੇ ਇਹ ਪੁਸਤਕ ਕਿਉਂ ਲਿਖੀ ਜਦੋਂ ਇਸਦਾ ਮਤਲਬ ਉਸ ਦਰਦ ਨੂੰ ਮੁੜ ਤੋਂ ਜਿਊਣਾ ਅਤੇ ਅਦਾਲਤੀ ਦਸਤਾਵੇਜ਼ਾਂ ਤੇ ਗਵਾਹਾਂ ਦੇ ਬਿਆਨ ਪੜ੍ਹਨਾ ਸੀ, ਜੋ ਹੁਣ ਤੱਕ ਉਸਤੋਂ ਛੁਪਾਏ ਗਏ ਸਨ।''
ਉਹ ਕਹਿੰਦੀ ਹੈ ਕਿ ਉਹ ਹਨੇਰੇ ਵਿੱਚ ਰੌਸ਼ਨੀ ਕਰਨਾ ਆਪਣਾ ਫਰਜ਼ ਸਮਝਦੀ ਹੈ, ਜਿਸ ਵਿੱਚੋਂ ਅਨੇਕਾਂ ਮੁਟਿਆਰਾਂ ਨੂੰ ਗੁਜ਼ਰਨਾ ਪੈਂਦਾ ਹੈ।
ਆਪਣੇ ਜੱਦੀ ਸ਼ਹਿਰ ਸਾਨ ਫਰਾਂਸਿਸਕੋ ਵਿਚ ਗੱਲ ਕਰਦਿਆਂ ਸ਼ਨੈਲ (27 ਸਾਲ) ਦੱਸਦੀ ਹੈ, ''ਮੈਂ ਬਹੁਤ ਸਾਰੇ ਅਜਿਹੇ ਦਿਨ ਦੇਖੇ ਹਨ ਜਦੋਂ ਮੈਨੂੰ ਸਵੇਰੇ ਉੱਠਣਾ ਬਹੁਤ ਮੁਸ਼ਕਿਲ ਸੀ। ਬਹੁਤ ਸਾਰੇ ਅਜਿਹੇ ਦਿਨ ਸਨ ਜਦੋਂ ਮੈਂ ਇੱਕ ਵੀ ਕਦਮ ਅੱਗੇ ਪੁੱਟਣ ਬਾਰੇ ਸੋਚ ਵੀ ਨਹੀਂ ਸਕਦੀ ਸੀ। ਅਸਲ ਵਿੱਚ ਉਹ ਬਹੁਤ ਔਖਾ ਸਮਾਂ ਸੀ।''
'ਇਹ ਸਭ ਬਹੁਤ ਭਿਆਨਕ ਸੀ। ਮੈਂ ਕੋਈ ਚਿੱਤਰ ਨਹੀਂ ਬਣਾਇਆ, ਮੈਂ ਕੁਝ ਨਹੀਂ ਲਿਖਿਆ। ਮੈਂ ਸਾਰਾ ਸਮਾਂ ਸੁੱਤੀ ਰਹਿਣਾ ਚਾਹੁੰਦੀ ਸੀ, ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਹੋਸ਼ ਵਿੱਚ ਰਹਾਂ। ਇਹ ਜ਼ਿੰਦਗੀ ਜਿਊਣ ਦਾ ਕੋਈ ਢੰਗ ਨਹੀਂ ਸੀ।
''ਮੈਂ ਉਨ੍ਹਾਂ ਮੁਟਿਆਰਾਂ ਬਾਰੇ ਸੋਚਦੀ ਹਾਂ, ਜਿਨ੍ਹਾਂ ਨੂੰ ਇਸ ਵਿੱਚੋਂ ਗੁਜ਼ਰਨਾ ਪੈਂਦਾ ਹੈ, ਤੁਸੀਂ ਉਨ੍ਹਾਂ ਨੂੰ ਪਿੱਛੇ ਹਟਦੇ ਹੋਏ ਅਤੇ ਉਨ੍ਹਾਂ ਚੀਜ਼ਾਂ ਤੋਂ ਦੂਰ ਹੁੰਦੇ ਹੋਏ ਦੇਖਦੇ ਹੋ ਜਿਨ੍ਹਾਂ ਨੂੰ ਉਹ ਬਹੁਤ ਪਿਆਰ ਕਰਦੀਆਂ ਹਨ। ਮੈਂ ਬਸ ਸੋਚਦੀ ਹਾਂ ਕਿ ਅਸੀਂ ਅਜਿਹਾ ਕਿਵੇਂ ਹੋਣ ਦਿੰਦੇ ਹਾਂ?''
ਉਸਦੀ ਆਵਾਜ਼ ਸਾਫ਼ ਅਤੇ ਸਪੱਸ਼ਟ ਹੈ, ਪਰ ਉਹ ਦੁਨੀਆ ਭਰ ਦੀਆਂ ਹੋਰ ਔਰਤਾਂ ਨਾਲ ਹੋ ਰਹੇ ਅਨਿਆਂ 'ਤੇ ਰੋਹ ਭਰੇ ਜਜ਼ਬਾਤਾਂ ਨਾਲ ਕੰਬ ਜਾਂਦੀ ਹੈ। ਇਹ ਦੂਜਿਆਂ ਲਈ ਇੱਕ ਅੰਤਹੀਣ ਸਫ਼ਰ ਹੈ ਜਿਹੜੇ ਜਾਣਦੇ ਹਨ ਕਿ ਐਮਿਲੀ ਡੋ ਹੋਣਾ ਕੀ ਹੈ।
ਸ਼ਨੈਲ ਕਹਿੰਦੀ ਹੈ, ''ਇੱਥੇ ਬਹੁਤ ਪ੍ਰਤਿਭਾਸ਼ਾਲੀ ਮੁਟਿਆਰਾਂ ਹਨ ਜੋ ਆਪਣੇ ਭਵਿੱਖ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ, ਜਿਨ੍ਹਾਂ ਕੋਲ ਦੇਣ ਲਈ ਅਤੇ ਪੇਸ਼ ਕਰਨ ਲਈ ਬਹੁਤ ਕੁਝ ਹੈ, ਪਰ ਕੁਝ ਅਜਿਹਾ ਵਾਪਰ ਜਾਂਦਾ ਹੈ ਕਿ ਫਿਰ ਉਹ ਘਰ ਚਲੇ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਪੱਲੇ ਸ਼ਰਮ ਹੀ ਪੈਂਦੀ ਹੈ। ਉਹ ਇਸ ਦਰਦ ਨੂੰ ਅੰਦਰ ਹੀ ਦਬਾ ਲੈਂਦੀਆਂ ਹਨ ਜੋ ਉਨ੍ਹਾਂ ਨੂੰ ਅੰਦਰੋਂ-ਬਾਹਰੋਂ ਘੁਣ ਵਾਂਗ ਖਾਂਦਾ ਰਹਿੰਦਾ ਹੈ।''
''ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਮੈਂ ਆਪਣੇ ਕਮਰੇ ਦੇ ਅੰਦਰ ਹੀ ਰਹਿੰਦੀ ਤਾਂ ਸ਼ਾਇਦ ਸਭ ਕੁਝ ਬਿਹਤਰ ਹੁੰਦਾ। ਜੇਕਰ ਮੈਂ ਬਿਲਕੁਲ ਵੀ ਨਾ ਬੋਲਦੀ ਤਾਂ ਸ਼ਾਇਦ ਚੀਜ਼ਾਂ ਵਧੀਆ ਹੁੰਦੀਆਂ। ਸ਼ਾਇਦ ਮੈਂ ਪਿਆਰ ਕਰਨ ਜਾਂ ਦੁਲਾਰਨ ਦੇ ਕਾਬਲ ਨਹੀਂ ਹਾਂ।''
''ਇਹ ਬਹੁਤ ਬੁਰਾ ਹੈ ਕਿ ਅਸੀਂ ਅਜਿਹਾ ਹੋਣ ਦਿੰਦੇ ਹਾਂ। ਅਸੀਂ ਉਨ੍ਹਾਂ ਨੂੰ ਅਜਿਹੇ ਨਾਕਾਰਾਤਮਕ ਵਿਚਾਰ ਜਜ਼ਬ ਕਰਨ ਦਿੰਦੇ ਹਾਂ ਅਤੇ ਅਸੀਂ ਉਨ੍ਹਾਂ ਨੂੰ ਅਜਿਹੇ ਹਾਦਸਿਆਂ ਤੋਂ ਇਹ ਕਹਿ ਕੇ ਬਾਹਰ ਨਹੀਂ ਕੱਢਦੇ ਕਿ ਨਹੀਂ, ਤੁਹਾਨੂੰ ਭਰਪੂਰ ਜ਼ਿੰਦਗੀ ਜਿਊਣ ਦਾ ਪੂਰਾ ਹੱਕ ਹੈ, ਤੁਸੀਂ ਸ਼ਾਨਦਾਰ ਭਵਿੱਖ ਦੀਆਂ ਹੱਕਦਾਰ ਹੋ। ''
ਸ਼ਨੈਲ ਉਸ ਸਮੇਂ ਯੂਨੀਵਰਸਿਟੀ ਦੀ ਵਿਦਿਆਰਥਣ ਨਹੀਂ ਸੀ। ਉਹ ਪਹਿਲਾਂ ਹੀ ਆਪਣੀ ਗ੍ਰੈਜੂਏਸ਼ਨ ਕਰ ਚੁੱਕੀ ਸੀ। ਹਫ਼ਤੇ ਦੇ ਅੰਤ ਵਿੱਚ ਉਸਦੀ ਛੋਟੀ ਭੈਣ ਟਿਫਨੀ ਘਰ ਆਈ ਹੋਈ ਸੀ ਅਤੇ ਉਸਨੇ ਉਸਨੂੰ ਪੁੱਛਿਆ ਸੀ ਕਿ ਕੀ ਉਹ ਪਾਰਟੀ ਲਈ ਉਸ ਨਾਲ ਜਾਣਾ ਚਾਹੁੰਦੀ ਹੈ?
ਪਰ ਉਸਦੀ ਕਹਾਣੀ ਯੂਨੀਵਰਸਿਟੀ ਕੈਂਪਸ ਵਿੱਚ ਹੋਏ ਬਲਾਤਕਾਰ ਤੱਕ ਫੈਲ ਗਈ। ਉਹ ਵਿਸ਼ੇਸ਼ ਤੌਰ 'ਤੇ ਸਟੈਨਫਰਡ ਯੂਨੀਵਰਸਿਟੀ ਵਿੱਚ ਵਿਸ਼ੇਸ਼ ਤਬਦੀਲੀ ਦੇਖਣਾ ਚਾਹੁੰਦੀ ਹੈ ਜਿਵੇਂ ਪੀੜਤਾਂ ਨੂੰ 40 ਮੀਲ ਦਾ ਸਫ਼ਰ ਕਰਨਾ ਪੈਂਦਾ ਹੈ ਕਿਉਂਕਿ ਸਟੈਨਫਰਡ ਹਸਪਤਾਲ ਵਿੱਚ ਅਜਿਹੇ ਮਾਮਲਿਆਂ ਸਬੰਧੀ ਫੋਰੈਂਸਿਕ ਜਾਂਚ ਨਹੀਂ ਕੀਤੀ ਜਾ ਸਕਦੀ।
''ਕੀ ਤੁਸੀਂ ਅਜਿਹੀ ਹਾਲਤ ਵਿੱਚ ਜਦੋਂ ਤੁਸੀਂ ਹਮਲੇ ਵੇਲੇ ਵਾਲੇ ਹੀ ਕੱਪੜੇ ਪਹਿਨੇ ਹੋਏ ਹੋਣ, ਤੁਸੀਂ 40 ਮਿੰਟਾਂ ਦੇ ਸਫ਼ਰ ਲਈ ਊਬਰ ਕਰਕੇ ਕਿਸੇ ਅਜਨਬੀ ਨਾਲ ਜਾ ਸਕਦੇ ਹੋ? ਕੀ ਤੁਸੀਂ ਆਪਣੇ ਕਿਸੇ ਅਜਿਹੇ ਦੋਸਤ ਜਿਸ ਕੋਲ ਕਾਰ ਹੈ, ਨੂੰ ਸੁਨੇਹਾ ਭੇਜ ਕੇ ਉਸਨੂੰ ਇਹ ਜਾਣਕਾਰੀ ਦੇ ਸਕਦੇ ਹੋ?''
ਕਾਨੂੰਨ 'ਚ ਬਦਲਾਅ ਲਿਆਂਦਾ
ਪੀੜਤ ਸ਼ਨੈਲ ਦਾ ਬਿਆਨ ਪੜ੍ਹਕੇ ਬਹੁਤ ਸਾਰੀਆਂ ਔਰਤਾਂ ਅੱਗੇ ਆਈਆਂ, ਉਨ੍ਹਾਂ ਨੇ ਉਸਨੂੰ ਆਪਣੀ ਹੋਣੀ ਦੱਸੀ-ਕਈ ਮਾਮਲਿਆਂ ਵਿੱਚ ਇਹ ਪਹਿਲੀ ਵਾਰ ਕਿਸੇ ਨੂੰ ਦੱਸਿਆ ਗਿਆ।
ਅਮਰੀਕਾ ਦੇ ਸਭ ਤੋਂ ਵੱਡੇ ਜਿਣਸੀ ਹਿੰਸਾ ਵਿਰੋਧੀ ਸੰਗਠਨ 'ਰੇਨਨ-ਦਿ ਰੇਪ, ਅਬਿਊਜ ਐਂਡ ਇਨਸੈਸਟ ਨੈਸ਼ਨਲ ਨੈੱਟਵਰਕ' ਨੇ ਖੁਲਾਸਾ ਕੀਤਾ ਕਿ ਅਮਰੀਕਾ ਦੀਆਂ ਛੇ ਔਰਤਾਂ ਵਿੱਚੋਂ ਇੱਕ ਬਲਾਤਕਾਰ ਦੀ ਕੋਸ਼ਿਸ ਜਾਂ ਬਲਾਤਕਾਰ ਦਾ ਸ਼ਿਕਾਰ ਹੁੰਦੀ ਹੈ।
ਅਮਰੀਕਾ ਵਿੱਚ ਹਰ 92ਵੇਂ ਸਕਿੰਟ ਵਿੱਚ ਜਿਨਸੀ ਹਮਲਾ ਹੁੰਦਾ ਹੈ। ਹਰੇਕ 1000 ਜਿਨਸੀ ਹਮਲਿਆਂ ਵਿੱਚੋਂ 995 ਅਪਰਾਧੀ ਆਜ਼ਾਦ ਘੁੰਮ ਰਹੇ ਹਨ।
ਸੋਚੋ ਕਿ ਹਰੇਕ ਦਿਨ ਕਿੰਨੀਆਂ ਔਰਤਾਂ ਨਾਲ ਅਜਿਹਾ ਵਾਪਰਦਾ ਹੋਵੇਗਾ। ਸੋਚੋ ਹਰ ਛੇ ਵਿੱਚੋਂ ਇੱਕ ਔਰਤ ਹੈ।
ਸ਼ਨੈਲ ਕਹਿੰਦੀ ਹੈ, ''ਅਸੀਂ ਹਮੇਸ਼ਾਂ ਕਹਿੰਦੇ ਹਾਂ, ਹਾਏ, ਉਹ ਅੱਗੇ ਕਿਉਂ ਨਹੀਂ ਆਈ? ਉਸਨੇ ਰਿਪੋਰਟ ਦਰਜ ਕਿਉਂ ਨਹੀਂ ਕਰਵਾਈ।'
''ਕਿਉਂਕਿ ਉਸ ਕੋਲ ਰਿਪੋਰਟ ਦਰਜ ਕਰਾਉਣ ਦੀ ਕੋਈ ਵਿਵਸਥਾ ਨਹੀਂ ਹੈ। ਜੇਕਰ ਉਹ ਅੱਗੇ ਆਉਂਦੀ ਹੈ ਤਾਂ ਉਹ ਆਪਣੀ ਦੇਖਭਾਲ ਲਈ ਸਾਡੇ 'ਤੇ ਵਿਸ਼ਵਾਸ ਕਿਉਂ ਕਰੇ? ਸਾਨੂੰ ਅਜਿਹੀਆਂ ਘਟਨਾਵਾਂ ਦੀਆਂ ਪੀੜਤ ਔਰਤਾਂ ਦੀ ਮਦਦ ਕਰਨ ਦੀ ਲੋੜ ਹੈ।''
ਜਦੋਂ ਟਰਨਰ ਨੂੰ ਸਜ਼ਾ ਸੁਣਾਈ ਗਈ ਤਾਂ ਇਸ ਅਪਰਾਧ ਨੂੰ ਬਲਾਤਕਾਰ ਨਹੀਂ ਮੰਨਿਆ ਜਾਂਦਾ ਸੀ, ਪਰ ਚੈਨਲ ਦੇ ਮਾਮਲੇ ਕਾਰਨ ਕੈਲੀਫੋਰਨੀਆ ਵਿੱਚ ਇਹ ਕਾਨੂੰਨ ਬਦਲ ਗਿਆ ਹੈ।
ਸ਼ਨੈਲ ਦੀ ਵਕੀਲ ਅਲਾਲੇ ਕਿਆਨਰਸੀ ਨੇ ਦੱਸਿਆ ਕਿ ਹੁਣ ਬੇਹੋਸ਼ ਜਾਂ ਨਸ਼ੇ ਵਿੱਚ ਕਿਸੇ ਔਰਤ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਨ 'ਤੇ ਘੱਟ ਤੋਂ ਘੱਟ ਤਿੰਨ ਸਾਲ ਦੀ ਸਜ਼ਾ ਜ਼ਰੂਰੀ ਕੀਤੀ ਗਈ ਹੈ।
ਬਲਾਤਕਾਰ ਦੀ ਪਰਿਭਾਸ਼ਾ ਦਾ ਵਿਸਥਾਰ ਕਰਨ ਲਈ ਕਾਨੂੰਨ ਵਿੱਚ ਇੱਕ ਹੋਰ ਪੈਰ੍ਹਾ ਜੋੜਿਆ ਗਿਆ ਜਿਸ ਵਿੱਚ ਕਿਸੇ ਵੀ ਕਿਸਮ ਦਾ ਜਿਣਸੀ ਸ਼ੋਸ਼ਣ ਸ਼ਾਮਲ ਹੈ।
(ਉਸ ਨੇ ਬਿੱਲ ਦੇ ਸਮਰਥਨ ਵਿੱਚ ਦਲੀਲ ਦਿੱਤੀ, ''ਸਹਿਮਤੀ ਤੋਂ ਬਿਨਾਂ ਔਰਤ ਨਾਲ ਕੀਤੇ ਕਾਰੇ ਦੇ ਸਦਮੇ ਨੂੰ ਕਿਸੇ ਵੀ ਤਰ੍ਹਾਂ ਮਾਪਿਆ ਨਹੀਂ ਜਾ ਸਕਦਾ।'' )
ਇਸ ਕੇਸ ਕਾਰਨ ਉਹ ਖੁਦ ਨੂੰ ਟਿੱਚ ਹੋਇਆ ਮਹਿਸੂਸ ਕਰਦੀ ਸੀ (ਉਸਦਾ ਕਹਿਣਾ ਹੈ ''ਪੂਰਾ ਸਮਾਂ ਮੈਂ ਅਪਮਾਨਤ ਅਤੇ ਖਾਲੀਪਣ ਮਹਿਸੂਸ ਕਰਦੀ ਸੀ।'') ਅਤੇ ਟਰਨਰ ਨੂੰ ਸੁਣਾਈ ਗਈ ਸਜ਼ਾ ਨੇ ਉਸਨੂੰ ਸਦਮਾ ਪਹੁੰਚਾਇਆ, ਜਦੋਂ ਉਸਦੀ ਵਕੀਲ ਨੇ ਉਸਤੋਂ 'ਪੀੜਤ ਦਾ ਪ੍ਰਭਾਵੀ ਬਿਆਨ' ਜਾਰੀ ਕਰਨ ਦੀ ਆਗਿਆ ਮੰਗੀ।
ਉਸਨੇ ਸਿਰਫ਼ ਇੰਨਾ ਕਿਹਾ, ' ਕਿਉਂ ਨਹੀਂ, ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਮਦਦਗਾਰ ਹੋਵੇਗੀ।'' ਉਸਨੇ ਸੋਚਿਆ ਕਿ ਇਹ ਲੋਕਾਂ ਜਾਂ ਸਥਾਨਕ ਅਖ਼ਬਾਰਾਂ ਦੀ ਵੈੱਬਸਾਈਟ ਤੱਕ ਜਾਵੇਗੀ-ਪਰ ਉਸਨੇ ਇਸਦੇ ਪ੍ਰਭਾਵ ਦੀ ਕਲਪਨਾ ਨਹੀਂ ਕੀਤੀ ਸੀ।
ਜਦੋਂ ਉਸਦਾ ਬਿਆਨ ਆਇਆ ਜੋ ਮੂਲ ਰੂਪ ਵਿੱਚ 'ਬਜ਼ਫੀਡ' ਵਿੱਚ ਪੂਰਾ ਪ੍ਰਕਾਸ਼ਿਤ ਹੋਇਆ ਤਾਂ ਇਸਨੂੰ ਚਾਰ ਦਿਨਾਂ ਵਿੱਚ 11 ਮਿਲੀਅਨ ਵਿਊਜ਼ ਪ੍ਰਾਪਤ ਹੋਏ। ਚੈਨਲ ਨੂੰ ਸਮੁੱਚੇ ਵਿਸ਼ਵ ਵਿੱਚੋਂ ਹਜ਼ਾਰਾਂ ਦੀ ਸੰਖਿਆਂ ਵਿੱਚ ਪੱਤਰ ਅਤੇ ਤੋਹਫ਼ੇ ਪ੍ਰਾਪਤ ਹੋਏ।
ਉਸਨੇ ਉਹ ਸਾਰੇ ਪੜ੍ਹੇ, ਜੋ ਕਹਿੰਦੇ ਸਨ ''ਜੋ ਮੈਨੂੰ ਖੁਦ ਨਾਲ ਵਧੇਰੇ ਨਰਮ ਹੋਣ ਦੀ ਸਿੱਖਿਆ ਦਿੰਦੇ, ਮੈਨੂੰ ਦੱਸਦੇ ਕਿ ਮੈਂ ਉਨ੍ਹਾਂ ਦੀ ਕੀ ਲੱਗਦੀ ਹਾਂ।'' ਉਹ ਅੱਗੇ ਕਹਿੰਦੀ, 'ਮੈਂ ਇਨ੍ਹਾਂ ਜ਼ਰੀਏ ਉਨ੍ਹਾਂ ਦੀ ਨਜ਼ਰ ਤੋਂ ਖੁਦ ਨੂੰ ਦੇਖਣਾ ਸਿੱਖ ਰਹੀ ਸੀ।''
ਇੱਥੋਂ ਤੱਕ ਕਿ ਉਸਨੂੰ 'ਵ੍ਹਾਈਟ ਹਾਊਸ' ਤੋਂ ਵੀ ਪੱਤਰ ਪ੍ਰਾਪਤ ਹੋਇਆ-ਉਦੋਂ ਦੇ ਉਪ ਰਾਸ਼ਟਰਪਤੀ ਜੋਅ ਬਿਡੇਨ ਨੇ ਉਸਨੂੰ ਕਿਹਾ- ''ਤੁਸੀਂ ਉਨ੍ਹਾਂ ਨੂੰ ਉਹ ਤਾਕਤ ਦਿੱਤੀ ਹੈ ਜੋ ਉਨ੍ਹਾਂ ਨੂੰ ਲੜਨ ਲਈ ਲੋੜੀਂਦੀ ਹੈ। ਇਸ ਲਈ ਮੇਰਾ ਵਿਸ਼ਵਾਸ ਹੈ ਤੁਸੀਂ ਜ਼ਿੰਦਗੀਆਂ ਬਚਾਓਗੇ।''
ਕਿਉਂਕਿ ਉਹ ਗੁੰਮਨਾਮ ਸੀ, ਇਸ ਲਈ ਇਹ ਉਸਦੇ ਦੋਸਤਾਂ ਵਿੱਚ ਆਮ ਸੀ ਕਿ ਉਹ ਇਹ ਬਿਆਨ ਉਸਨੂੰ ਵੀ ਭੇਜ ਦਿੰਦੇ ਸੀ, ਉਹ ਅਣਜਾਣ ਸਨ ਕਿ ਇਹ ਉਸਨੇ ਹੀ ਲਿਖਿਆ ਹੈ।
ਚੈਨਲ ਦੇ ਥੈਰੇਪਿਸਟ ਨੂੰ ਇਹ ਪਤਾ ਸੀ ਕਿ ਉਹ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਹੈ, ਪਰ ਕਈ ਮਹੀਨਿਆਂ ਤੱਕ ਉਸਨੂੰ ਉਸਦੀ ਐਮਿਲੀ ਡੋ ਵਜੋਂ ਪਛਾਣ ਬਾਰੇ ਨਹੀਂ ਪਤਾ ਸੀ, ਉਹ ਉਸਤੋਂ ਪੁੱਛਦੀ, '' ਕੀ ਤੁਸੀਂ ਸਟੈਨਫੋਰਡ ਪੀੜਤ ਦਾ ਬਿਆਨ ਪੜ੍ਹਿਆ ਹੈ?''
ਇਹੀ ਰੇਪ ਦਾ ਮਾਮਲਾ ਜਨਤਕ ਕਿਵੇਂ ਹੋਇਆ
ਅਦਾਲਤਾਂ ਹਰ ਸਮੇਂ ਸ਼ਨੈਲ ਵਰਗੇ ਕੇਸਾਂ ਦੀ ਸੁਣਵਾਈ ਕਰਦੀਆਂ-ਇਨ੍ਹਾਂ ਵਿੱਚ ਸਿਰਫ਼ ਨਾਂ, ਸਥਾਨ ਅਤੇ ਵੇਰਵੇ ਬਦਲਦੇ ਸਨ। ਫਿਰ ਉਹ ਕਿਹੜੀ ਗੱਲ ਸੀ ਜਿਸਨੇ ਉਸਦੀ ਕਹਾਣੀ, ਉਸਦੀ ਪੀੜ ਨੂੰ ਵਿਆਪਕ ਪੱਧਰ 'ਤੇ ਗੂੰਜਾ ਦਿੱਤਾ?
'ਸ਼ਾਇਦ ਹਨੇਰੇ ਤੋਂ ਦੂਰ ਨਹੀਂ ਭੱਜਿਆ ਜਾ ਸਕਦਾ।'' ਚੈਨਲ ਕਹਿੰਦੀ ਹੈ, '' ਮੈਨੂੰ ਲੱਗਦਾ ਹੈ ਕਿ ਜਦੋਂ ਤੁਹਾਡੇ ਬੁਰੇ ਵਕਤ ਨੂੰ ਕਿਸੇ ਵੱਲੋਂ ਪਛਾਣਿਆ ਜਾਂਦਾ ਹੈ ਤਾਂ ਰਾਹਤ ਮਹਿਸੂਸ ਹੁੰਦੀ ਹੈ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਇਹ ਬਹੁਤ ਬੁਰਾ ਅਤੇ ਗੰਦਾ ਹੈ, ਜਿਸਨੂੰ ਤੁਹਾਨੂੰ ਛੁਪਾਉਣ ਦੀ ਲੋੜ ਹੈ।
''ਜੇਕਰ ਤੁਸੀਂ ਇਸਨੂੰ ਦਿਖਾਉਂਦੇ ਹੋ ਤਾਂ ਲੋਕ ਝਿਜਕ ਕੇ ਪਿੱਛੇ ਹਟ ਜਾਂਦੇ ਹਨ। ਮੈਂ ਆਪਣੀਆਂ ਇਨ੍ਹਾਂ ਸਾਰੀਆਂ ਮੁਸ਼ਕਿਲ ਭਾਵਨਾਵਾਂ ਦੱਸ ਸਕਦੀ ਹਾਂ ਅਤੇ ਇਨ੍ਹਾਂ ਪ੍ਰਤੀ ਖੁੱਲ੍ਹਾਪਣ ਅਪਣਾ ਸਕਦੀ ਹਾਂ। ਉਨ੍ਹਾਂ ਬਾਰੇ ਦੱਸਣ ਅਤੇ ਉਨ੍ਹਾਂ ਦਾ ਅਨੁਭਵ ਕਰਨ ਵਿੱਚ ਮੈਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ।''
ਸ਼ਨੈਲ ਨੇ ਕਿਹਾ ਕਿ ਅਦਾਲਤੀ ਪ੍ਰਕਿਰਿਆ ਵਿੱਚੋਂ ਗੁਜ਼ਰਨ ਕਾਰਨ ਉਸਨੇ ਆਪਣੀ ਜ਼ਿੰਮੇਵਾਰੀ ਮਹਿਸੂਸ ਕੀਤੀ ਕਿ ਉਹ ਇਸ ਬਾਰੇ ਬੋਲੇ ਅਤੇ ਦੂਜਿਆਂ ਨੂੰ ਇਹ ਦਿਖਾਏ ਕਿ ਇਹ ਹੈ ਕੀ।
ਉਹ ਕਹਿੰਦੀ ਹੈ ''ਮੈਂ ਜਾਣਦੀ ਹਾਂ ਕਿ ਮੇਰੇ ਕੋਲ ਦੱਸੇ ਅਤੇ ਅਣਦੱਸੇ ਬਹੁਤ ਸਾਰੇ ਫਾਇਦੇ ਹਨ। ਮੇਰੇ ਕੋਲ ਬਲਾਤਕਾਰ ਸਬੰਧੀ ਫੋਰੈਂਸਿਕ ਸਬੂਤਾਂ ਦੀ ਕਿੱਟ ਸੀ। ਮੈਨੂੰ ਪੁਲਿਸ ਅਤੇ ਨਰਸਾਂ ਤੋਂ ਮਦਦ ਮਿਲੀ। ਮੈਨੂੰ ਵਕੀਲ ਦਿੱਤਾ ਗਿਆ, ਮੇਰੇ ਕੋਲ ਪ੍ਰੌਸੀਕਿਊਟਰ ਸੀ। ਮੇਰੇ ਕੋਲ ਉਹ ਸਭ ਕੁਝ ਸੀ ਜੋ ਤੁਹਾਡੇ ਕੋਲ ਹੋਣਾ ਚਾਹੀਦਾ ਹੈ।
''ਪਰ ਫਿਰ ਵੀ ਮੈਨੂੰ ਬਹੁਤ ਮੁਸ਼ਕਿਲ ਅਤੇ ਭਾਵਨਾਤਮਕ ਤੌਰ 'ਤੇ ਠੇਸ ਪਹੁੰਚਾਉਣ ਵਾਲੀ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਪਿਆ। ਮੈਨੂੰ ਲੱਗਦਾ ਹੈ 'ਜੇਕਰ ਇਹ ਇਸ ਤਰ੍ਹਾਂ ਲੱਗਦਾ ਹੈ ਕਿ ਹਰੇਕ ਸੁਵਿਧਾ ਨਾਲ ਲੈਸ ਹੋ ਕੇ ਵੀ ਕੋਈ ਇਸ ਪ੍ਰਕਿਰਿਆ ਦੇ ਨਰਕ ਭਰੇ ਵਰਤਾਰੇ ਵਿੱਚੋਂ ਕਿਵੇਂ ਬਚ ਸਕਦਾ ਹੈ?'
''ਮੈਂ ਇਹ ਮਹਿਸੂਸ ਕੀਤਾ ਕਿ ਇਹ ਫੇਰਾ ਫਰਜ਼ ਬਣਦਾ ਹੈ ਕਿ ਮੈਂ ਇਸ ਬਾਰੇ ਲਿਖਾਂ ਕਿ ਅਦਾਲਤ ਦੇ ਕਮਰੇ ਦੀਆਂ ਖਿੜਕੀਆਂ ਰਹਿਤ ਕੰਧਾਂ ਅੰਦਰ ਕੀ ਹੁੰਦਾ ਹੈ, ਅੰਦਰੂਨੀ ਦ੍ਰਿਸ਼ ਕਿਸ ਤਰ੍ਹਾਂ ਦਾ ਹੈ, ਉਸ ਸਟੈਂਡ 'ਤੇ ਬੈਠਣਾ ਅਤੇ ਬੇਮਤਲਬ ਪੁੱਛਗਿੱਛ ਵਰਗੇ ਹਮਲੇ ਦਾ ਸਾਹਮਣਾ ਕਰਨਾ ਕਿਹੋ ਜਿਹਾ ਲੱਗਦਾ ਹੈ।''
ਕਿਤਾਬ ਲਿਖਣ ਕਾਰਨ ਉਸਨੂੰ ਅਦਾਲਤੀ ਦਸਤਾਵੇਜ਼ਾਂ ਅਤੇ ਹਜ਼ਾਰਾਂ ਉਨ੍ਹਾਂ ਪੇਜਾਂ ਤੱਕ ਪਹੁੰਚ ਪ੍ਰਾਪਤ ਕਰਨ ਦੀ ਆਗਿਆ ਮਿਲੀ ਜਿਹੜੇ ਉਸਨੇ ਇਸ ਲਈ ਪੇਸ਼ ਕੀਤੇ ਹੀ ਨਹੀਂ ਸਨ।
ਇਸ ਸਭ ਦਾ ਵਰਣਨ ਕਰਦਿਆਂ ਇਹ ਜਾਣਨਾ ਬਹੁਤ ਦੁਖਦਾਈ ਸੀ ਕਿ ਇਹ ਸਭ ਸਿਰਫ਼ ਅਦਾਲਤ ਨੇ ਹੀ ਨਹੀਂ, ਸਗੋਂ ਉਸਦੇ ਪਰਿਵਾਰ ਅਤੇ ਦੋਸਤਾਂ ਨੇ ਵੀ ਸੁਣਿਆ ਅਤੇ ਦੇਖਿਆ ਸੀ।
''ਇਹ ਬਹੁਤ ਮੁਸ਼ਕਿਲ ਸੀ। ਕਾਫ਼ੀ ਲੰਬੇ ਸਮੇਂ ਲਈ ਮੈਂ ਇਸ ਨੂੰ ਪਾਸੇ ਰੱਖੀ ਰੱਖਿਆ। ਆਖਿਰ ਫਿਰ ਮੈਂ ਚੰਗੀ ਤਰ੍ਹਾਂ ਸੋਚਿਆ ਕਿ ਮੈਨੂੰ ਇਨ੍ਹਾਂ ਨੂੰ ਦੇਖਣਾ ਹੀ ਪਵੇਗਾ।''
''ਮੈਂ ਇਹ ਪੜ੍ਹਾਂਗੀ ਕਿ ਬਰੌਕ ਅਤੇ ਬਚਾਅ ਪੱਖ ਨੇ ਦ੍ਰਿਸ਼ ਦਰ ਦ੍ਰਿਸ਼ ਮੇਰੇ ਬਾਰੇ ਕੀ ਆਖਿਆ ਸੀ, ਉਸਨੇ ਮੇਰਾ ਅੰਡਰਵੀਅਰ ਉਤਾਰਿਆ ਅਤੇ ਆਪਣੀਆਂ ਉਂਗਲਾਂ ਮੇਰੀ ਯੋਨੀ ਅੰਦਰ ਪਾਈਆਂ...,'' ਉਹ ਅੱਗੇ ਕੁਝ ਕਹਿਣ ਤੋਂ ਪਹਿਲਾਂ ਰੁਕ ਗਈ: ''ਸ਼ਬਦਾਂ ਰਾਹੀਂ ਆਪਣੇ ਕੱਪੜੇ ਮੁੜ ਤੋਂ ਉਤਾਰਨ ਬਾਰੇ ਪੜ੍ਹਨਾ ਦਿਲ ਦਹਿਲਾਉਣ ਵਾਲੀ ਗੱਲ ਸੀ।''
''ਅਦਾਲਤ ਦੇ ਕਮਰੇ ਵਿੱਚ ਪੂਰੇ ਹਾਦਸੇ ਦੀ ਕਲਪਨਾ ਕਰਨੀ ਜਿੱਥੇ ਹਰ ਕੋਈ ਸਿਰਫ਼ ਸੁਣ ਰਿਹਾ ਹੈ, ਕੋਈ ਕੁਝ ਕਰ ਨਹੀਂ ਰਿਹਾ ਹੈ। ਫਿਰ ਵੀ ਇਹ ਮੇਰੀ ਬਰਦਾਸ਼ਤ ਤੋ ਬਾਹਰ ਸੀ।''
ਇਸ ਨਾਲ ਉਹ ਗੁੱਸੇ ਅਤੇ 'ਆਪ ਸਹੇੜੀ ਉਦਾਸੀ' ਦਾ ਸ਼ਿਕਾਰ ਹੋਈ, ਪਰ ਜਿਵੇਂ ਕਹਿੰਦੇ ਹਨ ਕਿ ''ਇਹ ਬਹੁਤ ਸ਼ਾਨਦਾਰ ਪਲ ਸਨ ਜਿੱਥੇ ਅਸਲ ਵਿੱਚ ਸਾਰੀਆਂ ਆਵਾਜ਼ਾਂ ਇਨ੍ਹਾਂ ਉਤਾਰਿਆਂ ਰਾਹੀਂ ਮੇਰੇ ਹੱਥਾਂ ਵਿੱਚ ਹਨ, ਮੈਂ ਉਨ੍ਹਾਂ ਨੂੰ ਚੁਣ ਵੀ ਸਕਦੀ ਹਾਂ ਅਤੇ ਅਣਗੌਲਿਆ ਵੀ ਕਰ ਸਕਦੀ ਹਾਂ। ਮੈਂ ਹੁਣ ਇਨ੍ਹਾਂ ਸਭ ਦੀ ਮਾਲਕ ਹਾਂ। ਮੈਂ ਜਿਸਨੂੰ ਵੀ ਚਾਹਵਾਂ ਉਸਨੂੰ ਚੁਣਾਂ ਅਤੇ ਜਿਹੋ ਜਿਹੀ ਮਰਜ਼ੀ ਇਬਾਰਤ ਬਣਾਵਾਂ।''
ਉਸਨੇ ਅੱਗੇ ਕਿਹਾ, ''ਮੁੜ ਬਿਰਤਾਂਤ ਸਿਰਜਣ ਦੇ ਯੋਗ ਹੋਣਾ ਬਹੁਤ ਸ਼ਕਤੀਸ਼ਾਲੀ ਹੋਣ ਵਾਲੀ ਗੱਲ ਹੈ।''
'ਨੋ ਮਾਈ ਨੇਮ' ਸ਼ਨੈਲ ਨੂੰ ਮਿਲੇ ਗਹਿਰੇ ਸਦਮੇ ਦੇ ਅਨੁਭਵ ਦਾ ਵਰਣਨ ਕਰਦੀ ਹੈ-ਇਹ ਬਿਨਾਂ ਜਾਣੇ ਉੱਠਣਾ ਕਿ ਉਸ ਨਾਲ ਕੀ ਹੋਇਆ ਹੈ, ਨਿਊਜ਼ ਰਿਪੋਰਟਾਂ ਤੋਂ ਹਮਲੇ ਦੇ ਵਿਵਰਣ ਲੈਣੇ, ਆਖਿਰ ਆਪਣੇ ਮਾਪਿਆਂ ਨੂੰ ਦੱਸਣ ਤੋਂ ਲੈ ਕੇ ਅਦਾਲਤ ਵਿੱਚ ਭੁੱਬਾਂ ਮਾਰ ਕੇ ਰੋਣ ਤੱਕ ਇਸ ਵਿੱਚ ਸਭ ਕੁਝ ਹੈ। ਜਿਵੇਂ ਉਹ ਕਹਿੰਦੀ ਹੈ, ''ਲੇਖਣੀ ਜ਼ਰੀਏ ਮੈਂ ਦੁਨੀਆ ਨੂੰ ਕਟਹਿਰੇ ਵਿੱਚ ਖੜ੍ਹਾ ਕਰਦੀ ਹਾਂ।''
ਸ਼ਨੈਲ ਨੇ ਆਪਣੇ ਨਾਂ ਦਾ ਖੁਲਾਸਾ ਛੇ ਮਹੀਨੇ ਪਹਿਲਾਂ ਹੀ ਕੀਤਾ ਸੀ ਜਦੋਂ ਕਿ ਇਹ ਕਿਤਾਬ ਉਸਨੇ 2017 ਵਿੱਚ ਲਿਖਣੀ ਸ਼ੁਰੂ ਕਰ ਦਿੱਤੀ ਸੀ।
ਉਹ ਦੱਸਦੀ ਹੈ ਕਿ ਗੁਪਤਤਾ ਉਸ ਲਈ ਬਹੁਤ ਵੱਡਾ ਬੋਝ ਬਣ ਗਈ ਸੀ-90% ਲੋਕ ਜਿਹੜੇ ਉਸਨੂੰ ਜਾਣਦੇ ਹਨ, ਉਹ ਉਸਦੀ ਦੂਜੀ ਪਛਾਣ ਨਹੀਂ ਜਾਣਦੇ ਸਨ।
ਉਸਦੇ ਦੋਸਤਾਂ ਨੂੰ ਲੱਗਦਾ ਸੀ ਕਿ ਉਹ ਅਜੇ ਵੀ 9-5 ਵਾਲੀ ਦਫ਼ਤਰੀ ਨੌਕਰੀ ਕਰਦੀ ਸੀ। ਇਸ ਲਈ ਉਸਦੇ ਸਾਬਕਾ ਸਹਿਕਰਮੀ (ਉਹ ਮੁਸਕਰਾਉਂਦੀ ਹੋਈ ਕਹਿੰਦੀ ਹੈ 'ਮੇਰੇ ਸੂਹੀਏ') ਉਸਨੂੰ ਥੋੜ੍ਹੀ ਥੋੜ੍ਹੀ ਜਾਣਕਾਰੀ ਪ੍ਰਦਾਨ ਕਰਦੇ ਰਹਿੰਦੇ ਸਨ। ਉਹ ਕਹਿੰਦੀ ਹੈ ''ਸ਼ੁਰੂਆਤ ਵਿੱਚ ਖੁਦ ਨੂੰ ਸੁਰੱਖਿਅਤ ਰੱਖਣਾ ਅਤੇ ਗੁਪਤਤਾ ਬਣਾ ਕੇ ਰੱਖਣੀ ਬਹੁਤ ਅਹਿਮ ਸੀ।'' ''ਪਰ ਇੱਕ ਸਮੇਂ ਤੋਂ ਬਾਅਦ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਦਰਦ ਮੱਠਾ ਪੈ ਗਿਆ ਹੈ ਅਤੇ ਮੈਂ ਸੋਚਿਆ ਕਿ ਮੇਰੇ ਲਈ ਪੂਰੇ ਸੱਚ ਨਾਲ ਜਿਊਣ ਦੇ ਸਮਰੱਥ ਹੋਣਾ ਬਹੁਤ ਮਹੱਤਵਪੂਰਨ ਹੈ।''
ਇਸ ਮਹੀਨੇ ਦੀ ਸ਼ੁਰੂਆਤ ਵਿੱਚ ਇੱਕ ਦਿਨ ਉਸਨੂੰ ਉਮੀਦ ਜਾਗੀ ਕਿ ਚੈਨਲ 'ਤੁਫਾਨ' ਬਣਕੇ ਬਾਹਰ ਆਏਗੀ। ਪਰ ਅੰਤ ਵਿੱਚ ਇਹ ਗਹਿਰੀ ਸ਼ਾਂਤੀ ਅਤੇ ਮਜ਼ਬੂਤੀ ਵਾਲਾ ਪਲ ਸੀ।
ਸ਼ਨੈਲ ਨੇ ਕਿਹਾ, ''ਪਿਛਲੇ ਸਾਢੇ ਚਾਰ ਸਾਲਾਂ ਵਿੱਚ ਇਹ ਸਭ ਤੋਂ ਸ਼ਾਂਤੀਮਈ ਦਿਨ ਸੀ। ਮੈਨੂੰ ਅਚਾਨਕ ਮਹਿਸੂਸ ਹੋਇਆ ਕਿ ਮੈਂ ਇਸ ਸਭ ਨੂੰ ਉਲੰਘ ਆਈ ਹਾਂ।''
ਉਸਨੂੰ ਨਹੀਂ ਲੱਗਦਾ ਕਿ ਟਰਨਰ -ਜਿਸਨੇ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ, ਉਸਨੇ ਮੰਨਿਆ ਹੋਵੇਗਾ ਕਿ ਉਸਨੇ ਕੀ ਕੀਤਾ ਹੈ।
ਉਹ ਕਹਿੰਦੀ ਹੈ, ''ਤੁਹਾਨੂੰ ਪਤਾ ਹੈ ਕਿ ਸਜ਼ਾ ਸੁਣਨ ਵੇਲੇ ਉਸ ਨੇ ਮੁਆਫ਼ੀ ਦੇ 10 ਵਾਕ ਪੜ੍ਹੇ। ਮੈਨੂੰ ਇਹ ਆਮ ਜਿਹਾ ਲੱਗ ਰਿਹਾ ਸੀ।''
''ਸੱਚਮੁੱਚ ਇਸਨੇ ਮੇਰੇ ਅੱਗੇ ਇੱਕ ਪ੍ਰਸ਼ਨ ਉਠਾਇਆ ਕਿ ਨਿਆਂ ਪ੍ਰਣਾਲੀ ਵਿੱਚ ਅਸੀਂ ਕੀ ਕਰ ਰਹੇ ਹਾਂ ਕਿਉਂਕਿ ਜੇ ਉਹ ਇਹ ਵੀ ਨਹੀਂ ਸਿੱਖ ਰਹੇ ਤਾਂ ਫਿਰ ਨੁਕਤਾ ਕੀ ਹੈ? ਜੇਕਰ ਉਸਨੇ ਖੁਦ ਨੂੰ ਤਬਦੀਲ ਕਰ ਲੈਂਦਾ ਤਾਂ ਮੈਂ ਉਸਨੂੰ ਮਿਲੀ ਸਜ਼ਾ 'ਤੇ ਉਸਨੂੰ ਬਖ਼ਸ਼ ਦੇਣ ਬਾਰੇ ਸੋਚ ਸਕਦੀ ਸੀ।
''ਮੇਰੀ ਅਸਲ ਵਿੱਚ ਆਤਮ ਵਿਕਾਸ ਅਤੇ ਸਮਝ ਵਿੱਚ ਦਿਲਚਸਪੀ ਹੈ ਜਦੋਂ ਕਿ ਉਹ ਇਸ ਤੋਂ ਪੂਰੀ ਤਰ੍ਹਾਂ ਭਟਕਿਆ ਹੋਇਆ ਹੈ, ਉਸਨੂੰ ਕਦੇ ਵੀ ਕਿਸੇ ਤਰ੍ਹਾਂ ਦਾ ਆਤਮ ਨਿਰੀਖਣ ਕਰਨ ਲਈ ਮਜਬੂਰ ਨਹੀਂ ਕੀਤਾ ਗਿਆ ਜਾਂ ਅਸਲ ਵਿੱਚ ਉਸਨੇ ਜਿਸ ਢੰਗ ਨਾਲ ਮੈਨੂੰ ਪ੍ਰਭਾਵਿਤ ਕੀਤਾ, ਉਹ ਸੱਚਮੁੱਚ ਬਹੁਤ ਦੁਖਦਾਈ ਹੈ।''
ਸਟੈਨਫਰਡ ਯੂਨੀਵਰਸਿਟੀ ਦੀ ਪ੍ਰਤੀਕਿਰਿਆ:
ਅਸੀਂ ਸ਼ਨੈਲ ਮਿਲਰ ਦੀ ਆਪਣੀ ਕਹਾਣੀ ਜਨਤਕ ਕਰਨ ਦੀ ਬਹਾਦਰੀ ਦੀ ਪ੍ਰਸੰਸਾ ਕਰਦੇ ਹਾਂ ਅਤੇ ਸਾਨੂੰ ਇਸ ਗੱਲ ਦਾ ਬਹੁਤ ਅਫ਼ਸੋਸ ਹੈ ਕਿ ਸਟੈਨਫਰਡ ਕੈਂਪਸ ਵਿੱਚ ਉਸਦਾ ਜਿਣਸੀ ਸ਼ੋਸ਼ਣ ਕੀਤਾ ਗਿਆ। ਇੱਕ ਯੂਨੀਵਰਸਿਟੀ ਵਜੋਂ ਅਸੀਂ ਆਪਣੇ ਸਮਾਜ ਵਿੱਚੋਂ ਜਿਣਸੀ ਸ਼ੋਸ਼ਣ ਖਤਮ ਕਰਨ ਦੇ ਅੰਤਿਮ ਟੀਚੇ ਨਾਲ ਜਿਣਸੀ ਹਿੰਸਾ ਤੋਂ ਸੁਰੱਖਿਆ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਤੀਕਿਰਿਆ ਦੇਣ ਦੀ ਬੇਹੱਦ ਕੋਸ਼ਿਸ਼ ਜਾਰੀ ਰੱਖ ਰਹੇ ਹਾਂ।
ਐੱਸਏਆਰਟੀ (ਸੈਕਸੂਅਲ ਅਸਾਲਟ ਰਿਸਪਾਂਸ ਟੀਮ) ਜਾਂਚ ਲਈ ਸਾਂ ਹੋਜ਼ੇ ਦਾ ਵੈਲੀ ਮੈਡੀਕਲ ਸੈਂਟਰ ਸਭ ਤੋਂ ਨਜ਼ਦੀਕੀ ਸਥਾਨ ਹੈ। ਅਸੀਂ ਲੰਬੇ ਸਮੇਂ ਤੋਂ ਇਸ ਨਾਲ ਸਹਿਮਤ ਹਾਂ ਕਿ ਇਸ ਲਈ ਕਿਸੇ ਨਜ਼ਦੀਕੀ ਸਥਾਨ ਦੀ ਲੋੜ ਹੈ, ਅਸੀਂ ਸਟੈਨਫਰਡ ਹਸਪਤਾਲ ਵਿੱਚ ਐੱਸਏਆਰਟੀ ਜਾਂਚ ਪ੍ਰਦਾਨ ਕਰਾਉਣ ਲਈ ਵਚਨਬੱਧ ਹਾਂ, ਜਿੱਥੇ ਐੱਸਏਆਰਟੀ ਪ੍ਰੋਗਰਾਮ ਚੱਲਦਾ ਹੈ, ਇਹ ਨਰਸਾਂ ਨੂੰ ਸਿਖਲਾਈ ਦੇਣ ਲਈ ਕੰਮ ਕਰ ਰਿਹਾ ਹੈ।
ਜੱਜ ਐਰਨ ਪਾਰਸਕੀ ਦੀ ਟਰਨਰ ਨੂੰ ਤੁਲਨਾਤਮਕ ਰੂਪ ਵਿੱਚ ਬਹੁਤ ਘੱਟ ਸਜ਼ਾ ਦੇਣ ਲਈ ਬਹੁਤ ਆਲੋਚਨਾ ਹੋ ਰਹੀ ਹੈ-ਉੱਥੇ ਰਾਸ਼ਟਰ ਪੱਧਰ 'ਤੇ ਬਹਿਸ ਛਿੜ ਗਈ ਹੈ ਕਿ ਕੀ ਅਮਰੀਕੀ ਨਿਆਂ ਪ੍ਰਣਾਲੀ ਵਿੱਚ ਗੋਰੇ ਵਿਅਕਤੀ ਦਾ ਉਸਦੇ ਵਧੀਆ ਪਿਛੋਕੜ ਕਾਰਨ ਪੱਖ ਪੂਰਿਆ ਜਾਵੇਗਾ।
ਸ਼ਨੈਲ ਕਹਿੰਦੀ ਹੈ, ''ਆਪਣੀਆਂ ਕਾਰਵਾਈਆਂ ਨਾਲ ਕਿਸੇ ਹੋਰ ਵਿਅਕਤੀ 'ਤੇ ਆਪਣੇ ਪ੍ਰਭਾਵਾਂ ਦੀ ਜਾਂਚ ਕਰਨਾ ਵਿਸ਼ੇਸ਼ ਅਧਿਕਾਰ ਨਹੀਂ ਹੈ।''
''ਤੁਸੀਂ ਜਾਣਦੇ ਹੋ, ਅਸੀਂ ਕਿਸੇ ਵਿਸ਼ੇਸ਼ ਰੰਗ ਦੇ ਵਿਅਕਤੀਆਂ ਨੂੰ ਭੰਗ ਰੱਖਣ ਜਿਹੇ ਗੈਰ ਹਿੰਸਕ ਅਪਰਾਧਾਂ ਲਈ ਵੀ ਲੰਬੀਆਂ ਸਾਜ਼ਾਵਾਂ ਦਿੱਤੀਆਂ ਹਨ। ਇਹ ਬਹੁਤ ਹਾਸੋਹੀਣਾ ਹੈ।''
''ਮੈਂ ਬਸ ਸੋਚਦੀ ਰਹਿੰਦੀ ਹਾਂ ਕਿ ਸਜ਼ਾ ਕਿੱਥੋਂ ਆਉਂਦੀ ਹੈ? ਜਦੋਂ ਤੁਸੀਂ ਆਪਣੇ ਜੀਵਨ ਵਿੱਚ ਜੋ ਵੀ ਕਰਦੇ ਹੋ, ਉਸ ਲਈ ਜਵਾਬਦੇਹ ਹੋਣ ਲਈ ਮਜਬੂਰ ਹੋ ਜਾਂਦੇ ਹੋ ਤਾਂ ਤੁਸੀਂ ਉਸ ਵਿੱਚੋਂ ਗੁਜ਼ਰਦੇ ਨਹੀਂ ਹੋ, ਤੁਸੀਂ ਸਿਰਫ਼ ਇਹ ਹੀ ਕਰ ਸਕਦੇ ਹੋਂ ਕਿ ਕਿਸੇ ਨਾ ਪਹੁੰਚਾਓ ਤੇ ਆਪ ਵੀ ਇਸਤੋਂ ਪ੍ਰਭਾਵਿਤ ਨਾ ਹੋਵੋ।
''ਮੈਨੂੰ ਇਹ ਗੱਲ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਦੀ ਹੈ ਕਿ ਇਹ ਕਦੇ ਵਿਚਾਰਿਆ ਨਹੀਂ ਜਾਂਦਾ ਕਿ ਪੀੜਤ ਵੀ ਅਜਿਹਾ ਹੋਣ ਤੋਂ ਪਹਿਲਾਂ ਆਪਣੇ ਜੀਵਨ ਵਿੱਚ ਰੁੱਝੀ ਹੋਈ ਸੀ। ''
''ਸਾਡੇ ਆਪਣੇ ਏਜੰਡੇ ਅਤੇ ਟੀਚੇ ਹੁੰਦੇ ਹਨ ਅਤੇ ਅਜਿਹਾ ਹੋਣ ਤੋਂ ਬਾਅਦ ਤੁਹਾਡੀ ਜ਼ਿੰਦਗੀ ਨੂੰ ਲੀਹੋਂ ਲੱਥਣ ਦਾ ਮੁਲਾਂਕਣ ਨਹੀਂ ਕੀਤਾ ਜਾ ਸਕਦਾ। ਜਦੋਂ ਲੋਕ ਕਹਿੰਦੇ ਹਨ, 'ਉਸਨੇ ਰਿਪੋਰਟ ਕਿਉਂ ਨਹੀਂ ਕੀਤੀ? ਇਸ ਤਰ੍ਹਾਂ ਆਮ ਹੀ ਪੁੱਛਿਆ ਜਾਂਦਾ ਹੈ, ਉਸਨੇ ਅਜਿਹਾ ਹੋਣ ਤੋਂ ਰੋਕਿਆ ਕਿਉਂ ਨਹੀਂ, ਕੀ ਉਹ ਅਜਿਹਾ ਹੋਣ ਦਾ ਇੰਤਜ਼ਾਰ ਕਰ ਰਹੀ ਸੀ। ਜੇ ਉਹ ਅਜਿਹਾ ਨਹੀਂ ਚਾਹੁੰਦੀ ਸੀ ਤਾਂ ਉਹ ਉੱਥੇ ਕੀ ਕਰ ਰਹੀ ਸੀ? ''
ਟਰਨਰ ਨੇ ਪਿਛਲੇ ਸਾਲ ਆਪਣੀ ਸਜ਼ਾ ਖ਼ਤਮ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸਦੀ ਅਪੀਲ ਖਾਰਜ ਕਰ ਦਿੱਤੀ ਗਈ। ਉਹ ਜਿਣਸੀ ਅਪਰਾਧੀਆਂ ਵਾਲੇ ਰਜਿਸਟਰ ਵਿੱਚ ਹੀ ਰਿਹਾ। ਟਰਨਰ 'ਤੇ ਯੂਨੀਵਰਸਿਟੀ ਵਿੱਚ ਪਾਬੰਦੀ ਲਗਾ ਦਿੱਤੀ ਗਈ ਅਤੇ ਹੁਣ ਉਹ ਓਹਾਈਓ ਵਿਖੇ ਆਪਣੇ ਮਾਪਿਆਂ ਨਾਲ ਰਹਿ ਰਿਹਾ ਹੈ।
ਇਹ ਪੁੱਛਣ 'ਤੇ ਕੀ ਉਹ ਟਰਨਰ ਅਤੇ ਉਸਦੇ ਪਰਿਵਾਰ ਨੂੰ ਆਪਣੀ ਕਿਤਾਬ ਪੜ੍ਹਾਉਣਾ ਚਾਹੇਗੀ, 'ਤੇ ਉਹ ਕਹਿੰਦੀ ਹੈ, ' ਜੇਕਰ ਉਹ ਇਸਨੂੰ ਪੜ੍ਹਨ ਲਈ ਚੁਣਦੇ ਹਨ ਅਤੇ ਇਸਨੂੰ ਸੁਣਦੇ ਹਨ ਤਾਂ ਮੈਂ ਹਮੇਸ਼ਾ ਇਸਨੂੰ ਉਤਸ਼ਾਹਿਤ ਕਰਾਂਗੀ। ਮੈਂ ਹਮੇਸ਼ਾ ਸਿੱਖਣ ਅਤੇ ਗਹਿਰੀ ਸਮਝ ਨੂੰ ਉਤਸ਼ਾਹਿਤ ਕਰਦੀ ਹਾਂ।
'' ਪਰ ਮੈਂ ਇਹ ਵੀ ਮੰਨਦੀ ਹਾਂ ਕਿ ਉਹ ਮੇਰੇ ਨਿਯੰਤਰਣ ਤੋਂ ਬਾਹਰ ਹਨ, ਮੈਂ ਸਿਰਫ਼ ਆਪਣੇ ਮਾਰਗ 'ਤੇ ਧਿਆਨ ਕੇਂਦਰਿਤ ਕਰ ਸਕਦੀ ਹਾਂ ਕਿ ਮੈਂ ਕਿਵੇਂ ਅੱਗੇ ਵਧਣਾ ਚਾਹੁੰਦੀ ਹਾਂ। ਸਭ ਤੋਂ ਅਹਿਮ ਜੋ ਮੈਂ ਚਾਹੁੰਦੀ ਹਾਂ ਕਿ ਕਿਤਾਬ ਇੱਕ ਸਾਥੀ ਵਜੋਂ ਮੌਜੂਦ ਹੋਵੇ।''
''ਮੈਨੂੰ ਲੱਗਦਾ ਹੈ ਕਿ ਇਹ ਅਜਿਹੀ ਚੀਜ਼ ਹੈ ਜਿਸਨੂੰ ਤੁਸੀਂ ਆਪਣੇ ਨਾਲ ਲੈ ਕੇ ਜਾ ਸਕਦੇ ਹੋ ਅਤੇ ਤੁਸੀਂ ਜਦੋਂ ਮੁਸ਼ਕਿਲ ਦੌਰ ਵਿੱਚੋਂ ਗੁਜ਼ਰਦੇ ਹੋ, ਕੁਝ ਅਜਿਹਾ ਜੋ ਤੁਸੀਂ ਦੇਰ ਰਾਤ ਤੱਕ ਆਪਣੇ ਬਿਸਤਰੇ 'ਤੇ ਭੌਤਿਕ ਰੂਪ ਨਾਲ ਰੱਖ ਸਕਦੇ ਹੋ ਜਾਂ ਜਦੋਂ ਤੁਸੀਂ ਅਲੱਗ ਥਲੱਗ ਮਹਿਸੂਸ ਕਰੋ ਤਾਂ ਇਸ ਨੂੰ ਪੜ੍ਹ ਸਕਦੇ ਹੋ। ਮੈਂ ਹਮੇਸ਼ਾ ਇਸ ਤਰ੍ਹਾਂ ਸੋਚਦੀ ਹਾਂ, ਜਦੋਂ ਮੈਂ ਇਸ ਵਿੱਚੋਂ ਗੁਜ਼ਰ ਰਹੀ ਸੀ ਤਾਂ ਮੈਨੂੰ ਕੀ ਸੁਣਨਾ ਚਾਹੀਦਾ ਸੀ?''
ਉਸਦੇ ਦਿਲ ਵਿੱਚ ਦੋ ਸਵੀਡਿਸ਼ ਵਿਦਿਆਰਥੀਆਂ ਪੀਟਰ ਜੌਨਜ਼ਸਨ ਅਤੇ ਕਾਰਲ-ਫਰੈੱਡਰਿਕ ਅੰਡਟ ਲਈ ਵਿਸ਼ੇਸ਼ ਸਥਾਨ ਹੈ ਜਿਨ੍ਹਾਂ ਨੇ ਸਾਈਕਲਾਂ 'ਤੇ ਉੱਥੋਂ ਲੰਘਦਿਆਂ ਉਸ ਦੇ ਜਿਣਸੀ ਸ਼ੋਸ਼ਣ ਦੀ ਕੋਸ਼ਿਸ਼ ਨੂੰ ਦੇਖਿਆ ਅਤੇ ਇਸ ਹਮਲੇ ਨੂੰ ਰੋਕਿਆ।
ਸ਼ਨੈਲ ਨੇ ਦੋ ਮੋਟਰਸਾਈਕਲਾਂ ਦਾ ਇੱਕ ਚਿੱਤਰ ਬਣਾਇਆ ਅਤੇ ਹਮਲੇ ਤੋਂ ਬਾਅਦ ਆਪਣੇ ਬਿਸਤਰੇ 'ਤੇ ਇਸਨੂੰ ਰੱਖ ਕੇ ਸੁੱਤੀ, ਇਹ ਅਜਿਹਾ ਤਲਿਸਮ ਸੀ ਜੋ ਉਸਨੂੰ ਯਾਦ ਦਿਵਾਉਂਦਾ ਹੈ ਕਿ ਉਮੀਦ ਹਾਲੇ ਵੀ ਬਾਕੀ ਸੀ।
ਜਦੋਂ ਤੋਂ ਉਹ ਰਾਤਰੀ ਭੋਜ 'ਤੇ ਇਨ੍ਹਾਂ ਸਵੀਡਿਸ਼ ਦੋਸਤਾਂ ਨੂੰ ਮਿਲੀ ਹੈ। ''ਮੈਂ ਉਨ੍ਹਾਂ ਨੂੰ ਹਮੇਸ਼ਾ ਕਹਿੰਦੀ ਹਾਂ ''ਸਵੀਡਿਸ਼ ਬਣੇ ਰਹੋ', ਕਮਜ਼ੋਰਾਂ ਲਈ ਅੱਗੇ ਆਓ, ਆਪਣੀ ਫਰਜ਼ ਅਦਾ ਕਰੋ, ਇੱਕ ਦੂਜੇ ਦੀ ਮਦਦ ਕਰੋ ਅਤ ਪੀੜਤ ਲੋਕਾਂ ਦੇ ਪੱਖ ਵਿੱਚ ਖੜ੍ਹ ਕੇ ਇਸ ਮਾੜੇ ਵਕਤ ਦਾ ਡਟ ਕੇ ਸਾਹਮਣਾ ਕਰੋ।
''ਮੈਨੂੰ ਲੱਗਦਾ ਹੈ ਕਿ ਮੈਂ ਜੋ ਪ੍ਰਤੀਕਿਰਿਆ ਹਾਸਲ ਕੀਤੀ ਹੈ, ਉਸਨੇ ਇੱਕ ਆਵਾਜ਼ ਬੁਲੰਦ ਕੀਤੀ ਹੈ ਕਿ ਲੋਕ ਕਦਮ ਅੱਗੇ ਵਧਾਉਣ ਲਈ ਤਿਆਰ ਹਨ ਅਤੇ ਅਸਲ ਵਿੱਚ ਜੋ ਸਹੀ ਹੈ, ਉਸ ਲਈ ਲੜਨਾ ਚਾਹੁੰਦੇ ਹਨ। ਇਹ ਬੇਹੱਦ ਉਤਸ਼ਾਹਜਨਕ ਹੈ।''
ਹੁਣ ਇਹ ਕਿਤਾਬ ਪੂਰੀ ਦੁਨੀਆਂ ਵਿੱਚ ਆ ਚੁੱਕੀ ਹੈ, ਸ਼ਨੈਲ ਹੁਣ ਇਹ ਤੈਅ ਕਰਨਾ ਚਾਹੁੰਦੀ ਹੈ ਕਿ ਉਸਨੇ ਆਪਣੀ ਜ਼ਿੰਦਗੀ ਦੇ ਅਗਲੇ ਪੜਾਅ ਵਿੱਚ ਕੀ ਕਰਨਾ ਹੈ। ਪਰ ਉਸਨੂੰ ਉਮੀਦ ਅਤੇ ਵਿਸ਼ਵਾਸ ਹੈ ਕਿ ਦੁਨੀਆ ਵਿੱਚ ਚੰਗਿਆਈ ਬੁਰਾਈ 'ਤੇ ਭਾਰੂ ਪੈਂਦੀ ਹੈ।
ਇਹ ਵੀ ਪੜ੍ਹੋ:
''ਜਿਸ ਰਾਤ ਕਿਸੇ ਨੇ ਮੇਰੇ 'ਤੇ ਹਮਲਾ ਕੀਤਾ, ਤਾਂ ਕਿਸੇ ਹੋਰ ਨੇ ਮੈਨੂੰ ਬਚਾ ਵੀ ਲਿਆ।'' ਉਹ ਗੰਭੀਰਤਾ ਨਾਲ ਆਖਦੀ ਹੈ। ''ਜੇ ਇੱਕ ਭਿਅੰਕਰ ਘਟਨਾ ਵਾਪਰੀ ਤਾਂ ਦੂਜੇ ਪਾਸੇ ਬਹੁਤ ਸ਼ਾਨਦਾਰ ਗੱਲ ਵੀ ਹੋਈ। ਕਹਿੰਦੇ ਹਨ ਕਿ ਤੁਹਾਨੂੰ ਆਪਣੇ ਨਾਇਕ ਆਪ ਬਣਨਾ ਚਾਹੀਦਾ ਹੈ, ਪਰ ਅਜਿਹੇ ਮਾਮਲਿਆਂ ਵਿੱਚ ਕਿਸੇ ਹੋਰ ਨੂੰ ਨਾਇਕਾਂ ਵਾਂਗ ਤੁਹਾਡੀ ਰੱਖਿਆ ਕਰਨੀ ਚਾਹੀਦੀ ਹੈ। ''
ਇਹ ਪੁੱਛਣ 'ਤੇ ਕਿ ਤੁਹਾਡੀ ਹੁਣ ਕੀ ਕਰਨ ਦੀ ਯੋਜਨਾ ਹੈ, ਸ਼ਨੈਲ ਕਹਿੰਦੀ ਹੈ: '' ਮੈਂ ਬੱਚਿਆਂ ਦੇ ਕੱਚੇ ਮਨਾਂ ਅਤੇ ਹਰ ਰਸ ਤੇ ਰੰਗ ਨਾਲ ਭਰੇ ਦਿਲਾਂ ਲਈ ਕਿਤਾਬਾਂ ਲਿਖਣਾ ਚਾਹੁੰਦੀ ਹਾਂ, ਜਿਨ੍ਹਾਂ ਨੇ ਅਜੇ ਦੁਖੀ, ਗੰਭੀਰ ਅਤੇ ਘਸਮੈਲੇ ਹੋਣਾ ਨਹੀਂ ਸਿੱਖਿਆ। ਮੇਰੇ ਕਈ ਸਾਲ ਬਹੁਤ ਮਾੜੇ ਲੰਘੇ ਹਨ, ਪਰ ਮੈਨੂੰ ਬਹੁਤ ਉਮੀਦ ਹੈ। ਮੈਨੂੰ ਹਮੇਸ਼ਾ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਹਮੇਸ਼ਾ ਹੀ ਨਵੀਂ ਸ਼ੁਰੂਆਤ ਹੁੰਦੀ ਹੈ।''
'ਨੋ ਮਾਈ ਨੇਮ' 24 ਸਤੰਬਰ ਨੂੰ ਅਮਰੀਕਾ ਅਤੇ ਯੂਕੇ ਵਿੱਚ ਪ੍ਰਕਾਸ਼ਿਤ ਹੋਈ ਹੈ।
ਇਹ ਵੀਡੀਓ ਵੀ ਦੇਖੋ: