ਮੋਦੀ-ਇਮਰਾਨ ਦੇ ਭਾਸ਼ਣ ਦਾ ਕਸ਼ਮੀਰ 'ਚ ਕਿਹੋ ਜਿਹਾ ਪ੍ਰਤੀਕਰਮ ਰਿਹਾ

ਯੂਐਨਓ ਦੇ ਜਨਰਲ ਇਜਲਾਸ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਭਾਸ਼ਣ ਤੋਂ ਬਾਅਦ ਭਾਰਤ ਸ਼ਾਸਿਤ ਕਸ਼ਮੀਰ ਵਿਚ ਕਈ ਥਾਵਾਂ ਉੱਤੇ ਲੋਕਾਂ ਨੇ ਨਾਅਰੇਬਾਜ਼ੀ ਅਤੇ ਮੁਜ਼ਾਹਰੇ ਕਰਨ ਦੀ ਕੋਸ਼ਿਸ਼ ਕੀਤੀ।

ਬੀਬੀਸੀ ਪੱਤਰਕਾਰ ਰਿਆਜ਼ ਮਸਰੂਰ ਨੇ ਸ੍ਰੀਨਗਰ ਤੋਂ ਖ਼ਬਰ ਦਿੱਤੀ ਹੈ ਕਿ ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ਤੇ ਪਾਕਿਸਤਾਨ ਦਾ ਸਿੱਧੇ ਤੌਰ ਉੱਤੇ ਕੋਈ ਖ਼ਾਸ ਜ਼ਿਕਰ ਨਹੀਂ ਕੀਤਾ ਪਰ ਇਮਰਾਨ ਖ਼ਾਨ ਦਾ ਲਗਭਗ ਪੂਰਾ ਭਾਸ਼ਣ ਹੀ ਕਸ਼ਮਰੀ ਮੁੱਦੇ ਉੱਤੇ ਕ੍ਰੇਂਦਿਤ ਸੀ। ਜਿਸ ਤੋਂ ਬਾਅਦ ਭਾਰਤ ਸ਼ਾਸਿਤ ਕਸ਼ਮੀਰ ਦੇ ਲੋਕਾਂ ਵਿਚ ਖਾਸ ਤਰ੍ਹਾਂ ਦਾ ਜੋਸ਼ ਦੇਖਣ ਨੂੰ ਮਿਲਿਆ।

ਰਿਆਜ਼ ਮਸ਼ਰੂਰ ਦਾ ਕਹਿਣਾ ਸੀ ਕਿ ਕਸ਼ਮੀਰੀ ਲੋਕਾਂ ਨੇ ਇਮਰਾਨ ਖ਼ਾਨ ਦੇ ਭਾਸ਼ਣ ਨੂੰ ਕਸ਼ਮੀਰੀ ਜਿੱਤ ਵਜੋਂ ਲਿਆ ।

ਇਹ ਵੀ ਪੜ੍ਹੋ :

ਰਿਆਜ਼ ਮਸ਼ਰੂਰ ਨੇ ਕਿਹਾ , ''ਇਮਰਾਨ ਖ਼ਾਨ ਦੇ ਭਾਸ਼ਣ ਤੋਂ ਬਾਅਦ ਕੁਝ ਥਾਵਾਂ ਉੱਤੇ ਲੋਕਾਂ ਨੇ ਉਨ੍ਹਾਂ ਦਾ ਨਾਂ ਲੈ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਮੁਜ਼ਾਹਰੇ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਸ੍ਰੀਨਗਰ ਤੇ ਦੱਖਣੀ ਕਸ਼ਮੀਰ ਵਿਚ ਥਾਵਾਂ ਉੱਤੇ ਝੜਪਾਂ ਵੀ ਹੋਈਆਂ ਪਰ ਭਾਰਤੀ ਸੁਰੱਖਿਆਂ ਵਲੋਂ ਦਿਖਾਏ ਗਏ ਜ਼ਾਬਤੇ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੇ ਬਚ ਗਿਆ।''

ਜੰਮੂ ਚ ਪੁਲਿਸ ਮੁਕਾਬਲੇ ਬਾਰੇ

ਜੰਮੂ ਕਸ਼ਮੀਰ ਰਾਸ਼ਟਰੀ ਮਾਰਗ ਉੱਤੇ ਪੈਣ ਵਾਲੇ ਰਾਮਬਨ ਜਿਲ੍ਹੇ ਦੇ ਬਟੌਟ ਕਸਬੇ ਵਿਚ ਸ਼ਨੀਵਾਰ ਨੂੰ ਇੱਕ ਥਾਂ ਨੂੰ ਪੁਲਿਸ ਬਲਾਂ ਨੇ ਘੇਰਾ ਪਾਇਆ ਹੋਇਆ ਸੀ। ਜਿਸ ਬਾਰੇ ਕਿਹਾ ਜਾ ਰਿਹਾ ਸੀ ਕਿ ਇੱਥੇ ਤਿੰਨ ਅੱਤਵਾਦੀਆਂ ਨੇ 8 ਵਿਅਕਤੀਆਂ ਨੂੰ ਬੰਦੀ ਬਣਾਇਆ ਹੋਇਆ ਸੀ।

ਪਰ ਐਤਵਾਰ ਨੂੰ ਸਰਕਾਰੀ ਅਧਿਕਾਰੀਆ ਮੁਤਾਬਕ ਪੁਲਿਸ ਅਤੇ ਫੌਜ਼ ਵਲੋਂ ਕੀਤੀ ਗਈ ਸਾਂਝੀ ਕਾਰਵਾਈ ਤਹਿਤ ਤਿੰਨੇ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਅਤੇ ਬੰਦਕਾਂ ਨੂੰ ਸੁਰੱਖਿਅਤ ਰਿਹਾਅ ਕਰਵਾ ਲਿਆ ਗਿਆ।

ਪੁਲਿਸ ਮੁਤਾਬਕ ਇਨ੍ਹਾਂ ਅੱਤਵਾਦੀਆਂ ਦਾ ਸਬੰਧ ਹਿਜਬੁਲ ਮੁਜਾਹਦੀਨ ਨਾਲ ਸਬੰਧ ਹੈ ਅਤੇ ਇਹ ਉਹੀ ਅੱਤਵਾਦੀ ਸਨ, ਜਿੰਨ੍ਹਾਂ ਦਾ ਕਿਸ਼ਤਵਾੜ ਜ਼ਿਲ੍ਹੇ ਵਿਚ ਆਰਐਸਐਸ ਤੇ ਭਾਜਪਾ ਕਾਰਕੁਨਾਂ ਨੂੰ ਮਾਰਨ ਵਿਚ ਹੱਥ ਸੀ।

ਇਮਰਾਨ ਖਾਨ ਦੇ ਭਾਸ਼ਣ 'ਤੇ ਹਾਰੂਨ ਰਸ਼ੀਦ ਦਾ ਨਜ਼ਰੀਆ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿੱਚ 3-4 ਮੁੱਦਿਆਂ 'ਤੇ ਗੱਲ ਕੀਤੀ ਪਰ ਕਸ਼ਮੀਰ ਦੇ ਮੁੱਦੇ 'ਤੇ ਉਨ੍ਹਾਂ ਨੇ ਵਧੇਰੇ ਜ਼ੋਰ ਦਿੱਤਾ।

ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਸ਼ਮੀਰ 'ਤੇ ਉਹੀ ਸਾਰੀਆਂ ਗੱਲਾਂ ਕੀਤੀਆ, ਜੋ ਪਹਿਲਾਂ ਤੋਂ ਕਰਦੇ ਆਏ ਹਨ ਪਰ ਇਸ ਵਾਰ ਫਰਕ ਬਸ ਇੰਨਾ ਸੀ ਕਿ ਮੰਚ ਕੌਮਾਂਤਰੀ ਸੀ ਅਤੇ ਦੁਨੀਆਂ ਉਸ ਮੰਚ ਨੂੰ ਸੰਜੀਦਗੀ ਨਾਲ ਲੈਂਦੀ ਹੈ।

ਉਨ੍ਹਾਂ ਨੇ ਦੁਨੀਆਂ ਨੂੰ ਇਹ ਦੱਸਿਆ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਯੁੱਧ ਦੇ ਹਾਲਾਤ ਬਣਦੇ ਹਨ ਤਾਂ ਇਸ ਨਾਲ ਸਿਰਫ਼ ਦੋਵੇਂ ਦੇਸ ਹੀ ਨਹੀਂ ਬਲਕਿ ਦੁਨੀਆਂ ਪ੍ਰਭਾਵਿਤ ਹੋਵੇਗੀ। ਉਨ੍ਹਾਂ ਨੇ ਦੁਨੀਆਂ ਦੇ ਦੇਸਾਂ ਨੂੰ ਇੱਕ ਤਰ੍ਹਾਂ ਨਾਲ ਡਰਾਉਣ ਦੀ ਵੀ ਕੋਸ਼ਿਸ਼ ਕੀਤੀ।

ਹੁਣ ਦੇਖਣਾ ਇਹ ਹੋਵੇਗਾ ਕਿ ਉਨ੍ਹਾਂ ਦੀਆਂ ਇਨ੍ਹਾਂ ਗੱਲਾਂ ਦਾ ਅਸਰ ਕੌਮਾਂਤਰੀ ਭਾਈਚਾਰੇ 'ਤੇ ਕਿੰਨਾ ਹੁੰਦਾ ਹੈ ਜਾਂ ਫਿਰ ਸੰਯੁਕਤ ਰਾਸ਼ਟਰ ਇਸ ਮਾਮਲੇ ਵਿੱਚ ਕੋਈ ਕਦਮ ਉਠਾਉਂਦਾ ਹੈ ਜਾਂ ਨਹੀਂ।

ਇਮਰਾਨ ਖ਼ਾਨ ਜਿਸ ਤਰ੍ਹਾਂ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ 'ਤੇ ਬੋਲੇ ਉਸ ਦੀ ਸ਼ਲਾਘਾ ਪੂਰੇ ਪਾਕਿਸਤਾਨ ਵਿੱਚ ਹੋ ਰਹੀ ਹੈ।

ਭਾਰਤ ਦਾ ਇਮਰਾਨ ਨੂੰ ਜਵਾਬ

ਭਾਰਤ ਨੇ ਸਯੁੰਕਤ ਰਾਸ਼ਟਰਜ਼ ਦੇ ਜਨਰਲ ਇਜਲਾਸ ਵਿੱਚ 'ਰਾਈਟ ਟੂ ਰਿਪਲਾਈ' ਤਹਿਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗੱਲਬਾਤ ਦਾ ਜਵਾਬ ਦਿੱਤਾ।

ਭਾਰਤੀ ਵਿਦੇਸ਼ ਮੰਤਰਾਲੇ ਦੀ ਪਹਿਲੀ ਸਕੱਤਰ ਵਿਦਿਸ਼ਾ ਮੈਤਰਾ ਨੇ ਕਿਹਾ ਕਿ 'ਇਮਰਾਨ ਖਾਨ ਦਾ ਭਾਸ਼ਨ ਭੜਕਾਉ ਹੈ ਅਤੇ ਉਨ੍ਹਾਂ ਦੀ ਕਹੀ ਹਰ ਗੱਲ ਝੂਠੀ ਹੈ।"

ਵੀਰਵਾਰ ਨੂੰ ਇਮਰਾਨ ਖਾਨ ਨੇ ਸਯੁੰਕਤ ਰਾਸ਼ਟਰਜ਼ ਦੇ ਜਨਰਲ ਇਜਲਾਸ ਵਿੱਚ ਤਕਰੀਬਨ 50 ਮਿੰਟ ਵਿੱਚ ਕਿਹਾ ਸੀ ਕਿ ਭਾਰਤ ਨੇ ਪਾਕਿਸਤਾਨ ਦੀਆਂ ਸ਼ਾਂਤੀ ਸਾਰੀਆਂ ਕੋਸ਼ਿਸ਼ਾਂ ਨੂੰ ਨਕਾਰ ਦਿੱਤਾ।

ਇਮਰਾਨ ਖਾਨ ਨੇ ਆਪਣੇ ਭਾਸ਼ਨ ਵਿੱਚ ਦੁਨੀਆਂ ਨੂੰ ਚੇਤਾਵਨੀ ਦਿੱਤੀ ਕਿ ਜੇ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੰਗ ਹੁੰਦੀ ਹੈ ਤਾਂ 'ਕੁਝ ਵੀ ਹੋ ਸਕਦਾ ਹੈ।'

ਵਿਦਿਸ਼ਾ ਮੈਤਰਾ ਨੇ ਸ਼ੁੱਕਰਵਾਰ ਨੂੰ ਆਪਣੇ ਵਿਸਥਾਰ ਨਾਲ ਦਿੱਤੇ ਬਿਆਨ ਵਿੱਚ ਇਮਰਾਨ ਖਾਨ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ ਅਤੇ ਭਾਰਤ ਦਾ ਪੱਖ ਰੱਖਿਆ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)