'ਇਮਰਾਨ ਖਾਨ ਦਾ ਭਾਸ਼ਨ ਭੜਕਾਊ ਤੇ ਹਰ ਗੱਲ ਝੂਠੀ' ਯੂਐਨ ਵਿੱਚ ਭਾਰਤ ਦਾ ਜਵਾਬ

ਭਾਰਤ ਨੇ ਸਯੁੰਕਤ ਰਾਸ਼ਟਰਜ਼ ਦੇ ਜਨਰਲ ਇਜਲਾਸ ਵਿੱਚ 'ਰਾਈਟ ਟੂ ਰਿਪਲਾਈ' ਤਹਿਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗੱਲਬਾਤ ਦਾ ਜਵਾਬ ਦਿੱਤਾ।

ਭਾਰਤੀ ਵਿਦੇਸ਼ ਮੰਤਰਾਲੇ ਦੀ ਪਹਿਲੀ ਸਕੱਤਰ ਵਿਦਿਸ਼ਾ ਮੈਤਰਾ ਨੇ ਕਿਹਾ ਕਿ 'ਇਮਰਾਨ ਖਾਨ ਦਾ ਭਾਸ਼ਨ ਭੜਕਾਉ ਹੈ ਅਤੇ ਉਨ੍ਹਾਂ ਦੀ ਕਹੀ ਹਰ ਗੱਲ ਝੂਠੀ ਹੈ।"

ਵੀਰਵਾਰ ਨੂੰ ਇਮਰਾਨ ਖਾਨ ਨੇ ਸਯੁੰਕਤ ਰਾਸ਼ਟਰਜ਼ ਦੇ ਜਨਰਲ ਇਜਲਾਸ ਵਿੱਚ ਤਕਰੀਬਨ 50 ਮਿੰਟ ਵਿੱਚ ਕਿਹਾ ਸੀ ਕਿ ਭਾਰਤ ਨੇ ਪਾਕਿਸਤਾਨ ਦੀਆਂ ਸ਼ਾਂਤੀ ਸਾਰੀਆਂ ਕੋਸ਼ਿਸ਼ਾਂ ਨੂੰ ਨਕਾਰ ਦਿੱਤਾ।

ਇਮਰਾਨ ਖਾਨ ਨੇ ਆਪਣੇ ਭਾਸ਼ਨ ਵਿੱਚ ਦੁਨੀਆਂ ਨੂੰ ਚੇਤਾਵਨੀ ਦਿੱਤੀ ਕਿ ਜੇ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੰਗ ਹੁੰਦੀ ਹੈ ਤਾਂ 'ਕੁਝ ਵੀ ਹੋ ਸਕਦਾ ਹੈ।'

ਵਿਦਿਸ਼ਾ ਮੈਤਰਾ ਨੇ ਸ਼ੁੱਕਰਵਾਰ ਨੂੰ ਆਪਣੇ ਵਿਸਥਾਰ ਨਾਲ ਦਿੱਤੇ ਬਿਆਨ ਵਿੱਚ ਇਮਰਾਨ ਖਾਨ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ ਅਤੇ ਭਾਰਤ ਦਾ ਪੱਖ ਰੱਖਿਆ।

ਵਿਦੀਸ਼ਾ ਮੈਤਰਾ ਨੇ ਆਪਣੇ ਜਵਾਬ ਵਿਚ ਜੋ ਕਿਹਾ ਉਹ ਕੁਝ ਇਸ ਤਰ੍ਹਾਂ ਹੈ-

ਕਿਉਂਕਿ ਹੁਣ ਇਮਰਾਨ ਖਾਨ ਨੇ ਪ੍ਰਤਿਕ੍ਰਿਆ ਦਿੱਤੀ ਹੈ ਕਿ ਪਾਕਿਸਤਾਨ ਵਿਚ ਕੋਈ ਕੱਟੜਪੰਥੀ ਸੰਗਠਨ ਸਰਗਰਮ ਨਹੀਂ ਹੈ ਅਤੇ ਉਸ ਨੇ ਸੰਯੁਕਤ ਰਾਸ਼ਟਰ ਦੇ ਨਿਰੀਖਕਾਂ ਨੂੰ ਇਸ ਦੀ ਪੁਸ਼ਟੀ ਲਈ ਸੱਦਾ ਦਿੱਤਾ ਹੈ ਤਾਂ ਅਸੀਂ ਚਾਹਾਂਗੇ ਕਿ ਦੁਨੀਆਂ ਉਨ੍ਹਾਂ ਨੂੰ ਇਸ ਵਾਅਦੇ ਨੂੰ ਪੂਰਾ ਕਰਨ ਲਈ ਕਹੇ।

ਇਹ ਵੀ ਪੜ੍ਹੋ:

ਸਾਡੇ ਕੋਲ ਕੁਝ ਸਵਾਲ ਹਨ ਜਿੰਨ੍ਹਾਂ ਦਾ ਜਵਾਬ ਪਾਕਿਸਤਾਨ ਨੂੰ ਆਪਣੇ ਦਾਅਵਿਆਂ ਦੀ ਪੁਸ਼ਟੀ ਕਰਵਾਉਣ ਤੋਂ ਪਹਿਲਾਂ ਦੇਣਾ ਚਾਹੀਦਾ ਹੈ-

  • ਕੀ ਪਾਕਿਸਤਾਨ ਇਸ ਦੀ ਪੁਸ਼ਟੀ ਕਰ ਸਕਦਾ ਹੈ ਕਿ ਉਨ੍ਹਾਂ ਕੋਲ ਯੂਐਨ ਦੀ ਸੂਚੀ ਵਿੱਚ ਸ਼ਾਮਲ 130 ਅੱਤਵਾਦੀ ਅਤੇ 25 ਅੱਤਵਾਦੀ ਸੰਗਠਨ ਮੌਜੂਦ ਹਨ?
  • ਕੀ ਪਾਕਿਸਤਾਨ ਇਹ ਮੰਨੇਗਾ ਕਿ ਪੂਰੀ ਦੁਨੀਆਂ ਵਿਚ ਸਿਰਫ਼ ਉਨ੍ਹਾਂ ਦੀ ਹੀ ਅਜਿਹੀ ਸਰਕਾਰ ਹੈ, ਜੋ ਯੂਐਨ ਦੁਆਰਾ ਪਾਬੰਦੀਸ਼ੁਦਾ ਅਲ-ਕਾਇਦਾ ਨਾਲ ਸਬੰਧ ਰੱਖਣ ਵਾਲੇ ਵਿਅਕਤੀਆਂ ਨੂੰ ਪੈਨਸ਼ਨ ਦਿੰਦੀ ਹੈ?
  • ਕੀ ਪਾਕਿਸਤਾਨ ਇਹ ਸਮਝਾ ਸਕਦਾ ਹੈ ਕਿ ਇੱਥੇ ਨਿਊਯਾਰਕ ਵਿਚ ਉਸ ਨੂੰ ਆਪਣੇ ਮਸ਼ਹੂਰ ਹੈਬੀਬ ਬੈਂਕ ਨੂੰ ਕਿਉਂ ਬੰਦ ਕਰਨਾ ਪਿਆ? ਕੀ ਇਸ ਲਈ ਕਿ ਉਹ ਅੱਤਵਾਦੀ ਕਾਰਵਾਈਆਂ ਲਈ ਲੱਖਾਂ ਡਾਲਰ ਦਾ ਲੈਣ-ਦੇਣ ਕਰ ਰਹੇ ਸੀ?
  • ਕੀ ਪਾਕਿਸਤਾਨ ਇਹ ਨਕਾਰ ਸਕਦਾ ਹੈ ਕਿ 'ਫਾਈਨੈਸ਼ੀਅਲ ਐਕਸ਼ਨ ਟਾਸਕ ਫੋਰਸ' ਨੇ 27 ਵਿੱਚੋਂ 20 ਤੋਂ ਵੱਧ ਮਾਪਦੰਡਾਂ ਦੀ ਉਲੰਘਣਾਂ ਲਈ ਇਸ ਨੂੰ ਨੋਟਿਸ ਦਿੱਤਾ ਸੀ?
  • ਆਖਿਰ ਵਿੱਚ ਕੀ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਨਿਊਯਾਰਕ ਸ਼ਹਿਰ ਦੇ ਸਾਹਮਣੇ ਇਨਕਾਰ ਕਰ ਸਕਣਗੇ ਕਿ ਉਹ ਓਸਾਮਾ ਬਿਨ ਲਾਦੇਨ ਦਾ ਖੁੱਲ੍ਹੇ ਤੌਰ 'ਤੇ ਸਮਰਥਨ ਕਰਦੇ ਰਹੇ ਹਨ?

'ਇਮਰਾਨ ਖਾਨ ਦਾ ਭਾਸ਼ਨ ਅਸੱਭਿਅਤਾ ਭਰਿਆ'

ਵਿਦੀਸ਼ਾ ਮੈਤਰਾ ਨੇ ਕਿਹਾ ਕਿ ਇਮਰਾਨ ਖਾਨ ਨੇ ਯੂਐਨਜੀਏ ਵਿੱਚ ਜਿਸ ਤਰ੍ਹਾਂ ਦੀ ਗੱਲ ਕੀਤੀ ਹੈ ਉਹ ਕੌਮਾਂਤਰੀ ਮੰਚ ਦਾ ਗਲਤ ਇਸਤੇਮਾਲ ਤਾਂ ਨਹੀਂ ਹੈ।

ਉਨ੍ਹਾਂ ਨੇ ਕਿਹਾ, "ਕੂਟਨੀਤੀ ਵਿੱਚ ਸ਼ਬਦਾਂ ਦੀ ਅਹਿਮੀਅਤ ਹੁੰਦੀ ਹੈ। 21ਵੀਂ ਸਦੀ ਵਿਚ 'ਨਰਸੰਹਾਰ', 'ਖੂਨ ਵਹਾਉਣਾ', 'ਨਸਲੀ ਮਹਾਨਤਾ', 'ਬੰਦੂਕ ਚੁੱਕਣਾ' ਅਤੇ 'ਅੰਤ ਤੱਕ ਲੜਾਂਗੇ' ਵਰਗੇ ਸ਼ਬਦਾਂ ਦੀ ਵਰਤੋਂ ਮੱਧਕਾਲੀ ਮਾਨਸਿਕਤਾ ਨੂੰ ਦਰਸਾਉਂਦੀ ਹੈ।''

ਵਿਦਿਸ਼ਾ ਮੈਤਰਾ ਨੇ ਕਿਹਾ ਕਿ ਇਮਰਾਨ ਖਾਨ ਵੀ ਕਦੇ ਕ੍ਰਿਕਟਰ ਹੁੰਦੇ ਸੀ ਅਤੇ 'ਜੈਂਟਲਮੇਂਸ ਗੇਮ' ਵਿੱਚ ਯਕ਼ੀਨ ਰੱਖਦੇ ਸੀ। ਅੱਜ ਉਨ੍ਹਾਂ ਦਾ ਭਾਸ਼ਨ ਅਸੱਭਿਅਤਾ ਦੀ ਹੱਦ ਉੱਤੇ ਪਹੁੰਚ ਗਿਆ ਹੈ।

ਵਿਦਿਸ਼ੀ ਮੈਤਰਾ ਦੇ ਜਵਾਬ ਦਾ ਇੱਕ ਹੋਰ ਹਿੱਸਾ ਇਸ ਤਰ੍ਹਾਂ ਹੈ-

ਪ੍ਰਧਾਨ ਜੀ, ਅੱਤਵਾਦ ਅਤੇ ਨਫ਼ਰਤ ਭਰੇ ਭਾਸ਼ਨ ਨੂੰ ਉਤਸ਼ਾਹਿਤ ਕਰਕੇ ਅਤੇ ਇਸ ਤਰ੍ਹਾਂ 'ਵਾਈਲਡ ਕਾਰਡ ਐਂਟਰੀ' ਲੈ ਕੇ ਪਾਕਿਸਤਾਨ ਮਨੁੱਖੀ ਅਧਿਕਾਰਾਂ ਦਾ ਨਵਾਂ ਚੈਂਪੀਅਨ ਬਣਨਾ ਚਾਹੁੰਦਾ ਹੈ।

ਇਹ ਉਹੀ ਦੇਸ ਹੈ, ਜਿਸ ਨੇ ਆਪਣੇ ਦੇਸ ਦੀ ਘੱਟ-ਗਿਣਤੀ ਆਬਾਦੀ ਨੂੰ 23 ਫੀਸਦ (1947 ਵਿਚ) ਤੋਂ ਘਟਾ ਕੇ ਅੱਜ 3 ਫੀਸਦ ਕਰ ਦਿੱਤਾ ਹੈ।

ਇਹ ਉਹੀ ਦੇਸ ਹੈ, ਜਿਸ ਨੇ ਇਸਾਈ, ਸਿੱਖ, ਅਹਿਮਦੀਆ, ਕਾਲੀ, ਸ਼ਿਆ, ਪਸ਼ਤੂਨ, ਸਿੰਧੀ ਤੇ ਬਲੋਚ, ਭਾਈਚਾਰੇ ਦੇ ਲੋਕਾਂ ਤੇ 'ਈਸ਼ ਨਿੰਦਾ' ਕਾਨੂੰਨ ਰਾਹੀਂ ਲਗਾਤਾਰ ਤਸ਼ੱਦਦ ਕਰਦਾ ਆਇਆ ਹੈ ਅਤੇ ਜ਼ਬਰੀ ਧਰਮ ਬਦਲਵਾਉਂਦਾ ਰਿਹਾ ਹੈ।

ਪਾਕਿਸਤਾਨ ਨੇ ਇੱਥੇ ਅੱਤਵਾਦ ਅਤੇ ਨਫ਼ਰਤ ਭਰੀਆਂ ਗੱਲਾਂ ਦਾ ਪ੍ਰਚਾਰ ਕੀਤਾ ਹੈ, ਜਦੋਂਕਿ ਭਾਰਤ ਜੰਮੂ-ਕਸ਼ਮੀਰ ਵਿਚ ਵਿਕਾਸ ਦਾ ਪ੍ਰਚਾਰ ਕਰ ਰਿਹਾ ਹੈ।

ਭਾਰਤ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਚੰਗੇ ਲੋਕਤੰਤਰ ਦੇ ਨਾਲ-ਨਾਲ ਹਜ਼ਾਰਾਂ ਸਾਲ ਪੁਰਾਣੀ ਵਿਰਾਸਤ, ਬਹੁ-ਗਿਣਤੀਵਾਦ ਅਤੇ ਸਹਿਜਤਾ ਬਣਾਈ ਰੱਖਣਾ ਚਾਹੁੰਦਾ ਹੈ।

ਭਾਰਤ ਦੇ ਨਾਗਰਿਕਾਂ ਵਲੋਂ ਕਿਸੇ ਹੋਰ ਨੂੰ ਬੋਲਣ ਦੀ ਲੋੜ ਨਹੀਂ ਹੈ। ਘੱਟੋ-ਘੱਟ ਉਨ੍ਹਾਂ ਲੋਕਾਂ ਨੂੰ ਤਾਂ ਨਹੀਂ ਜਿਨ੍ਹਾਂ ਨੇ ਨਫ਼ਰਤ ਦੀ ਵਿਚਾਰਧਾਰਾ ਨਾਲ ਅੱਤਵਾਦ ਦਾ ਵਪਾਰ ਕੀਤਾ ਹੈ।

ਇਸ ਤੋਂ ਇਲਾਵਾ ਯੂਐਨ ਵਿੱਚ ਭਾਰਤ ਦੇ ਰਾਜਦੂਤ ਸਈਅਦ ਅਕਬਰੂਦੀਨ ਨੇ ਟਵੀਟ ਕੀਤਾ, "ਪਾਕਿਸਤਾਨ ਅੱਤਵਾਦ ਅਤੇ ਨਫ਼ਰਤ ਭਰੇ ਭਾਸ਼ਨ ਨੂੰ ਉਤਸ਼ਾਹਤ ਕਰ ਰਿਹਾ ਹੈ ਜਦੋਂਕਿ ਭਾਰਤ ਜੰਮੂ-ਕਸ਼ਮੀਰ ਵਿੱਚ ਵਿਕਾਸ ਨੂੰ ਉਤਸ਼ਾਹਤ ਕਰ ਰਿਹਾ ਹੈ।"

ਉੱਥੇ ਹੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪਾਕਿਸਤਾਨ ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ, "ਹਰ ਕਿਸੇ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਪਰਮਾਣੂ ਜੰਗ ਦੇ ਅੰਨ੍ਹੇ ਰਾਸ਼ਟਰਵਾਦ, ਜੇਹਾਦ, ਅੱਤਵਾਦ ਨੂੰ ਉਤਸ਼ਾਹਤ ਕਰਨ, ਝੂਠ, ਧੋਖੇ ਅਤੇ ਸਭ ਤੋਂ ਵੱਡੇ ਕੌਮਾਂਤਰੀ ਮੰਚ ਦੇ ਗਲਤ ਇਸਤੇਮਾਲ ਤੋਂ ਉੱਤੇ ਵੀ ਜ਼ਿੰਦਗੀ ਹੈ।"

ਇਮਰਾਨ ਖਾਨ ਨੇ ਯੂਐਨ ਮਹਾਸਭਾ ਵਿੱਚ ਦਿੱਤੇ ਆਪਣੇ ਭਾਸ਼ਨ ਵਿੱਚ ਕਿਹਾ ਸੀ ਕਿ ਭਾਰਤ ਨੂੰ ਕਸ਼ਮੀਰ ਤੋਂ 'ਗੈਰ-ਮਨੁੱਖੀ ਕਰਫਿਊ' ਹਟਾਉਣਾ ਚਾਹੀਦਾ ਹੈ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)