You’re viewing a text-only version of this website that uses less data. View the main version of the website including all images and videos.
ਨਰਿੰਦਰ ਮੋਦੀ ਦੀ ਸੰਯੁਕਤ ਰਾਸ਼ਟਰ ਮਹਾਸਭਾ 'ਚ ਰਣਨੀਤੀ ਅਤੇ ਇਮਰਾਨ ਦਾ ਕਿੰਨਾ ਕੁ ਹੋਇਆ ਅਸਰ
- ਲੇਖਕ, ਟੀਮ ਬੀਬੀਸੀ
- ਰੋਲ, ਨਵੀਂ ਦਿੱਲੀ
ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 74ਵੇਂ ਸੈਸ਼ਨ ਨੂੰ ਸੰਬੋਧਿਤ ਕੀਤਾ। ਇਨ੍ਹਾਂ ਦੋਵਾਂ ਦੇ ਸੰਬੋਧਨ ਦਾ ਇੰਤਜ਼ਾਰ ਨਾ ਸਿਰਫ਼ ਭਾਰਤ ਅਤੇ ਪਾਕਿਸਤਾਨ ਬਲਕਿ ਦੁਨੀਆਂ ਦੇ ਹੋਰਨਾਂ ਦੇਸਾਂ ਦੇ ਲੋਕ ਅਤੇ ਵਿਸ਼ਲੇਸ਼ਕ ਵੀ ਕਰ ਰਹੇ ਸਨ।
ਭਾਰਤੀ ਪ੍ਰਧਾਨ ਮੰਤਰੀ ਨੇ ਇੱਕ ਪਾਸੇ ਜਿੱਥੇ ਪਾਕਿਸਤਾਨ ਦਾ ਨਾਮ ਲਏ ਬਿਨਾਂ ਵਿਸ਼ਵ ਸ਼ਾਂਤੀ ਅਤੇ ਕੱਟੜਪੰਥ ਦੀ ਸਮੱਸਿਆ 'ਤੇ ਆਪਣੀ ਗੱਲ ਰੱਖੀ ਅਤੇ ਦੁਨੀਆਂ ਦੇ ਸਾਹਮਣੇ ਦੇਸ ਦੀਆਂ ਉਪਲਬਧੀਆਂ ਗਿਣਵਾਈਆਂ ਤਾਂ ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੌਮਾਂਤਰੀ ਮੰਚ 'ਤੇ ਭਾਰਤ ਨੂੰ ਘੇਰਿਆ।
ਇਮਰਾਨ ਖ਼ਾਨ ਨੇ ਕੌਮਾਂਤਰੀ ਮੰਚ 'ਤੇ ਕਸ਼ਮੀਰ ਦਾ ਮੁੱਦਾ ਚੁੱਕਿਆ ਅਤੇ ਦੋਵਾਂ ਦੇਸਾਂ ਵਿਚਾਲੇ ਜੰਗ ਦੇ ਹਾਲਾਤ ਹੋਣ ਕਾਰਨ ਕੌਮਾਂਤਰੀ ਨੁਕਸਾਨ ਬਾਰੇ ਵੀ ਦੁਨੀਆਂ ਦੇ ਦੇਸਾਂ ਨੂੰ ਚਿਤਾਇਆ।
ਇਹ ਵੀ ਪੜ੍ਹੋ-
- ਆਖ਼ਿਰ ਨਰਿੰਦਰ ਮੋਦੀ ਨੇ ਪਾਕਿਸਤਾਨ ਦੀ ਚਰਚਾ ਨਾ ਕਰ ਕੇ ਕੌਮਾਂਤਰੀ ਮੁੱਦਿਆਂ ਅਤੇ ਦੇਸ ਦੀ ਉਪਲਬਧੀਆਂ 'ਤੇ ਗੱਲ ਕਿਉਂ ਕੀਤੀ?
- ਇਮਰਾਨ ਖ਼ਾਨ ਨੇ ਸਿੱਧਾ ਇਸ ਦੇ ਉਲਟ ਕੀਤਾ ਅਤੇ ਉਨ੍ਹਾਂ ਨੇ ਦੇਸ ਦੇ ਮੁੱਦਿਆਂ 'ਤੇ ਗੱਲ ਨਾ ਕਰ ਕੇ ਕਸ਼ਮੀਰ 'ਤੇ ਗੱਲ ਕਿਉਂ ਕੀਤੀ?
ਦੋਵਾਂ ਨੇਤਾਵਾਂ ਦੇ ਭਾਸ਼ਣਾ ਦਾ ਸਾਰ ਸਮਝਣ ਲਈ ਬੀਬੀਸੀ ਨੇ ਅਮਰੀਕਾ ਸਥਿਤ ਡੇਲਾਵੇਅਰ ਯੂਨੀਵਰਸਿਟੀ ਦੇ ਪ੍ਰੋਫੈਸਰ ਮੁਕਤਦਰ ਖ਼ਾਨ, ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਰਹੇ ਨਵਤੇਜ ਸਰਨਾ ਅਤੇ ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਹਾਰੂਨ ਰਾਸ਼ਿਦ ਨਾਲ ਗੱਲ ਕੀਤੀ। ਪੜ੍ਹੋ ਇਨ੍ਹਾਂ ਵਿਸ਼ਲੇਸ਼ਕਾਂ ਦਾ ਨਜ਼ਰੀਆ-
ਮੋਦੀ ਦੇ ਭਾਸ਼ਣ 'ਤੇ ਮੁਕਤਦਰ ਖ਼ਾਨ ਦੀ ਰਾਏ-
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3-4 ਮਹੱਤਵਪੂਰਨ ਗੱਲਾਂ ਕਹੀਆਂ। ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਉਨ੍ਹਾਂ ਨੇ ਦੁਨੀਆਂ ਨੂੰ ਯਾਦ ਦਿਵਾਇਆ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ।
ਕਿਉਂਕਿ ਹਾਲ ਦੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਾਰਟੀ ਨੂੰ ਵਿਸ਼ਾਲ ਜਨ-ਸਮਰਥਨ ਹਾਸਿਲ ਹੋਇਆ ਹੈ, ਉਹ ਇੱਕ ਤਰ੍ਹਾਂ ਦਾ ਇਸ਼ਾਰਾ ਦੇ ਰਹੇ ਸਨ ਕਿ ਦੁਨੀਆਂ ਦੇ ਸਭ ਤੋਂ ਵੱਡੇ ਜਨਤਾ ਵੱਲੋਂ ਚੁਣੇ ਗਏ ਨੇਤਾ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਭਾਰਤ ਦੁਨੀਆਂ ਨੂੰ ਰਸਤਾ ਦਿਖਾਉਣਾ ਚਾਹੁੰਦਾ ਹੈ ਕਿ ਗਰੀਬੀ ਕਿਵੇਂ ਹਟਾਈ ਜਾਵੇ ਅਤੇ ਮੌਸਮੀ ਤਬਦੀਲੀ ਨੂੰ ਕਿਵੇਂ ਰੋਕਿਆ ਜਾਵੇ।
ਉਨ੍ਹਾਂ ਨੇ ਸਰਕਾਰ ਦੀਆਂ ਕੁਝ ਨੀਤੀਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਹੈ ਕਿ ਭਾਰਤ ਬਿਹਤਰ ਕਰ ਰਿਹਾ ਹੈ।
ਪਰ ਕਸ਼ਮੀਰ ਦੇ ਮੁੱਦੇ 'ਤੇ ਭਾਰਤ ਖ਼ਿਲਾਫ਼ ਕੌਮਾਂਤਰੀ ਪੱਧਰ 'ਤੇ ਜੋ ਕੁਝ ਵੀ ਕਿਹਾ ਜਾ ਰਿਹਾ ਹੈ, ਉਸ 'ਤੇ ਉਨ੍ਹਾਂ ਨੇ ਕੁਝ ਨਹੀਂ ਕਿਹਾ।
ਕਸ਼ਮੀਰ ਵਿੱਚ ਧਾਰਾ 370 ਹਟਾਉਣ ਤੋਂ ਬਾਅਦ ਜੋ ਵੀ ਪਾਬੰਦੀਆਂ ਲਗਾਈਆਂ ਗੀਆਂ ਹਨ, ਉਸ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਨਹੀਂ ਕਿਹਾ ਹੈ।
ਭਾਰਤ ਖ਼ਿਲਾਫ਼ ਉੱਠਣ ਵਾਲੇ ਸਵਾਲਾਂ 'ਤੇ ਉਨ੍ਹਾਂ ਨੇ ਦੁਨੀਆਂ ਨੂੰ ਕੋਈ ਤਸੱਲੀ ਨਹੀਂ ਦਿੱਤੀ।
ਉਨ੍ਹਾਂ ਨੇ ਵਿਸ਼ਵ ਸ਼ਾਂਤੀ, ਭਾਈਚਾਰਕ ਸਾਂਝ ਅਤੇ ਕੱਟੜਪੰਥ ਦੇ ਖ਼ਿਲਾਫ਼ ਦੁਨੀਆਂ ਦੇ ਦੇਸਾਂ ਨੂੰ ਇਕੱਠੇ ਹੋਣ ਦੀ ਗੱਲ ਆਖੀ ਪਰ ਉਨ੍ਹਾਂ ਦੀ ਹੀ ਪਾਰਟੀ ਨਾਲ ਜੁੜੇ ਲੋਕ ਦੇਸ ਦੀ ਘੱਟ ਗਿਣਤੀ ਆਬਾਦੀ ਦੇ ਨਾਲ ਜੋ ਵਿਹਾਰ ਕਰ ਰਹੇ ਹਨ, ਉਸ 'ਤੇ ਉਨ੍ਹਾਂ ਨੇ ਕੁਝ ਨਹੀਂ ਕਿਹਾ।
ਜੇਕਰ ਦੁਨੀਆਂ ਨੂੰ ਸ਼ਾਂਤੀ ਨੂੰ ਅਤੇ ਭਾਈਚਾਰਕ ਸਾਂਝ ਦਾ ਸਬਕ ਸਿਖਾਉਣਾ ਹੈ ਤਾਂ ਸਭ ਤੋਂ ਚੰਗਾ ਤਰੀਕਾ ਇਹ ਹੋਵੇਗਾ ਕਿ ਉਹ ਖ਼ੁਦ ਆਪਣੇ ਹੀ ਮੁਲਕ ਵਿੱਚ ਇਨ੍ਹਾਂ ਨੀਤੀਆਂ ਨੂੰ ਲਾਗੂ ਕਰਨ ਕਿ ਸਾਰੇ ਭਾਈਚਾਰਿਆਂ ਵਿੱਚ ਸਾਂਝ ਕਿਵੇਂ ਲਿਆਂਦੀ ਜਾਵੇ।
ਸੁਸਤ ਪੈ ਰਹੇ ਭਾਰਤੀ ਅਰਥਚਾਰੇ 'ਤੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਨਹੀਂ ਕਿਹਾ।
ਉਨ੍ਹਾਂ ਨੇ ਕੋਈ ਇਸ਼ਾਰਾ ਨਹੀਂ ਕੀਤਾ ਕਿ ਉਹ ਇਸ ਨੂੰ ਸੁਧਾਰਨ ਲਈ ਨੀਤੀਆਂ ਲੈ ਕੇ ਆਉਣਗੇ। ਪਿਛਲੇ ਕੁਝ ਸਮੇਂ ਵਿੱਚ ਨਿਵੇਸ਼ ਵੀ ਘਟੇ ਹਨ, ਇਸ ਨਾਲ ਸਿਰਫ਼ ਭਾਰਤ ਹੀ ਨਹੀਂ ਸਗੋਂ ਕੌਮਾਂਤਰੀ ਸੰਸਥਾਵਾਂ ਵੀ ਚਿੰਤਾ ਵਿੱਚ ਹਨ।
ਉਨ੍ਹਾਂ ਲਈ ਇਹ ਇੱਕ ਚੰਗਾ ਮੌਕਾ ਸੀ ਕਿ ਉਹ ਦੁਨੀਆਂ ਨੂੰ ਵਿਸ਼ਵਾਸ਼ ਦਿਵਾਉਂਦੇ ਕਿ ਅਰਥਚਾਰਾ ਮੁੜ ਪਟੜੀ 'ਤੇ ਆਵੇਗਾ।
ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਸੰਜੀਦਾ ਗੱਲਾਂ ਹੁੰਦੀਆਂ ਹਨ। ਦੁਨੀਆਂ ਫਰਾਂਸ, ਚੀਨ ਅਤੇ ਰੂਸ ਦੇ ਨੇਤਾਵਾਂ ਦੀ ਗੱਲ ਸੁਣਨਾ ਚਾਹੁੰਦੀ ਹੈ।
ਅਜਿਹੇ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਕੋਸ਼ਿਸ਼ ਤਾਂ ਜ਼ਰੂਰ ਕੀਤੀ ਕਿ ਗਲੋਬਲ ਮੁੱਦਿਆਂ 'ਤੇ ਗੱਲ ਕੀਤੀ ਜਾਵੇ ਪਰ ਸ਼ੁਰੂਆਤ ਦੇ ਭਾਸ਼ਣ ਵਿੱਚ ਅਜਿਹਾ ਲੱਗ ਰਿਹਾ ਸੀ ਕਿ ਉਹ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਨਕਲ ਕਰ ਰਹੇ ਸਨ।
ਉਹ ਆਪਣੀ ਹੀ ਤਾਰੀਫ਼ ਕਰ ਰਹੇ ਹਨ। ਚੋਣਾਂ ਵਿੱਚ ਮਿਲੇ ਵਿਸ਼ਾਨ ਸਮਰਥਨ ਦੀ ਗੱਲ ਕਰ ਰਹੇ ਸਨ ਅਤੇ ਇੰਨਾ ਹੀ ਨਹੀਂ ਆਪਣੀਆਂ ਸਫ਼ਲਤਾਵਾਂ ਨੂੰ ਵੀ ਗਿਣਵਾਇਆਂ।
ਮੈਨੂੰ ਅਜਿਹਾ ਲੱਗ ਰਿਹਾ ਸੀ ਕਿ ਉਹ ਆਪਣੇ ਚੋਣ ਹਲਕੇ ਨੂੰ ਸੰਬੋਧਿਤ ਕਰ ਰਹੇ ਸਨ।
ਨਰਿੰਦਰ ਮੋਦੀ ਕੋਲ ਇੱਕ ਬਿਹਤਰੀਨ ਮੌਕਾ ਸੀ ਕਿ ਉਹ ਭਾਰਤ ਨੂੰ ਮੁੜ ਇੱਕ ਗਲੋਬਲ ਲੀਡਰ ਵਾਂਗ ਪੇਸ਼ ਕਰਦੇ, ਇਸ ਵਿੱਚ ਉਹ ਸਫ਼ਲ ਨਹੀਂ ਹੋ ਸਕੇ।
ਮੋਦੀ ਦੇ ਭਾਸ਼ਣ 'ਤੇ ਨਵਤੇਜ ਸਰਨਾ ਦਾ ਨਜ਼ਰੀਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਕਾਸ ਨਾਲ ਜੁੜੇ ਮਸਲਿਆਂ 'ਤੇ ਕੇਂਦਰਿਤ ਰਹਿ ਕੇ ਆਪਣੇ ਭਾਸ਼ਣ ਵਿੱਚ ਆਪਣੇ ਕਾਰਜਕਾਲ ਦੌਰਾਨ ਸ਼ੁਰੂ ਹੋਈਆਂ ਸਫ਼ਲ ਯੋਜਨਾਵਾਂ ਦੇ ਜ਼ਿਕਰ ਕੀਤਾ ਅਤੇ ਉਨ੍ਹਾਂ ਨੂੰ ਗਲੋਬਲ ਨਜ਼ਰੀਏ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ।
ਪ੍ਰਧਾਨ ਮੰਤਰੀ ਨੇ ਭਾਰਤ ਦੇ ਵਿਕਾਸ ਵਿੱਚ ਜਨ-ਭਾਗੀਦਾਰੀ ਅਤੇ ਸੰਪੂਰਨਤਾ ਦੇ ਸਕਾਰਤਾਮਕ ਪ੍ਰਭਾਵਾਂ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਕਿਵੇਂ ਭਾਰਤ ਦੀ ਇਹ ਨੀਤੀ ਸੰਯੁਕਤ ਰਾਸ਼ਟਰ ਦੇ ਦਰਸ਼ਨ ਦੇ ਮੁਤਾਬਕ ਹੈ।
ਭਾਰਤ ਨੇ ਇਸੇ ਦਰਸ਼ਨ ਤਹਿਤ ਗਲੋਬਲ ਮੁੱਦਿਆਂ ਅਤੇ ਚੁਣੌਤੀਆਂ 'ਤੇ ਆਪਣਾ ਰੁਖ਼ ਤੈਅ ਕੀਤਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਮੌਸਮੀ ਤਬਦੀਲੀ ਦਾ ਜ਼ਿਕਰ ਕੀਤਾ।
ਬੇਸ਼ੱਕ ਹੀ ਭਾਰਤ ਪ੍ਰਤੀ ਵਿਅਕਤੀ ਦੇ ਪੱਧਰ 'ਤੇ ਵਧੇਰੇ ਪ੍ਰਦੂਸ਼ਣ ਨਹੀਂ ਫੈਲਾਉਂਦਾ ਪਰ ਉਸ ਨੂੰ ਨਵਿਆਉਣਯੋਗ ਊਰਜਾ ਦੇ ਟੀਚੇ ਨੂੰ ਵਧਾ ਕੇ 450 ਗੀਗਾਵਾਟ ਕਰ ਦਿੱਤਾ ਹੈ।
ਸੋਲਰ ਐਨਰਜੀ ਲਈ ਕੌਮਾਂਤਰੀ ਗਠਜੋੜ ਕੀਤਾ ਹੈ ਅਤੇ ਆਫ਼ਤ ਰੋਕੂ ਬੁਨਿਆਦੀ ਢਾਂਚੇ ਬਣਾਉਣ 'ਤੇ ਜ਼ੋਰ ਦਿੱਤਾ ਹੈ।
ਇਹ ਵੀ ਪੜ੍ਹੋ-
'ਭਾਸ਼ਣ UNGA ਦੀ ਥੀਮ ਮੁਤਾਬਕ'
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸ਼ਾਂਤੀ ਅਤੇ ਅਹਿੰਸਾ ਵਿੱਚ ਵਿਸ਼ਵਾਸ਼ ਰੱਖਦਾ ਹੈ ਅਤੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਅਭਿਆਨਾਂ ਵਿੱਚ ਮੋਹਰੀ ਰਹਿੰਦਿਆਂ ਹੋਇਆ ਬਲੀਦਾਨ ਦੇਣ ਵਿੱਚ ਵੀ ਅੱਗੇ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਅੱਤਵਾਦ ਪੂਰੀ ਮਨੁੱਖਤਾ ਲਈ ਇੱਕ ਗਲੋਬਲ ਚੁਣੌਤੀ ਹੈ ਅਤੇ ਇਸ ਲਈ ਭਾਰਤ ਨੇ ਇਸ ਦੇ ਖ਼ਿਲਾਫ਼ ਆਵਾਜ਼ ਚੁੱਕੀ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਇਹ ਇੱਕ ਅਜਿਹੀ ਚੁਣੌਤੀ ਹੈ ਜਿਸ ਲਈ ਵਿਸ਼ਵ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਪੀਐੱਮ ਮੋਦੀ ਨੇ ਅੱਤਵਾਦ ਦੇ ਸਮਰਥਕਾਂ ਵਜੋਂ ਪਾਕਿਸਤਾਨ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਨ ਤੋਂ ਪਰਹੇਜ਼ ਕੀਤਾ।
ਇਸ ਦੀ ਥਾਂ ਉਨ੍ਹਾਂ ਨੇ ਇਸ ਸਬੰਧੀ ਮਰਿਆਦਾ ਕਾਇਮ ਰੱਖਦਿਆਂ ਅੱਤਵਾਦ ਨੂੰ ਖੇਤਰੀ ਮਸਲੇ ਦੀ ਬਜਾਇ ਪੂਰੀ ਮਨੁੱਖਤਾ ਲਈ ਚੁਣੌਤੀ ਵਜੋਂ ਪੇਸ਼ ਕੀਤਾ।
ਇਸ ਨੂੰ ਇੱਕ ਗਲੋਬਲ ਚੁਣੌਤੀ ਦੱਸਿਆ, ਜਿਸ ਦੇ ਮੁਕਾਬਲੇ ਲਈ ਕੌਮਾਂਤਰੀ ਸਹਿਯੋਗ ਦੀ ਲੋੜ ਹੈ।
ਉਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀ ਧਾਰਾ 370 ਨੂੰ ਹਟਾਉਣ ਦਾ ਕੋਈ ਜ਼ਿਕਰ ਨਹੀਂ ਕੀਤਾ। ਇਸ ਦੀ ਆਸ ਵੀ ਨਹੀਂ ਸੀ ਕਿਉਂਕਿ ਭਾਰਤ ਦਾ ਰੁਖ਼ ਸਪੱਸ਼ਟ ਹੈ ਕਿ ਇਹ ਉਸ ਦਾ ਅੰਦਰੂਨੀ ਮਸਲਾ ਹੈ।
ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ 'ਤੇ ਉਨ੍ਹਾਂ ਕੋਲੋਂ ਪ੍ਰੇਰਣਾ ਲੈਣ ਦੀ ਗੱਲ ਕਰਦਿਆਂ ਮੋਦੀ ਨੇ 125 ਸਾਲ ਪਹਿਲਾਂ ਅਧਿਆਤਮਕ ਗੁਰੂ ਸੁਆਮੀ ਵਿਵੇਕਾਨੰਦ ਵੱਲੋਂ ਦਿੱਤੇ ਗਏ "ਸਦਭਾਵ ਅਤੇ ਸ਼ਾਂਤੀ" ਦੇ ਸੰਦੇਸ਼ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਅੱਜ ਵੀ ਭਾਰਤ ਦਾ ਇਹੀ ਸੰਦੇਸ਼ ਹੈ।
ਸੰਯੁਕਤ ਰਾਸ਼ਟਰ ਮਹਾਸਭਾ ਦੇ 74ਵੇਂ ਸੈਸ਼ਨ ਦਾ ਵਿਸ਼ਾ ਸੀ, "ਗਰੀਬੀ ਹਟਾਉ, ਮਿਆਰੀ ਸਿੱਖਿਆ ਅਤੇ ਵਾਤਾਵਰਨ ਬਚਾਉਣ ਲਈ ਮਿਲ ਕੇ ਕਦਮ ਚੁੱਕਣ ਦੀ ਦਿਸ਼ਾ ਵਿੱਚ ਚੁੱਕੇ ਗਏ ਵਧੇਰੇ ਗਿਣਤੀ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਨਾ।"
ਇਸ ਵਿਸ਼ੇ 'ਤੇ ਪ੍ਰਧਾਨ ਮੰਤਰੀ ਦਾ ਭਾਸ਼ਣ ਸਟੀਕ ਸੀ।
ਉਨ੍ਹਾਂ ਵਿਕਾਸ ਲਈ ਭਾਰਤ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਕੌਮਾਂਤਰੀ ਭਾਈਚਾਰੇ ਨਾਲ ਸਾਂਝੇ ਯਤਨਾਂ ਵਜੋਂ ਪੇਸ਼ ਕੀਤੇ ਜਿਸ ਨਾਲ ਬਾਕੀ ਵਿਕਾਸਸ਼ੀਲ ਦੇਸ ਪ੍ਰੇਰਣਾ ਲੈ ਸਕਣ।
ਇਮਰਾਨ ਖਾਨ ਦੇ ਭਾਸ਼ਣ 'ਤੇ ਹਾਰੂਨ ਰਸ਼ੀਦ ਦਾ ਨਜ਼ਰੀਆ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿੱਚ 3-4 ਮੁੱਦਿਆਂ 'ਤੇ ਗੱਲ ਕੀਤੀ ਪਰ ਕਸ਼ਮੀਰ ਦੇ ਮੁੱਦੇ 'ਤੇ ਉਨ੍ਹਾਂ ਨੇ ਵਧੇਰੇ ਜ਼ੋਰ ਦਿੱਤਾ।
ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਸ਼ਮੀਰ 'ਤੇ ਉਹੀ ਸਾਰੀਆਂ ਗੱਲਾਂ ਕੀਤੀਆ, ਜੋ ਪਹਿਲਾਂ ਤੋਂ ਕਰਦੇ ਆਏ ਹਨ ਪਰ ਇਸ ਵਾਰ ਫਰਕ ਬਸ ਇੰਨਾ ਸੀ ਕਿ ਮੰਚ ਕੌਮਾਂਤਰੀ ਸੀ ਅਤੇ ਦੁਨੀਆਂ ਉਸ ਮੰਚ ਨੂੰ ਸੰਜੀਦਗੀ ਨਾਲ ਲੈਂਦੀ ਹੈ।
ਉਨ੍ਹਾਂ ਨੇ ਦੁਨੀਆਂ ਨੂੰ ਇਹ ਦੱਸਿਆ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਯੁੱਧ ਦੇ ਹਾਲਾਤ ਬਣਦੇ ਹਨ ਤਾਂ ਇਸ ਨਾਲ ਸਿਰਫ਼ ਦੋਵੇਂ ਦੇਸ ਹੀ ਨਹੀਂ ਬਲਕਿ ਦੁਨੀਆਂ ਪ੍ਰਭਾਵਿਤ ਹੋਵੇਗੀ। ਉਨ੍ਹਾਂ ਨੇ ਦੁਨੀਆਂ ਦੇ ਦੇਸਾਂ ਨੂੰ ਇੱਕ ਤਰ੍ਹਾਂ ਨਾਲ ਡਰਾਉਣ ਦੀ ਵੀ ਕੋਸ਼ਿਸ਼ ਕੀਤੀ।
ਹੁਣ ਦੇਖਣਾ ਇਹ ਹੋਵੇਗਾ ਕਿ ਉਨ੍ਹਾਂ ਦੀਆਂ ਇਨ੍ਹਾਂ ਗੱਲਾਂ ਦਾ ਅਸਰ ਕੌਮਾਂਤਰੀ ਭਾਈਚਾਰੇ 'ਤੇ ਕਿੰਨਾ ਹੁੰਦਾ ਹੈ ਜਾਂ ਫਿਰ ਸੰਯੁਕਤ ਰਾਸ਼ਟਰ ਇਸ ਮਾਮਲੇ ਵਿੱਚ ਕੋਈ ਕਦਮ ਉਠਾਉਂਦਾ ਹੈ ਜਾਂ ਨਹੀਂ।
ਇਮਰਾਨ ਖ਼ਾਨ ਜਿਸ ਤਰ੍ਹਾਂ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ 'ਤੇ ਬੋਲੇ ਉਸ ਦੀ ਸ਼ਲਾਘਾ ਪੂਰੇ ਪਾਕਿਸਤਾਨ ਵਿੱਚ ਹੋ ਰਹੀ ਹੈ।
'ਮਕਸਦ 'ਚ ਸਫ਼ਲ ਨਹੀਂ ਹੋਏ ਇਮਰਾਨ'
ਭਾਸ਼ਣ ਦੇ ਪਿੱਛੇ ਇਮਰਾਨ ਖਾਨ ਦਾ ਜੋ ਮਕਸਦ ਸੀ, ਉਸ ਵਿੱਚ ਉਹ ਸਫ਼ਲ ਨਹੀਂ ਹੋਏ। ਉਹ ਕਹਿ ਰਹੇ ਹਨ ਕਿ ਕਸ਼ਮੀਰ ਵਿੱਚ ਕਰਫਿਊ ਖ਼ਤਮ ਹੋਵੇ।
ਉਨ੍ਹਾਂ ਦਾ ਇਲਜ਼ਾਮ ਹੈ ਕਿ ਜੋ 13 ਹਜ਼ਾਰ ਕਸ਼ਮੀਰੀ ਹਿਰਾਸਤ ਵਿੱਚ ਲਏ ਗਏ ਹਨ, ਉਨ੍ਹਾਂ ਨੂੰ ਰਿਹਾ ਕੀਤਾ ਜਾਵੇ।
ਜੇਕਰ ਇਸ ਭਾਸ਼ਣ ਦੇ ਤੁਰੰਤ ਬਾਅਦ ਇੱਕ ਦੋ ਦਿਨ ਵਿੱਚ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋ ਜਾਣ ਤਾਂ ਉਦੋਂ ਸਫ਼ਲਤਾ ਮੰਨੀ ਜਾ ਸਕਦੀ ਹੈ ਪਰ ਇਸ ਦੀ ਸੰਭਾਵਨਾ ਬਹੁਤ ਘੱਟ ਹੈ।
ਪਰ ਸਿਰਫ਼ ਭਾਸ਼ਣ ਦੇਣ, ਗੁੱਸਾ ਦਿਖਾਉਣ ਜਾਂ ਡਰਾਉਣ ਨਾਲ ਚੀਜ਼ਾਂ ਨਹੀਂ ਹੁੰਦੀਆਂ। ਅਸਲ ਗੱਲ ਇਹ ਹੈ ਕਿ ਕੌਮਾਂਤਰੀ ਭਾਈਚਾਰੇ ਤੁਹਾਡੀਆਂ ਗੱਲਾਂ ਨੂੰ ਕਿਸ ਤਰ੍ਹਾਂ ਲੈ ਰਹੇ ਹਨ।
ਹੁਣ ਤੱਕ ਤਾਂ ਨਜ਼ਰ ਆਇਆ ਹੈ ਕਿ ਅਮਰੀਕਾ ਹੀ ਕੋਈ ਭੂਮਿਕਾ ਅਦਾ ਕਰ ਸਕਦਾ ਹੈ।
ਪਰ ਅਮਰੀਕੀ ਰਾਸ਼ਟਰਪਤੀ ਟਰੰਪ ਇਸ ਮਾਮਲੇ ਵਿੱਚ ਕੋਈ ਪੱਖ ਨਹੀਂ ਲੈ ਰਹੇ। ਉਹ ਪਾਕਿਸਤਾਨ ਨੂੰ ਵੀ ਖ਼ੁਸ਼ ਰੱਖ ਰਹੇ ਹਨ ਅਤੇ ਭਾਰਤ ਨੂੰ ਵੀ।
ਜਦੋਂ ਅਮਰੀਕੀ ਰਾਸ਼ਟਰਪਤੀ ਦਾ ਰਵੱਈਆ ਅਜਿਹਾ ਹੈ ਤਾਂ ਮੈਨੂੰ ਨਹੀਂ ਲਗਦਾ ਹੈ ਕਿ ਬਾਕੀ ਦੇਸ ਕੋਈ ਠੋਸ ਕਦਮ ਚੁੱਕਣਗੇ ਭਾਰਤ ਦੇ ਖ਼ਿਲਾਫ।
'ਵਿਰੋਧੀ ਧਿਰ ਕਰ ਰਹੀ ਹੈ ਆਲੋਚਨਾ'
ਇੱਥੇ ਲੋਕ ਦੁਆ ਕਰ ਰਹੇ ਸਨ ਕਿ ਇਮਰਾਨ ਖ਼ਾਨ ਜਿਸ ਤਰ੍ਹਾਂ ਦੇ ਭਾਸ਼ਣ ਪਾਕਿਸਤਾਨ ਅੰਦਰ ਦਿੰਦੇ ਹਨ, ਵਿਰੋਧੀ ਧਿਰ ਦੇ ਨੇਤਾ ਰਹਿੰਦਿਆਂ ਹੋਇਆਂ ਕੰਟੇਨਰ 'ਤੇ ਖੜ੍ਹੇ ਹੋ ਕੇ ਜਿਸ ਤਰ੍ਹਾਂ ਦੀਆਂ ਗੱਲਾਂ ਉਹ ਕਹਿੰਦੇ ਸਨ, ਖ਼ੁਦਾ ਕਰੇ ਕਿ ਉਹ ਅਜਿਹੀਆਂ ਗੱਲਾਂ ਯੂਐਨ ਵਿੱਚ ਨਾ ਕਰਨ।
ਸਾਰੇ ਚਾਹੁੰਦੇ ਸਨ ਕਿ ਕਲਾਈਮੇਟ ਚੇਂਜ ਅਤੇ ਇਸਲਾਮੋਫੋਬੀਆ ਵਰਗੇ ਕੌਮਾਂਤਰੀ ਮੁੱਦਿਆਂ ਅਤੇ ਕਸ਼ਮੀਰ ਵਰਗੇ ਮਾਮਲਿਆਂ ਤੱਕ ਸੀਮਤ ਰਹਿਣ ਤਾਂ ਬਿਹਤਰ ਹੈ।
ਪਰ ਕਿਤੇ-ਕਿਤੇ ਉਨ੍ਹਾਂ ਨੇ ਭ੍ਰਿਸ਼ਟਾਚਾਰ ਦਾ ਜ਼ਿਕਰ ਕੀਤਾ। ਇਸ ਮਾਮਲੇ ਵਿੱਚ ਵਿਰੋਧੀ ਧਿਰ ਉਨ੍ਹਾਂ ਦੀ ਆਲੋਚਨਾ ਕਰ ਰਿਹਾ ਹੈ, ਉੱਥੇ ਉਨ੍ਹਾਂ ਨੂੰ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ ਸੀ।
ਆਪਣੇ ਸਥਾਨਕ ਮੁੱਦਿਆਂ 'ਤੇ ਉਨ੍ਹਾਂ ਨੇ ਜ਼ਿਆਦਾ ਗੱਲ ਨਹੀਂ ਕੀਤੀ, ਇਸ ਨਾਲ ਲੋਕ ਖੁਸ਼ ਹਨ। ਵਿਰੋਧੀ ਪਾਰਟੀਆਂ ਵੀ ਖੁਸ਼ ਹਨ ਕਿ ਇਮਰਾਨ ਖ਼ਾਨ ਜ਼ਰਦਾਰ ਸਾਬ੍ਹ ਜਾਂ ਨਵਾਜ਼ ਸ਼ਰੀਫ਼ ਦਾ ਜ਼ਿਕਰ ਨਹੀਂ ਕੀਤਾ।
ਇਸ ਨਾਲ ਕੁਝ ਲੋਕਾਂ ਨੂੰ ਆਰਾਮ ਮਿਲਿਆ ਕਿ ਉਨ੍ਹਾਂ ਨੇ ਘਰਦੇ ਝਗੜੇ ਨੂੰ ਯੂਐਨ ਵਿੱਚ ਉਜਾਗਰ ਨਹੀਂ ਕੀਤਾ।
ਇਹ ਵੀ ਪੜ੍ਹੋ-
ਇਹ ਵੀ ਦੇਖੋ: