ਲੋਕ ਰਿਸ਼ਤੇ 'ਚ ਰਹਿੰਦੇ ਹੋਏ ਆਪਣੇ ਸਾਥੀ ਨੂੰ ਕਿਉਂ ਦਿੰਦੇ ਹਨ ਧੋਖਾ

    • ਲੇਖਕ, ਵਿਲੀਅਮ ਪਾਰਕ
    • ਰੋਲ, ਬੀਬੀਸੀ ਫਿਊਚਰ

ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਈਕ ਪੇਂਸ ਕਿਸੇ ਹੋਰ ਔਰਤ ਦੇ ਨਾਲ ਇਕੱਲੇ ਕਦੇ ਲੰਚ ਜਾਂ ਡਿਨਰ ਨਹੀਂ ਕਰਦੇ ਹਨ।

ਉਹ ਕਹਿੰਦੇ ਹਨ ਕਿ ਅਜਿਹਾ ਨਿਯਮ ਉਨ੍ਹਾਂ ਨੇ ਆਪਣੀ ਪਤਨੀ ਕੈਰੇਨ ਪ੍ਰਤੀ ਵਫਾਦਾਰੀ ਲਈ ਬਣਾਇਆ ਹੈ। ਉਨ੍ਹਾਂ ਨੂੰ ਵਫਾਦਾਰ ਰਹਿਣ ਦੀ ਪ੍ਰੇਰਨਾ ਆਪਣੀਆਂ ਧਾਰਮਿਕ ਆਸਥਾਵਾਂ ਤੋਂ ਮਿਲਦੀ ਹੈ।

ਕਈ ਲੋਕ ਮਾਈਕ ਪੇਂਸ ਦੀ ਇਸ ਨਸੀਹਤ ਦੀ ਤਾਰੀਫ਼ ਕਰਦੇ ਹਨ। ਕੋਈ ਲੋਕਾਂ ਦਾ ਇਹ ਮੰਨਣਾ ਹੈ ਕਿ ਇਹ ਦੂਜੀਆਂ ਔਰਤਾਂ ਦੀ ਬੇਇੱਜ਼ਤੀ ਹੈ।

ਉਂਝ ਮਾਈਕ ਪੇਂਸ ਦਾ ਫ਼ੈਸਲਾ ਕੋਈ ਅਜੂਬਾ ਨਹੀਂ ਹੈ। ਇੱਕ ਸਰਵੇ ਮੁਤਾਬਕ 5.7 ਫ਼ੀਸਦ ਲੋਕ ਇਹ ਮੰਨਦੇ ਹਨ ਕਿ ਕਿਸੇ ਰਿਸ਼ਤੇ ਵਿੱਚ ਰਹਿਣ ਦੇ ਬਾਵਜੂਦ ਕਿਸੇ ਹੋਰ ਔਰਤ ਜਾਂ ਮਰਦ ਨਾਲ ਡਿਨਰ ਜਾਂ ਲੰਚ 'ਤੇ ਜਾਣਾ ਬੇਵਫਾਈ ਹੈ।

ਭਾਵੇਂ ਤੁਸੀਂ ਮਾਈਕ ਪੇਂਸ ਅਤੇ ਕੈਰੇਨ ਬਾਰੇ ਕੁਝ ਵੀ ਸੋਚੋ, ਪਰ ਉਨ੍ਹਾਂ ਨੇ ਘੱਟੋ-ਘੱਟ ਆਪਣੇ ਰਿਸ਼ਤੇ ਵਿੱਚ ਮਰਿਆਦਾ ਦੀ ਇੱਕ ਸੀਮਾ-ਰੇਖਾ ਤਾਂ ਖਿੱਚ ਰੱਖੀ ਹੈ।

ਉਂਝ, ਜ਼ਿਆਦਾਤਰ ਲੋਕਾਂ ਨੇ ਆਪਣੇ ਸਬੰਧ ਵਿੱਚ ਬੇਵਫਾਈ ਕੀ ਹੁੰਦੀ ਹੈ, ਇਸਦੀ ਕੋਈ ਸੀਮਾ ਜਾਂ ਪਰਿਭਾਸ਼ਾ ਤੈਅ ਨਹੀਂ ਕੀਤੀ ਹੁੰਦੀ।

ਉਨ੍ਹਾਂ ਨੂੰ ਸਮਝ ਵੀ ਨਹੀਂ ਹੁੰਦੀ ਕਿ ਆਖ਼ਰ ਵਫ਼ਾਦਾਰੀ ਅਤੇ ਬੇਵਫ਼ਾਈ ਵਿਚਾਲੇ ਕੀ ਫਰਕ ਹੁੰਦਾ ਹੈ।

ਇਹ ਵੀ ਪੜ੍ਹੋ:

ਅਸਲੀ ਮਾਮਲਾ ਤਾਂ ਸੰਵੇਦਨਸ਼ੀਲਤਾ ਨੂੰ ਲੈ ਕੇ ਸਮਝਦਾਰੀ ਦੀ ਘਾਟ ਦਾ ਹੈ। ਸਾਡੇ ਸਮਾਜ ਵਿੱਚ ਰਿਸ਼ਤਿਆਂ ਵਿੱਚ ਧੋਖਾ ਮਿਲਣ ਦੀਆਂ ਘਟਨਾਵਾਂ ਬਹੁਤ ਆਮ ਹਨ। ਪਰ, ਹਰ ਜੋੜਾ ਇਹ ਮੰਨਦਾ ਹੈ ਕਿ ਉਸਦਾ ਸਾਥੀ ਉਸਦੇ ਪ੍ਰਤੀ ਵਫ਼ਾਦਾਰ ਹੈ।

ਕਿੰਨੇ ਲੋਕ ਬੇਵਫ਼ਾਈ ਕਰਦੇ ਹਨ, ਇਸਦਾ ਕੋਈ ਸਹੀ ਅੰਕੜਾ ਮਿਲਣਾ ਬਹੁਤ ਮੁਸ਼ਕਿਲ ਹੈ।

ਇਸਦਾ ਵੱਡਾ ਕਾਰਨ ਇਹ ਹੈ ਕਿ ਰਿਸ਼ਤੇ ਵਿੱਚ ਬੇਵਫ਼ਾਈ ਨੂੰ ਲੈ ਕੇ ਲੋਕ ਸਹੀ ਗੱਲ ਸ਼ਾਇਦ ਹੀ ਦੱਸਦੇ ਹੋਣ।

ਪਹਿਲਾਂ ਕਿਹਾ ਜਾਂਦਾ ਸੀ ਕਿ 75 ਫ਼ੀਸਦ ਮਰਦ ਅਤੇ 69 ਫ਼ੀਸਦ ਔਰਤਾਂ ਬੇਵਫ਼ਾਈ ਕਰਦੀਆਂ ਹਨ।

ਪਰ, ਹਾਲ ਹੀ ਦੀ ਰਿਸਰਚ ਇਹ ਕਹਿੰਦੀ ਹੈ ਕਿ ਬੇਵਫ਼ਾਈ ਦੇ ਮੋਰਚੇ 'ਤੇ ਔਰਤਾਂ ਮਰਦਾਂ ਤੋਂ ਬਿਲਕੁਲ ਵੀ ਘੱਟ ਨਹੀਂ ਹਨ।

ਦਿਲਚਸਪ ਗੱਲ ਇਹ ਹੈ ਕਿ ਸਿਰਫ਼ ਪੰਜ ਫ਼ੀਸਦ ਲੋਕ ਹੀ ਮੰਨਦੇ ਹਨ ਕਿ ਉਨ੍ਹਾਂ ਦੇ ਸਾਥੀ ਉਨ੍ਹਾਂ ਨੂੰ ਧੋਖਾ ਦੇਣਗੇ ਜਾਂ ਦੇ ਰਹੇ ਹਨ। ਜ਼ਿਆਦਾਤਰ ਲੋਕ ਆਪਣੇ ਸਾਥੀ 'ਤੇ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹਨ।

ਬੇਵਫ਼ਾਈ ਦਾ ਮਤਲਬ ਕੀ?

ਕਾਲਗਰੀ ਯੂਨੀਵਰਸਿਟੀ ਦੀ ਸੂਸਨ ਬੁਨ ਕਹਿੰਦੀ ਹੈ, "ਜਿਹੜੇ ਲੋਕ ਡਿਪਰੈਸ਼ਨ ਦੇ ਸ਼ਿਕਾਰ ਨਹੀਂ ਹਨ, ਉਹ ਆਮ ਤੌਰ 'ਤੇ ਆਪਣੇ ਸਾਥੀ ਉੱਤੇ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹਨ। ਉਹ ਕਦੇ ਇਹ ਸੋਚਦੇ ਵੀ ਨਹੀਂ ਕਿ ਉਨ੍ਹਾਂ ਦਾ ਸਾਥੀ ਉਨ੍ਹਾਂ ਨੂੰ ਧੋਖਾ ਦੇ ਸਕਦਾ ਹੈ ਜਾਂ ਦੇ ਸਕਦੀ ਹੈ।"

ਉਂਝ, ਇਸਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਬੇਵਫ਼ਾਈ ਦੀ ਪਰਿਭਾਸ਼ਾ ਵੱਖ-ਵੱਖ ਲੋਕਾਂ ਲਈ ਵੱਖ-ਵੱਖ ਹੁੰਦੀ ਹੈ।

ਸੂਸਨ ਬੁਨ ਕਹਿੰਦੀ ਹੈ, "ਲੋਕ ਅਕਸਰ ਇਸ ਗੱਲ ਦਾ ਗ਼ਲਤ ਅੰਦਾਜ਼ਾ ਲਗਾਉਂਦੇ ਹਨ ਕਿ ਕਿਸੇ ਵੀ ਰਿਸ਼ਤੇ ਵਿੱਚ ਬੇਵਫ਼ਾਈ ਦਾ ਮਤਲਬ ਕੀ ਹੁੰਦਾ ਹੈ। ਇਸਦਾ ਵੱਡਾ ਕਾਰਨ ਇਹ ਹੈ ਕਿ ਲੋਕ ਇਸ ਬਾਰੇ ਗੱਲ ਕਰਕੇ ਕੋਈ ਮਰਿਆਦਾ ਤੈਅ ਨਹੀਂ ਕਰਦੇ। ਹਰ ਇਨਸਾਨ ਲਈ ਧੋਖੇ ਦਾ ਅਲੱਗ ਮਤਲਬ ਹੁੰਦਾ ਹੈ।"

ਕਰੀਬ 70 ਫ਼ੀਸਦ ਲੋਕ ਅਜਿਹੇ ਹਨ, ਜਿਨ੍ਹਾਂ ਨੇ ਆਪਣੇ ਪਾਰਟਨਰ ਨਾਲ ਕਦੇ ਵੀ ਬੇਵਫ਼ਾਈ ਨੂੰ ਲੈ ਕੇ ਕੋਈ ਚਰਚਾ ਨਹੀਂ ਕੀਤੀ।

ਕੀ ਕਿਸੇ ਰਿਸ਼ਤੇ ਵਿੱਚ ਰਹਿੰਦੇ ਹੋਏ ਡੇਟਿੰਗ ਐਪ ਡਾਊਨਲੋਡ ਕਰਨਾ ਧੋਖਾ ਹੈ?

ਡੇਟਿੰਗ ਐਪ ਟਿੰਡਰ ਦੇ 18 ਤੋਂ 25 ਫ਼ੀਸਦ ਗਾਹਕ ਪਹਿਲਾਂ ਤੋਂ ਕਿਸੇ ਨਾ ਕਿਸੇ ਰਿਸ਼ਤੇ ਵਿੱਚ ਹਨ।

ਇਸਦਾ ਮਤਲਬ ਤਾਂ ਇਹੀ ਹੈ ਕਿ ਉਹ ਕਿਸੇ ਰਿਸ਼ਤੇ ਵਿੱਚ ਹੋਣ ਦੇ ਬਾਵਜੂਦ ਦੂਜੇ ਸਾਥੀ ਦੀ ਤਲਾਸ਼ ਕਰ ਰਹੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਕੈਜ਼ੂਅਲ ਸੈਕਸ ਦੀ ਤਲਾਸ਼ ਵਿੱਚ ਅਜਿਹਾ ਕਰਦੇ ਹਨ।

ਕਿਸੇ ਦੇ ਲਈ ਦੂਜੇ ਨਾਲ ਸੈਕਸ ਕਰਨਾ ਧੋਖਾ ਹੈ ਤਾਂ ਕੋਈ ਸਿਰਫ਼ ਮੈਸੇਜ 'ਤੇ ਗੱਲਬਾਤ ਕਰਨ ਨੂੰ ਬੇਵਫ਼ਾਈ ਮੰਨਦਾ ਹੈ।

ਜਜ਼ਬਾਤੀ ਬੇਵਫ਼ਾਈ ਦੀ ਪਰਿਭਾਸ਼ਾ ਤੈਅ ਕਰਨਾ ਤਾਂ ਹੋਰ ਵੀ ਮੁਸ਼ਕਿਲ ਹੈ। ਦਫ਼ਤਰ ਵਿੱਚ ਅਕਸਰ ਲੋਕ ਆਪਣੇ ਕਿਸੇ ਸਾਥੀ ਨਾਲ ਜ਼ਿਆਦਾ ਨਜ਼ਦੀਕੀ ਮਹਿਸੂਸ ਕਰਨ ਲੱਗਦੇ ਹਨ।

ਉਸਦੀ ਉਡੀਕ ਹੁੰਦੀ ਹੈ। ਉਸਦੇ ਆਉਣ ਨਾਲ ਉਹ ਬਹੁਤ ਖੁਸ਼ ਹੋ ਜਾਂਦੇ ਹਨ। ਹੁਣ ਇਸ ਨੂੰ ਕਿਸੇ ਰਿਸ਼ਤੇ ਵਿੱਚ ਬੱਝੇ ਇਨਸਾਨ ਦੀ ਬੇਵਫ਼ਾਈ ਮੰਨਿਆ ਜਾਵੇ ਜਾਂ ਨਹੀਂ?

ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਅਸੀਂ ਕਿਸੇ ਰਿਸ਼ਤੇ ਦੀਆਂ ਮਰਿਆਦਾਵਾਂ ਪਹਿਲਾਂ ਤੋਂ ਹੀ ਤੈਅ ਕਰ ਦਈਏ ਤਾਂ ਬੇਵਫ਼ਾਈ ਨੂੰ ਸਮਝਣਾ ਅਤੇ ਉਸ ਨੂੰ ਫੜਨਾ ਦੋਵੇਂ ਹੀ ਚੀਜ਼ਾਂ ਆਸਾਨ ਹੋ ਜਾਂਦੀਆਂ ਹਨ। ਕਿਸੇ ਵੀ ਰਿਸ਼ਤੇ ਦੀ ਬਹਿਤਰੀ ਲਈ ਇਹ ਜ਼ਰੂਰੀ ਹੈ।

ਬਹੁਤ ਕੁਝ ਤੁਹਾਡੇ ਦੋਸਤਾਂ 'ਤੇ ਵੀ ਨਿਰਭਰ ਕਰਦਾ ਹੈ। ਜੇਕਰ ਤੁਹਾਡੇ ਜ਼ਿਆਦਾਤਰ ਦੋਸਤ ਅਜਿਹੇ ਹਨ ਜਿਨ੍ਹਾਂ ਨੇ ਬੇਵਫ਼ਾਈ ਕੀਤੀ ਹੈ, ਤਾਂ ਤੁਹਾਡਾ ਵੀ ਆਪਣੇ ਸਾਥੀ ਨੂੰ ਧੋਖਾ ਦੇਣਾ ਲਗਭਗ ਤੈਅ ਹੈ। ਆਮ ਤੌਰ 'ਤੇ ਅਸੀਂ ਆਪਣੇ ਵਰਗੇ ਮਿਜ਼ਾਜ ਦੇ ਲੋਕਾਂ ਦੇ ਹੀ ਕਰੀਬ ਹੁੰਦੇ ਹਾਂ।

ਇਹ ਵੀ ਪੜ੍ਹੋ:

ਬੇਵਫ਼ਾਈ ਕਰਦੇ ਹੋ ਤਾਂ ਕੀ ਕਰਨਾ ਚਾਹੀਦਾ ਹੈ?

ਕਿਸੇ ਰਿਸ਼ਤੇ ਵਿੱਚ ਬੱਝੇ ਲੋਕ ਧੋਖੇ ਨੂੰ ਗ਼ਲਤ ਮੰਨਦੇ ਹਨ। ਅਜਿਹੇ ਵਿੱਚ ਜੇਕਰ ਕਿਸੇ ਨੇ ਬੇਵਫ਼ਾਈ ਕੀਤੀ ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ? ਆਪਣੀ ਗ਼ਲਤੀ ਮੰਨ ਲੈਣੀ ਚਾਹੀਦੀ ਹੈ?

ਜ਼ਿਆਦਾਤਰ ਲੋਕ ਇਸਦਾ ਜਵਾਬ "ਹਾਂ" ਵਿੱਚ ਦਿੰਦੇ ਹਨ ਕਿਉਂਕਿ 90 ਫ਼ੀਸਦ ਲੋਕਾਂ ਨੇ ਇਹ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਸਾਥੀ ਨੇ ਉਨ੍ਹਾਂ ਨੂੰ ਧੋਖਾ ਦਿੱਤਾ ਹੈ, ਤਾਂ ਉਹ ਇਹ ਗੱਲ ਜਾਨਣਾ ਚਾਹੁਣਗੇ।

ਤਮਾਮ ਰਿਸਰਚ ਇਸ ਵੱਲ ਇਸ਼ਾਰਾ ਕਰਦੀ ਹੈ ਕਿ ਲੋਕ ਕਿਸੇ ਵੀ ਰਿਸ਼ਤੇ ਵਿੱਚ ਵਫਾਦਾਰੀ ਨੂੰ ਬਹੁਤ ਅਹਿਮੀਅਤ ਦਿੰਦੇ ਹਨ।

ਉਨ੍ਹਾਂ ਨੂੰ ਲਗਦਾ ਹੈ ਕਿ ਧੋਖਾ ਦੇਣ ਨਾਲ ਉਨ੍ਹਾਂ ਨੂੰ ਜਜ਼ਬਾਤੀ ਨੁਕਸਾਨ ਹੋਵੇਗਾ।

ਇਹੀ ਕਾਰਨ ਹੈ ਕਿ ਬੇਵਫ਼ਾਈ ਦੇ ਕਾਰਨ ਹੀ ਅਮਰੀਕਾ ਵਿੱਚ ਸਭ ਤੋਂ ਵੱਧ ਤਲਾਕ ਹੁੰਦੇ ਹਨ।

ਜੇਕਰ ਤੁਸੀਂ ਰਿਸ਼ਤੇ ਵਿੱਚ ਧੋਖਾ ਦਿੱਤਾ ਹੈ ਤਾਂ ਇਸਦਾ ਇਕਰਾਰਨਾਮਾ ਤੁਹਾਡੇ ਸਾਥੀ ਨੂੰ ਤਕਲੀਫ਼ ਪਹੁੰਚਾਏਗਾ।

ਇਹ ਵੀ ਪੜ੍ਹੋ:

ਉਂਝ, ਜਿਹੜੇ ਲੋਕ ਖ਼ੁਦ ਵਿੱਚ ਮਸਤ ਰਹਿੰਦੇ ਹਨ ਜਾਂ ਖ਼ੁਦ ਨੂੰ ਪਿਆਰ ਕਰਦੇ ਹਨ ਉਨ੍ਹਾਂ ਨੂੰ ਇਕਰਾਰਨਾਮੇ ਨਾਲ ਵਧੇਰੇ ਤਕਲੀਫ਼ ਹੁੰਦੀ ਹੈ।

ਕਈ ਲੋਕ ਤਾਂ ਡਿਪਰੈਸ਼ਨ ਵਿੱਚ ਵੀ ਚਲੇ ਜਾਂਦੇ ਹਨ। ਉੱਥੇ ਹੀ ਕੁਝ ਆਪਣੇ ਸਾਥੀ ਦੀ ਬੇਵਫ਼ਾਈ ਨਾਲ ਗੁੱਸੇ ਹੋ ਜਾਂਦੇ ਹਨ।

ਜੇਕਰ ਕੋਈ ਇੱਕ ਵਾਰ ਬੇਵਫ਼ਾਈ ਕਰਦਾ ਹੈ, ਤਾਂ ਆਮ ਤੌਰ 'ਤੇ ਉਸਦੇ ਸਾਥੀ ਉਸ ਨੂੰ ਮਾਫ਼ ਕਰ ਦਿੰਦੇ ਹਨ। ਕਈ ਵਾਰ ਇਸ ਕਾਰਨ ਰਿਸ਼ਤੇ ਵੀ ਟੁੱਟਦੇ ਹਨ।

ਨਹੀਂ ਤਾਂ ਅਕਸਰ ਲੋਕ ਅਜਿਹੇ ਧੋਖਿਆਂ ਦੇ ਬਾਵਜੂਦ ਰਿਸ਼ਤਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ।

ਪਰ ਜੇਕਰ ਧੋਖਾ ਦੇਣਾ ਆਦਤ ਹੀ ਬਣ ਜਾਵੇ ਤਾਂ ਫਿਰ ਕੋਈ ਬਦਲ ਨਹੀਂ ਰਹਿੰਦਾ, ਸਿਵਾਏ ਇਸਦੇ ਕਿ ਉਸ ਰਿਸ਼ਤੇ ਨੂੰ ਪਿੱਛਾ ਛੁਡਾ ਲਿਆ ਜਾਵੇ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਸਮਾਜ ਵਿੱਚ ਬੇਵਫ਼ਾਈ ਦੀਆਂ ਘਟਨਾਵਾਂ ਆਮ ਹੋ ਰਹੀਆਂ ਹਨ। ਹਰ ਰਿਸ਼ਤੇ ਵਿੱਚ ਇਸਦੀ ਗੁੰਜਾਇਸ਼ ਰਹਿੰਦੀ ਹੈ। ਇਸ ਲਈ ਸ਼ਾਇਦ ਇਸ ਬਾਰੇ ਗੱਲ ਕਰਨ ਦਾ ਸਹੀ ਸਮਾਂ ਅਜੇ ਆਇਆ ਨਹੀਂ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)