ਬਰੂਨਾਏ ਵਿੱਚ ਲਾਗੂ ਕੀਤੇ ਜਾ ਰਹੇ ਸ਼ਰੀਆ ਕਾਨੂੰਨ ਤਹਿਤ ਸਮਲਿੰਗੀ ਸੈਕਸ ਲਈ ਪੱਥਰ ਮਾਰ ਕੇ ਦਿੱਤੀ ਜਾਵੇਗੀ ਮੌਤ ਦੀ ਸਜ਼ਾ

ਮਲੇਸ਼ੀਆ ਦਾ ਗੁਆਂਢੀ ਦੇਸ ਬਰੂਨਾਏ, ਹਮ-ਜਿਣਸੀ ਸੰਬੰਧਾਂ ਅਤੇ ਵਿਆਹੋਂ ਬਾਹਰਲੇ ਸੰਬੰਧਾਂ ਖ਼ਿਲਾਫ ਸਖ਼ਤ ਇਸਲਾਮਿਕ ਕਾਨੂੰਨ ਲਾਗੂ ਕਰਨ ਜਾ ਰਿਹਾ ਹੈ।

ਨਵੇਂ ਕਾਨੂੰਨਾ ਤਹਿਤ ਗੁਦਾ-ਸੈਕਸ ਅਤੇ ਵਿਆਹੋਂ ਬਾਹਰਲੇ ਸੰਬੰਧਾਂ ਬਣਾਉਣ ਵਾਲੇ ਨੂੰ ਪੱਥਰਵਾਹ ਕਰਕੇ ਮੌਤ ਦੀ ਸਜ਼ਾ ਦਿੱਤੀ ਜਾਇਆ ਕਰੇਗੀ।

ਇਸ ਫੈਸਲੇ ਦੀ ਕੌਮਾਂਤਰੀ ਭਾਈਚਾਰੇ ਵੱਲੋਂ ਚੌਪਾਸਿਓਂ ਆਲੋਚਨਾ ਹੋ ਰਹੀ ਹੈ।

ਬਰੂਨਾਏ ਦੇ ਗੇ ਸਮਾਜ ਨੇ ਇਸ ਫੈਸਲੇ ਤੋਂ ਸਦਮੇ ਅਤੇ "ਮੱਧ ਯੁੱਗੀ ਸਜ਼ਾਵਾਂ ਦਿੱਤੇ ਜਾਣ" ਨੂੰ ਲੈ ਕੇ ਫਿਕਰਮੰਦੀ ਜਾਹਰ ਕੀਤੀ ਹੈ।

ਇਹ ਵੀ ਪੜ੍ਹੋ:

ਬਰੂਨਾਏ ਦੇ ਇੱਕ ਗੇ ਵਿਅਕਤੀ ਨੇ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ, "ਇੱਕ ਸਵੇਰੇ ਤੁਸੀਂ ਉੱਠਦੇ ਹੋ ਤੇ ਤੁਹਾਨੂੰ ਪਤਾ ਚਲਦਾ ਹੈ ਕਿ ਤੁਹਾਡੇ ਗੁਆਂਢੀ, ਤੁਹਾਡੇ ਪਰਿਵਾਰ ਦੇ ਜੀਅ ਹੀ ਤੁਹਾਨੂੰ ਮਨੁੱਖ ਨਹੀਂ ਸਮਝਦੇ ਅਤੇ ਉਨ੍ਹਾਂ ਨੂੰ ਪੱਥਰਵਾਹੀ ਨਾਲ ਕੋਈ ਫਰਕ ਨਹੀਂ ਪੈਂਦਾ।"

ਬਰੂਨਾਏ ਦੇ ਸੁਲਤਾਨ ਨੇ ਬੁੱਧਵਾਰ ਨੂੰ ਕੱਟੜ ਇਸਲਾਮਿਕ ਸਿੱਖਿਆਵਾਂ ਦੀ ਪਾਲਣਾ ਦੀ ਅਪੀਲ ਕੀਤੀ ਸੀ।

ਖ਼ਬਰ ਏਜੰਸੀ ਏਫੀਪੀ ਮੁਤਾਬਕ ਉਨ੍ਹਾਂ ਨੇ ਇੱਕ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ, "ਮੈਂ ਚਾਹੁੰਦਾ ਹਾਂ ਕਿ ਇਸ ਦੇਸ ਵਿੱਚ ਇਸਲਾਮਿਕ ਸਿੱਖਿਆਵਾਂ ਹੋਰ ਪੱਕੀਆਂ ਹੋਣ।"

ਹਾਲਾਂਕਿ ਉਨ੍ਹਾਂ ਨੇ ਇਸ ਭਾਸ਼ਣ ਦੌਰਾਨ ਨਵੇਂ ਕਾਨੂੰਨਾਂ ਬਾਰੇ ਕੋਈ ਜ਼ਿਕਰ ਨਹੀਂ ਸੀ ਕੀਤਾ।

ਬਰੂਨਾਏ ਵਿੱਚ ਹਮ-ਜਿਣਸੀ ਸੰਬੰਧ ਪਹਿਲਾਂ ਹੀ ਗੈਰ-ਕਾਨੂੰਨੀ ਹਨ ਅਤੇ ਦੋਸ਼ੀਆਂ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।

ਇੱਥੇ ਦੇਸ ਦੀ ਕੁੱਲ 4, 20,000 ਦੀ ਵਸੋਂ 'ਚੋਂ ਦੋ ਤਿਹਾਈ ਅਬਾਦੀ ਮੁਸਲਿਮ ਹੈ। ਬਰੂਨਾਏ ਵਿੱਚ ਮੌਤ ਦੀ ਸਜ਼ਾ ਦੀ ਵਿਵਸਥਾ ਹੈ ਪਰ 1957 ਤੋਂ ਬਾਅਦ ਇੱਥੇ ਕਿਸੇ ਨੂੰ ਇਹ ਸਜ਼ਾ ਨਹੀਂ ਦਿੱਤੀ ਗਈ।

ਗੈਸ ਅਤੇ ਤੇਲ ਭੰਡਾਰਾਂ ਕਾਰਨ ਬਰੂਨਾਏ ਦੇ ਨਾਗਿਰਕਾਂ ਦਾ ਜੀਵਨ ਪੱਧਰ ਦੁਨੀਆਂ ਦੇ ਗਿਣੇ-ਚੁਣੇ ਦੇਸਾਂ ਦੇ ਬਰਾਬਰ ਹੈ।

ਹਾਲਾਂਕਿ ਇੱਥੇ ਚੰਗੀ ਸੰਖਿਆ ਵਿੱਚ ਘੱਟ-ਗਿਣਤੀ, ਗੈਰ-ਮੁਸਲਿਮ ਭਾਈਚਾਰੇ ਰਹਿੰਦੇ ਹਨ ਪਰ ਫਿਰ ਵੀ ਬਰੂਨਾਏ ਨੇ ਸਾਲ 2014 'ਚ ਸਖ਼ਤ ਸ਼ਰੀਆ ਕਾਨੂੰਨਾਂ ਨੂੰ ਅਪਣਾਇਆ।

ਬਰੂਨਾਏ ਅਜਿਹਾ ਕਰਨ ਵਾਲਾ ਪਹਿਲਾ ਪੂਰਬੀ-ਏਸ਼ੀਆਈ ਦੇਸ ਬਣ ਗਿਆ।

ਦੰਡਾਵਲੀ ਦੀਆਂ ਨਵੀਆਂ ਸੋਧਾਂ ਕਾਰਨ ਕੀ ਕੁਝ ਸਜ਼ਾਯੋਗ ਹੋ ਜਾਵੇਗਾ

ਨਵਾਂ ਕਾਨੂੰਨ ਹਾਲਾਂਕਿ ਬਾਲਗ ਮੁਸਲਮਾਨਾਂ 'ਤੇ ਹੀ ਲਾਗੂ ਹੁੰਦਾ ਹੈ ਪਰ ਇਸ ਦੇ ਕੁਝ ਅੰਸ਼ ਗੈਰ-ਮੁਸਲਮਾਨਾਂ 'ਤੇ ਵੀ ਲਾਗੂ ਹੋਣਗੇ।

ਨਵੇਂ ਕਾਨੂੰਨ ਤਹਿਤ ਕੁਝ ਵਿਸ਼ੇਸ਼ ਜੁਰਮ ਕਰਨ ਵਾਲਿਆਂ ਨੂੰ ਤਾਂ ਹੀ ਮੁਲਜ਼ਮ ਕਰਾਰ ਦਿੱਤਾ ਜਾਵੇਗਾ ਜੇ ਉਹ ਖ਼ੁਦ ਕਬੂਲ ਕਰ ਲੈਣ ਜਾਂ ਕੋਈ ਮੌਕੇ ਦਾ ਚਸ਼ਮਦੀਦ ਗਵਾਹ ਹੋਵੇ

  • ਬਲਾਤਕਾਰ, ਅਡਲਟਰੀ, ਗੁਦਾ-ਸੈਕਸ, ਲੁੱਟ, ਫਿਰੌਤੀ ਅਤੇ ਹਜ਼ਰਤ ਮੁਹੰਮਦ ਦੀ ਨਿੰਦਾ ਲਈ ਮੌਤ ਤੱਕ ਦੀ ਸਜ਼ਾ ਹੋ ਸਕਦੀ ਹੈ।
  • ਔਰਤਾਂ ਨੂੰ ਹਮ-ਜਿਣਸੀ ਸੰਬੰਧਾਂ ਦੇ ਜੁਰਮ ਵਿੱਚ 40 ਕੋੜਿਆਂ ਜਾਂ 10 ਸਾਲਾਂ ਦੀ ਕੈਦ ਜਾਂ ਦੋਵੇਂ ਹੋ ਸਕਦੇ ਹਨ।
  • ਚੋਰੀ ਦੀ ਸਜ਼ਾ ਵਜੋਂ ਅੰਗਭੰਗ ਕਰ ਦਿੱਤਾ ਜਾਂਦਾ ਹੈ।
  • ਨਾਬਲਗ ਮੁਸਲਿਮ ਬੱਚਿਆਂ ਨੂੰ ਕਿਸੇ ਦੂਸਰੇ ਧਰਮ ਦੀਆਂ ਸਿੱਖਿਆਵਾਂ ਬਾਰੇ ਦੱਸਣ ਜਾਂ ਅਪਨਾਉਣ ਦੀ ਪ੍ਰੇਰਨਾ ਕਰਨ ਵਾਲੇ ਨੂੰ ਸਜ਼ਾ ਜਾਂ ਜੁਰਮਾਨਾ ਕੀਤਾ ਜਾ ਸਕਦਾ ਹੈ।

ਨਾਬਾਲਗ ਮੁਜਰਮਾਂ ਨੂੰ ਕੋੜਿਆਂ ਦੀ ਸਜ਼ਾ ਦੀ ਵਿਵਸਥਾ ਹੈ।

ਕੌਮਾਂਤਰੀ ਪ੍ਰਤੀਕਿਰਿਆ

ਬਰੂਨਾਏ ਦੇ ਸੁਲਤਾਨ ਬਰੂਨਾਏ ਨਿਵੇਸ਼ ਏਜੰਸੀ ਦੇ ਮੁਖੀ ਹਨ ਜਿਸ ਦੇ ਯੂਕੇ, ਅਮਰੀਕਾ ਆਦਿ ਵਿੱਚ ਵੱਡੇ ਹੋਟਲ ਹਨ।

ਹਾਲੀਵੁੱਡ ਅਦਾਕਾਰ ਜੌਰਜ ਕੂਲਨੀ ਸਮੇਤ ਕਈ ਹਸਤੀਆਂ ਨੇ ਇਨ੍ਹਾਂ ਹੋਟਲਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ

ਯੂਕੇ ਦੀ ਅਬੇਰਡੀਨ ਯੂਨੀਵਰਸਿਟੀ ਵੱਲੋਂ ਸੁਲਤਾਨ ਹਸਨਲ ਨੂੰ ਦਿੱਤੀ ਗਈ ਡਾਕਟਰੇਟ ਦੀ ਡਿਗਰੀ 'ਤੇ ਵੀ ਮੁੜ ਵਿਚਾਰ ਕੀਤਾ ਜਾ ਰਿਹਾ ਹੈ।

ਕੀ ਅਜਿਹੇ ਕਾਨੂੰਨ ਪਹਿਲੀ ਵਾਰ ਲਾਗੂ ਹੋ ਰਹੇ ਹਨ?

ਬਰੂਨਾਏ ਨੇ ਵੱਡੇ ਕੌਮਾਂਤਰੀ ਵਿਰੋਧ ਦੇ ਬਾਵਜੂਦ ਸਾਲ 2014 'ਚ ਸਖ਼ਤ ਸ਼ਰੀਆ ਕਾਨੂੰਨਾਂ ਨੂੰ ਅਪਣਾਇਆ।

ਬਰੂਨਾਏ ਵਿੱਚ ਦੂਹਰਾ ਕਾਨੂੰਨੀ ਨਿਜ਼ਾਮ ਹੈ, ਸ਼ਰੀਆ ਅਤੇ ਕਾਮਨ ਲਾਅ।

ਉਸ ਸਮੇਂ ਸੁਲਤਾਨ ਨੇ ਕਿਹਾ ਸੀ ਕਿ ਇਹ ਦੰਡਾਵਲੀ ਆਉਂਦੇ ਕੁਝ ਸਾਲਾਂ ਵਿੱਚ ਪੂਰੀ ਤਰ੍ਹਾਂ ਲਾਗੂ ਕਰ ਦਿੱਤੀ ਜਾਵੇਗੀ।

ਸ਼ਨਿੱਚਰਵਾਰ ਨੂੰ ਸਰਕਾਰ ਨੇ ਆਪਣੀ ਵੈੱਬਸਾਈਟ 'ਤੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਨਵੇਂ ਸ਼ਰੀਆ ਕਾਨੂੰਨ ਬੁੱਧਵਾਰ ਤੋਂ ਪੂਰੀ ਤਰ੍ਹਾਂ ਲਾਗੂ ਹੋ ਜਾਣਗੇ।

ਉਸ ਸਮੇਂ ਤੋਂ ਹੀ ਸੰਯੁਕਤ ਰਾਸ਼ਟਰ ਸਮੇਤ ਕੌਮਾਂਤਰੀ ਭਾਈਚਾਰੇ ਵੱਲੋਂ ਇਸ ਫੈਸਲੇ ਨੂੰ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ।

ਨਵੇਂ ਕਾਨੂੰਨ ਹੁਣ ਕਿਉਂ ਲਾਗੂ ਕੀਤੇ ਜਾ ਰਹੇ ਹਨ?

ਹਾਲਾਂਕਿ ਇਸ ਬਾਰੇ ਕਈ ਵਿਚਾਰ ਪੇਸ਼ ਕੀਤੇ ਜਾਂਦੇ ਹਨ ਪਰ ਮਨੁੱਖੀ ਅਧਿਕਾਰ ਗਰੁੱਪ (ਦਿ ਬਰੂਨਾਏ ਪ੍ਰੋਜੈਕਟ) ਦੇ ਮੁਖੀ ਮੈਥਿਊ ਵੂਲਫੇ ਮੁਤਾਬਕ ਇਸ ਦਾ ਇੱਕ ਕਾਰਨ ਹੋ ਸਕਦਾ ਹੈ ਦੇਸ ਦੀ ਨਿੱਘਰਦੀ ਜਾ ਰਹੀ ਅਰਥ ਵਿਵਸਥਾ।

ਉਨ੍ਹਾਂ ਬੀਬੀਸੀ ਨੂੰ ਦੱਸਿਆ, "ਨਿੱਘਰਦੀ ਆਰਥਿਕਤਾ ਦੇ ਦੌਰ ਵਿੱਚ ਜਿਸ ਤਰ੍ਹਾਂ ਸਰਕਾਰ ਸੱਤਾ 'ਤੇ ਆਪਣੀ ਪਕੜ ਮਜ਼ਬੂਤ ਕਰ ਰਹੀ ਹੈ ਉਸ ਨਾਲ ਭਵਿੱਖ ਵਿੱਚ ਅੰਦਰੂਨੀ ਤਣਾਅ ਵਧ ਸਕਦਾ ਹੈ।"

"ਇਹ ਬਰੂਨਾਏ ਦੀ ਮੁਸਲਿਮ ਦੇਸਾਂ ਤੋਂ ਹੋਰ ਪੂੰਜੀ ਨਿਵੇਸ਼ ਅਤੇ ਮੁਸਲਿਮ ਸੈਲਾਨੀਆਂ ਨੂੰ ਖਿੱਚਣਾ ਵੀ ਜੁੜਿਆ ਹੋਇਆ ਹੈ..."

ਬਰੂਨਾਏ ਵਾਸੀਆਂ ਦੀ ਪ੍ਰਤੀਕਿਰਿਆ

ਬਰੂਨਾਏ ਦੇ 40 ਸਾਲਾ ਇੱਕ ਗੇ ਵਿਅਕਤੀ ਜੋ ਇਸ ਸਮੇਂ ਕੈਨੇਡਾ ਵਿੱਚ ਪਨਾਹ ਲੈ ਕੇ ਰਹਿ ਰਹੇ ਹਨ, ਨੇ ਦੱਸਿਆ ਕਿ ਨਵੀਂ ਦੰਡਾਵਲੀ ਦਾ ਅਸਰ ਬਰੂਨਾਏ ਵਿੱਚ ਮਹਿਸੂਸ ਕੀਤਾ ਜਾਣ ਲੱਗਿਆ ਹੈ।

ਇਸ ਸਾਬਕਾ ਸਰਕਾਰੀ ਕਰਮਚਾਰੀ ਨੇ ਸਰਕਾਰ ਵਿਰੋਧੀ ਫੇਸਬੁੱਕ ਪੋਸਟ ਕਾਰਨ ਦੇਸ ਧਰੋਹ ਦੇ ਇਲਜ਼ਾਮ ਲਾਏ ਜਾਣ ਮਗਰੋਂ ਪਿਛਲੇ ਸਾਲ ਦੇਸ ਛੱਡ ਦਿੱਤਾ ਸੀ।

ਬਰੂਨਾਏ ਦੇ ਇੱਕ ਹੋਰ ਗੇ ਵਿਅਕਤੀ ਨੇ ਉਮੀਦ ਜਤਾਈ ਕਿ ਨਵੇਂ ਕਾਨੂੰਨ ਪੂਰੀ ਤਰ੍ਹਾਂ ਲਾਗੂ ਨਹੀਂ ਕੀਤੇ ਜਾਣਗੇ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)