ਸਪਨਾ ਚੌਧਰੀ ਭਾਜਪਾ 'ਚ ਸ਼ਾਮਿਲ, ਜਾਣੋ ਕਿਵੇਂ ਬਣੀ ਡਾਂਸਰ

ਹਰਿਆਣਾ ਦੀ ਮਸ਼ਹੂਰ ਡਾਂਸਰ ਅਤੇ ਅਦਾਕਾਰਾ ਸਪਨਾ ਚੌਧਰੀ ਨੇ ਆਖ਼ਿਰਕਾਰ ਸਿਆਸਤ ਵਿੱਚ ਕਦਮ ਰੱਖ ਹੀ ਲਿਆ।

ਉਨ੍ਹਾਂ ਅੱਜ (7 ਜੁਲਾਈ) ਦਿੱਲੀ ਵਿੱਚ ਭਾਜਪਾ ਦੀ ਮੈਂਬਰਸ਼ਿੱਪ ਡ੍ਰਾਈਵ ਦੇ ਦੌਰਾਨ ਪਾਰਟੀ ਦੀ ਮੈਂਬਰਸ਼ਿੱਪ ਹਾਸਿਲ ਕੀਤੀ।

ਸਪਨਾ ਚੌਧਰੀ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਸਬੰਧੀ ਪੁਸ਼ਟੀ ਉਨ੍ਹਾਂ ਦੇ ਮੈਨੇਜਰ ਪਵਨ ਚਾਵਲਾ ਨੇ ਫ਼ੋਨ 'ਤੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਕੀਤੀ।

ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੇ ਸਿਆਸਤ ਵਿੱਚ ਆਉਣ ਦੀਆਂ ਗੱਲਾਂ ਚੱਲ ਰਹੀਆਂ ਸਨ।

ਇਹੀ ਨਹੀਂ ਉਨ੍ਹਾਂ ਲੋਕ ਸਭਾ ਚੋਣਾਂ 2019 ਦੌਰਾਨ ਦਿੱਲੀ ਵਿੱਚ ਭਾਜਪਾ ਦੇ ਉਮੀਦਵਾਰਾਂ ਮਨੋਜ ਤਿਵਾਰੀ ਅਤੇ ਹੰਸ ਰਾਜ ਹੰਸ ਲਈ ਪ੍ਰਚਾਰ ਵੀ ਕੀਤਾ ਸੀ।

ਕਾਂਗਰਸ ਵਿੱਚ ਸ਼ਾਮਿਲ ਹੋਣ ਦੀਆਂ ਅਫ਼ਵਾਹਾਂ ਤੋਂ ਕੀਤਾ ਸੀ ਇਨਕਾਰ

ਇਸ ਤੋਂ ਪਹਿਲਾਂ ਮਾਰਚ 2019 ਵਿੱਚ ਸਪਨਾ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਦੀਆਂ ਅਫ਼ਵਾਹਾਂ ਨੇ ਜ਼ੋਰ ਫੜਿਆ ਸੀ ਤੇ ਉਨ੍ਹਾਂ ਬਕਾਇਦਾ ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ:

ਇਸ ਸਬੰਧੀ ਉਨ੍ਹਾਂ ਇੱਕ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਕਾਂਗਰਸ ਦੀ ਮੈਂਬਰਸ਼ਿੱਪ ਲਈ ਕੋਈ ਫ਼ਾਰਮ ਨਹੀਂ ਭਰਿਆ।

ਦਰਅਸਲ ਉਨ੍ਹਾਂ ਦੀ ਤਸਵੀਰ ਪ੍ਰਿਅੰਕਾ ਗਾਂਧੀ ਨਾਲ ਵਾਇਰਲ ਹੋਣ ਤੋਂ ਬਾਅਦ ਇਹ ਗੱਲ ਉੱਠੀ ਸੀ ਕਿ ਉਨ੍ਹਾਂ ਕਾਂਗਰਸ ਜੁਆਇਨ ਕਰ ਲਈ ਹੈ, ਜਿਸ ਬਾਰੇ ਸਪਨਾ ਨੇ ਦੱਸਿਆ ਸੀ ਕਿ ਉਹ ਤਸਵੀਰਾਂ ਬਹੁਤ ਪਹਿਲਾਂ ਦੀਆਂ ਹਨ।

ਕੌਣ ਹਨ ਸਪਨਾ ਚੌਧਰੀ

ਸਪਨਾ ਚੌਧਰੀ ਨੂੰ ਇੰਟਰਨੈੱਟ ਸੈਨਸੇਸ਼ਨ ਮੰਨਿਆ ਜਾਂਦਾ ਹੈ। ਫ਼ੇਸਬੁੱਕ 'ਤੇ ਉਨ੍ਹਾਂ ਦੇ ਲਗਭਗ 30 ਲੱਖ ਫੋਲੋਅਰਜ਼ ਹਨ।

ਸਪਨਾ, ਹਰਿਆਣਵੀ ਲੋਕ ਗੀਤ ਰਾਗਿਣੀ ਗਾਉਣ ਦੇ ਲਈ ਜਾਣੇ ਜਾਂਦੇ ਹਨ ਅਤੇ ਨਾਲ ਹੀ ਉਹ ਗੀਤਾਂ 'ਤੇ ਡਾਂਸ ਕਰਨ ਲਈ ਮਸ਼ਹੂਰ ਹਨ।

22 ਸਤੰਬਰ 1995 ਨੂੰ ਪੈਦਾ ਹੋਈ ਸਪਨਾ ਚੌਧਰੀ ਦੀ ਮਾਂ ਹਰਿਆਣਾ ਤੋਂ ਅਤੇ ਪਿਤਾ ਉੱਤਰ ਪ੍ਰਦੇਸ਼ ਤੋਂ ਹਨ। ਉਨ੍ਹਾਂ ਦੇ ਮਾਪਿਆਂ ਦੀ ਲਵ ਮੈਰਿਜ ਹੈ।

ਟੀਵੀ ਰਿਐਲਟੀ ਸ਼ੋਅ ਬਿਗ ਬੌਸ ਦੇ ਸੀਜ਼ਨ 11 ਵਿੱਚ ਉਨ੍ਹਾਂ ਨੇ ਹਿੱਸਾ ਲਿਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਮਕਬੂਲੀਅਤ ਹੋਰ ਵੱਧ ਗਈ।

12ਵੀਂ ਤੱਕ ਹੀ ਪੜ੍ਹੀ ਸਪਨਾ ਕਿਵੇਂ ਬਣੀ ਡਾਂਸਰ

ਸਪਨਾ ਚੌਧਰੀ ਦੀ ਮਾਂ ਨੀਲਮ ਚੌਧਰੀ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ ਸੀ, ''ਮੇਰੀ ਕੁੜੀ ਆਪਣੇ ਕੰਮ ਲਈ ਜੀ-ਤੋੜ ਮਿਹਨਤ ਕਰਦੀ ਹੈ, ਦਿਨ ਰਾਤ ਉਸਦੀ ਤਿਆਰੀ ਕਰਦੀ ਹੈ।"

"ਤਿੰਨ ਘੰਟੇ ਦੇ ਸ਼ੋਏ 'ਚ ਘੱਟੋ-ਘੱਟ 4-5 ਗਾਣੇ ਅਤੇ 10-12 ਡਾਂਸ ਕਰਨੇ ਹੁੰਦੇ ਹਨ। 20-22 ਲੋਕਾਂ ਦੀ ਪੂਰੀ ਟੋਲੀ ਹੁੰਦੀ ਹੈ, ਪੈਸਾ ਵੀ ਚੰਗਾ ਹੈ ਪਰ ਕਮੀ ਹੈ ਤਾਂ ਬਸ ਇੱਜ਼ਤ ਦੀ।''

12 ਸਾਲ ਦੀ ਉਮਰ ਵਿੱਚ ਸਪਨਾ ਦੇ ਪਿਤਾ ਦੀ ਬਿਮਾਰੀ ਨਾਲ ਮੌਤ ਹੋ ਗਈ ਸੀ, ਪਰਿਵਾਰ 'ਚ ਉਨ੍ਹਾਂ ਦੇ ਪਿਤਾ ਹੀ ਇਕੱਲੇ ਕਮਾਉਣ ਵਾਲੇ ਸਨ।

ਇਹ ਵੀ ਪੜ੍ਹੋ:

ਪਿਤਾ ਦੀ ਮੌਤ ਤੋਂ ਬਾਅਦ ਮਾਂ ਨੇ ਛੋਟੀ ਜਿਹੀ ਨੌਕਰੀ ਕਰਕੇ ਚਾਰ ਲੋਕਾਂ ਦੇ ਪਰਿਵਾਰ ਨੂੰ ਕਿਸੇ ਤਰ੍ਹਾਂ ਪਾਲਿਆ। ਇਨ੍ਹਾਂ ਔਕੜਾਂ 'ਚ ਸਪਨਾ ਨੇ 12ਵੀਂ ਤੱਕ ਦੀ ਪੜ੍ਹਾਈ ਪੂਰੀ ਕੀਤੀ।

ਫ਼ਿਲਮੀ ਗਾਣਿਆਂ 'ਤੇ ਨੱਚਣ ਦਾ ਸ਼ੌਂਕ ਕਦੋਂ ਰਾਗਿਣੀ ਗਾਉਣ 'ਚ ਤਬਦੀਲ ਹੋਇਆ ਖ਼ੁਦ ਸਪਨਾ ਨੂੰ ਹੀ ਪਤਾ ਨਹੀਂ ਲੱਗਿਆ। 2011 'ਚ ਪਹਿਲੀ ਵਾਰ ਦਸੰਬਰ ਮਹੀਨੇ 'ਚ ਸਪਨਾ ਨੇ ਪਹਿਲਾ ਸਟੇਜ ਸ਼ੋਅ ਕੀਤਾ।

ਉਨ੍ਹਾਂ ਦੀ ਮਾਂ ਇਸ ਸ਼ੋਅ ਦੇ ਲਈ ਉਨ੍ਹਾਂ ਦੇ ਨਾਲ ਗਈ, ਹਾਲਾਂਕਿ ਉਹ ਨਹੀਂ ਚਾਹੁੰਦੀ ਸੀ ਕਿ ਸਪਨਾ ਇੰਝ ਕਰੇ।

ਪਰ ਆਰਥਿਕ ਹਾਲਤ ਅਤੇ ਸਪਨਾ ਦੀ ਜ਼ਿਦ ਦੇ ਅੱਗੇ ਪਹਿਲੀ ਵਾਰ ਉਨ੍ਹਾਂ ਨੇ ਹਾਰ ਮੰਨ ਲਈ। ਕਮਾਈ ਹੋਈ ਚਾਰ ਹਜ਼ਾਰ ਰੁਪਏ।

''ਸੌਲਿਡ ਬੌਡੀ'' ਗਾਣੇ ਨੇ ਸਪਨਾ ਚੌਧਰੀ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ।

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)