‘ਦਿਲੀਪ ਕੁਮਾਰ, ਰਾਜਕਪੂਰ ਤੇ ਦੇਵ ਆਨੰਦ ਦੀ ਸੀ ਡੂੰਘੀ ਦੋਸਤੀ’

ਰਾਜ ਕਪੂਰ ਨਾ ਸਿਰਫ਼ ਭਾਰਤ ਵਿੱਚ ਪਸੰਦ ਕੀਤੇ ਜਾਂਦੇ ਸੀ ਬਲਕਿ ਰਾਜਕਪੂਰ ਦੀਆਂ ਫਿਲਮਾਂ ਨੇ ਰੂਸ, ਚੀਨ, ਅਫਰੀਕੀ ਦੇਸਾਂ ਵਿੱਚ ਵੀ ਕਾਫ਼ੀ ਧੂਮ ਮਚਾਈ।

ਉਨ੍ਹਾਂ ਦੀਆਂ ਫਿਲਮਾਂ ਦੇ ਹਿੰਦੀ ਗਾਣੇ ਵੀ ਕਾਫ਼ੀ ਮਸ਼ਹੂਰ ਰਹੇ। ਸਾਲ 1971 ਵਿੱਚ ਰਾਜਕੁਮਾਰ ਨੂੰ ਪਦਮਭੂਸ਼ਣ ਅਤੇ ਸਾਲ 1987 ਵਿੱਚ ਹਿੰਦੀ ਫਿਲਮ ਜਗਤ ਦੇ ਸਰਬ ਉੱਚ ਸਨਮਾਨ ਦਾਦਾ ਸਾਹਿਬ ਫਾਲਕੇ ਨਾਲ ਸਨਮਾਨਿਤ ਕੀਤਾ ਗਿਆ।

ਸਾਲ 1985 ਵਿੱਚ ਰਾਜ ਕਪੂਰ ਵੱਲੋਂ ਨਿਰਦੇਸ਼ਿਤ ਆਖ਼ਰੀ ਫਿਲਮ 'ਰਾਮ ਤੇਰੀ ਗੰਗਾ ਮੈਲੀ' ਪ੍ਰਦਰਸ਼ਿਤ ਹੋਈ।

ਇਸ ਤੋਂ ਬਾਅਦ ਰਾਜ ਕਪੂਰ ਫਿਲਮ ਹੀਨਾ ਬਣਾਉਣ ਵਿੱਚ ਮਸ਼ਰੂਫ਼ ਹੋ ਗਏ ਪਰ ਉਹ ਵਿਚਾਲੇ ਹੀ 2 ਜੂਨ 1988 ਨੂੰ ਇਸ ਦੁਨੀਆਂ ਤੋਂ ਰੁਕਸਤ ਹੋ ਗਏ।

ਲਤਾ ਮੰਗੇਸ਼ਕਰ ਨੇ ਰਾਜਕਪੂਰ ਦੀਆਂ ਫ਼ਿਲਮਾਂ ਦੇ ਗਾਣਿਆਂ ਲਈ ਕਈ ਬੇਹਤਰੀਨ ਗੀਤਾਂ ਨੂੰ ਆਵਾਜ਼ ਦਿੱਤੀ ਹੈ।

ਲਤਾ ਮੰਗੇਸ਼ਕਰ ਰਾਜਕਪੂਰ ਨੂੰ ਯਾਦ ਕਰਦਿਆਂ ਕਹਿੰਦੇ ਆਏ ਹਨ ਕਿ ਬਾਲੀਵੁਡ ਦੇ ਸ਼ੋਮੈਨ ਰਾਜ ਕਪੂਰ ਨਾ ਸਿਰਫ਼ ਚੰਗੇ ਫਿਲਮਕਾਰ ਤੇ ਅਦਾਕਾਰ ਸੀ ਬਲਕਿ ਸੰਗੀਤ ਦੇ ਵੀ ਚੰਗੇ ਜਾਣੂ ਸੀ।

ਉਨ੍ਹਾਂ ਕਿਹਾ ਕਿ ਰਾਜ ਕਪੂਰ ਨੂੰ ਸੰਗੀਤ ਦੀ ਡੁੰਘੀ ਸਮਝ ਸੀ ਅਤੇ ਉਨ੍ਹਾਂ ਦੀਆਂ ਫਿਲਮਾਂ ਵਿੱਚ ਵੀ ਸੰਗੀਤ ਦੀ ਅਹਿਮ ਭੁਮਿਕਾ ਹੁੰਦੀ ਸੀ

ਤੀਹ ਦੇ ਦਹਾਕੇ ਵਿੱਚ ਬੰਬੇ ਟਾਕੀਜ਼ ਇੱਕ ਵੱਡਾ ਨਾਂ ਹੁੰਦਾ ਸੀ। ਹਿਮਾਂਸ਼ੂ ਰਾਏ, ਰਾਜਨਾਰਾਇਣ ਦੂਬੇ ਅਤੇ ਦੇਵਿਕਾ ਰਾਨੀ ਨੇ ਫਿਲਮ ਸਟੂਡੀਓ ਬੰਬੇ ਟਾਕੀਜ਼ ਦੀ ਨੀਂਹ ਰੱਖੀ ਸੀ।

ਇਸ ਸਟੂਡੀਓ ਨੇ ਕਈ ਮਸ਼ਹੂਰ ਕਲਾਕਾਰਾਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਦਿੱਤਾ ਸੀ।

ਦਿਲੀਪ ਕੁਮਾਰ, ਮਧੁਬਾਲਾ, ਰਾਜ ਕਪੂਰ, ਕਿਸ਼ੋਰ ਕੁਮਾਰ, ਸੱਤਿਆਜੀਤ ਰੇ, ਬਿਮਲ ਰਾਏ ਅਤੇ ਦੇਵ ਆਨੰਦ ਵਰਗੇ ਸਿਤਾਰਿਆਂ ਨੇ ਆਪਣੇ ਕਰਿਅਰ ਦੀ ਸ਼ੁਰੂਆਤ ਇਸੇ ਬੰਬੇ ਟਾਕੀਜ਼ ਤੋਂ ਕੀਤੀ ਸੀ।

ਬੰਬੇ ਟਾਕੀਜ਼ ਦੇ ਸੰਸਥਾਪਕ ਰਹੇ ਮਰਹੂਮ ਰਾਜ ਨਾਰਾਇਣ ਦੂਬੇ ਦੇ ਪੋਤਰੇ ਅਭੇ ਕੁਮਾਰ ਦੱਸਦੇ ਹਨ, "ਮੇਰੇ ਦਾਦਾ ਜੀ ਕਹਿੰਦੇ ਸੀ ਕਿ ਬੰਬੇ ਟਾਕੀਜ਼ ਵਿੱਚ ਜਿਸ ਨੇ ਵੀ ਥੱਪੜ ਖਾਧਾ, ਉਸ ਨੂੰ ਸਫ਼ਲਤਾ ਮਿਲੀ। ਰਾਜਕਪੂਰ ਨੂੰ ਵੀ ਥੱਪੜ ਪਿਆ ਸੀ।"

ਉਨ੍ਹਾਂ ਦੱਸਿਆ, "ਰਾਜਕਪੂਰ ਫਿਲਮ ਜਵਾਰਭਾਟਾ ਦੀ ਸ਼ੂਟਿੰਗ ਕਰ ਰਹੇ ਸੀ । ਕੇਦਾਰ ਸ਼ਰਮਾ ਉਸ ਫਿਲਮ ਦੇ ਸਹਿ-ਨਿਰਦੇਸ਼ਕ ਸੀ। ਜਦੋਂ-ਜਦੋਂ ਉਹ ਸ਼ੂਟ 'ਤੇ ਕਲੈਪ ਕਰ ਕੇ ਸ਼ੂਟ ਸ਼ੁਰੂ ਕਰਨ ਦੇ ਲਈ ਕਹਿੰਦੇ ਸੀ ਉਸੇ ਵੇਲੇ ਰਾਜਕਪੂਰ ਕੈਮਰੇ ਦੇ ਸਾਹਮਣੇ ਆ ਕੇ ਬਾਲ ਠੀਕ ਕਰਨ ਲੱਗਦੇ ਸੀ। ਦੋ-ਤਿੰਨ ਵਾਰ ਦੇਖਣ ਤੋਂ ਬਾਅਦ ਕੇਦਾਰ ਸ਼ਰਮਾ ਨੇ ਉਨ੍ਹਾਂ ਨੂੰ ਇੱਕ ਥੱਪੜ ਮਾਰਿਆ।"

"ਫਿਰ ਕੇਦਾਰ ਸ਼ਰਮਾ ਨੇ ਆਪਣੀ ਫਿਲਮ ਨੀਲਕਮਲ ਵਿੱਚ ਰਾਜਕਪੂਰ ਨੂੰ ਮਧੁਬਾਲਾ ਦੇ ਨਾਲ ਲਿਆ। ਉਸ ਥੱਪੜ ਨੇ ਰਾਜ ਕਪੂਰ ਦੀ ਕਿਸਮਤ ਬਦਲ ਕੇ ਰੱਖ ਦਿੱਤੀ।''

ਰਾਜਕਪੂਰ, ਦੇਵ ਆਨੰਦ ਅਤੇ ਦਿਲੀਪ ਕੁਮਾਰ ਦੇ ਵਿਚਾਲੇ ਕਾਫ਼ੀ ਚੰਗੀ ਦੋਸਤੀ ਸੀ। ਇਹ ਤਿੰਨੋਂ ਜਦ ਵੀ ਮਿਲਦੇ ਤਾਂ ਖੂਬ ਗੱਲਾਂ ਕਰਦੇ ਸੀ।

ਕੁਝ ਗੱਲਾਂ ਉਨ੍ਹਾਂ ਦੀਆਂ ਫਿਲਮਾਂ ਦੀਆਂ ਹੁੰਦੀਆਂ ਤਾਂ ਕੁਝ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀਆਂ।

ਅਜਿਹੀ ਹੀ ਕੁਝ ਗੱਲਾਂ ਯਾਦ ਕਰਦਿਆਂ ਮਰਹੂਮ ਦੇਵਾਨੰਦ ਦੇ ਨਜ਼ਦੀਕੀ ਮੋਹਨ ਚੂਰੀਵਾਲਾ ਕਹਿੰਦੇ ਹਨ, "ਮੈਨੂੰ ਅੱਜ ਵੀ ਯਾਦ ਹੈ ਕਿ ਦੇਵ ਸਾਹਿਬ ਨੇ ਮੈਨੂੰ ਦੱਸਿਆ ਕਿ ਕਿਵੇਂ ਦਲੀਪ ਕੁਮਾਰ ਦੇ ਵਿਆਹ ਵਿੱਚ ਸਾਰੇ ਸ਼ਾਮਿਲ ਹੋਏ ਸੀ।''

"ਵਿਆਹ ਤੋਂ ਬਾਅਦ ਜਦੋਂ ਸਾਇਰਾ ਬਾਨੋ ਆਪਣੇ ਕਮਰੇ ਵਿੱਚ ਦਿਲੀਪ ਸਾਹਿਬ ਦਾ ਇੰਤਜ਼ਾਰ ਕਰ ਰਹੀ ਸੀ ਉਸੇ ਵੇਲੇ ਦਿਲੀਪ ਸਾਹਿਬ ਨੂੰ ਰਾਜਕਪੂਰ ਅਤੇ ਦੇਵ ਸਾਹਿਬ ਨੇ ਉਨ੍ਹਾਂ ਨੂੰ ਕਮਰੇ ਦੇ ਬਾਹਰ ਤੱਕ ਛੱਡਿਆ ਸੀ।''

ਇੰਨਾ ਹੀ ਨਹੀਂ ਰਾਜਕਪੂਰ ਸਾਹਬ ਆਰ ਕੇ ਸਟੂਡੀਓ ਵਿੱਚ ਆਪਣਾ ਮੇਕਅਪ ਰੂਮ ਕਿਸੇ ਹੋਰ ਨੂੰ ਇਸਤੇਮਾਲ ਨਹੀਂ ਕਰਨ ਦਿੰਦੇ ਸੀ।

ਸਿਰਫ਼ ਦੇਵ ਸਾਹਿਬ ਨੂੰ ਹੀ ਉਸ ਮੇਕਅਪ ਰੂਮ ਨੂੰ ਇਸਤੇਮਾਲ ਕਰਨ ਦੀ ਇਜਾਜ਼ਤ ਸੀ।

ਰਾਜਕਪੂਰ ਦੇ ਆਰ ਕੇ ਸਟੂਡੀਓ ਵਿੱਚ ਦੇਵ ਸਾਹਿਬ ਦੀਆਂ ਕਈ ਫਿਲਮਾਂ ਦੀ ਸ਼ੂਟਿੰਗ ਹੋਈ।

ਇੰਨਾ ਹੀ ਨਹੀਂ ਜਦੋਂ ਦੇਵਾਨੰਦ ਦੀ ਫਿਲਮ ਗਾਈਡ ਰਿਲੀਜ਼ ਹੋਈ ਸੀ ਉਦੋਂ ਰਾਜ ਕਪੂਰ ਲੰਦਨ ਵਿੱਚ ਸੀ।

ਜਿਵੇਂ ਹੀ ਲੰਦਨ ਤੋਂ ਪਰਤੇ, ਬਿਨਾਂ ਵਕਤ ਗੁਆਏ ਉਨ੍ਹਾਂ ਨੇ ਰਾਤ 2 ਵਜੇ ਦੇਵ ਸਾਹਬ ਨੂੰ ਟੈਲੀਫੋਨ ਲਾਇਆ ਅਤੇ ਉਨ੍ਹਾਂ ਨੇ ਗਾਈਡ ਫਿਲਮ ਦਾ ਪ੍ਰਿੰਟ ਘਰ ਭੇਜਣ ਲਈ ਕਿਹਾ।

ਮੋਹਨ ਚੂਰੀਵਾਲਾ ਮੁਤਾਬਕ, ਪੂਰੀ ਫਿਲਮ ਦੇਖਣ ਤੋਂ ਬਾਅਦ ਰਾਜਕਪੂਰ ਨੇ ਸਵੇਰੇ 6 ਵਜੇ ਫੋਨ ਕੀਤਾ ਅਤੇ ਵਧਾਈ ਦਿੰਦਿਆਂ ਹੋਇਆਂ ਕਿਹਾ ਸੀ- "ਦੋਸਤ ਕਲ ਜਦੋਂ ਅਸੀਂ ਨਹੀਂ ਰਹਾਂਗੇ ਉਦੋਂ ਸਾਡੀ ਫਿਲਮਾਂ ਤੋਂ ਹੀ ਸਾਨੂੰ ਸਾਰੇ ਯਾਦ ਕਰਨਗੇ''

ਮੋਹਨ ਚੂਰੀਵਾਲਾ ਅੱਗੇ ਦੱਸਦੇ ਹਨ ਕਿ ਕਿਵੇਂ ਰਾਜ ਕਪੂਰ ਦੇ ਜਨਮਦਿਨ 'ਤੇ ਉਨ੍ਹਾਂ ਦੇ ਘਰ ਪਾਰਟੀ ਹੁੰਦੀ ਤਾਂ ਦੇਵ ਸਾਹਬ ਅਤੇ ਦਿਲੀਪ ਸਾਹਬ ਦਾ ਜਾਣਾ ਤੈਅ ਹੁੰਦਾ ਸੀ ,ਆਪਣਾ ਸਾਰਾ ਕੰਮਕਾਜ ਛੱਡ ਕੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)