You’re viewing a text-only version of this website that uses less data. View the main version of the website including all images and videos.
ਸਪਨਾ ਚੌਧਰੀ ਦਾ ਇੱਕ ਆਮ ਕੁੜੀ ਤੋਂ ਸਟਾਰ ਬਣਨ ਦਾ ਸਫਰ
ਹਰਿਆਣਾ ਦੀ ਮਸ਼ਹੂਰ ਡਾਂਸਰ ਅਤੇ ਰਿਐਲਟੀ ਸ਼ੋਅ ਬਿਗ ਬੌਸ 'ਚ ਹਿੱਸਾ ਲੈ ਚੁੱਕੀ ਸਪਨਾ ਚੌਧਰੀ ਕੌਮਾਂਤਰੀ ਫਿਲਮ ਫੈਸਟੀਵਲ ਕੈਨ ਪਹੁੰਚੀ।
ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਲਿਖਿਆ, "ਸੁਪਨੇ ਸੱਚ ਵੀ ਹੁੰਦੇ ਹਨ।"
ਉਨ੍ਹਾਂ ਨੇ ਅੱਗੇ ਲਿਖਿਆ, "ਇਹ ਤਿਆਗ ਤੇ ਦ੍ਰਿੜਤਾ ਨਾਲ ਭਰਿਆ ਬਹੁਤ ਲੰਬਾ ਸਫਰ ਸੀ।"
ਕੌਣ ਹਨ ਸਪਨਾ ਚੌਧਰੀ
ਸਪਨਾ ਚੌਧਰੀ ਨੂੰ ਇੰਟਰਨੈੱਟ ਸੈਨਸੇਸ਼ਨ ਮੰਨਿਆ ਜਾਂਦਾ ਹੈ। ਫ਼ੇਸਬੁੱਕ 'ਤੇ ਉਨ੍ਹਾਂ ਦੇ 29 ਲੱਖ ਤੋਂ ਵੱਧ ਫੋਲੋਅਰਜ਼ ਹਨ।
ਸਪਨਾ, ਹਰਿਆਣਵੀ ਲੋਕ ਗੀਤ ਰਾਗਿਣੀ ਗਾਉਣ ਦੇ ਲਈ ਜਾਣੇ ਜਾਂਦੇ ਹਨ ਅਤੇ ਨਾਲ ਹੀ ਉਹ ਗੀਤਾਂ 'ਤੇ ਡਾਂਸ ਕਰਨ ਲਈ ਮਸ਼ਹੂਰ ਹਨ।
22 ਸਤੰਬਰ 1995 ਨੂੰ ਪੈਦਾ ਹੋਈ ਸਪਨਾ ਚੌਧਰੀ ਦੀ ਮਾਂ ਹਰਿਆਣਾ ਤੋਂ ਅਤੇ ਪਿਤਾ ਉੱਤਰ ਪ੍ਰਦੇਸ਼ ਤੋਂ ਹਨ। ਉਨ੍ਹਾਂ ਦੇ ਮਾਪਿਆਂ ਦੀ ਲਵ ਮੈਰਿਜ ਹੈ।
ਟੀਵੀ ਰਿਐਲਟੀ ਸ਼ੋਅ ਬਿਗ ਬੌਸ ਦੇ ਸੀਜ਼ਨ 11 ਵਿੱਚ ਉਨ੍ਹਾਂ ਨੇ ਹਿੱਸਾ ਲਿਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਮਕਬੂਲੀਅਤ ਹੋਰ ਵੱਧ ਗਈ।
12ਵੀਂ ਤੱਕ ਹੀ ਪੜ੍ਹ ਸਕੀ ਸਪਨਾ
ਸਪਨਾ ਚੌਧਰੀ ਦੀ ਮਾਂ ਨੀਲਮ ਚੌਧਰੀ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ ਸੀ, ''ਮੇਰੀ ਕੁੜੀ ਆਪਣੇ ਕੰਮ ਲਈ ਜੀ-ਤੋੜ ਮਿਹਨਤ ਕਰਦੀ ਹੈ, ਦਿਨ ਰਾਤ ਉਸਦੀ ਤਿਆਰੀ ਕਰਦੀ ਹੈ।"
"ਤਿੰਨ ਘੰਟੇ ਦੇ ਸ਼ੋਏ 'ਚ ਘੱਟੋ-ਘੱਟ 4-5 ਗਾਣੇ ਅਤੇ 10-12 ਡਾਂਸ ਕਰਨੇ ਹੁੰਦੇ ਹਨ। 20-22 ਲੋਕਾਂ ਦੀ ਪੂਰੀ ਟੋਲੀ ਹੁੰਦੀ ਹੈ, ਪੈਸਾ ਵੀ ਚੰਗਾ ਹੈ ਪਰ ਕਮੀ ਹੈ ਤਾਂ ਬਸ ਇੱਜ਼ਤ ਦੀ।''
12 ਸਾਲ ਦੀ ਉਮਰ ਵਿੱਚ ਸਪਨਾ ਦੇ ਪਿਤਾ ਦੀ ਬਿਮਾਰੀ ਨਾਲ ਮੌਤ ਹੋ ਗਈ ਸੀ, ਪਰਿਵਾਰ 'ਚ ਉਨ੍ਹਾਂ ਦੇ ਪਿਤਾ ਹੀ ਇਕੱਲੇ ਕਮਾਉਣ ਵਾਲੇ ਸਨ।
ਪਿਤਾ ਦੀ ਮੌਤ ਤੋਂ ਬਾਅਦ ਮਾਂ ਨੇ ਛੋਟੀ ਜਿਹੀ ਨੌਕਰੀ ਕਰਕੇ ਚਾਰ ਲੋਕਾਂ ਦੇ ਪਰਿਵਾਰ ਨੂੰ ਕਿਸੇ ਤਰ੍ਹਾਂ ਪਾਲਿਆ। ਬਣੀਆਂ ਐਕੜਾਂ 'ਚ ਸਪਨਾ ਨੇ 12ਵੀਂ ਤੱਕ ਦੀ ਪੜ੍ਹਾਈ ਪੂਰੀ ਕੀਤੀ।
ਸਪਨਾ ਦੀ ਮਾਂ ਚਾਹੁੰਦੀ ਸੀ ਕਿ ਉਹ ਇਸ ਤੋਂ ਅੱਗੇ ਵੀ ਪੜ੍ਹਾਈ ਕਰੇ ਪਰ ਘਰ ਦੀ ਆਰਥਿਕ ਹਾਲਤ ਨੇ ਇਸਦੀ ਇਜਾਜ਼ਤ ਨਹੀਂ ਦਿੱਤੀ।
ਸਪਨਾ ਨੂੰ ਬਚਪਨ ਤੋਂ ਡਾਂਸ ਦਾ ਸ਼ੌਂਕ ਸੀ ਅਤੇ ਮਾਂ ਨੂੰ ਰਾਗਿਣੀ ਸੁਣਨ ਦਾ, ਬਸ ਇੱਥੋਂ ਹੀ ਦੋਵਾਂ ਦੀ ਜੋੜੀ ਬਣ ਗਈ।
ਕਿੰਝ ਬਣੀ ਸਪਨਾ ਡਾਂਸਰ
ਫ਼ਿਲਮੀ ਗਾਣਿਆਂ 'ਤੇ ਨੱਚਣ ਦਾ ਸ਼ੌਂਕ ਕਦੋਂ ਰਾਗਿਣੀ ਗਾਉਣ 'ਚ ਤਬਦੀਲ ਹੋਇਆ ਖ਼ੁਦ ਸਪਨਾ ਨੂੰ ਹੀ ਪਤਾ ਨਹੀਂ ਲੱਗਿਆ। 2011 'ਚ ਪਹਿਲੀ ਵਾਰ ਦਸੰਬਰ ਮਹੀਨੇ 'ਚ ਸਪਨਾ ਨੇ ਪਹਿਲਾ ਸਟੇਜ ਸ਼ੋਅ ਕੀਤਾ।
ਉਨ੍ਹਾਂ ਦੀ ਮਾਂ ਇਸ ਸ਼ੋਅ ਦੇ ਲਈ ਉਨ੍ਹਾਂ ਦੇ ਨਾਲ ਗਈ, ਹਾਲਾਂਕਿ ਉਹ ਨਹੀਂ ਚਾਹੁੰਦੀ ਸੀ ਕਿ ਸਪਨਾ ਇੰਝ ਕਰੇ।
ਪਰ ਆਰਥਿਕ ਹਾਲਤ ਅਤੇ ਸਪਨਾ ਦੀ ਜ਼ਿਦ ਦੇ ਅੱਗੇ ਪਹਿਲੀ ਵਾਰ ਉਨ੍ਹਾਂ ਨੇ ਹਾਰ ਮੰਨ ਲਈ। ਕਮਾਈ ਹੋਈ ਚਾਰ ਹਜ਼ਾਰ ਰੁਪਏ।
ਹਾਲਾਂਕਿ ਪੈਸੇ ਤਾਂ ਬਹੁਤੇ ਨਹੀਂ ਸਨ, ਪਰ ਇੱਕ ਮਹੀਨੇ ਦੇ ਰਾਸ਼ਨ ਦਾ ਖ਼ਰਚਾ ਤਾਂ ਨਿਕਲ ਹੀ ਗਿਆ।
ਉਸ ਤੋਂ ਬਾਅਦ ਸਪਨਾ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। 2011 ਤੋਂ 2017 ਤੱਕ ਦੇ ਸਫ਼ਰ 'ਚ ਸਪਨਾ ਦੀ ਕਮਾਈ ਕਈ ਗੁਣਾ ਵੱਧ ਗਈ।
ਇਹ ਬਦਲਾਅ ਰਾਤੋਂ ਰਾਤ ਨਹੀਂ ਆਇਆ। ਸ਼ੁਰੂਆਤੀ ਸਾਲਾਂ ਵਿੱਚ ਸਪਨਾ ਨੂੰ ਡਾਂਸ ਅਤੇ ਗਾਉਣ ਦੇ ਜਿਹੜੇ ਆਫ਼ਰ ਆਉਂਦੇ ਸੀ, ਉਹ ਕਿਸੇ ਦੂਜੀ ਪਾਰਟੀ ਦੇ ਜ਼ਰੀਏ ਆਉਂਦੇ ਸੀ। ਕਹਿਣ ਤੋਂ ਭਾਵ ਉਨ੍ਹਾਂ ਦੇ ਸ਼ੋਅ ਦੀ ਬੁਕਿੰਗ ਕੋਈ ਦੂਜੀ ਕੰਪਨੀ ਕਰਦੀ ਸੀ।
ਪਰ 2015 'ਚ ਸਪਨਾ ਨੇ ਖ਼ੁਦ ਦੀ ਪਾਰਟੀ ਬਣਾਈ ਅਤੇ ਫ਼ਿਰ ਕਮਾਈ ਠੀਕ-ਠੀਕ ਹੋਣ ਲੱਗੀ।
''ਸੌਲਿਡ ਬੌਡੀ'' ਗਾਣੇ ਨੇ ਸਪਨਾ ਚੌਧਰੀ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ।
ਇਹ ਵੀ ਪੜ੍ਹੋ:-