You’re viewing a text-only version of this website that uses less data. View the main version of the website including all images and videos.
ਸਿਆਸਤ 'ਚ ਪੰਜਾਬੀ ਅਦਾਕਾਰਾਂ ਨੇ ਕੀ ਖੱਟਿਆ ਕੀ ਗੁਆਇਆ
ਤਾਮਿਲ ਅਤੇ ਬਾਲੀਵੁੱਡ ਫ਼ਿਲਮ ਅਦਾਕਾਰ ਕਮਲ ਹਾਸਨ ਆਖਰਕਾਰ ਰਸਮੀ ਤੌਰ 'ਤੇ ਸਿਆਸਤਦਾਨ ਬਣ ਹੀ ਗਏ। ਉਨ੍ਹਾਂ ਨੇ ਆਪਣੀ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ।
ਰਾਜਨੀਤੀ ਵਿੱਚ ਆਉਣ ਬਾਰੇ ਕਮਲ ਹਾਸਨ ਨੇ ਕਿਹਾ ਕਿ ਇਹ ਨਾ ਹੀ ਬਗਾਵਤ ਹੈ ਅਤੇ ਨਾ ਹੀ ਗਲੈਮਰ ਦੀ ਜ਼ਰੂਰਤ।
ਉਨ੍ਹਾਂ ਕਿਹਾ, ''ਆਪਣੇ ਲੋਕਾਂ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਸਮਝਣ ਲਈ ਇਹ ਮੇਰਾ ਸਫ਼ਰ ਹੈ, ਜਿਸ ਵਿੱਚ ਮੈਂ ਬਹੁਤ ਕੁਝ ਸਿੱਖਾਂਗਾ।''
ਕਮਲ ਹਾਸਨ ਦੇ ਸਿਆਸਤ ਵਿੱਚ ਆਉਣ ਤੋਂ ਬਾਅਦ ਭਾਰਤੀ ਸਿਆਸਤ ਵਿੱਚ ਕਲਾਕਾਰਾਂ ਦੀਆਂ ਪ੍ਰਾਪਤੀਆਂ ਦੀ ਚਰਚਾ ਛਿੜ ਗਈ ਹੈ। ਪੰਜਾਬ ਵਿੱਚ ਵੀ ਕਈ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਸਿਆਸੀ ਪਿੜ ਵਿੱਚ ਕਿਸਮਤ ਅਜ਼ਮਾਈ।
ਪੰਜਾਬੀ ਮੂਲ ਦੇ ਕਈ ਬਾਲੀਵੁੱਡ ਫਿਲਮ ਅਦਾਕਾਰ ਅਤੇ ਕਈ ਗਾਇਕ ਵੀ ਉਨ੍ਹਾਂ ਨਾਮਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਆਪਣੇ ਸਰਗਰਮ ਫਿਲਮੀ ਕਰੀਅਰ ਤੋਂ ਬਾਅਦ ਸਿਆਸਤ ਦਾ ਆਨੰਦ ਮਾਣਿਆ।
ਕਲਾਕਾਰ ਤੋਂ ਸਿਆਸੀ ਆਗੂ ਬਣੇ ਪੰਜਾਬੀ
1. ਵਿਨੋਦ ਖੰਨਾ
ਵਿਨੋਦ ਖੰਨਾ ਬਾਲੀਵੁੱਡ ਦਾ ਵੱਡਾ ਨਾਮ ਸੀ, ਜਿਨ੍ਹਾਂ ਨੂੰ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਨੇ ਗੁਰਦਾਸਪੁਰ ਚੋਂ ਕਾਂਗਰਸ ਦਾ ਸਿਆਸੀ ਕਿਲਾ ਹਿਲਾਉਣ ਲਈ ਲਿਆਂਦਾ ਸੀ। ਉਹ ਲਗਾਤਾਰ ਚਾਰ ਵਾਰ ਭਾਜਪਾ ਦੇ ਲੋਕ ਸਭਾ ਮੈਂਬਰ ਬਣਦੇ ਰਹੇ।
ਉਨ੍ਹਾਂ ਨੇ ਇਸ ਖੇਤਰ ਵਿੱਚ ਕਾਫ਼ੀ ਵਿਕਾਸ ਕਾਰਜ ਵੀ ਕਰਵਾਏ, ਜਿਨ੍ਹਾਂ ਕਰਕੇ ਲੋਕ ਉਨ੍ਹਾਂ ਨੂੰ ਅੱਜ ਵੀ ਯਾਦ ਕਰਦੇ ਹਨ।
ਪੁਲਾਂ ਦੇ ਰਾਜਾ ਦੀਆਂ ਵੱਡੀਆਂ ਪ੍ਰਾਪਤੀਆਂ
ਲੋਕ ਵਿਨੋਦ ਖੰਨਾ ਨੂੰ 'ਪੁਲਾਂ ਦਾ ਰਾਜਾ' ਆਖਦੇ ਸਨ। ਉਨ੍ਹਾਂ ਬਿਆਸ ਨਦੀ 'ਤੇ ਪੁਲ ਬਣਵਾਇਆ ਸੀ ਜੋ ਮੁਕੇਰੀਆਂ ਨੂੰ ਗੁਰਦਾਸਪੁਰ ਨਾਲ ਜੋੜਦਾ ਸੀ।
ਪਠਾਨਕੋਟ ਦੀ ਉੱਝ ਨਦੀ 'ਤੇ ਵੀ ਖੰਨਾ ਨੇ ਪੁਲ ਬਣਵਾਇਆ ਸੀ। ਉਹ ਪਠਾਨਕੋਟ ਨੂੰ ਉਦਯੋਗਿਕ ਅਤੇ ਸੈਰ ਸਪਾਟੇ ਦਾ ਕੇਂਦਰ ਵੀ ਬਣਾਉਣਾ ਚਾਹੁੰਦੇ ਸਨ।
ਇਹੀ ਗੱਲਾਂ ਉਨ੍ਹਾਂ ਦੀ ਲਗਾਤਾਰ ਜਿੱਤ ਦਾ ਕਾਰਣ ਬਣੀਆਂ।
2. ਸੁਨੀਲ ਦੱਤ
ਬਾਲੀਵੁੱਡ ਦਾ ਇੱਕ ਹੋਰ ਵੱਡਾ ਨਾਮ ਸੁਨੀਲ ਦੱਤ ਵੀ ਰਾਜਨੀਤੀ ਵਿੱਚ ਖੂਬ ਮਸ਼ਹੂਰ ਹੋਇਆ। ਦੱਤ ਕਾਂਗਰਸ ਦੇ ਵੱਡੇ ਆਗੂ ਵਜੋਂ ਮਹਾਰਾਸ਼ਟਰ 'ਚ ਵਿਚਰਦੇ ਰਹੇ ਅਤੇ ਕੇਂਦਰੀ ਮੰਤਰੀ ਦੇ ਅਹੁਦੇ 'ਤੇ ਰਹੇ।
1987 ਵਿੱਚ ਪੰਜਾਬ ਦੇ ਕਾਲੇ ਦੌਰ ਦੌਰਾਨ ਉਨ੍ਹਾਂ ਮੁੰਬਈ ਤੋਂ ਅੰਮ੍ਰਿਤਸਰ ਦੀ 2000 ਕਿਲੋਮੀਟਰ ਦੀ ਦੂਰੀ ਪੈਦਲ ਆਪਣੇ ਪਰਿਵਾਰ ਨਾਲ ਤੈਅ ਕੀਤੀ ਅਤੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਸ਼ਾਂਤੀ ਲਈ ਅਰਦਾਸ ਕੀਤੀ।
1988 ਵਿੱਚ ਉਹ ਪਰਮਾਣੂ ਹੱਥਿਆਰਾਂ ਦਾ ਵਿਰੋਧ ਕਰਨ ਲਈ ਜਾਪਾਨ ਵੀ ਗਏ ਸਨ।
'ਪੀਸ ਐਕਸਪੀਡੀਸ਼ਨ' ਤਹਿਤ ਉਹ ਸ੍ਰੀ ਲੰਕਾ, ਬੰਗਲਾਦੇਸ਼, ਭੂਟਾਨ, ਭਾਰਤ ਅਤੇ ਨੇਪਾਲ ਵਿੱਚ ਸਫ਼ਰ ਕਰਦੇ ਰਹੇ ਹਨ।
ਬਾਬਰੀ ਮਜ਼ਜਿਦ ਢਹਿਣ ਤੋਂ ਬਾਅਦ ਉਨ੍ਹਾਂ ਐੱਮਪੀ ਦੀ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਉਹ ਆਪਣੀ ਸਿਆਸੀ ਪਾਰਟੀ ਦੇ ਕੰਮ ਤੋਂ ਤੋਂ ਨਾਖੁਸ਼ ਸਨ।
3. ਮੁਹੰਮਦ ਸਦੀਕ
ਦੋਗਾਣਾ ਗਾਇਕੀ 'ਚ ਵੱਡਾ ਨਾਂ ਕਮਾਉਣ ਵਾਲੇ ਮੁਹੰਮਦ ਸਦੀਕ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਦੇ ਹਮਦਰਦ ਰਹੇ ਅਤੇ ਉਨ੍ਹਾਂ ਦੀਆਂ ਸਟੇਜਾਂ ਤੋਂ ਗਾਉਂਦੇ ਰਹੇ ਹਨ।
2012 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਉਨ੍ਹਾਂ ਨੂੰ ਭਦੌੜ ਵਿਧਾਨ ਸਭਾ ਹਲਕੇ ਤੋਂ ਚੋਣ ਲੜਾਈ ਅਤੇ ਉਹ ਵਿਧਾਇਕ ਬਣੇ।
2017 ਦੀਆਂ ਚੋਣਾਂ ਵਿੱਚ ਉਹ ਹਾਰ ਗਏ ਪਰ ਅਜੇ ਵੀ ਉਹ ਸਿਆਸਤ ਵਿੱਚ ਸਰਗਰਮ ਹਨ।
4. ਧਰਮਿੰਦਰ
ਬਾਲੀਵੁੱਡ ਦੇ ਰੋਮੈਂਟਿਕ ਕਿੰਗ ਧਰਮਿੰਦਰ ਵੀ ਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਰਾਜਸਥਾਨ ਤੋਂ ਇੱਕ ਵਾਰ ਲੋਕ ਸਭਾ ਮੈਂਬਰ ਬਣੇ। ਪਰ ਬਹੁਤਾ ਸਮਾਂ ਉਸ ਨੂੰ ਨਿਭਾਅ ਨਹੀਂ ਸਕੇ।
ਧਰਮਿੰਦਰ ਨੇ ਆਪ ਮੰਨਿਆ ਕਿ ਰਾਜਨੀਤੀ ਵਿੱਚ ਆਕੇ ਉਨ੍ਹਾਂ ਨੇ ਘੁਟਣ ਮਹਿਸੂਸ ਕੀਤੀ ਅਤੇ ਇੱਕ ਅਦਾਕਾਰ ਨੂੰ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੀਦਾ ਹੈ।
ਹਾਲਾਂਕਿ ਉਨ੍ਹਾਂ ਦੀ ਦੂਜੀ ਵਹੁਟੀ ਹੇਮਾ ਮਾਲਿਨੀ ਰਾਜਨੀਤੀ ਨਾਲ ਜੁੜੀ ਹੋਏ ਹਨ।
5. ਭਗਵੰਤ ਮਾਨ
ਜਾਣੇ ਪਛਾਣੇ ਕਾਮੇਡੀਅਨ ਅਤੇ ਅਦਾਕਾਰ ਭਗਵੰਤ ਮਾਨ ਨੇ ਆਪਣਾ ਸਿਆਸੀ ਕਰੀਅਰ ਬਾਦਲਾਂ ਦੇ ਬਾਗੀ ਫਰਜੰਦ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਤੋਂ ਸ਼ੁਰੂ ਕੀਤਾ ਪਰ ਪਾਰਟੀ ਦਾ 2012 ਦੀਆਂ ਵਿਧਾਨ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਅਧਾਰ ਖੁਸ ਗਿਆ ਅਤੇ ਭਗਵੰਤ ਮਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਭਗਵੰਤ ਮਾਨ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਸਿਆਸੀ ਧਿਰ ਵਜੋਂ ਸਥਾਪਤ ਕੀਤਾ ਅਤੇ ਉਹ ਸੰਗਰੂਰ ਤੋਂ ਲੋਕ ਸਭਾ ਮੈਂਬਰ ਬਣੇ ਜਦਕਿ 2012 'ਚ ਉਹ ਇਸੇ ਹਲਕੇ ਦੇ ਵਿਧਾਨ ਸਭਾ ਖੇਤਰ ਲਹਿਰਾਗਾਗਾ ਤੋਂ ਵਿਧਾਇਕੀ ਦੀ ਚੋਣ ਹਾਰ ਗਏ ਸਨ।
ਅੱਜ ਕੱਲ ਉਹ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਹਨ ਅਤੇ ਆਪਣੀ ਕਲਾ ਨੂੰ ਸੰਸਦ ਵਿੱਚ ਮੁੱਦੇ ਚੁੱਕਣ ਲਈ ਖੂਬ ਵਰਤਦੇ ਹਨ।
ਇਸ ਤੋਂ ਇਲਾਵਾ ਰਾਜੇਸ਼ ਖੰਨਾ ਵੀ ਕਾਂਗਰਸ ਪਾਰਟੀ ਵਿੱਚ 1992 ਤੋਂ ਲੈ ਕੇ 1996 ਤੱਕ ਲੋਕ ਸਭਾ ਮੈਂਬਰ ਰਹੇ। ਪਰ ਅਦਾਕਾਰੀ ਤੋਂ ਉਲਟ ਰਾਜਨੀਤੀ ਵਿੱਚ ਕੁਝ ਖਾਸ ਕਰਿਸ਼ਮਾ ਨਹੀਂ ਵਿਖਾ ਸਕੇ।