ਕਮਲ ਹਾਸਨ 'ਹਿੰਦੂ ਅੱਤਵਾਦ' ਦਾ ਮੁੱਦਾ ਕਿਉਂ ਚੁੱਕ ਰਹੇ?

ਦੱਖਣ ਭਾਰਤ ਦੇ ਅਦਾਕਾਰ ਕਮਲ ਹਾਸਨ ਨੇ ਇੱਕ ਤਮਿਲ ਮੈਗਜ਼ੀਨ ਵਿੱਚ ਆਪਣੇ ਹਫ਼ਤਾਵਰੀ ਲੇਖ ਵਿੱਚ 'ਹਿੰਦੂ ਅੱਤਵਾਦ' ਦਾ ਮੁੱਦਾ ਚੁੱਕਿਆ ਹੈ।

ਹਾਸਨ ਨੇ ਲਿਖਿਆ ਹੈ, "ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹਿੰਦੂ ਅੱਤਵਾਦ ਨਹੀਂ ਹੈ। ਪਹਿਲਾਂ ਹਿੰਦੂ ਕੱਟੜ ਗੱਲਬਾਤ ਕਰਦੇ ਸੀ, ਹੁਣ ਉਹ ਹਿੰਸਾ ਕਰਦੇ ਹਨ।"

ਆਪਣੇ ਲੇਖ ਵਿੱਚ ਕਮਲ ਹਸਨ ਨੇ ਵੀ ਕਿਹਾ ਹੈ ਕਿ ਹੁਣ 'ਸੱਤਿਆਮੇਵ ਜਯਤੇ' ਤੋਂ ਲੋਕਾਂ ਦਾ ਭਰੋਸਾ ਉੱਠ ਗਿਆ ਹੈ।

ਉਨ੍ਹਾਂ ਨੇ ਲਿਖਿਆ, "ਸੱਚ ਦੀ ਹੀ ਜਿੱਤ ਹੁੰਦੀ ਸੀ, ਪਰ ਹੁਣ ਤਾਕਤ ਦੀ ਹੀ ਜਿੱਤ ਹੁੰਦੀ ਹੈ, ਹੁਣ ਮਾਹੌਲ ਅਜਿਹਾ ਬਣ ਗਿਆ ਹੈ। ਇਸ ਨਾਲ ਲੋਕ ਅਣਮਨੁੱਖੀ ਹੋ ਗਏ ਹਨ।"

ਕਮਲ ਹਾਸਨ ਦੀ ਇਸ ਟਿੱਪਣੀ 'ਤੇ ਤਿੱਖਾ ਪ੍ਰਤੀਕਰਮ ਹੋਇਆ ਹੈ।

ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵਿਦਵਾਨ ਰਾਕੇਸ਼ ਸਿਨਹਾ ਨੇ ਟਵੀਟ ਕੀਤਾ, "ਬਿਆਨ ਦਾ ਸਮਾਂ ਅਹਿਮ ਹੈ। ਜਦੋਂ ਕੇਂਦਰ ਸਰਕਾਰ ਪੀਐੱਫ਼ਆਈ (ਪਾਪੂਲਰ ਫਰੰਟ ਆਫ਼ ਇੰਡੀਆ) 'ਤੇ ਕਾਰਵਾਈ ਦੇ ਸੰਕੇਤ ਦੇ ਰਹੀ ਹੈ, ਉਦੋਂ ਕਮਲ ਹਾਸਨ ਅੱਤਵਾਦ ਦੇ ਨਾਕਾਰ ਦਿੱਤੇ ਗਏ ਮੁੱਦੇ ਨੂੰ ਚੁੱਕ ਕੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।"

ਸਿਨਹਾ ਨੇ ਲਿਖਿਆ, "ਕਮਲ ਹਾਸਨ ਨੂੰ ਹਿੰਦੂ ਸੱਭਿਅਤਾ ਦੀ ਬੇਇੱਜ਼ਤੀ ਕਰਨ, ਬਦਨਾਮ ਕਰਨ, ਆਪਣੇ ਸਿਆਸੀ ਹਿੱਤਾਂ ਲਈ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।"

ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਜੀਵੀਐੱਲ ਨਰਸਿਮਹਾ ਰਾਵ ਨੇ ਸਵਾਲ ਕੀਤਾ, "ਕਮਲ ਹਾਸਨ ਆਪਣੇ ਐੱਲਡੀਐੱਫ਼ ਦੇ ਸਹਿਯੋਗੀਆਂ ਦੇ ਲਾਲ ਅੱਤਵਾਦ, ਜ਼ਾਕਿਰ ਨਾਇਕ ਅਤੇ ਪੀਐਫ਼ਆਈ ਬਾਰੇ ਕੀ ਸੋਚਦੇ ਹਨ? ਕੀ ਉਹ ਡੀਐੱਮਕੇ ਤੇ ਕਾਂਗਰਸ ਦੇ ਨੇੜੇ ਆਉਣ ਕਰਕੇ ਹਿੰਦੂਆਂ ਦੀ ਬੇਇੱਜ਼ਤੀ ਕਰ ਰਹੇ ਹਨ?"

ਸਿਆਸੀ ਵਿਸ਼ਲੇਸ਼ਕ ਆਰ.ਕੇ. ਰਾਧਾਕ੍ਰਿਸ਼ਨਨ ਨੇ ਟਵੀਟ ਕੀਤਾ, "ਜਦੋਂ ਡੀਐੱਮਕੇ ਭਾਜਪਾ ਨਾਲ ਮਜ਼ਬੂਤੀ ਨਾਲ ਲੜਨ ਵਿੱਚ ਹਿਚਕਿਚਾ ਰਹੀ ਹੈ, ਕਮਲ ਹਸਨ ਦੇਖ ਰਹੇ ਹਨ ਕਿ ਕੀ ਉਹ ਹਿੰਦੂ ਅਤੱਵਾਦ ਦੀ ਟਿੱਪਣੀ ਨਾਲ ਉਹ ਥਾਂ ਭਰ ਸਕਦੇ ਹਨ। ਮੈਂ ਇਸ ਤੋਂ ਪ੍ਰਭਾਵਿਤ ਹਾਂ।"

ਕਾਂਗਰਸ ਨਾਲ ਜੁੜੇ ਸ਼ਹਿਜ਼ਾਦ ਪੂਨਾਵਾਲਾ ਨੇ ਲਿਖਿਆ, "ਅੱਤਵਾਦ ਨਾਲ ਕਿਸੇ ਧਰਮ ਦਾ ਨਾਮ ਜੋੜਨਾ ਗਲਤ ਹੈ। ਅੱਤਵਾਦ ਹਿੰਦੂ ਜਾਂ ਮੁਸਲਮਾਨ ਨਹੀਂ ਹੁੰਦਾ। ਸਾਰੇ ਦਹਿਸ਼ਤਗਰਦਾਂ ਦੀ ਵਿਚਾਰਧਾਰਾ ਨਫ਼ਰਤ ਹੀ ਹੁੰਦੀ ਹੈ। ਇਹ ਇਸਲਾਮਿਕ ਸਟੇਟ ਲਈ ਵੀ ਸੱਚ ਹੈ ਤੇ ਸੰਘ ਲਈ ਵੀ।"

ਕਮਲ ਹਾਸਨ ਤੋਂ ਪਹਿਲਾਂ ਫਿਲਮ ਡਾਇਰੈਕਟਰ ਅਨੁਰਾਗ ਕਸ਼ਯਪ ਵੀ ਹਿੰਦੂ ਕੱਟੜਪੰਥ ਦਾ ਮੁੱਦਾ ਚੁੱਕ ਚੁੱਕੇ ਹਨ। ਰਾਜਸਥਾਨ ਦੇ ਜੈਪੁਰ ਵਿੱਚ 'ਪਦਮਾਵਤੀ' ਫਿਲਮ ਦੇ ਸੈੱਟ 'ਤੇ ਹਮਲੇ ਤੋਂ ਬਾਅਦ ਅਨੁਰਾਗ ਕਸ਼ਯਪ ਨੇ ਕਿਹਾ ਸੀ ਕਿ 'ਹਿੰਦੂ ਕੱਟੜਪੰਥ' ਹੁਣ ਮਿੱਥ ਨਹੀਂ ਰਿਹਾ।

'ਹਿੰਦੂ ਕੱਟੜਪੰਥ' ਭਾਰਤ ਵਿੱਚ ਇੱਕ ਵਿਵਾਦਤ ਮੁੱਦਾ ਰਿਹਾ ਹੈ। ਪਿਛਲੀ ਯੂਪੀਏ ਸਰਕਾਰ ਦੌਰਾਨ 'ਭਗਵਾ ਕੱਟੜਪੰਥ' ਤੇ 'ਹਿੰਦੂ ਕੱਟੜਪੰਥ' ਵਰਗੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਸੀ।

ਹਾਲਾਂਕਿ ਕੇਂਦਰ ਵਿੱਚ 2014 ਵਿੱਚ ਬੀਜੇਪੀ ਸਰਕਾਰ ਦੇ ਆਉਣ ਤੋਂ ਬਾਅਦ 'ਹਿੰਦੂ ਕੱਟੜਪੰਥ' ਦੀ ਧਾਰਨਾ ਨੂੰ ਨਕਾਰਿਆ ਜਾ ਰਿਹਾ ਹੈ।

ਸਾਬਕਾ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦ ਨੇ ਸਿਤੰਬਰ 2013 ਵਿੱਚ ਸੰਸਦ ਵਿੱਚ 'ਹਿੰਦੂ ਅੱਤਵਾਦ' ਦੇ ਮੁੱਦੇ 'ਤੇ ਦੁੱਖ ਜ਼ਾਹਿਰ ਕੀਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)