ਭਾਰਤ-ਪਾਕਿਸਤਾਨ ਦੇ ਨੇਤਾ, ਕਦੇ ਕੱਟੀ ਤੇ ਕਦੇ ਅੱਬਾ - ਬਲਾਗ਼

    • ਲੇਖਕ, ਵੁਸਤੁੱਲਾਹ ਖ਼ਾਨ
    • ਰੋਲ, ਪਾਕਿਸਤਾਨ ਤੋਂ, ਬੀਬੀਸੀ ਹਿੰਦੀ ਲਈ

ਭਾਰਤ ਅਤੇ ਪਾਕਿਸਤਾਨ ਦੀ ਲੀਡਰਸ਼ਿਪ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਚੰਗੇ ਭਾਸ਼ਣ ਜਾਂ ਪ੍ਰਗਟਾਵੇ ਦਾ ਜਵਾਬ ਦਿੱਤਾ ਜਾਵੇ ਭਾਵੇਂ ਨਾ ਦਿੱਤਾ ਜਾਵੇ ਪਰ ਬੁਰਾਈ ਦਾ ਜਵਾਬ ਝੱਟ ਦੇ ਦਿੱਤਾ ਜਾਂਦਾ ਹੈ।

ਸੁਸ਼ਮਾ ਸਵਰਾਜ ਨੇ ਚੋਣਾਂ ਦੇ ਨਤੀਜਿਆਂ ਦੇ ਸਿਰਫ਼ ਇੱਕ ਦਿਨ ਪਹਿਲਾਂ ਹੀ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕ਼ੁਰੈਸ਼ੀ ਦਾ ਮੂੰਹ ਮਿੱਠਾ ਕਰਵਾਇਆ ਸੀ।

ਅਗਲੇ ਹੀ ਦਿਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੂਸਰੀ ਵਾਰ ਪ੍ਰਧਾਨ ਮੰਤਰੀ ਚੁਣੇ ਜਾਣ 'ਤੇ ਵਧਾਈ ਵੀ ਦਿੱਤੀ।

ਇਹ ਵੀ ਪੜ੍ਹੋ-

ਪਰ ਇਸ ਵਧਾਈ ਦੇ ਚਾਰ ਦਿਨਾਂ ਬਾਅਦ ਹੀ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੀ ਇਫ਼ਤਾਰ ਪਾਰਟੀ ਵਿੱਚ ਆਉਣ ਵਾਲੇ ਮਹਿਮਾਨਾਂ ਦੇ ਸਵਾਗਤ ਲਈ ਜਿੱਥੇ ਹਾਈ ਕਮਿਸ਼ਨ ਦੇ ਕਰਮਚਾਰੀ ਗੇਟ 'ਤੇ ਖੜ੍ਹੇ ਸੀ, ਉੱਥੇ ਹੀ ਬਾਹਰਲੇ ਪਾਸੇ ਹਥਿਆਰ ਬੰਦ ਦਿੱਲੀ ਪੁਲਿਸ ਕਰਮੀ ਅਤੇ ਹੋਰ ਸਾਦੇ ਕੱਪੜਿਆਂ ਵਾਲੇ ਮਹਿਮਾਨਾਂ ਦਾ ਇੰਤਜ਼ਾਰ ਕਰ ਰਹੇ ਸਨ।

ਉਨ੍ਹਾਂ ਨੇ ਕੇਵਲ ਆਉਣ ਵਾਲੇ ਮਹਿਮਾਨਾਂ ਦੀ ਹੀ ਨਹੀਂ ਸਗੋਂ ਮੋਟਰ ਗੱਡੀਆਂ ਦੀ ਵੀ ਤਲਾਸ਼ੀ ਲਈ ਅਤੇ ਫੋਟੋਆਂ ਵੀ ਖਿੱਚੀਆਂ।

ਇਸ ਤੋਂ ਪਹਿਲਾਂ 23 ਮਾਰਚ ਨੂੰ ਵੀ ਹਾਈ ਕਮਿਸ਼ਨ ਨੇ ਜਦੋਂ ਪਾਕਿਸਤਾਨ ਦਿਹਾੜੇ ਦੀ ਖੁਸ਼ੀ ਵਿੱਚ ਪਾਰਟੀ ਰੱਖੀ ਸੀ ਤਾਂ ਆਉਣ ਵਾਲੇ ਭਾਰਤੀ ਮਹਿਮਾਨਾਂ ਨੂੰ 'ਸਾਦੇ ਕੱਪੜਿਆਂ ਵਾਲੇ' ਸਮਝਾਉਂਦੇ ਰਹੇ ਕੇ ਉਨ੍ਹਾਂ ਨੂੰ ਵੀ ਸਰਕਾਰ ਵਾਂਗ ਇਸ ਪਾਰਟੀ ਦਾ ਬਾਈਕਾਟ ਕਰਨਾ ਚਾਹੀਦਾ ਹੈ।

ਦਿੱਲੀ ਵਿੱਚ ਪਾਕਿਸਤਾਨ ਸਫ਼ਾਰਤਖ਼ਾਨੇ ਦੀ ਇਫ਼ਤਾਰ ਪਾਰਟੀ 'ਚ ਜੋ ਕੁਝ ਹੋਇਆ ਉਸ ਦਾ ਅਸਰ ਇਸਲਾਮਾਬਾਦ ਸਥਿਤ ਭਾਰਤੀ ਦੂਤਾਵਾਸ ਦੇ ਪ੍ਰੋਗਰਾਮ ਵਿੱਚ ਵੀ ਵਿਖਾਈ ਦਿੱਤਾ ।

ਇਹ ਵੀ ਪੜ੍ਹੋ-

ਭਾਰਤੀ ਹਾਈ ਕਮਿਸ਼ਨ ਦੇ ਇਕ ਪੰਜ ਤਾਰਾ ਹੋਟਲ ਵਿੱਚ ਪਾਕਿਸਤਾਨੀ ਨੇਤਾਵਾਂ, ਪੱਤਰਕਾਰਾਂ ਅਤੇ ਸਿਵਲ ਸੁਸਾਇਟੀ ਦੇ ਮਹਿਮਾਨਾਂ ਨੂੰ ਦੋ ਦਿਨ ਪਹਿਲਾਂ ਇਫ਼ਤਾਰ ਪਾਰਟੀ 'ਤੇ ਬੁਲਾਇਆ ਸੀ।

ਹੋਟਲ ਦੇ ਗੇਟ 'ਤੇ ਸਤਿਕਾਰਯੋਗ ਮਹਿਮਾਨਾਂ ਦਾ ਸਵਾਗਤ ਪਹਿਲਾਂ ਅੱਤਵਾਦੀ ਵਿਰੋਧੀ ਦਸਤੇ ਅਤੇ 'ਸਾਦੇ ਕੱਪੜਿਆਂ ਵਾਲਿਆਂ' ਨੇ ਕੀਤਾ ।

ਕਈਆਂ ਤੋਂ ਪੁੱਛਗਿੱਛ ਹੋਈ ਅਤੇ ਕਈਆਂ ਕੋਲੋਂ ਸਵਾਲ ਪੁੱਛਿਆ ਕਿ ਉਹ ਇਸ ਇਫ਼ਤਾਰ ਪਾਰਟੀ 'ਚ ਕਿਉਂ ਜਾ ਰਹੇ ਹਨ।

ਇਸ ਨਾਲ ਮੈਨੂੰ ਯਾਦ ਆਇਆ ਕਿ 2009 ਦੇ ਲੋਕ ਸਭਾ ਚੋਣਾਂ ਦੀ ਰਿਪੋਰਟਿੰਗ ਲਈ ਜਦੋਂ ਮੈਂ ਕਰਾਚੀ ਤੋਂ ਦਿੱਲੀ ਫਲਾਈਟ ਫੜਨੀ ਸੀ ਤਾਂ ਏਅਰਪੋਰਟ ਸਕਿਉਰਟੀ ਦੇ ਇੱਕ ਕਰਮਚਾਰੀ ਨੇ ਮੇਰਾ ਪਾਸਪੋਰਟ ਅਤੇ ਵੀਜਾ ਚੈੱਕ ਕਰਦੇ ਹੋਏ ਪੁੱਛਿਆ -"ਭਾਰਤ ਕਿਉਂ ਜਾ ਰਹੇ ਹੋ, ਉਹ ਤਾਂ ਸਾਡਾ ਦੁਸ਼ਮਣ ਹੈ?"

ਹੁਣ ਤੋਂ ਦੋ-ਢਾਈ ਮਹੀਨੇ ਪਹਿਲਾਂ ਦਿੱਲੀ ਵਿੱਚ ਪਾਕਿਸਤਾਨੀ ਰਾਜਨੀਤਿਕ ਕਰਮਚਾਰੀਆਂ ਦੇ ਬੱਚਿਆਂ ਨੂੰ ਸਕੂਲ ਲਿਆਉਣ ਅਤੇ ਲੈ ਕੇ ਜਾਣ ਵਾਲੀਆਂ ਗੱਡੀਆਂ ਦਾ ਪਿੱਛਾ ਕੀਤਾ ਗਿਆ।

ਉਨ੍ਹਾਂ ਨੂੰ ਰੋਕ ਕੇ ਸਵਾਲ-ਜਵਾਬ ਕੀਤੇ ਗਏ ਤਾਂ ਉਸ ਦੇ ਜਵਾਬ ਵਿੱਚ ਪਾਕਿਸਤਾਨ 'ਚ ਗੁਰਦੁਆਰੇ ਸੱਚਾ ਸੌਦਾ ਆਉਣ ਵਾਲੇ ਦੋ ਭਾਰਤੀ ਰਾਜਦੂਤਾਂ ਨੂੰ ਲਗਭਗ 20 ਮਿੰਟ ਇੱਕ ਕਮਰੇ ਵਿੱਚ ਬੰਦ ਰੱਖਿਆ ਗਿਆ ।

ਮਤਲਬ ਪ੍ਰਧਾਨ ਮੰਤਰੀਆਂ ਅਤੇ ਵਿਦੇਸ਼ ਮੰਤਰੀਆਂ ਦੇ ਪੱਧਰ 'ਤੇ ਮੁਸਕਰਾਹਟਾਂ, ਵਧਾਈਆਂ, ਮਿਠਾਈਆਂ ਅਤੇ ਨਿਚਲੇ ਪੱਧਰ ਉੱਤੇ ਇੱਕ ਹੱਥ ਦੇ ਤੇ ਦੂਜੇ ਹੱਥ ਲੈ।

ਕਦੀ ਇੱਕ ਪ੍ਰਧਾਨ ਮੰਤਰੀ ਦੂਸਰੇ ਪ੍ਰਧਾਨ ਮੰਤਰੀ ਨੂੰ ਵੇਖ ਕੇ ਅੱਗੋਂ ਨਿਕਲ ਜਾਂਦਾ ਹੈ ਤੇ ਕਦੇ ਅਗਲੇ ਦਿਨ ਉਹੀ ਮੰਚ 'ਤੇ ਇੱਕ ਨੁਕੜ 'ਚ ਬੈਠ ਕੇ ਇੱਕ ਦੂਸਰੇ ਦੇ ਕੰਨਾਂ 'ਚ ਗੱਲਾਂ ਕਰ ਰਹੇ ਹੁੰਦੇ ਹਨ।

ਅਸੀਂ ਇੰਝ ਸਕੂਲ ਦੇ ਦਿਨਾਂ ਵਿੱਚ ਕਰਦੇ ਹੁੰਦੇ ਸੀ। ਸਵੇਰੇ ਲੜ੍ਹਾਈ ਤੇ ਦੁਪਹਿਰ ਨੂੰ ਗਲੇ ਵਿੱਚ ਹੱਥ ਪਾ ਕੇ ਘੁੰਮਣਾ। ਸਕੂਲ ਤੋਂ ਬਾਅਦ ਇੰਝ ਇੱਕ-ਦੂਜੇ ਦੇ ਅੱਗੋਂ ਨਿਕਲਣਾ ਜਿਵੇਂ ਜਾਣਦੇ ਵੀ ਨਾ ਹੋਈਏ ਅਤੇ ਫਿਰ ਅਗਲੇ ਦਿਨ ਜੱਫੀ।

ਪਰ ਉਸ ਵੇਲੇ ਇਹ ਹਰਕਤਾਂ ਤਾਂ ਚੰਗੀਆਂ ਲੱਗਦੀਆਂ ਸਨ ਕਿਉਂਕਿ ਅਸੀਂ ਬੱਚੇ ਸੀ।

ਪਰ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਧੌਲੇਧਾਰ ਬਜ਼ੁਰਗ ਨੇਤਾ ਤੇ ਕਰਮਚਾਰੀ ਵੀ ਬੱਚਿਆਂ ਵਾਂਗ ਰੁਸਦੇ ਅਤੇ ਮਿਲਦੇ ਹਨ ਤਾਂ ਅਸੀਂ ਸੋਚਦੇ ਹਾਂ ਕਿ ਇਹ ਵੱਡੇ ਕਿਉਂ ਨਹੀਂ ਹੋਏ।

ਬੱਚੇ ਹੀ ਰਹਿੰਦੇ ਤਾਂ ਕਿੰਨਾ ਚੰਗਾ ਸੀ, ਘਟੋ-ਘੱਟ ਵੱਡੇ ਹੋ ਕੇ ਛੋਟਾਪਨ ਤਾਂ ਨਾ ਦਿਖਾਉਣਾ ਪੈਂਦਾ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)