You’re viewing a text-only version of this website that uses less data. View the main version of the website including all images and videos.
ਭਾਰਤ ਇਸ ਮਹੀਨੇ ਮੁੜ ਕਰ ਸਕਦਾ ਹੈ ਪਾਕਿਸਤਾਨ 'ਤੇ ਹਮਲਾ: ਸ਼ਾਹ ਮਹਿਮੂਦ ਕੁਰੈਸ਼ੀ, ਭਾਰਤ ਨੇ ਕੀਤਾ ਦਾਅਵਾ ਖਾਰਿਜ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਦਾਅਵਾ ਹੈ ਕਿ ਪਾਕਿਸਤਾਨ ਕੋਲ੍ਹ ਖੂਫੀਆ ਜਾਣਕਾਰੀ ਹੈ ਕਿ ਭਾਰਤ ਅਪ੍ਰੈਲ ਦੇ ਤੀਜੇ ਹਫਤੇ ਵਿੱਚ ਪਾਕਿਸਤਾਨ ਦੇ ਖਿਲਾਫ ਇੱਕ ਹੋਰ ਫੌਜੀ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ।
ਭਾਰਤ ਨੇ ਇਸ ਇਲਜ਼ਾਮ ਨੂੰ ਖਾਰਿਜ ਕਰਦਿਆਂ ਕਿਹਾ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਸੱਦਾ ਦੇ ਰਿਹਾ ਹੈ ਕਿ ਉਹ ਭਾਰਤ 'ਤੇ ਹਮਲਾ ਕਰਨ।
ਪਾਕਿਸਤਾਨੀ ਪੰਜਾਬ ਦੇ ਸ਼ਹਿਰ ਮੁਲਤਾਨ ਵਿੱਚ ਇੱਕ ਪ੍ਰੈਸ ਕਾਂਨਫਰੰਸ ਦੌਰਾਨ ਉਨ੍ਹਾਂ ਕਿਹਾ, ''ਤਿਆਰੀਆਂ ਹੋ ਰਹੀਆਂ ਹਨ ਤੇ ਪਾਕਿਸਤਾਨ ਖਿਲਾਫ ਇੱਕ ਹੋਰ ਹਮਲਾ ਹੋਣ ਦੀ ਸੰਭਾਵਨਾ ਹੈ। ਸਾਡੀ ਜਾਣਕਾਰੀ ਮੁਤਾਬਕ ਇਹ ਕਾਰਵਾਈ 16 ਤੋਂ 20 ਅਪ੍ਰੈਲ ਵਿਚਾਲੇ ਕੀਤੀ ਜਾ ਸਕਦੀ ਹੈ।''
ਉਨ੍ਹਾਂ ਅੱਗੇ ਕਿਹਾ, ''ਇੱਕ ਨਵਾਂ ਨਾਟਕ ਰਚਾਇਆ ਜਾ ਸਕਦਾ ਹੈ ਤੇ ਜੰਮੂ-ਕਸ਼ਮੀਰ ਵਿੱਚ ਪੁਲਵਾਮਾ ਵਰਗੀ ਇੱਕ ਹੋਰ ਘਟਨਾ ਕਰਾਈ ਜਾ ਸਕਦੀ ਹੈ। ਉਸਦਾ ਮਕਸਦ ਹਮਲੇ ਦੀ ਆੜ ਵਿੱਚ ਪਾਕਿਸਤਾਨ 'ਤੇ ਦਬਾਅ ਵਧਾਉਣਾ ਹੋ ਸਕਦਾ ਹੈ।''
ਕੁਰੈਸ਼ੀ ਨੇ ਕਿਹਾ ਕਿ ਜਾਣਕਾਰੀ ਮਿਲਣ ਤੋਂ ਬਾਅਦ ਪਾਕਿਸਤਾਨ ਨੇ ਫੈਸਲਾ ਕੀਤਾ ਕਿ ਇਸ ਵਾਰ ਨਾ ਹੀ ਸਿਰਫ ਕੌਮਾਂਤਰੀ ਭਾਈਚਾਰੇ ਬਲਕਿ ਪਾਕਿਸਤਾਨ ਦੀ ਜਨਤਾ ਨੂੰ ਵੀ ਦੱਸਿਆ ਜਾਏ।
ਇਹ ਵੀ ਪੜ੍ਹੋ:
ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਪਹਿਲਾਂ ਹੀ ਸੰਯੁਕਤ ਰਾਸ਼ਟਰ ਪਰਿਸ਼ਦ ਦੇ ਸਥਾਈ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ।
ਉਨ੍ਹਾਂ ਕਿਹਾ, ''ਅੱਜ ਤੋਂ ਦੋ ਦਿਨ ਪਹਿਲਾਂ ਵਿਦੇਸ਼ ਸਕੱਤਰ ਨੇ ਇਸਲਾਮਾਬਦ ਵਿੱਚ ਮੌਜੂਦ ਪੰਜਾਂ ਦੇਸ਼ਾਂ ਦੇ ਰਾਜਦੂਤਾਂ ਨੂੰ ਬੁਲਾਇਆ ਤੇ ਉਨ੍ਹਾਂ ਨੂੰ ਇਸ ਜਾਣਕਾਰੀ ਬਾਰੇ ਦੱਸਿਆ।''
''ਅਸੀਂ ਚਾਹੁੰਦੇ ਹਾਂ ਕਿ ਕੌਮਾਂਤਰੀ ਭਾਈਚਾਰਾ ਇਸ ਗੈਰ-ਜ਼ਿੰਮੇਦਾਰ ਵਤੀਰੇ 'ਤੇ ਗੌਰ ਕਰੇ ਤੇ ਭਾਰਤ ਨੂੰ ਫਟਕਾਰ ਲਗਾਏ।''
'ਟਾਰਗੇਟ ਪਹਿਲਾਂ ਤੋਂ ਤੈਅ'
ਉਨ੍ਹਾਂ ਮੀਡੀਆ ਵਿੱਚ ਆਈਆਂ ਕੁਝ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕਿਹਾ, ''ਹਾਲ ਹੀ ਵਿੱਚ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਬੈਠਕ ਹੋਈ ਸੀ ਜਿਸਦੀ ਪ੍ਰਧਾਨਗੀ ਨਰਿੰਦਰ ਮੋਦੀ ਨੇ ਕੀਤੀ ਸੀ।''
''ਉਸ ਵਿੱਚ ਤਿੰਨ ਫੌਜਾਂ ਦੇ ਮੁਖੀ ਮੌਜੂਦ ਸੀ ਜਿਨ੍ਹਾਂ ਕਿਹਾ ਕਿ ਉਹ ਪਾਕਿਸਤਾਨ 'ਤੇ ਕਾਰਵਾਈ ਲਈ ਤਿਆਰ ਹਨ ਤੇ ਉਨ੍ਹਾਂ ਨੂੰ ਸਿਆਸੀ ਮੰਜ਼ੂਰੀ ਚਾਹੀਦੀ ਹੈ। ਮੋਦੀ ਨੇ ਕਿਹਾ ਕਿ ਅਸੀਂ ਤਾਂ ਤੁਹਾਨੂੰ ਪਹਿਲਾਂ ਹੀ ਫ੍ਰੀ-ਹੈਂਡ ਦੇ ਰੱਖਿਆ ਹੈ।''
ਉਨ੍ਹਾਂ ਕਿਹਾ, ''ਅਧਿਕਾਰੀਆਂ ਨੇ ਮੋਦੀ ਨੂੰ ਦੱਸਿਆ ਕਿ ਉਨ੍ਹਾਂ ਨੇ ਟਾਰਗੇਟ ਤੈਅ ਕਰ ਰੱਖੇ ਹਨ ਤੇ ਜ਼ਰੂਰੀ ਨਹੀਂ ਕਿ ਉਹ ਨਿਸ਼ਾਨੇ ਆਜ਼ਾਦ ਕਸ਼ਮੀਰ ਜਾਂ ਜੰਮੂ-ਕਸ਼ਮੀਰ ਤੱਕ ਹੀ ਸੀਮਤ ਹੋਣ, ਉਹ ਕਸ਼ਮੀਰ ਦੇ ਬਾਹਰ ਵੀ ਹੋ ਸਕਦੇ ਹਨ।''
ਇਹ ਵੀ ਪੜ੍ਹੋ:
ਕੁਰੈਸ਼ੀ ਨੇ ਕਿਹਾ ਕਿ ਮੀਡੀਆ ਦੀਆਂ ਇਨ੍ਹਾਂ ਰਿਪੋਰਟਸ 'ਤੇ ਭਾਰਤੀ ਅਧਿਕਾਰੀਆਂ ਨੇ ਕੋਈ ਸਫਾਈ ਜਾਰੀ ਨਹੀਂ ਕੀਤੀ ਹੈ ਅਤੇ ਨਾ ਹੀ ਇਸਦਾ ਖੰਡਨ ਕੀਤਾ ਗਿਆ ਹੈ।
ਕੁਰੈਸ਼ੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਿਆਸੀ ਮਕਸਦ ਲਈ ਪੂਰੇ ਖੇਤਰ ਦੀ ਸ਼ਾਂਤੀ ਤੇ ਸਥਿਰਤਾ ਨੂੰ ਦਾਅ 'ਤੇ ਲਗਾ ਦਿੱਤਾ ਹੈ।
ਉਨ੍ਹਾਂ ਨਾਲ ਹੀ ਕਿਹਾ, ''ਪਾਕਿਸਤਾਨ ਕੱਲ ਵੀ ਅਮਨ ਚਾਹੁੰਦਾ ਸੀ ਤੇ ਅੱਜ ਵੀ, ਪਰ ਕਿਸੇ ਵੀ ਕਿਸਮ ਦੀ ਕਾਰਵਾਈ ਦਾ ਜਵਾਬ ਦੇਣ ਦਾ ਹੱਕ ਕੌਮਾਂਤਰੀ ਕਾਨੂੰਨ ਦੇ ਤਹਿਤ ਸਾਨੂੰ ਵੀ ਹੈ।''
ਭਾਰਤ ਨੇ ਕੀਤਾ ਇਲਜ਼ਾਮ ਖਾਰਿਜ
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਾਤਿਸਤਾਨ ਜੰਗ ਦਾ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਕਿਹਾ ਕਿ ਪਾਕਿਸਤਾਨ ਭਾਰਤ 'ਤੇ ਹੋਏ ਹਮਲੇ ਵਿੱਚ ਆਪਣੀ ਸ਼ਮੂਲੀਅਤ ਤੋਂ ਪੱਲਾ ਨਹੀਂ ਝਾੜ ਸਕਦਾ।
ਵਿਦੇਸ਼ ਮਤੰਰਾਲੇ ਦੇ ਬੁਲਾਰੇ ਨੇ ਅੱਗੇ ਕਿਹਾ, ''ਭਾਰਤ ਕੋਲ ਸਰਹੱਦ ਪਾਰੋਂ ਕਿਸੇ ਵੀ ਤਰ੍ਹਾਂ ਦੇ ਦਹਿਸ਼ਤਗਰਦੀ ਹਮਲੇ ਦਾ ਸਖ਼ਤੀ ਨਾਲ ਜਵਾਬ ਦੇਣ ਦੇ ਅਧਿਕਾਰ ਹਨ।''
ਬੁਲਾਰੇ ਨੇ ਅੱਗੇ ਕਿਹਾ ਕਿ ਪਾਕਿਸਤਾਨ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਾਰੇ ਕੂਟਨੀਤਿਕ ਅਤੇ ਡੀਜੀਐਮਓ (ਡਾਇਰੈਕਟਰ ਜਨਰਲ ਮਿਲੀਟਰੀ ਆਪਰੇਸ਼ਨ) ਦੇ ਜ਼ਰੀਏ ਸੰਭਾਵਿਤ ਅੱਤਵਾਦੀ ਹਮਲਿਆਂ ਨਾਲ ਜੁੜੀ ਖੂਫੀਆਂ ਜਾਣਕਾਰੀ ਨੂੰ ਸਾਂਝੀ ਕਰੇ।''
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: