ਕਸ਼ਮੀਰ ਦੇ ਸਕੂਲ ਵਿੱਚ ਸਿੱਖ ਤੇ ਹਿੰਦੂ ਕੁੜੀਆਂ ਦੇ ਬੁਰਕਾ ਪਹਿਣਨ ਦਾ ਸੱਚ: ਫੈਕਟ ਚੈੱਕ

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ ਨਿਊਜ਼

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਸਕੂਲ ਦੀਆਂ ਵਿਦਿਆਰਥਣਾਂ ਬੁਰਕਾ ਪਹਿਣ ਕੇ ਸਵੇਰੇ ਦੀ ਪ੍ਰਾਰਥਨਾ ਕਰ ਰਹੀਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਭਾਰਤ ਪ੍ਰਸ਼ਾਸਤ ਕਸ਼ਮੀਰ ਦੇ ਸ਼੍ਰੀਨਗਰ ਦੇ ਕਿਸੇ ਸਕੂਲ ਦਾ ਹੈ।

ਇਸ ਵੀਡੀਓ ਬਾਰੇ ਕਈ ਦਾਅਵੇ ਕੀਤੇ ਜਾ ਰਹੇ ਹਨ। ਟਵਿਟਰ ਯੂਜ਼ਰ @squintneon ਨੇ ਇਹ ਵੀਡੀਓ 3 ਅਪ੍ਰੈਲ ਨੂੰ ਟਵੀਟ ਕੀਤਾ ਸੀ।

ਉਨ੍ਹਾਂ ਨਾਲ ਲਿਖਿਆ ਸੀ, ''ਇਹ ਸਾਊਦੀ ਜਾਂ ਸੀਰੀਆ ਦਾ ਵੀਡੀਓ ਨਹੀਂ ਹੈ। ਇਹ ਵੀਡੀਓ ਸ਼੍ਰੀਨਗਰ ਦੇ ਆਰਪੀ ਸਕੂਲ ਦੀ ਮੌਰਨਿੰਗ ਅਸੈਂਬਲੀ ਦਾ ਵੀਡੀਓ ਹੈ ਜਿੱਥੇ ਹਿੰਦੂ ਤੇ ਸਿੱਖ ਕੁੜੀਆਂ ਵੀ ਆਪਣੀ ਮਰਜ਼ੀ ਨਾਲ ਬੁਰਕਾ ਪਾ ਰਹੀਆਂ ਹਨ।''

ਇਹ ਵੀ ਪੜ੍ਹੋ:

ਟਵੀਟ 'ਚ ਇਹ ਵੀ ਲਿਖਿਆ ਹੈ ਕਿ 'ਇਸਲਾਮਿਕ ਰਿਪਬਲਿਕ ਆਫ ਕਸ਼ਮੀਰ ਦਾ ਬੀਜ ਬੀਜਿਆ ਜਾ ਚੁੱਕਿਆ ਹੈ, ਬੱਸ ਇੱਕ ਵਾਰ ਰਾਹੁਲ ਗਾਂਧੀ ਕਸ਼ਮੀਰ ਤੋਂ ਆਫਸਪਾ ਹਟਾ ਲੈਣ ਤਾਂ ਇਸ ਦੀ ਅਧਿਕਾਰਕ ਸਥਾਪਨਾ ਹੋ ਜਾਵੇਗੀ।'

ਇਸ ਵੀਡੀਓ ਨੂੰ ਹੁਣ ਤੱਕ 18 ਲੱਖ ਤੋਂ ਵੱਧ ਵਾਰ ਵੇਖਿਆ ਜਾ ਚੁੱਕਿਆ ਹੈ ਅਤੇ ਛੇ ਹਜ਼ਾਰ ਤੋਂ ਵੱਧ ਵਾਰ ਸ਼ੇਅਰ ਹੋ ਚੁੱਕਿਆ ਹੈ।

'ਹਿੰਦੂ ਤੇ ਸਿੱਖ ਵਿਦਿਆਰਥੀਆਂ ਦੀ ਮਜਬੂਰੀ'

ਦੱਖਣਪੰਥੀ ਰੂਝਾਨ ਵਾਲੇ 'Hindus of India' ਤੇ 'I Support Narendra Modi G' ਵਰਗੇ ਵੱਡੇ ਫੇਸਬੁੱਕ ਗਰੁੱਪਸ ਨੇ ਇਸ ਵਾਇਰਲ ਵੀਡੀਓ ਨੂੰ ਪੋਸਟ ਕੀਤਾ ਹੈ।

ਵੀਡੀਓ ਨੂੰ ਸ਼ੇਅਰ ਕਰਨ ਵਾਲੇ ਕਈ ਲੋਕਾਂ ਨੇ ਇਹ ਵੀ ਲਿਖਿਆ ਹੈ ਕਿ ਮੁਸਲਮਾਨ ਕੁੜੀਆਂ ਵਿਚਾਲੇ ਕਈ ਹਿੰਦੂ ਤੇ ਸਿੱਖ ਕੁੜੀਆਂ ਵੀ ਹਨ ਜੋ ਸਕੂਲ 'ਚ ਪੜ੍ਹਦੀਆਂ ਹਨ ਤੇ ਉਨ੍ਹਾਂ ਨੂੰ ਬੁਰਕਾ ਪਾਉਣ ਲਈ ਮਜਬੂਰ ਕੀਤਾ ਜਾਂਦਾ ਹੈ।

'L'important' ਨਾਂ ਦੀ ਇੱਕ ਫ੍ਰੈਂਚ ਵੈੱਬਸਾਈਟ ਹੈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਥਾਂ ਦਿੰਦੀ ਹੈ।

ਇਸ ਵੈੱਬਸਾਈਟ ਨੇ ਵੀ ਲਿਖਿਆ ਹੈ ਕਿ 'ਭਾਰਤ ਦੇ ਇਸ ਸਕੂਲ ਵਿੱਚ ਗੈਰ-ਮੁਸਲਮਾਨ ਕੁੜੀਆਂ ਲਈ ਵੀ ਬੁਰਕਾ ਪਹਿਣਨਾ ਲਾਜ਼ਮੀ ਹੈ।'

ਦਾਅਵੇ ਦੀ ਪੜਤਾਲ

ਆਪਣੀ ਪੜਤਾਲ 'ਚ ਅਸੀਂ ਪਾਇਆ ਕਿ ਇਹ ਦਾਅਵਾ ਬਿਲਕੁਲ ਗਲਤ ਹੈ।

ਜਦ ਅਸੀਂ ਇਸ ਵੀਡੀਓ ਬਾਰੇ ਸ਼੍ਰੀਨਗਰ ਦੇ ਇਲਾਕੇ ਮੱਲਾ ਬਾਗ ਦੇ 'ਰੇਡੀਅੰਟ ਪਬਲਿਕ ਸਕੂਲ' ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਵਾਇਰਲ ਵੀਡੀਓ ਉਨ੍ਹਾਂ ਦੇ ਹੀ ਸਕੂਲ ਦਾ ਹੈ।

ਪ੍ਰਿੰਸਿਪਲ ਡਾਰ ਜੀ. ਕਿਊ. ਜਿਲਾਨੀ ਨੇ ਕਿਹਾ ਕਿ ਇਹ ਵੀਡੀਓ ਇਸੇ ਹਫਤੇ ਰਿਕਾਰਡ ਕੀਤਾ ਗਿਆ ਸੀ ਤੇ ਸਕੂਲ ਦੇ ਸਟਾਫ ਨੇ ਹੀ ਇਸ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ।

ਪਰ ਉਨ੍ਹਾਂ ਕਿਹਾ ਕਿ ਜੋ ਸੋਸ਼ਲ ਮੀਡੀਆ 'ਤੇ ਜੋ ਕਿਹਾ ਜਾ ਰਿਹਾ ਹੈ, ਉਹ ਗਲਤ ਹੈ।

ਜਿਲਾਨੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ ਕੋਈ ਵੀ ਸਿੱਖ ਜਾਂ ਹਿੰਦੂ ਵਿਦਿਆਰਥੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਕੂਲ ਵਾਲੇ ਇਲਾਕੇ ਵਿੱਚ ਗੈਰ ਮੁਸਲਮਾਨ ਪਰਿਵਾਰਾਂ ਦੀ ਗਿਣਤੀ ਬਹੁਤ ਘੱਟ ਹੈ।

ਜਿਲਾਨੀ ਦੇ ਇਸ ਦਾਅਵੇ ਦੀ ਪੁਸ਼ਟੀ ਲਈ ਅਸੀਂ ਸ਼੍ਰੀਨਗਰ ਦੇ ਸਿੱਖਿਆ ਡਾਇਰੈਕਟੋਰੇਟ ਵਿੱਚ ਗੱਲ ਕੀਤੀ।

ਉੱਥੇ ਦੇ ਬੁਲਾਰੇ ਨੇ ਮੌਜੂਦ ਡਾਟਾ ਦੇ ਆਧਾਰ 'ਤੇ ਦੱਸਿਆ ਕਿ ਆਰਪੀ ਸਕੂਲ 'ਚ ਕੋਈ ਵੀ ਗੈਰ-ਮੁਸਲਮਾਨ ਵਿਦਿਆਰਥੀ ਨਹੀਂ ਪੜ੍ਹਦਾ ਹੈ।

ਇਹ ਵੀ ਪੜ੍ਹੋ:

ਕੀ ਗੈਰ-ਮੁਸਲਮਾਨ ਵਿਦਿਆਰਥੀਆਂ ਨੂੰ ਇਸ ਸਕੂਲ ਵਿੱਚ ਪੜ੍ਹਣ ਦੀ ਮਨਾਹੀ ਹੈ?

ਉਨ੍ਹਾਂ ਕਿਹਾ ਕਿ ਸਕੂਲ ਨੇ ਕਦੇ ਵੀ ਹੋਰ ਧਰਮਾਂ ਦੇ ਵਿਦਿਆਰਥੀਆਂ ਨੂੰ ਐਡਮਿਸ਼ਨ ਦੇਣ ਤੋਂ ਨਹੀਂ ਰੋਕਿਆ ਹੈ।

ਸਕੂਲ ਵਿੱਚ ਬੁਰਕੇ ਦਾ ਰਿਵਾਜ਼

ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ ਰੈਗੂਲਰ ਕੋਰਸ ਤੋਂ ਇਲਾਵਾ ਇਸਲਾਮ ਬਾਰੇ ਵੀ ਪੜ੍ਹਾਇਆ ਜਾਂਦਾ ਹੈ। ਸਕੂਲ ਵਿੱਚ ਕੁੜੀਆਂ ਸਕੂਲ ਡ੍ਰੈਸ ਉੱਤੇ ਹਿਜਾਬ ਪਾਉਂਦੀਆਂ ਹਨ।

ਪਰ ਕੀ ਇਹ ਕਰਨਾ ਲਾਜ਼ਮੀ ਹੈ?

ਇਸਦੇ ਜਵਾਬ ਵਿੱਚ ਸਕੂਲ ਦੇ ਪ੍ਰਿੰਸੀਪਲ ਜਿਲਾਨੀ ਨੇ ਕਿਹਾ, ''ਸਾਡੇ ਨੇਮਾਂ ਅਨੁਸਾਰ ਗੈਰ ਮੁਸਲਮਾਨ ਵਿਦਿਆਰਥਣਾਂ ਲਈ ਲਾਜ਼ਮੀ ਨਹੀਂ ਹੈ।''

''ਪਰ ਛੇਵੀਂ ਕਲਾਸ ਤੋਂ ਵਿਦਿਆਰਥਣਾਂ ਨੂੰ ਹਿਜਾਬ ਪਾਉਣ ਜਾਂ ਮੁੰਹ ਢਕਣ ਲਈ ਕਿਹਾ ਜਾਂਦਾ ਹੈ। ਪਿਛਲੇ 30 ਸਾਲਾਂ ਤੋਂ ਇਹੀ ਸਕੂਲ ਦਾ ਨਿਯਮ ਹੈ।''

ਸਕੂਲ ਪ੍ਰਸ਼ਾਸਨ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਸਕੂਲ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਇਸ ਸਕੂਲ ਦੇ ਨਿਯਮ ਦੀ ਨਿੰਦਾ ਕਰਦਿਆਂ ਲਿਖਿਆ ਹੈ ਕਿ ਗਰਮੀਆਂ ਵਿੱਚ ਇਹ ਨੇਮ ਇਨ੍ਹਾਂ ਵਿਦਿਆਰਥੀਆਂ ਲਈ ਕਿੰਨਾ ਔਖਾ ਹੁੰਦਾ ਹੋਵੇਗਾ।

ਇਸ ਦੇ ਜਵਾਬ ਵਿੱਚ ਜਿਲਾਨੀ ਨੇ ਕਿਹਾ, ''ਲੋਕਾਂ ਨੂੰ ਅਜਿਹਾ ਲੱਗ ਸਕਦਾ ਹੈ ਪਰ ਅਸੀਂ ਗਰਮੀਆਂ ਵਿੱਚ ਖੁਲ੍ਹੇ ਮੈਦਾਨ 'ਚ ਅਸੈਂਬਲੀ ਨਹੀਂ ਕਰਦੇ ਹਨ।''

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)