World Cup 2019: ਬੰਗਲਾਦੇਸ਼ ਦੀ ਦੱਖਣੀ ਅਫਰੀਕਾ ’ਤੇ ਜਿੱਤ ਦੇ ਇਹ ਰਹੇ ਹੀਰੋ

46 ਓਵਰਾਂ ਤੋਂ ਬਾਅਦ ਦੱਖਣੀ ਅਫਰੀਕਾ ਤੇ ਬੰਗਲਾਦੇਸ਼ ਦੋਵਾਂ ਦਾ ਸਕੋਰ 276 ਦੌੜਾਂ ਸੀ...ਇਸ ਦਾ ਤਾਂ ਇਹ ਮਤਲਬ ਹੋਇਆ ਕਿ ਮੁਕਾਬਲਾ ਬਰਾਬਰੀ ਦਾ ਸੀ...ਨਹੀਂ ਬਾਕੀ ਬਚੇ ਚਾਰ ਓਵਰਾਂ ਵਿੱਚ ਬੰਗਲਾਦੇਸ਼ ਦੀ ਬੱਲੇਬਾਜੀ ਤੂਫ਼ਾਨੀ ਰਹੀ ਪਰ ਦੱਖਣੀ ਅਫਰੀਕਾ ਦਾ ਤੂਫਾਨ ਉੱਥੇ ਹੀ ਥੰਮ ਗਿਆ।

ਦੱਖਣੀ ਅਫ਼ਰੀਕਾ ਨੇ ਭਾਵੇਂ ਇੰਗਲੈਂਡ ਖ਼ਿਲਾਫ ਖੇਡੇ ਮੈਚ ਵਰਗਾ ਮਾੜਾ ਪ੍ਰਦਰਸ਼ਨ ਤਾਂ ਨਹੀਂ ਦਿਖਾਇਆ ਤੇ ਕਾਫੀ ਟੱਕਰ ਦਿੱਤੀ ਪਰ ਪੂਰੇ ਮੈਚ ਵਿੱਚ ਹਾਵੀ ਬੰਗਲਾਦੇਸ਼ ਹੀ ਨਜ਼ਰ ਆਇਆ।

ਬੰਗਲਾਦੇਸ਼ ਨੇ ਆਖ਼ਰੀ ਚਾਰ ਓਵਰਾਂ ਵਿੱਚ 54 ਦੌੜਾਂ ਬਣਾ ਕੇ ਆਪਣਾ ਹੁਣ ਤੱਕ ਦਾ ਸਭ ਤੋ ਵੱਡਾ 330 ਦੌੜਾਂ ਦਾ ਸਕੋਰ ਬਣਾਇਆ ਜਿਸ ਦੇ ਅੱਗੇ ਅਫਰੀਕਾ ਟੀਮ ਕੇਵਲ 309 ਦੌੜਾਂ ਬਣਾ ਸਕੀ।

ਆਖ਼ਰੀ ਓਵਰਾਂ ਵਿੱਚ ਮੁਹੰਮਦੁੱਲਾ ਤੇ ਮੁਸਾਦੇਕ ਹੁਸੈਨ ਨੇ ਦੱਖਣੀ ਅਫਰੀਕਾ ਦੇ ਗੇਂਦਬਾਜਾਂ ਦੀ ਜੋ ਹਾਲ ਕੀਤਾ ਉਸ ਨੇ ਹੀ ਮੈਚ ਨੂੰ ਪਲਟ ਕੇ ਰੱਖ ਦਿੱਤਾ।

ਇਹ ਵੀ ਪੜ੍ਹੋ-

ਮੁਹੰਮਦੁੱਲਾ ਨੇ 33 ਗੇਂਦਾਂ 'ਤੇ 46 ਦੌੜਾਂ ਬਣਾਈਆਂ ਤੇ ਹੁਸੈਨ ਨੇ 20 ਗੇਂਦਾਂ 'ਤੇ 26 ਦੌੜਾਂ ਬਣਾਈਆਂ।

ਜਦੋਂ ਆਖ਼ਰੀ ਓਵਰਾਂ ਵਿੱਚ ਚੌਕਿਆ-ਛੱਕਿਆਂ ਦੀ ਬਾਰਿਸ਼ ਹੋ ਰਹੀ ਸੀ ਤਾਂ ਦੱਖਣੀ ਅਫਰੀਕਾ ਦੇ ਖਿਡਾਰੀ ਡ੍ਰੈਸਿੰਗ ਰੂਮ ਵਿੱਚ ਜ਼ਖਮੀ ਹੋ ਕੇ ਬੈਠੇ ਨਿਗਡੀ ਤੇ ਡੇਲ ਸਟੇਨ ਨੂੰ ਜ਼ਰੂਰ ਮਿਸ ਕਰ ਰਹੇ ਹੋਣਗੇ।

ਬੱਲੇਬਾਜ਼ੀ ਵੇਲੇ ਡੀ ਵੀਲੀਅਰਜ਼ ਦੀ ਯਾਦ ਵੀ ਜ਼ਰੂਰ ਆ ਰਹੀ ਹੋਣੀ ਹੈ ਜੋ ਹਾਰਦੇ ਮੈਚ ਨੂੰ ਵੀ ਜਿਤਾਉਣ ਦੀ ਕਾਬਲੀਅਤ ਰੱਖਦੇ ਸਨ ਪਰ ਅਫਸੋਸ ਉਨ੍ਹਾਂ ਨੇ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ।

ਦਰਸ਼ਕਾਂ ਵੱਲੋਂ ਲਿਆਏ ਗਏ ਬੰਗਾਲ ਟਾਈਗਰ ਦੇ ਬੁੱਤ ਪੂਰੇ ਸਟੇਡੀਅਮ ਵਿੱਚ ਦਹਾੜ ਰਹੇ ਸਨ। ਸਟੇਡੀਅਮ ਵਿੱਚ ਬੰਗਲਾਦੇਸ਼ੀ ਫੈਨ ਵੱਡੀ ਗਿਣਤੀ ਵਿੱਚ ਪਹੁੰਚੇ ਸਨ।

ਪੇਸ਼ੇਵਰ ਢੰਗ ਨਾਲ ਖੇਡੀ ਬੰਗਲਾਦੇਸ਼...

ਟੌਸ ਜਿੱਤ ਕੇ ਦੱਖਣੀ ਅਫਰੀਕਾ ਨੇ ਪਹਿਲਾਂ ਗੇਂਦਬਾਜੀ ਦਾ ਫ਼ੈਸਲਾ ਕੀਤਾ। ਕੋਈ ਵੀ ਟੀਮ ਅਜਿਹਾ ਫ਼ੈਸਲਾ ਤਾਂ ਹੀ ਲੈਂਦੀ ਹੈ ਜਦੋਂ ਉਸ ਨੂੰ ਆਪਣੇ ਗੇਂਦਬਾਜਾਂ ਉੱਤੇ ਪੂਰਾ ਭਰੋਸਾ ਹੋਵੇ...।

ਬੰਗਲਾਦੇਸ਼ ਨੇ ਮੈਚ ਦੀ ਪਹਿਲੀ ਗੇਂਦ ਨਾਲ ਹੀ ਇਹ ਦਿਖਾ ਦਿੱਤਾ ਕਿ ਉਸ ਨੂੰ ਉਹ ਟੀਮ ਨਾ ਸਮਝਿਆ ਜਾਵੇ ਜੋ ਕੁਝ ਮੈਚਾਂ ਵਿੱਚ ਟੌਪ ਦੀਆਂ ਟੀਮਾਂ ਨੂੰ ਹੈਰਾਨ ਕਰ ਸਕਦੀ ਹੈ। ਹੁਣ ਬੰਗਲਾਦੇਸ਼ ਨੇ ਇਹ ਸਾਬਿਤ ਕਰ ਦਿੱਤਾ ਕਿ ਉਹ ਟੌਪ ਦੀ ਟੀਮ ਬਣਨਾ ਚਾਹੁੰਦੀ ਹੈ।

ਬੰਗਲਾਦੇਸ਼ ਦੀ ਟੀਮ ਨੇ ਖੇਡ ਦੇ ਹਰ ਖੇਤਰ ਵਿੱਚ ਕਮਾਲ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਸਲਾਮੀ ਜੋੜੀ ਨੇ 8.2 ਓਵਰਾਂ ਵਿੱਚ 60 ਦੌੜਾਂ ਜੋੜੀਆਂ ਯਾਨੀ ਸ਼ੁਰੂਆਤ ਸ਼ਾਨਦਾਰ ਰਹੀ।

ਸੌਮਿਆ ਸਰਕਾਰ ਨੇ 30 ਗੇਂਦਾਂ ਉੱਤੇ 42 ਦੌੜਾਂ ਬਣਾਈਆਂ ਜਿਨ੍ਹਾਂ ਵਿੱਚ 9 ਚੌਕੇ ਸ਼ਾਮਿਲ ਸਨ।

75 ਦੌੜਾਂ 'ਤੇ ਸੌਮਿਆ ਸਰਕਾਰ ਦੀ ਦੂਜੀ ਵਿਕਟ ਡਿੱਗਦੀ ਹੈ। ਦੱਖਣੀ ਅਫਰੀਕਾ ਨੂੰ ਉਮੀਦ ਸੀ ਹੁਣ ਤਾਂ ਮੈਚ ਸਾਡੇ ਵੱਲ ਨੂੰ ਮੁੜ ਰਿਹਾ ਹੈ।

ਪਰ ਬੰਗਲਾਦੇਸ਼ ਦੇ ਵਿਕਟ ਕੀਪਰ ਬੱਲੇਬਾਜਾਂ ਮੁਸ਼ਫਿਕਰ ਰਹੀਮ ਤੇ ਆਲ ਰਾਊਂਡਰ ਸ਼ਾਕਿਬ ਨੇ ਕਿੱਥੇ ਹਥਿਆਰ ਸੁੱਟੇ ਸਨ ਤੇ ਸਲਾਮੀ ਜੋੜੀ ਤੋਂ ਬਾਅਦ ਇਨ੍ਹਾਂ ਦੋਵਾਂ ਨੇ ਮਿਡਿਲ ਆਡਰ ਸਾਂਭਿਆ। ਦੋਵਾਂ ਨੇ 142 ਦੌੜਾਂ ਦੀ ਰਿਕਾਰਡ ਦੀ ਸਾਂਝੇਦਾਰੀ ਕੀਤੀ।

ਦੋਵੇਂ ਬੱਲੇਬਾਜ਼ ਆਪਣਾ ਚੌਥਾ ਵਿਸ਼ਵ ਕੱਪ ਖੇਡ ਰਹੇ ਹਨ। ਮੈਚ ਕਿਵੇਂ ਕੱਢਣਾ ਹੈ ਇਹ ਚੰਗੇ ਤਰੀਕੇ ਨਾਲ ਜਾਣਦੇ ਹਨ। ਸ਼ਾਕਿਬ ਉਲ ਹਸਨ ਇਸ ਮੈਚ ਵਿੱਚ ਉਹ 250 ਵਿਕਟ ਲੈਣ ਵਾਲੇ ਤੇ 5000 ਦੌੜਾਂ ਸਭ ਤੋਂ ਘੱਟ ਮੈਚਾਂ ਵਿੱਚ ਪੂਰੇ ਕਰਨ ਵਾਲੇ ਖਿਡਾਰੀ ਬਣੇ।

ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਨਿਗਡੀ 4 ਓਵਰ ਸੁੱਟ ਕੇ ਜ਼ਖਮੀ ਹੋ ਗਏ ਤੇ ਅੱਗੇ ਗੇਂਦਬਾਜੀ ਨਹੀਂ ਕਰ ਸਕੇ। ਭਾਵੇਂ ਆਪਣੇ 4 ਓਵਰਾਂ ਵਿੱਚ ਵੀ ਉਹ ਕਾਫੀ ਮਹਿੰਗੇ ਸਾਬਿਤ ਹੋਏ ਸਨ।

ਦੱਖਣੀ ਅਫਰੀਕਾ ਕੋਲ ਪਲਾਨ ਬੀ ਨਹੀਂ ਸੀ

2019 ਦੇ ਇਸ ਵਿਸ਼ਵ ਕੱਪ ਮੁਕਾਬਲੇ ਵਿੱਚ ਏਸ਼ੀਆ ਦੀਆਂ ਦੋ ਵੱਡੀਆਂ ਟੀਮਾਂ ਪਾਕਿਸਤਾਨ ਤੇ ਸ੍ਰੀ ਲੰਕਾ ਸ਼ਾਰਟ ਪਿੱਚ ਗੇਂਦਾਂ ਅੱਗੇ ਢਹਿਢੇਰੀ ਹੋ ਚੁੱਕੀਆਂ ਹਨ। ਉਹ 40 ਓਵਰਾਂ ਤੱਕ ਵੀ ਬੱਲੇਬਾਜੀ ਨਹੀਂ ਕਰ ਸਕੀਆਂ।

ਇਸ ਮੈਚ ਵਿੱਚ ਬੰਗਲਾਦੇਸ਼ ਦੀਆਂ ਪਹਿਲੀਆਂ ਦੋ ਵਿਕਟਾਂ ਵੀ ਸ਼ਾਰਟ ਪਿੱਚ ਗੇਂਦਾਂ 'ਤੇ ਡਿੱਗੀਆਂ।

ਤਾਮੀਮ ਇਕਬਾਲ ਤੇ ਸੌਮਿਆ ਸਰਕਾਰ ਸ਼ਾਰਟ ਗੇਂਦਾਂ ਦਾ ਸ਼ਿਕਾਰ ਬਣੇ। ਪਰ ਸ਼ਾਕਿਬ ਤੇ ਰਹੀਮ ਨੇ ਸ਼ਾਰਟ ਗੇਂਦਾਂ 'ਤੇ ਸ਼ਾਨਦਾਰ ਸ਼ਾਰਟ ਖੇਡੇ।

ਜਦੋਂ ਦੱਖਣੀ ਅਫਰੀਕਾ ਦਾ ਸ਼ਾਰਟ ਪਿੱਚ ਗੇਂਦਾਂ ਦਾ ਵਾਰ ਖਾਲੀ ਜਾ ਰਿਹਾ ਸੀ ਉਦੋਂ ਉਨ੍ਹਾਂ ਕੋਲ ਕੋਈ ਬੀ ਪਲਾਨ ਨਹੀਂ ਸੀ ਜਿਸ ਦਾ ਫਾਇਦਾ ਬੰਗਲਾਦੇਸ਼ੀ ਗੇਂਦਬਾਜਾਂ ਨੇ ਚੁੱਕਿਆ।

ਮੈਚ ਤੋਂ ਬਾਅਦ ਕਪਤਾਨ ਫਾ ਡੂ ਪਲੈਸੀ ਨੇ ਕਿਹਾ, “ਨਿਗਡੀ ਦੀ ਚੋਟ ਕਾਰਨ ਸਾਡਾ ਪਲਾਨ ਪੂਰੀ ਤਰ੍ਹਾਂ ਫੇਲ੍ਹ ਹੋ ਗਿਆ। ਜੇ ਤੁਸੀਂ ਮੈਚ ਜਿੱਤਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੂਰੀ ਟੀਮ ਨੂੰ ਆਊਟ ਕਰਨਾ ਹੁੰਦਾ ਹੈ।”

“ਪਰ ਫਿਰ ਸਾਨੂੰ ਆਪਣੀ ਤੇਜ਼ ਗੇਂਦਬਾਜੀ ਤੋਂ ਫਿਰਕੀ ਗੇਂਦਬਾਜਾਂ ਵੱਲ ਰੁਖ ਕਰਨਾ ਪਿਆ।”

ਦੱਖਣੀ ਅਫਰੀਕਾ ਦੀ ਸ਼ੁਰੂਆਤ ਹੌਲੀ ਪਰ ਠੀਕ-ਠਾਕ ਰਹੀ। ਕੁਅਟਿੰਨ ਡੀ ਕੌਕ ਆਪਣੇ ਰੰਗ ਵਿੱਚ ਨਜ਼ਰ ਨਹੀਂ ਆਏ।

ਇਹ ਵੀ ਪੜ੍ਹੋ-

ਪਿਛਲੇ ਮੈਚ ਵਿੱਚ ਇੰਗਲੈਂਡ ਖਿਲਾਫ਼ ਬਾਊਂਸਰ ਉੱਤੇ ਜ਼ਖਮੀ ਹੋਏ ਹਾਸ਼ਿਮ ਆਮਲਾ ਇਸ ਮੈਚ ਵਿੱਚ ਨਹੀਂ ਖੇਡ ਸਕੇ।

ਦੱਖਣੀ ਅਫਰੀਕਾ ਦੇ ਕਪਤਾਨ ਫਾ ਡੂ ਪਲੈਸੀ ਨੇ 63 ਦੌੜਾਂ ਦੀ ਪਾਰੀ ਖੇਡੀ। ਦੱਖਣੀ ਅਫਰੀਕਾ ਦੇ ਟੌਪ ਦੇ ਬੱਲੇਬਾਜ਼ਾਂ ਨੂੰ ਸ਼ੁਰੂਆਤ ਤਾਂ ਚੰਗੀ ਮਿਲੀ ਪਰ ਉਸ ਨੂੰ ਉਹ ਕਿਸੇ ਵੱਡੇ ਸਕੋਰ ਵਿੱਚ ਤਬਦੀਲ ਨਹੀਂ ਕਰ ਸਕੇ।

ਜੇ ਪੀ ਡੂਮਨੀ ਨੇ ਆਖ਼ਰੀ ਓਵਰਾਂ ਵਿੱਚ ਮੁਹੰਮਦੁੱਲਾ ਵਰਗੀ ਪਾਰੀ ਖੇਡਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਹੁਸੈਨ ਵਰਗਾ ਕੋਈ ਸਾਥੀ ਨਹੀਂ ਸੀ, ਇਸ ਲਈ ਉਹ ਕੋਈ ਚਮਤਕਾਰ ਨਹੀਂ ਕਰ ਸਕੇ ਤੇ ਬੰਗਲਾਦੇਸ਼ ਨੇ 2019 ਦੇ ਵਿਸ਼ਵ ਕੱਪ ਦਾ ਪਹਿਲਾ ਮੈਚ ਆਪਣੇ ਨਾਂ ਕਰ ਲਿਆ।

ਸ਼ਾਕਿਬ ਉਲ ਹਸਨ ਨੇ ਹਰਫਨਮੌਲਾ ਖੇਡ ਦਿਖਾਉਂਦਿਆਂ ਹੋਇਆਂ ਜਿੱਥੇ 75 ਦੌੜਾਂ ਬਣਾਈਆਂ ਉੱਥੇ ਹੀ 2 ਵਿਕਟਾਂ ਵੀ ਲਈਆਂ। ਉਨ੍ਹਾਂ ਨੂੰ ਮੈਨ ਆਫ ਦੀ ਮੈਚ ਐਲਾਨਿਆ ਗਿਆ।

ਬੰਗਲਾਦੇਸ਼ ਨੇ ਇਸ ਮੈਚ ਵਿੱਚ ਇੱਕ ਚੈਂਪੀਅਨ ਟੀਮ ਵਾਂਗ ਚੰਗੀ ਸ਼ੁਰੂਆਤ ਕੀਤੀ, ਮਿਡਿਲ ਆਡਰ ਤੇ ਲੌਅਰ ਆਡਰ ਨੇ ਯੋਗਦਾਨ ਪਾਇਆ, ਫੀਲਡਿੰਗ ਵੀ ਚੰਗੇ ਪੱਧਰ ਦੀ ਰਹੀ ਅਤੇ ਨਾਲ ਹੀ ਗੇਂਦਬਾਜ਼ੀ ਵਿੱਚ ਕਮਾਲ ਕੀਤਾ।

ਇਸ ਦਾ ਮਤਲਬ ਆਉਣ ਵਾਲੇ ਮੈਚਾਂ ਵਿੱਚ ਬੰਗਲਾਦੇਸ਼ ਹਰ ਟੀਮ ਲਈ ਚੁਣੌਤੀ ਸਾਬਿਤ ਹੋਵੇਗਾ

ਸਾਨੂੰ ਸੱਟਾਂ ਨਾਲ ਲੜਨ ਦਾ ਰਾਹ ਲੱਭਣਾ ਪਵੇਗਾ - ਫਾ ਡੂ ਪਲੈਸੀ

ਦੱਖਣੀ ਅਫਰੀਕਾ ਦੇ ਕਪਤਾਨ ਫਾ ਡੂ ਪਲੈਸੀ ਨੇ ਮੈਚ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਮੰਨਿਆ ਕਿ ਉਨ੍ਹਾਂ ਦੀ ਟੀਮ ਨੂੰ ਅਗਲੇਰੇ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਕੋਈ ਰਾਹ ਲੱਭਣਾ ਪਵੇਗਾ।

ਉਨ੍ਹਾਂ ਕਿਹਾ, “ਬੰਗਲਾਦੇਸ਼ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਸੀਂ ਇੰਗਲੈਂਡ ਤੇ ਬੰਗਲਾਦੇਸ਼ ਦੋਵਾਂ ਖ਼ਿਲਾਫ਼ ਤੇਜ਼ ਗੇਂਦਬਾਜ਼ਾਂ ਰਾਹੀਂ ਦਬਾਅ ਬਣਾਉਣ ਦੀ ਨੀਤੀ ਪਲਾਨ ਕੀਤੀ ਸੀ ਪਰ ਉਹ ਸੱਟਾਂ ਕਾਰਨ ਸਫ਼ਲ ਨਹੀਂ ਹੋ ਸਕੀ।”

ਦੱਖਣੀ ਅਫਰੀਕਾ ਆਪਣਾ ਪਹਿਲਾ ਮੈਚ ਇੰਗਲੈਂਡ ਖ਼ਿਲਾਫ਼ ਹਾਰ ਚੁੱਕੀ ਹੈ। ਉਸ ਦਾ ਅਗਲਾ ਮੈਚ ਭਾਰਤ ਨਾਲ ਬੁੱਧਵਾਰ ਨੂੰ ਹੈ।

ਨਿਗਡੀ ਨੂੰ ਚੋਟ ਤੋਂ ਉਭਰਨ ਵਿੱਚ 7-10 ਦਿਨਾਂ ਦਾ ਵਕਤ ਲਗ ਸਕਦਾ ਹੈ। ਡੇਲ ਸਟੇਨ ਬਾਰੇ ਵੀ ਅਜੇ ਤਸਵੀਰ ਸਾਫ ਨਹੀਂ ਹੈ।

ਹਾਸ਼ਿਮ ਅਮਲਾ ਦੇ ਅਗਲੇ ਮੈਚ ਵਿੱਚ ਖੇਡਣ ਦੀ ਉਮੀਦ ਹੈ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)